ਗ੍ਰੀਨਹਾਊਸ ਗੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗ੍ਰੀਨਹਾਉਸ ਗੈਸ ਤੋਂ ਰੀਡਿਰੈਕਟ)

ਜਿਹੜੀਆਂ ਗੈਸਾਂ ਧਰਤੀ ਦੇ ਵਾਯੂਮੰਡਲ ਵਿੱਚ ਗਰਮੀ ਨੂੰ ਰੋਕਦੀਆਂ ਹਨ, ਉਹਨਾਂ ਨੂੰ ਗ੍ਰੀਨਹਾਊਸ ਗੈਸਾਂ ਕਿਹਾ ਜਾਂਦਾ ਹੈ। [1] ਉਹ ਸੂਰਜ ਦੀ ਰੋਸ਼ਨੀ ਨੂੰ ਵਾਯੂਮੰਡਲ ਵਿੱਚ ਦੀ ਲੰਘਣ ਦਿੰਦੀਆਂ ਹਨ, ਪਰ ਜਿਹੜੀ ਗਰਮੀ ਸੂਰਜ ਦੀ ਰੋਸ਼ਨੀ ਨਾਲ ਧਰਤੀ `ਤੇ ਆਉਂਦੀ ਹੈ ਉਸ ਨੂੰ ਵਾਪਸ ਵਾਯੂਮੰਡਲ ਤੋਂ ਬਾਹਰ ਨਹੀਂ ਜਾਣ ਦਿੰਦੀਆਂ। ਇਹਨਾਂ ਗੈਸਾਂ ਦੇ ਇਸ ਵਰਤਾਰੇ ਨੂੰ ਗ੍ਰੀਨਹਾਊਸ ਇਫੈਕਟ (ਪ੍ਰਭਾਵ) ਕਿਹਾ ਜਾਂਦਾ ਹੈ।[2]

ਆਲਮੀ ਤਪਸ਼ ਦਾ ਕਾਰਨ[ਸੋਧੋ]

ਵਾਯੂਮੰਡਲ ਵਿੱਚ ਇਕ ਹੱਦ ਤੱਕ ਗ੍ਰੀਨਹਾਊਸ ਗੈਸਾਂ ਦਾ ਹੋਣਾ ਲਾਭਕਾਰੀ ਹੈ। ਜੇ ਇਹ ਗੈਸਾਂ ਨਾ ਹੋਣ ਅਤੇ ਉਸ ਦੇ ਨਤੀਜੇ ਵਜੋਂ ਗ੍ਰੀਨਹਾਊਸ ਇਫੈਕਟ (ਪ੍ਰਭਾਵ) ਨਾ ਹੋਵੇ ਤਾਂ ਧਰਤੀ ਦਾ ਤਾਪਮਾਨ -18 ਡਿਗਰੀ ਸੈਂਟੀਗ੍ਰੇਡ (-0.4 ਡਿਗਰੀ ਫਾਰਨਹਾਈਟ) ਤੱਕ ਡਿੱਗ ਜਾਵੇਗਾ, ਅਤੇ ਧਰਤੀ `ਤੇ ਜੀਵਨ ਨੂੰ ਕਾਇਮ ਰੱਖਣਾ ਮੁਸ਼ਕਿਲ ਹੋ ਜਾਵੇਗਾ। ਪਰ ਮਨੁੱਖੀ ਗਤੀਵਿਧੀਆ ਕਾਰਨ ਵਾਯੂਮੰਡਲ ਵਿੱਚ ਗ੍ਰੀਨਹਾਊਸ ਗੈਸਾਂ ਦੀ ਮਾਤਰਾ ਵੱਡੀ ਪੱਧਰ `ਤੇ ਵੱਧ ਰਹੀ ਹੈ, ਅਤੇ ਗ੍ਰੀਨਹਾਊਸ ਗੈਸਾਂ ਦੀ ਵਧੀ ਹੋਈ ਇਹ ਮਾਤਰਾ ਆਲਮੀ ਤਪਸ਼ (ਗਲੋਬਲ ਵਾਰਮਿੰਗ) ਅਤੇ ਜਲਵਾਯੂ ਵਿੱਚ ਤਬਦੀਲੀ (ਕਲਾਈਮੇਟ ਚੇਂਜ) ਦਾ ਕਾਰਨ ਬਣ ਰਹੀ ਹੈ।[3]

ਮੁੱਖ ਗ੍ਰੀਨਹਾਊਸ ਗੈਸਾਂ[ਸੋਧੋ]

  1. ਕਾਰਬਨ ਡਾਈਔਕਸਾਈਡ
  2. ਮੈਥੇਨ
  3. ਨਾਈਟਰਸ ਔਕਸਾਈਡ
  4. ਪਾਣੀ ਦੇ ਵਾਸ਼ਪ (ਵਾਟਰ ਵੇਪਰਜ਼)
  5. ਹਾਈਡਰੋਫਲੋਰੋਕਾਰਬਨਜ਼ (ਐੱਚ ਐੱਫ ਸੀ)
  6. ਪਰਫਲੋਰੋਕਾਰਬਨਜ਼ (ਪੀ ਐੱਫ ਸੀ)
  7. ਸਲਫਰਹੈਕਸਾਫਲੋਰਾਈਡ (ਐੱਸ ਐੱਫ6)[4]

ਕਾਰਬਨ ਡਾਇਔਕਸਾਈਡ[ਸੋਧੋ]

ਵਾਯੂਮੰਡਲ ਵਿੱਚ ਕਾਰਬਨ ਡਾਇਔਕਸਾਈਡ ਕੁਦਰਤੀ ਅਮਲਾਂ ਅਤੇ ਮਨੁੱਖ ਵਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਰਾਹੀਂ ਦਾਖਲ ਹੁੰਦੀ ਹੈ॥ ਕਾਰਬਨ ਡਾਇਔਕਸਾਈਡ ਛੱਡਣ ਵਾਲੇ ਕੁਦਰਤੀ ਅਮਲਾਂ ਦੀਆਂ ਉਦਾਹਰਨਾਂ ਹਨ: ਲਾਵਿਆਂ ਦਾ ਫੱਟਣਾ ਅਤੇ ਜਾਨਵਰਾਂ ਅਤੇ ਇਨਸਾਨਾਂ ਵਲੋਂ ਸਾਹ ਲੈਣਾ। ਕਾਰਬਨ ਡਾਇਔਕਸਾਈਡ ਛੱਡਣ ਵਾਲੀਆਂ ਮਨੁੱਖਾਂ ਵਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ: ਖਣਿਜ ਸ੍ਰੋਤਾਂ ਤੋਂ ਮਿਲਣ ਵਾਲੇ ਬਾਲਣ (ਕੋਲਾ, ਤੇਲ, ਗੈਸਾਂ ਆਦਿ), ਸੌਲਿਡ ਵੇਸਟ, ਦਰੱਖਤਾਂ ਅਤੇ ਹੋਰ ਜੈਵਿਕ ਸਮੱਗਰੀ ਨੂੰ ਬਾਲਣਾ ਅਤੇ ਵੱਡੀ ਪੱਧਰ `ਤੇ ਜੰਗਲਾਂ ਦਾ ਸਫਾਇਆ ਕਰਨਾ।[5][6]

ਮੈਥੇਨ[ਸੋਧੋ]

ਮੈਥੇਨ ਕੋਲੇ, ਕੁਦਰਤੀ ਗੈਸ ਅਤੇ ਤੇਲ ਦੇ ਉਤਪਾਦਨ ਅਤੇ ਢੋਆ-ਢੁਆਈ ਦੌਰਾਨ ਵਾਯੂਮੰਡਲ ਵਿੱਚ ਛੱਡੀ ਜਾਂਦੀ ਹੈ। ਇਸ ਤੋਂ ਬਿਨਾਂ ਮੈਥੇਨ ਪਸ਼ੂ ਪਾਲਣ ਅਤੇ ਖੇਤੀਬਾੜੀ ਦੇ ਹੋਰ ਅਮਲਾਂ, ਜ਼ਮੀਨ ਦੀ ਵਰਤੋਂ, ਅਤੇ ਕੂੜਾ ਸੁੱਟਣ ਵਾਲੀਆਂ ਥਾਂਵਾਂ ਵਿੱਚ ਆਰਗੈਨਿਕ ਰਹਿੰਦ ਖੂੰਹਦ ਦੇ ਗਲਣ-ਸੜ੍ਹਨ ਨਾਲ ਵੀ ਵਾਯੂਮੰਡਲ ਵਿੱਚ ਛੱਡੀ ਜਾਂਦੀ ਹੈ।[7]

ਨਾਈਟਰਸ ਔਕਸਾਈਡ[ਸੋਧੋ]

ਨਾਈਟਰਸ ਔਕਸਾਈਡ ਰਸਾਇਣਕ ਅਤੇ ਆਰਗੈਨਿਕ ਖਾਦਾਂ ਦੀ ਵੱਡੀ ਪੱਧਰ `ਤੇ ਹੁੰਦੀ ਵਰਤੋਂ, ਖਣਿਜ ਸ੍ਰੋਤਾਂ ਤੋਂ ਮਿਲਣ ਵਾਲੇ ਬਾਲਣ (ਕੋਲਾ, ਤੇਲ, ਗੈਸਾਂ ਆਦਿ) ਦੀ ਵਰਤੋਂ, ਨਾਈਟਰਿਕ ਏਸਿਡ ਦੇ ਉਤਪਾਦਨ ਅਤੇ ਪੌਦਿਆਂ ਅਤੇ ਜਾਨਵਰਾਂ ਤੋਂ ਮਿਲਣ ਵਾਲੇ ਪਦਾਰਥਾਂ (ਬਾਇਓਮਾਸ - ਜਿਵੇਂ ਕਾਗਜ਼, ਗੱਤਾ, ਖਾਣੇ ਦੀ ਰਹਿੰਦ-ਖੂੰਹਦ, ਘਾਹ, ਪੱਤੇ, ਲੱਕੜ ਅਤੇ ਚਮੜੇ ਦੀਆਂ ਵਸਤਾਂ ਆਦਿ) ਨੂੰ ਬਾਲਣ ਕਾਰਨ ਪੈਦਾ ਹੁੰਦੀ ਹੈ।[8]

ਪਾਣੀ ਦੇ ਵਾਸ਼ਪ (ਵਾਟਰ ਵੇਪਰਜ਼)[ਸੋਧੋ]

ਪਾਣੀ ਦੇ ਵਾਸ਼ਪ ਗ੍ਰੀਨਹਾਊਸ ਗੈਸਾਂ ਵਿੱਚੋਂ ਸਭ ਤੋਂ ਜਿ਼ਆਦਾ ਮਾਤਰਾ ਵਿੱਚ ਹੋਣ ਵਾਲੀ ਗੈਸ ਹੈ। ਧਰਤੀ ਦੇ ਵਾਯੂਮੰਡਲ ਦੇ ਗਰਮ ਹੋਣ ਨਾਲ ਇਸ ਵਿੱਚ ਵਾਧਾ ਹੁੰਦਾ ਹੈ। ਪਰ ਇਹ ਧਰਤੀ ਦੇ ਵਾਯੂਮੰਡਲ ਵਿੱਚ ਕੁੱਝ ਹੀ ਦਿਨ ਰਹਿੰਦੇ ਹਨ, ਜਦੋਂ ਕਿ ਕਾਰਬਨ ਡਾਇਔਕਸਾਈਡ ਸਦੀਆਂ ਤੱਕ ਰਹਿੰਦੀ ਹੈ।[9]

ਹਾਈਡਰੋਫਲੋਰੋਕਾਰਬਨਜ਼ (ਐੱਚ ਐੱਫ ਸੀ)-ਪਰਫਲੋਰੋਕਾਰਬਨਜ਼ (ਪੀ ਐੱਫ ਸੀ)-ਸਲਫਰਹੈਕਸਾਫਲੋਰਾਈਡ (ਐੱਸ ਐੱਫ 6)[ਸੋਧੋ]

ਇਹ ਤਿੰਨੇ ਗੈਸਾਂ ਘਰੇਲੂ, ਵਪਾਰਕ ਅਤੇ ਸਨਅਤੀ ਕਾਰਜਾਂ ਅਤੇ ਅਮਲਾਂ ਦੌਰਾਨ ਪੈਦਾ ਹੁੰਦੀਆਂ ਹਨ। ਵਾਯੂਮੰਡਲ ਵਿੱਚ ਉਹਨਾਂ ਦੀ ਮਾਤਰਾ ਬਹੁਤ ਥੋੜ੍ਹੀ ਹੈ, ਪਰ ਉਹ ਸੂਰਜ ਦੀ ਗਰਮੀ ਨੂੰ ਬਹੁਤ ਕਾਰਗਰ ਢੰਗ ਨਾਲ ਰੋਕਦੀਆਂ ਹਨ। ਉਦਾਹਰਨ ਲਈ, ਹਾਈ ਵੋਲਟੇਜ ਦੇ ਬਿਜਲੀ ਦੇ ਸਾਜ਼-ਸਾਮਾਨ ਵਿੱਚ ਵਰਤੀ ਜਾਣ ਵਾਲੀ ਐੱਸ ਐੱਫ 6 ਦੀ "ਆਲਮੀ ਤਪਸ਼ (ਗਲੋਬਲ ਵਾਰਮਿੰਗ)" ਪੈਦਾ ਕਰਨ ਦਾ ਸੰਭਾਵੀ ਅਸਰ ਕਾਰਬਨ ਡਾਈਔਕਸਾਈਡ ਨਾਲੋਂ 23,000 ਗੁਣਾਂ ਵੱਧ ਹੈ।[10][11]

ਹਵਾਲੇ[ਸੋਧੋ]

  1. "What are greenhouse gases? | GHGs explained | National Grid Group". www.nationalgrid.com. Retrieved 2024-05-12.
  2. "Meet the Greenhouse Gases!". NASA Climate Kids (in ਅੰਗਰੇਜ਼ੀ). Retrieved 2024-05-12.
  3. "What are greenhouse gases? | GHGs explained | National Grid Group". www.nationalgrid.com. Retrieved 2024-05-12.
  4. "What are greenhouse gases? | GHGs explained | National Grid Group". www.nationalgrid.com. Retrieved 2024-05-12.
  5. "What are greenhouse gases? | GHGs explained | National Grid Group". www.nationalgrid.com. Retrieved 2024-05-12.
  6. US EPA, OAR (2015-12-23). "Overview of Greenhouse Gases". www.epa.gov (in ਅੰਗਰੇਜ਼ੀ). Retrieved 2024-05-12.
  7. US EPA, OAR (2015-12-23). "Overview of Greenhouse Gases". www.epa.gov (in ਅੰਗਰੇਜ਼ੀ). Retrieved 2024-05-13.
  8. "What are greenhouse gases? | GHGs explained | National Grid Group". www.nationalgrid.com. Retrieved 2024-05-14.
  9. "What are greenhouse gases? | GHGs explained | National Grid Group". www.nationalgrid.com. Retrieved 2024-05-16.
  10. "What are greenhouse gases? | GHGs explained | National Grid Group". www.nationalgrid.com. Retrieved 2024-05-18.
  11. US EPA, OAR (2015-12-23). "Overview of Greenhouse Gases". www.epa.gov (in ਅੰਗਰੇਜ਼ੀ). Retrieved 2024-05-18.

ਬਾਹਰੀ ਲਿੰਕ[ਸੋਧੋ]