ਅਲੀ ਹੈਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਲੀ ਹੈਦਰ ਇੱਕ ਸੂਫ਼ੀ ਕਵੀ ਹੈ। ਉਸਦਾ ਸਮਾਂ 1690-1785 ਮਿਥਿਆ ਗਿਆ ਹੈ। ਅਲੀ ਹੈਦਰ ਬਿਰਹਾ ਦਾ ਕਵੀ ਹੈ। ਉਸ ਦੀ ਰੂਹ ਅੱਲ੍ਹਾ ਦੀ ਵਸਲ ਪ੍ਰਾਪਤੀ ਲਈ ਵਿਲਕਦੀ ਤੇ ਤਾਂਘਦੀ ਪ੍ਰਤੀਤ ਹੰਦੀ ਹੈ। ਅਲੀ ਹੈਦਰ ਦੀ ਰਚਨਾ ਵਿੱਚ ਸੂਫ਼ੀ ਰੰਗਤ ਇਸ਼ਕ ਮਜਾਜੀ ਅਤੇ ਇਸ਼ਕ ਹਕੀਕੀ ਦਾ ਸੁਮੇਲ ਨਜ਼ਰ ਆਉਂਦਾ ਹੈ। ਉਸਦਾ ਰੂਹਾਨੀ ਸਫ਼ਰ ਹਜ਼ਰਤ ਮੁਹੰਮਦ ਸਾਹਿਬ ਦੇ ਫਜ਼ਲ ਤੇ ਮੁਰਸ਼ਦ ਦੇ ਦੱਸੇ ਰਸਤੇ ਤੇ ਚੱਲ ਕੇ ਵਾਦੀ-ਏ-ਤਲਬ ਤੋਂ ਸ਼ੁਰੂ ਹੋ ਕੇ ਅੱਲ੍ਹਾ ਵਿੱਚ ਪੂਰਨ ਅਭੇਦਤਾ ਪ੍ਰਾਪਤ ਕਰਕੇ ਸਾਦਾ ਜੀਵਨ ਮਾਨਵ ਦੀ ਅਵਸਥਾ ਤੱਕ ਪੁੱਜਦਾ ਹੈ ਅਲੀ ਹੈਦਰ ਆਪਣਾ ਸਾਰਾ ਰੂਹਾਨੀ ਮੁਸ਼ਾਹਦਾ, ਕਾਵਿ ਦੇ ਮਾਨਿਅਮ ਦੁਆਰਾ ਸਾਂਝਾ ਕਰਦਾ ਹੈ।

ਜਨਮ[ਸੋਧੋ]

ਅਲੀ ਹੈਦਰ ਦਾ ਜਨਮ “ਬਾਵਾ ਬੁੱਧ ਸਿੰਘ ਨੇ ਵੀ 1913 ਈਸਵੀ ਵਿੱਚ ਅਲੀ ਹੈਦਰ ਦੇ ਸੰਨ ਪੈਦਾਇਸ ਦਾ ਸਮਾਂ 1 ਸ਼ਬਾਨ ਸੰਨ 1101 ਹਿਜਰੀ ਅਤੇ 15 ਸ਼ਬਾਨ 1999 ਹਿਜਰੀ ਨੂੰ ਬ੍ਰਹਮਲੀਨ ਹੋ ਗਿਆ। ਉਹਨਾਂ ਦਾ ਜਨਮ ਪਿੰਡ ਕਾਜ਼ੀਆਂ ਜਿਲ੍ਹਾਂ ਮੁਲਤਾਨ ਦੱਸਿਆ ਗਿਆ ਹੈ ਅਲੀ ਹੈਦਰ ਦੇ ਪਿਤਾ ਦਾ ਨਾਮ ਸ਼ੇਖ ਮੁਹੰਮਦ ਆਮੀਨ ਸੀ,। ਇੰਜ ਕਵੀ ਦਾ ਸਮਾਂ 1101 ਹਿਜਰੀ ਅਰਥਾਤ 1690 ਈਸਵੀ ਤੋ 1199 ਹਿਜਰੀ ਅਰਥਾਤ 1785 ਈਸਵੀ ਤਕ ਬਣਦਾ ਹੈ।”[1]

ਸਿੱਖਿਆ ਪ੍ਰਾਪਤੀ[ਸੋਧੋ]

ਅਲੀ ਹੈਦਰ ਨੂੰ ਪੜ੍ਹਨ-ਲਿਖਣ ਦਾ ਸ਼ੌਕ ਛੋਟੀ ਉਮਰ ਵਿੱਚ ਹੀ ਲਗ ਗਿਆ ਸੀ ਉਸਨੇ ਉੱਚ ਦੀਨੀ ਅਤੇ ਦੁਨਿਆਵੀ ਸਿਖਿਆ ਗ੍ਰਹਿਣ ਕੀਤੀ, ਉਸਨੂੰ ਕੁਰਾਨ ਹਿਫ਼ਜ ਸੀ, ਮੁਲਤਾਨ ਉਸ ਸਮੇਂ ਸੂਫ਼ੀ ਦਰਵੇਸ਼ਾਂ ਦਾ ਰਾੜ੍ਹ ਸੀ। ਅਲੀ ਹੈਦਰ ਸੂਫ਼ੀ ਦਰਵੇਸ਼ਾਂ ਦੀ ਸੰਗਤ ਸਦਕਾ ਸ਼ਰਤ ਫਿ਼ਕਾ ਦੇ ਨਾਲ-ਨਾਲ ਸੂਫ਼ੀ ਵਿਚਾਰਧਾਰਾ ਵੱਲ ਵਧੇਰੇ ਖਿਚਿਆ ਗਿਆ ਅਤੇ ਜਲਦੀ ਹੀ ਇਹ ਗੂੜ੍ਹਾ ਰੰਗ ਉਸ ਤੇ ਤਾਰੀ ਹੋ ਗਿਆ। ਅਲੀ ਹੈਦਰ ਦਾ ਸੰਬੰਧ ਸੂਫ਼ੀਆ ਦੇ ਕਾਦਰੀ ਸਿਲਸਿਲੇ ਨਾਲ ਸਥਾਪਿਤ ਕੀਤਾ ਜਾਂਦਾ ਹੈ ਜਿਸਦੇ ਬਾਨੀ ਹਜ਼ਰਤ ਮੁਹੀ-ਉਦ-ਦੀਨ ਅਬਦੁਲ ਕਾਦਿਰ ਜੀਲਾਨੀ ਸਨ।

ਸਮਕਾਲੀ ਕਵੀ[ਸੋਧੋ]

ਅਲੀ ਹੈਦਰ ਤੋਂ ਪਹਿਲਾ ਪੰਜਾਬੀ ਵਿੱਚ ਸੂਫ਼ੀ-ਕਾਵਿ ਇੱਕ ਧਾਰਾ ਦੇ ਤੌਰ 'ਤੇ ਸਥਾਪਤ ਹੋ ਚੁੱਕਾ ਸੀ, ਮੋਢੀ ਕਵੀ ਬਾਬਾ ਫ਼ਰੀਦ ਗੰਜਿ ਸ਼ਕਰ (1173-1265 ਈ:), ਫ਼ਰੀਦ ਸਾਨੀ (1450-1554 ਈ:), ਸਾਹ ਹੂਸੈਨ ਲਾਹੌਰੀ (1538-1599 ਈ:), ਸ਼ਾਹ ਸ਼ਰਫ (1638-1725 ਈ:), ਬੁੱਲ੍ਹੇ ਸ਼ਾਹ (1680-1758 ਈ:) ਆਪਣੀਆਂ ਸੂਫ਼ੀ ਰਚਨਾਵਾਂ ਦੁਆਰਾ ਪੰਜਾਬੀ ਲੋਕ ਮਾਨਸ ਨੂੰ ਪ੍ਰਭਾਵਿਤ ਕਰ ਚੁੱਕੇ ਹਨ। ਅਲੀ ਹੈਦਰ (1690-1785 ਈ:) ਦੇ ਨਿਕਟ ਵਰਤੀ ਸੂਫ਼ੀਆਂ ਵਿੱਚ ਅਤੀ ਨਿਕਟ ਸ਼ਾਹ ਸ਼ਰਫ਼ ਤੇ ਬੁੱਲ੍ਹੇ ਸ਼ਾਹ ਹਨ ਤੇ ਉਹਨਾਂ ਤੋਂ ਘੱਟ ਨੇੜੇ ਸੁਲਤਾਨ ਬਾਹੂ ਹੈ। ਸ਼ਾਇਦ ਇਹੀ ਕਾਰਨ ਹੈ ਕਿ ਮੌਲਾ ਬਖ਼ਸ਼ ਕੁਸਤਾ ਨੇ ਅਲੀ ਹੈਦਰ ਦੇ ਕਲਾਮ ਉੱਤੇ ਟਿੱਪਣੀ ਕਰਦਿਆ ਲਿਖਿਆ ਹੈ: “ਇਹਨਾਂ ਦਾ ਰੰਗ ਬੁੱਲ੍ਹੇ ਸ਼ਾਹ ਨਾਲ ਮਿਲਦਾ ਏ ਤੇ ਇੰਜ ਜਾਪਦਾ ਏ ਜਿਵੇਂ ਬੁੱਲ੍ਹੇ ਸ਼ਾਹ ਤੇ ਇਹ ਦੋਵੇਂ ਇੱਕ ਸਕੂਲ ਦੇ ਪਾਠਕ ਹੋਣ ਤੇ ਹਾਣੀ ਸੰਗੀ ਵੀ।”[2]

ਰਚਨਾਵਾਂ[ਸੋਧੋ]

ਅਲੀ ਹੈਦਰ ਦੀਆਂ ਰਚਨਾਵਾਂ ਸੰਬੰਧੀ ਪੰਜਾਬੀ ਸਾਹਿਤ ਇਤਿਹਾਸ ਦੀਆਂ ਪੁਸਤਕਾਂ ਵਿੱਚ ਅਤੇ ਸੂਫ਼ੀਆਂ ਸੰਬੰਧੀ ਲਿਖੀਆਂ ਗਈਆਂ ਪੁਤਸਕਾਂ ਵਿੱਚ ਕਈ ਥਾਈ ਸੰਕੇਤ ਆਏ ਹਨ। “ਬਾਵਾ ਬੁੱਧ ਸਿੰਘ ਨੇ ਸੀਹਰਫ਼ੀਆਂ, ਕਾਫੀਆਂ ਤੇ ਵਾਰਤਾਲਾਪ, ਤਿੰਨ ਪ੍ਰਕਾਰ ਦੀਆਂ ਰਚਨਾਵਾਂ ਗਿਣੀਆਂ ਹਨ।”[3] “ਡਾ. ਸਾਧੂ ਰਾਮ ਸ਼ਾਰਦਾ ਨੇ ਸੀਹਰਫ਼ੀਆਂ, ਬਾਰਾਂਮਾਹ ਤੇ ਹੀਰ ਦਾ ਕਿੱਸ਼ਾ ਤਿੰਨ ਰਚਨਾਵਾਂ ਦੀ ਸੂਚੀ ਦਿੱਤੀ ਹੈ,[4] ਡਾ. ਉਜਾਗਰ ਸਿੰਘ ਨੇ ਵੱਖਰੀ ਤਰ੍ਹਾਂ ਰਚਨਾਵਾਂ ਨੂੰ ਸੂਚੀਕ੍ਰਿਤ ਕੀਤਾ ਹੈ ਛੇ ਸੀਹਰਫ਼ੀਆਂ ਇੱਕ ਨਜ਼ਮ, ਦੀਵਾਨ, ਫੁਟਕਲ ਸ਼ਿਅਰ ਅੱਲਾਹ ਦੇ ਦਰਬਾਰ ਮੈਂ ਕੂਕਾਂ, ਕਿੱਸਾ ਹੀਰ ਵ ਰਾਂਝਾ, ਰਚਨਾਵਾਂ ਰਚਿਆਂ ਹਨ। ਅੱਲਾਹ ਦੇ ਦਰਬਾਰ ਮੈਂ ਕੂਕਾਂ, ਨਾਅਤ ਹੈ ਜਿਸ ਵਿੱਚ ਹਜ਼ਰਤ ਮੁਹੰਮਦ ਰਸੂਲਿ ਖੁਦਾ ਨੂੰ ਸੰਬੋਧਨ ਕਰਕੇ ਇਸ ਅਜ਼ੀਮ ਹਸਤੀ ਦੀ ਵਡਿਆਈ ਕੀਤੀ ਗਈ ਹੈ। ਕਿੱਸਾ ਹੀਰ ਰਾਂਝਾ ਦਰਅਸਲ ਸੰਵਾਦ ਜਾਂ ਗੋਸ਼ਟ ਕਾਵਿ ਰੂਪ ਹੈ। ਇਸ ਨੂੰ ਪ੍ਰਸ਼ਨੋਤ੍ਰੀ, ਕਥੋਪਕਥਨ, ਵਾਰਤਾਲਾਪ, ਸੰਵਾਦ ਆਦਿ ਕਾਵਿ ਰੂਪ ਕਿਹਾ ਜਾਂ ਸਕਦਾ ਹੈ।”[5]

ਸ਼ੀਹਰਫ਼ੀਆਂ[ਸੋਧੋ]

ਅਬਯਾਤ-ਏ-ਅਲੀ-ਹੈਦਰ ਵਿੱਚ ਸਭ ਤੋਂ ਪਹਿਲਾਂ ਸੀਹਰਫ਼ੀਆਂ ਆਉਂਦੀਆਂ ਹਨ ਜਿਹਨਾਂ ਦੀ ਗਿਣਤੀ ਛੇ ਹੈ।

ਸੀਹਰਫ਼ੀ ਅਵੱਲ[ਸੋਧੋ]

ਇਸ ਦਾ ਆਰੰਭ ਕਵੀ ਹਮਦ ਬਾਰੀ ਅਰਥਾਤ ਸਰਬਸ਼ਕਤੀਮਾਨ ਈਸ਼ਵਰ ਦੀ ਆਰਾਧਨਾ ਨਾਲ ਕਰਦਾ ਹੈ। ਉਸਨੂੰ ਹੋਰ ਕਿਸੇ ਫ਼ਾਨੀ ਸਹਾਰੇ ਦੀ ਲੋੜ ਪ੍ਰਤੀਤ ਨਹੀਂ ਹੁੰਦੀ। ਸ਼ੀਹਰਫ਼ੀ ਵਿੱਚ ਜੀਵਾਤਮਾ ਅਤੇ ਪਰਮਾਤਮਾ ਦੇ ਪਿਆਰ ਸੰਬੰਧਾਂ ਨੂੰ ਵਿਅਕਤ ਕੀਤਾ ਗਿਆ ਹੈ ਜੀਵਾਤਮਾ ਨੂੰ ਹੀਰ ਦੇ ਰੂਪ ਵਿੱਚ ਪੇਸ਼ ਕੀਤਾ ਹੈ ਅਤੇ ਪਰਮਾਤਮਾ ਨੂੰ ਰਾਂਝੇ ਦੇ ਰੂਪ ਵਿਚ। ਪਰਮਾਤਮਾ ਨੂੰ ਮਿਲਣ ਲਈ ਜੀਵਾਤਮਾ ਦੀ ਤਾਂਘ ਅਜ਼ਲੀ ਹੈ, ਕਵੀ ਨੇ ਇਸਨੂੰ ਬੜੇ ਮਾਰਮਿਕ ਸ਼ਬਦਾ ਵਿੱਚ ਆਖਿਆ ਹੈ।

ਬੇ-ਬਾਝ ਤੈਂਡੜੇ ਕੌਣ ਬਾਝ ਕਰੇ, ਤੈਂਡੇ ਅਗੜੇ ਕੌਣ ਵਸੀਲੜਾ ਏ।
ਤੈਂਡੇ ਬਾਝ ਮੈਂ ਤਾਂ ਰਹਾਂ ਨਿੱਤ ਖੜੀ, ਰੰਗ ਰੱਤੜਾ ਸਾਂਵਲਾ ਪੀਲੜਾ ਏ।
ਕਰ ਬਾਹੁੜੀ ਤੇ ਸੁਣ ਕੂਕ ਮੇਰੀ, ਮੈਂਡੀ ਪੱਸਲੀ ਦੇ ਮੁੱਫ ਵੀਲੜਾ ਏ।
ਹੈਦਰ ਯਾਰ ਮਿਲੇ ਤਾਂ ਮੈਂ ਜੀਵਾਂ, ਦਾਰੂ ਜੀਵਨੇ ਦਾ ਏਹਾਂ ਹੀਲੜਾ ਏ।[6]

ਸੀਹਰਫ਼ੀ ਦੁਵੁਮ[ਸੋਧੋ]

ਦੂਜੀ ਸੀਹਰਫ਼ੀ ਦਾ ਆਰੰਭ ਵੀ ਪ੍ਰੇਮ ਉਸਤਤ ਤੋਂ ਹੀ ਹੁੰਦਾ ਹੈ। ਕਵੀ ਕਹਿੰਦਾ ਹੈ ਉਸਦੀ ਬਾਲੜੀ ਉਮਰ ਪ੍ਰੇਮ ਦੀਆਂ ਉਚੀਆਂ ਰਮਜਾਂ ਨੂੰ ਸਮਝਣ ਤੋਂ ਪੂਰੀ ਤਰ੍ਹਾਂ ਅਸਮਰਥ ਹੈ, ਉਸਨੂੰ ਕੁੱਝ ਹੁੰਦਾ ਪ੍ਰਤੀਤ ਹੁੰਦਾ ਹੈ ਜਿਸਦੇ ਕਾਰਣ ਉਸ ਦੀ ਜੀਵਾਤਮਾ ਆਪਣੇ ਆਪ ਨੂੰ ਬਾਝ ਪਰਾਂ ਦੇ ਉਡਦੀ ਜਾ ਰਹੀ ਮਹਿਸੂਸ ਕਰਦੀ ਹੈ। ਉਪਰੋਕਤ ਅਲੜ੍ਹਪਣ ਅਤੇ ਨਾਚੀਜ਼ ਹੋਣ ਦੀ ਅਭਿਵਿਅਕਤੀ ਹੇਠ ਲਿਖੀਆਂ ਪੰਗਤੀਆਂ ਵਿੱਚ ਵੀ ਹੋਈ ਹੈ:

ਸੀਨ-ਸ਼ਤਰੰਜ ਦੀ ਗੀਟੀ ਆਂ ਮੈਂ, ਮੈਨੂੰ ਮਾਨ ਤੇ ਜਾਨ ਤੁਸਾਡੜਾ ਏ।
ਨਾ ਮੈਂ ਗੋਟ ਨ ਗੋਟੜੀ ਜਾਣਦੀ, ਗੋਟ ਗੁਮਾਨ ਤੁਸਾਡੜਾ ਏ।
ਨਾ ਮੈਂ ਜੰਗ ਨ ਝੁੱਟ ਜਾਣ, ਤੀਰ ਕਮਾਨ ਤੁਸਾਡੜਾ ਏ।
ਮਾਰਮਯੱਤ ਇਜ਼ਰਮਯਤ ਭੀ, ਹੱਕ ਫੁਰਮਾਨ ਡੁਸਾਡੜਾ ਏ।
ਹੈਦਰ ਮੌਤ ਤਯਾਤ ਨ ਜਾਵੇ, ਜਾਣ ਅੰਜਾਣ ਤੁਸਾਡੜਾ ਏ।[7]

ਸੀਹਰਫ਼ੀ ਸੋਮ[ਸੋਧੋ]

ਇਸ ਸੀਹਰਫ਼ੀ ਵਿੱਚ ਵੀ ਇਸ਼ਕ ਦੀ ਸਰਵਤਰਤਾ, ਨਬੀ ਦੀਆਂ ਸਿਫਤਾਂ, ਮੇਲ ਅਤੇ ਵਿਛੋੜੇ ਦੇ ਪਲ, ਬਖਸਿਸ਼ ਡਰ ਆਦਿ ਭਾਵਾਂ ਨੂੰ ਬਿਆਨ ਕੀਤਾ ਗਿਆ ਹੈ।

ਸ਼ਕਰ ਗੰਜੀ ਯਾਰ ਦੀ ਮੈਨੂੰ ਤਲਖ਼ ਕੀਤਾ ਸਭ ਸ਼ੀਰ ਸ਼ੱਕਰ।
ਗੰਜ ਸ਼ਕਰ ਦੇ ਸ਼ੱਕਰ ਵੰਡਾ, ਜੇ ਕਰੇ ਰੱਬ ਸ਼ੀਰ ਸ਼ੱਕਰ।[8]

ਦੀਵਾਨ[ਸੋਧੋ]

ਅਲੀ ਹੈਦਰ ਦਾ ਦੀਵਾਨ ਫ਼ਾਰਸੀ ਕਵੀਆਂ ਦੇ ਦੀਵਾਨਾਂ ਵਾਂਗ ‘ਰਦੀਫ਼ ਅਲਿਫ਼` ਤੋਂ ਆਰੰਭ ਹੁੰਦਾ ਹੈ ਅਤੇ ਫਿਰ ਅੱਖਰ ਕ੍ਰਮ ਦੇ ਮੁਤਾਬਿਕ ਚਲਦਿਆਂ ਮੰਜ਼ਿਲੇ ਤਕਮੀਲ ਤੇ ਪਹੁੰਚਦਾ ਹੈ। ਇਸ ਦੀਵਾਨ ਵਿੱਚ ਆਰੰਭ ਵਿੱਚ ਰਦੀਫ਼ ਅਲਿਫ਼ ਵਿੱਚ 66, ਬੇ ਵਿੱਚ 21, ਤੇ ਵਿੱਚ 05, ਸੇ ਵਿੱਚ 01, ਜੀਮ ਵਿੱਚ 15, ਹੇ ਵਿੱਚ 04, ਕਾਫ਼ ਵਿੱਚ 21, ਲਾਮ ਵਿੱਚ 03, ਹੇ ਵਿੱਚ 10 ਕਾਫ਼ੀਆਂ ਹਨ ਫਿਰ ਅਲਿਫ਼ ਵਿੱਚ 09 ਅਤੇ ਬੇ ਵਿੱਚ 02 ਕਾਫ਼ੀਆਂ ਮੁੜ ਆਖੀਆ ਗਈਆਂ ਹਨ। ਇੰਜ ਦੀਵਾਨ ਦੀਆਂ ਕਾਫ਼ੀਆਂ ਦੀ ਕੁਲ ਗਿਣਤੀ 236 ਬਣਦੀ ਹੈ। ਇਸ ਦੀਵਾਨ ਦੀ ਹਰ ਕਾਫੀ ਮਅਰਫ਼ਤ ਦੇ ਰੰਗ ਵਿੱਚ ਰੰਗੀ ਹੋਈ ਹੈ ਇੰਜ ਦੀਵਾਨ ਦਾ ਦਾਰਸ਼ਨਿਕ, ਅਧਿਆਤਮਿਕ ਅਤੇ ਸਦਾਚਾਰਿਕ ਮੁਲ ਵਿਸ਼ੇਸ ਤੌਰ 'ਤੇ ਵਰਣਨ ਯੋਗ ਹੈ। ਅਲੀ ਹੈਦਰ ਦਾ ਇਨ੍ਹਾਂ ਸਾਰਿਆਂ ਸਿਲਸਲਿਆਂ ਪ੍ਰਤਿ ਅਥਾਹ ਪਿਆਰ ਹੈ ਪਰ ਚਿਸ਼ਤੀਯਹ ਤੇ ਕਾਦਿਰੀਯਹ ਵੱਲ ਉਸ ਦਾ ਝੁਕਾਉ ਵਧੇਰੇ ਜਾਪਦਾ ਹੈ। ਏਸੇ ਝੁਕਾਉ ਨੇ ਉਸ ਵਿੱਚ ਮਜ਼ਾਜੀ ਇਸ਼ਕ ਦੇ ਜਜ਼ਬੇ ਨੂੰ ਪ੍ਰਫੁਲਿਤ ਕੀਤਾ ਹੈ।[9]

  • (ੳ) ਮੈਂ ਤਾਂ ਕੁਝ ਨਹੀਂ ਸਭ ਤੂੰ ਹੈ ਤੂੰ ਹੈ, ਐਵੈਂ ਪਾਣੀ ਤੇ ਨਕਸ਼ ਬਣਾਨੀ ਆਂ ਮੈਂ। - ਦੀਵਾਨ (ਅਲਿਫ਼ 21)
  • (ਅ) ਹੈਦਰ ਆਖੇ ਸਭ ਕੁਝ ਕੂੜਾ, ਸੱਚਾ ਹਿੱਕ ਕਰਤਾਰ - ਦੀਵਨਾ (ਕਾਫ਼ 13)
  • (ੲ) ਬਾਝ ਖ਼ਦਾ ਅੱਲਾਹ ਨ ਕੋਈ, ਓਸੇ ਸਭ ਜ਼ਰੂਰ ਕੀਤਾ।[10] - ਸੀਹਰਫ਼ੀ ਪਹਿਲੀ (ਲਾਮ 28)

ਜੀਵਾਤਮਾ ਅਤੇ ਪਰਮਾਤਮਾ ਦੇ ਸੰਬੰਧਾਂ ਨੂੰ ਰੂਪਮਾਨ ਕਰਨ ਲਈ ਕਵੀ ਨੇ ਸਰਵ-ਵਿਦਿਤ ਰਾਝੇ ਅਤੇ ਹੀਰ ਦੇ ਸੰਬੰਧਾਂ ਨੂੰ ਆਧਾਰ ਬਣਾਇਆ ਹੈ। ਜੀਵਾਤਮਾ ਪਰਮਾਤਮਾ ਦੇ ਵਿਛੋੜੇ ਵਿੱਚ ਰਾਂਝੇ ਤੋਂ ਵਿਛੜੀ

ਜਾਂ ਵਿਛੋੜੀ ਗਈ ਹੀਰ ਵਾਂਗ ਤੜਪਦੀ ਹੈ ਵੇਖੋ :

:ਤੇ-ਤੋਬਾ ਅਨ ਬਨ ਥੋਂ ਅਸੀਂ ਜੱਟੀਆਂ ਸਿਆਲੀਂ।

ਲਖ ਪਟੀ ਨਾਹੀ ਰਾਂਝਾਂ ਲਿਖੇ ਪਟੀਆਂ ਸਿਆਲੀਂ।
ਤੋੜੇ ਕਿੱਥੇ ਜਾਲੀ ਚੋਲੀ ਮਾਹੀ ਘੱਤੀਆਂ ਸਿਆਲੀਂ।
ਕੇਹੀਆਂ ਤੁੰਦ ਸੋਖ਼ ਨੇ ਜ਼ਾਲਿਮ ਜੱਟੀਆਂ ਸਿਆਲੀਂ।
ਕੇਹੀਆਂ ਮਿੱਠੀਆਂ ਨੀ ਲਬਾਂ ਜੱਟੀਆਂ ਸਿਆਲੀਂ।
ਹੈਦਰ ਉਸ ਸੱਜਣ ਦੇ ਸਿਰ ਤੋਂ ਵਾਰ ਸੱਟੀਆਂ ਸਿਆਲੀਂ।

ਦੀਵਾਨ ਵਿੱਚ ਆਈਆਂ ਕਾਫ਼ੀਆਂ ਦਾ ਰੰਗ ਵੀ ਅਧਿਆਤਮਿਕ ਹੈ। ਇਥੇ ਵੀ ਵਿਛੋੜੇ ਦੀ ਸ਼ਿਦੱਤ ਅਤੇ ਆਪਣੇ ਮੂਲ ਨੂੰ ਮਿਲਣ ਦੀ ਜਗਿਆਸਾ ਤੀਵ੍ਰ ਤੋਂ ਤੀਵ੍ਰਤਮ ਹੁੰਦੀ ਜਾਂਦੀ ਪ੍ਰਤੀਤ ਹੁੰਦੀ ਹੈ।

ਕਿੱਸਾ ਹੀਰ ਰਾਂਝਾ[ਸੋਧੋ]

ਪੰਜਾਬ ਦੀ ਹਰਮਨ ਪਿਆਰੀ ਦਾਸਤਾਨ ‘ਹੀਰ ਅਤੇ ਰਾਂਝਾ` ਵਿੱਚ ਹੀਰ ਅਤੇ ਉਸ ਦੀ ਮਾਂ ਦੀਆਂ ਗੱਲਾਂ ਸਾਡੇ ਕਵੀਆਂ ਨੇ ਬਹੁਤ ਹੀ ਸੁੰਦਰ ਢੰਗ ਨਾਲ ਬਿਆਨ ਕੀਤੀਆਂ ਹਨ। ਇਨ੍ਹਾਂ ਗੱਲਾ ਦੀ ਤਹਿ ਵਿੱਚ ਹੀਰ ਦੀ ਉਹ ਅਮੋੜ ਪ੍ਰੀਤ ਹੈ। ਜਿਹੜੀ ਅਜ਼ਲੀ ਅਤੇ ਹਕੀਕੀ ਹੈ, ਇਸੇ ਪ੍ਰੀਤ ਆਧਾਰਿਤ ਕੁਝ ਵਾਰਤਾਲਾਪ ਅਲੀ ਹੈਦਰ ਨੇ ਆਪਣੇ ਖਾਸ ਸੂਫ਼ੀ ਰੰਗ ਵਿੱਚ ਪੇਸ਼ ਕੀਤੇ ਹਨ। ਹੀਰ ਦੀ ਮਾਂ ਉਸ ਨੂੰ ਦੁਨਿਆਵੀ ਨਸ਼ੀਹਤਾਂ ਦੇ ਕੇ ਭੰਡੀ ਪ੍ਰਚਾਰ ਤੋਂ ਬਚਨ ਦੀ ਪ੍ਰਰੇਨਾ ਕਰਦੀ ਹੈ ਪਰ ਉਹ ਇਕੋ ਹੀ ਗੱਲ ਕਹਿੰਦੀ ਹੈ ਕਿ ਉਹ ਉਸ ਰਾਂਝਣ ਨੂੰ ਕਿਵੇਂ ਕੱਢੇ ਜੋ ਉਸ ਦੀ ਰਗ-ਰਗ ਵਿੱਚ ਸਮਾਇਆ ਹੋਇਆ ਹੈ[11], ਜ਼ਰਾ ਵੇਖੋ:

ਮੈਂ ਤੇ ਰੰਗ ਮਾਹੀ ਦੇ ਰੱਤੀ, ਮੈਂ ਤੇ ਮੱਤ ਨ ਆਵੇ ਮਾਂ।
ਕਿਆਂ ‘ਮੁਹਿਬ ਫੀਸ਼ਿਮੀਮਨ` ਕੌਣ ਇਹ ਰਾਜ ਸੁਣਾਵੇ ਮਾਂ।
ਅਲਹੁਬ ਯ ਅਲਾ` ਰਾਝੇ ਬਾਹਜੋ ਹੋਰ ਨ ਨਜ਼ਰੀ ਆਵੇ ਮਾਂ।
ਮਨ ਯਹਦ ਅੱਲਾ ਹੂ` ਹੈਦਰ ਉਸਨੂੰ ਰਾਹੋਂ ਕੌਣ ਭੁਲਾਵੇਂ, ਮਾਂ।

ਫੁਟਕਲ ਕ੍ਰਿਤੀਆਂ[ਸੋਧੋ]

ਅਲੀ ਹੈਦਰ ਦੀ ਰਚਨਾ ਤੋਂ ਇਲਾਵਾ ਕੁੱਝ ਨਜ਼ਮਾਂ ਅਤੇ ਕੁਝ ਸੀਹਰਫੀਆਂ ਅਜਿਹੀਆਂ ਵੀ ਹਨ ਜਿਹਨਾਂ ਨੂੰ ਫੁਟਕਲ ਸ਼ਿਅਰ, ਸੀਹਰਫੀਆਂ ਜਾਂ ਨਜ਼ਮਾਂ ਕਿਹਾ ਗਿਆ ਹੈ। ਇਨ੍ਹਾਂ ਵਿੱਚ ਵੀ ਕਵੀ ਦਾ ਉਹੋ ਅਧਿਆਤਮਿਕ ਰੰਗ ਅਤੇ ਸਾਈ਼ ਨੂੰ ਮਿਲਣ ਦੀ ਤੜਪ ਹੈ। ਇਸ ਪ੍ਰਥਾਇ ਕੁੱਝ ਕਾਵਿ-ਪਾਲਾਂ ਪ੍ਰਸਤੁਤ ਕੀਤੀਆ ਜਾਂਦੀਆਂ ਹਨ:

ਛੋੜ ਦੇ ਨੀਂਗਰ ਬਾਹ ਮੈਂਡੀ, ਦਿਲੀ ਦਾਉ ਆਦਲ ਪਠਾਨੀ ਦੇ ਨੇ।
ਸੁਰਖ ਅੱਖੀਂ ਰੰਗ ਜ਼ਰਦ ਹਮੇਸ਼ਾ, ਇਹ ਅਹਿਵਾਲ ਰੰਜਾਧੀ ਦੇ ਨੇ।
ਛਣ ਛਣ ਚੂੜਾ ਤੇ ਘਮ ਘਮ ਚਾਟੀ, ਇਹ ਘੁਮਕਾਰ ਮਧਾਨੀ ਦੇ ਨੇ।
ਅਲੀ ਹੈਦਰ ਹੱਥ ਜੇ ਮੱਖਣ ਆਵੇ ਤਾਂ ਮਤਲਬ ਏਸ ਨਿਮਾਣੀ ਦੇ ਨੇ।

ਅਲੀ ਹੈਦਰ ਦੀ ਸਾਰੀ ਰਚਨਾ ਵਿੱਚ ਬਿਹਰਾ ਵਿੱਚ ਬਿਹਬਲ ਹੋਈ ਜੀਵਾਤਮਾ ਈਸ਼ਵਰ ਨੂੰ ਮਿਲਣ ਲਈ ਬਿਨੈਵੰਤ ਵਿਖਾਈ ਦਿੰਦੀ ਹੈ। ਉਸਨੇ ਸੀਹਰਫੀਆਂ ਕਾਫ਼ੀਆਂ ਅਤੇ ਵਾਰਤਾਲਾਪੀ ਰਚਨਾਂਵਾਂ ਦੇ ਸੁੰਦਰ ਪ੍ਰਮਾਣ ਪੇਸ਼ ਕੀਤੇ ਹਨ।[12]

ਕਾਵਿ ਕਲਾ[ਸੋਧੋ]

ਭਾਸ਼ਾ[ਸੋਧੋ]

ਕਵੀ ਨੇ ਲਹਿੰਦੀ ਭਾਸ਼ਾ ਦਾ ਪ੍ਰਯੋਗ ਕੀਤਾ ਹੈ ਜਿਸ ਉੱਤੇ ਅਰਬੀ, ਫਾਰਸੀ ਆਦਿ ਭਾਸ਼ਾਵਾਂ ਦਾ ਪ੍ਰਭਾਵ ਹੈ, ਲਹਿੰਦੀ ਵਿੱਚ ਟਵਰਗ ਧੁਨੀਆਂ ਦੇ ਪ੍ਰਯੋਗ ਦੀ ਮਾਤ੍ਰਾ ਅਧਿਕ ਹੈ। ਲਹਿੰਦੀ ਕ੍ਰਿਆ ਰੂਪ ਧੋਸਾਂ, ਪੲੋਸਾਂ, ਮਰੇਸਾਂ, ਤੈਂਡੇ, ਤੈਡੜੇ, ਵਸੀਲੜਾ, ਬਹੂੰ, ਆਦਿ ਅਨੇਕ ਸ਼ਬਦ ਰੂਪ ਦਿਸ ਜਾਂਦੇ ਹਨ। ਅਲੀ ਹੈਦਰ ਦਾ ਕਲਾਮ, ਸਾਇਲ, ਹਰਮ, ਜਾਰੀਆਂ, ਕਰਮ, ਸਬਰ, ਫਜਰ ਆਦਿ ਅਰਬੀ ਫਾਰਸੀ ਸ਼ਬਦਾਵਲੀ ਨਾਲ ਭਰਿਆ ਭਕੁੰਨਿਆ ਹੈ।

ਛੰਦ ਪ੍ਰਯੋਗ[ਸੋਧੋ]

ਅਲੀ ਹੈਦਰ ਹੀ ਕਾਵਿ-ਰਚਨਾ ਦੇ ਛੰਦ ਪ੍ਰਯੋਗਾਂ ਵਲ ਸੰਕੇਤ ਕਰਦਿਆਂ “ਬਾਵਾ ਬੁੱਧ ਸਿੰਘ ਨੇ ਕਿਹਾ ਹੈ ਕਿ ਕਵੀ ਦੇ ਨਿਰੋਲ ਕਥਨ ‘32 ਮਾਤਾ ਦੀ ਛੰਦ (ਚਾਲ) ਵਿੱਚ ਹਨ ਛੰਦਾਂ ਨੂੰ ਕਿੱਧਰੇ ਬੈਂਤ (40 ਮਾਤ੍ਰਾ ਛੰਦ) ਬਣਾ ਦਿੱਤਾ ਹੈ ਤੇ ਕਿੱਧਰੇ 36 ਮਾਤ੍ਰਾ ਕਰ ਦਿੱਤੀਆਂ। ਇਨ੍ਹਾਂ ਮਾਤ੍ਰਾ ਅਤੇ ਛੰਦ ਚਾਲਾ ਦੀ ਕਸੌਟੀ ਨੂੰ ਬਾਵਾ ਜੀ ਨੇ ਕਵੀ ਦੇ ਆਪਣੇ ਸ਼ਬਦਾ ਵਿੱਚ ਦੱਸਿਆ ਹੈ।

ਅਨ ਬਨ ਦਿਨ ਬਿਨ ਉਨ ਬੁਨ ਥੀਂ
ਇਕ ਸਮਝ ਅਸਾਡੜੀ ਰਮਸ਼ ਮੀਆਂ।

ਗਹੁ ਨਾਲ ਵੇਖੀਏ ਤਾਂ ਉੱਪਰ ਲਿਖਿਤ ਕਾਵਿ ਉਕਤੀ ਵਿੱਚ ਮਾਤ੍ਰਾਂ ਦੀ ਗਿਣਤੀ 32 ਹੈ ਅਤੇ 14, 18 ਉੱਤੇ ਬਿਸ੍ਰਾਮ ਹੈ।[13]

ਖੂਬਸੂਰਤ ਅਲੰਕਾਰ ਪ੍ਰਯੋਗ[ਸੋਧੋ]

ਅਲੀ ਹੈਦਰ ਇੱਕ ਦਰਵੇਸ਼ ਕਵੀ ਹੈ ਅਤੇ ਦਰਵੇਸ਼ਾਂ ਨੂੰ ਭਾਵਾਂ ਦੀ ਸਸਕਤ ਅਭਿਵਿਅਕਤੀ ਨਾਲ ਹੀ ਵਧੇਰੇ ਲਗਾਓ ਹੁੰਦਾ ਹੈ। ਪਰ ਇਥੇ ਗੱਲ ਇਸ ਨਾਲੋਂ ਕੁੱਝ ਵੱਖਰੀ ਹੈ। ਕਿਉਂਕਿ ਅਲੀ ਹੈਦਰ ਦੀ ਕਾਵਿ ਰਚ ਨਾ ਜਿਥੇ ਭਾਵਾਂ ਦੀ ਤੀਵ੍ਰਤਮ ਪੇਸ਼ਕਾਰੀ ਲਈ ਮਹੱਤਵਪੂਰਨ ਹੈ ਉਥੇ ਉਹ ਸਜੀ, ਸੰਵਾਰੀ ਦੁਲਹਨ ਵਾਂਗ ਵੀ ਸਾਡੇ ਸਾਮ੍ਹਣੇ ਆਉਂਦੀ ਹੈ, ਇਸਨੂੰ ਇੰਜ ਵੀ ਆਖਿਆ ਜਾ ਸਕਦਾ ਹੈ ਕਿ ਉਸ ਵਿੱਚ ਅਨੌਖੇ ਭਾਵ ਵੀ ਹਨ ਅਤੇ ਉਹ ਸਜੀ-ਸੰਵਾਰੀ ਅਤੇ ਬਣੀ ਠਣੀ ਹੋਈ ਵੀ ਹੈ ‘ਡਾਕਟਰ ਲਾਜਵੰਤੀ ਰਾਮਾਕ੍ਰਿਸ਼ਨਾ ਅਲੰਕਾਰ ਵਿਧਾਨ ਦੇ ਸੰਦਰਭ ਵਿੱਚ ਉਸਨੂੰ ਬੁਲੇ੍ਹ ਸ਼ਾਹ ਅਤੇ ਹਾਸ਼ਮ ਸ਼ਾਹ ਦੇ ਬਰਾਬਰ ਅਹਿਮ ਕਰਾਰ ਦਿੰਦੀ ਹੈ। ਉਸਦੇ ਅਲੰਕਾਰ ਵਿਧਾਨ ਨੂੰ ਚੰਗੀ ਤਰ੍ਹਾਂ ਨਿਗਰਨ ਲਈ ਆਓ ਉਸਦੇ ਕਾਵਿ-ਜਗਤ ਵਿਚੋ ਕੁਝ ਮਿਸਾਲਾਂ ਲਈਏ।”[14]

ਰੂਪਕ ਅਲੰਕਾਰ[ਸੋਧੋ]

ਰੂਪਕ ਅਲੰਕਾਰ ਦੀ ਵਰਤੋਂ ਰਹਸਵਾਦੀ ਕਾਵਿ ਵਿੱਚ ਆਮ ਕੀਤੀ ਮਿਲਦੀ ਹੈ। ਇਨ੍ਹਾਂ ਵਿੱਚ ਭਾਵਾਂ ਨੂੰ ਸਪੱਸ਼ਟ ਕਰਨ ਦੀ ਸਮਰੱਥਾ ਵਧੇਰੇ ਹੰੁਦੀ ਹੈ। ਇਸ ਵਿੱਚ ਉਪਸੇਯ ਅਤੇ ਉਪਮਾਨ ਦੀ ਜੋ ਪਰਮਪਰ ਅਭੇਦਤਾ ਹੈ, ਉਸ ਰਾਹੀਂ ਹੀ ਚਮਤਕਾਰ ਪੇਸ਼ ਕੀਤਾ ਜਾਂਦਾ ਹੈ।

ਕਾਫ਼-ਕਾਲੀਆ ਕਿੱਤੀਆਂ ਸੋਹੰਦੀਆਂ ਨੇ ਬੇਲੇ, ਭੌਂਦੀਆਂ ਝੱਲ ਵਲੱਲੀਆਂ ਨੇ।
ਵੱਜਣ ਟੱਲ ਤੇ ਰੜਕਣ ਟੱਲੀਆਂ, ਇਸਕ ਆਵਾਜੇ ਤੇ ਸੱਲੀਆਂ ਨੇ।
ਮੀਏਂ ਰਾਂਝਣ ਦੇ ਹੱਥ ਇਸਕ ਦੀ ਖੂੰਡੀ, ਮੱਝੀ ਵੇਲੇ ਵਲ ਵਲੀਆਂ ਨੇ।
ਮਾਹੀਂ ਬਾਹਜੋ ਕੌਣ ਚਰਾਵੇ, ਹੈਦਰ ਮਹੀਂ ਖਲੀਆਂ ਨੇ।

ਕਵੀ ਵਿੱਚ ਬਿੰਬ ਘੜਨ ਦੀ ਸਮੱਰਥਾਂ ਇੱਕ ਸੁਚੱਜੇ ਕਲਾਕਾਰ ਵਰਗੀ ਹੈ ਜਿਹੜਾ ਆਪਣੀ ਕਲਾ ਦੇ ਸਹਾਰੇ ਨਿਰਜੀਵ ਚੀਜਾਂ ਨੂੰ ਜਿੰਦ ਬਖ਼ਸ਼ ਦਿੰਦਾ ਹੈ।

ਯਮਕ ਅਲੰਕਾਰ[ਸੋਧੋ]

ਕਾਵਿ ਵਿੱਚ ਜਦੋਂ ਇੱਕ ਸ਼ਬਦ ਬਾਰ-ਬਾਰ ਆਉਂਦਾ ਹੈ ਪਰ ਹਰ ਵਾਰ ਉਸਦੇ ਅਰਥ ਬਲਦ ਜਾਂਦੇ ਹਨ ਤਾਂ ਉਥੇ ਯਮਕ ਅਲੰਕਾਰ ਦੀ ਹੋਂਦ ਸਵੀਕਾਰ ਕੀਤੀ ਜਾਂਦੀ ਹੈ।

ਜੀਮ- ਜੁਮੇ ਦੀ ਛੁੱਟੀ ਭਾਈ ਵੈਸਾਂ ਰਾਂਝਣ ਯਾਰ ਦਾਉਂ।
ਬੁਲਬੁਲ ਛੁੱਟੀ ਪਿੰਜਰਿਉਂ ਹੁਣ, ਵੈਸੀ ਉਸ ਗੁਲਜਾਰ ਦਾਉਂ।
ਤੂਤੀ ਛੁੱਟੀ ਕੈਦ ਕੁਨੋਂ, ਹੁਣ ਵੈਸੀ ਸਬਜ਼ਹ ਜ਼ਾਰ ਦਾਉਂ।
ਹੈਦਰ ਜਿੱਥੜੇ ਯਾਰ ਪਿਆਰਾ, ਵੈਸਾਂ ਓਸੇ ਪਾਰ ਦਾਉਂ।

ਪਹਿਲੀ ਉਦਾਹਰਣ ਵਿੱਚ ਛੁੱਟੀ, ਸ਼ਬਦ ਬਾਰ-ਬਾਰ ਆਇਆ ਹੈ ਪਰ ਹਰ ਵਾਰੀ ਨਵੇ ਅਰਥਾਂ ਵਿੱਚ ਦੱਸਿਆਂ ਗਿਆ ਹੈ। ਇਹ ਵੀ ਇਸ ਅਲੰਕਾਰ ਪ੍ਰਯੋਗ ਦੀ ਖੂਬਸੂਰਤੀ ਹੈ।[15]

ਸਲੇਸ਼ ਅਲੰਕਾਰ[ਸੋਧੋ]

ਕਾਵਿ ਵਿੱਚ ਨਿਪੁਣ ਕਵੀ ਜਦੋਂ ਇੱਕ ਹੀ ਸ਼ਬਦ ਪ੍ਰਯੋਗ ਕਰਕੇ ਅਨੇਕ ਅਰਥ ਲੈਦਾ ਹੈ ਉਦੋਂ ਸਲੇਸ਼ ਅਲੰਕਾਰ ਦੀ ਹੋਂਦ ਹੁੰਦੀ ਹੈ।

ਖ਼ੇ - ਖੂਨਾ ਥੀਆਂ ਫਰਹਾਦ ਨੀ ਭੈਂਣਾਂ ਇਹ ਭੀ ਸ਼ੀਰੀ ਦੰਗ ਕੀਤਾ।
ਪੁਖਤੇ ਮੇਵੇ ਰੰਗ ਵਟਾਇਆ ਇਹ ਭੀ ਸ਼ੀਰੀ ਰੰਗ ਕੀਤਾ।
ਸੂਹਾ ਬਾਈਆਂ ਮਿਰਚੇ ਡਾਈਂ ਕਪ ਲਵੀਰਾਂ ਰੰਗ ਕੀਤਾ।
ਚੜਕੇ ਕਪੜੇ ਨੌਸ਼ਹ ਵਾਲੇ ਮਾਰ ਕੇ ਤੀਰੀ ਰੰਗ ਕੀਤਾ।
ਹੈਦਰ ਯਾਰ ਦੀ ਬਾਤ ਨਬਾਤੀ, ਜਿਸ ਇਹ ਸਭ ਰੰਗ ਕੀਤਾ।

ਅਲੀ ਹੈਦਰ ਆਪਣੇ ਖੂਬਸੂਰਤ ਵਿਚਾਰਾਂ ਨੂੰ ਖੂਬਸੂਰਤ ਅਲੰਕਾਰਾ ਦੀ ਵਰਤੋਂ ਕਰਕੇ ਸਗੋ ਹੋਰ ਵੀ ਖੂਬਸੂਰਤ ਬਣਾ ਦਿੰਦਾ ਹੈ। ਇੰਜ ਉਹ ਇੱਕ ਸਿੱਧ-ਰਸਤ ਕਵੀ ਵਾਂਗ ਵਿਚਰਦਾ ਹੈ। ਇਹ ਉਸਦੀ ਇੱਕ ਹੋਰ ਵੱਡੀ ਦੇਣ ਹੈ।

ਪੰਜਾਬੀ ਸੱਭਿਆਚਾਰ ਨੂੰ ਦੇਣ[ਸੋਧੋ]

ਪੰਜਾਬੀ ਲੋਕਾਂ ਅਤੇ ਪੰਜਾਬੀ ਸਾਹਿਤ ਦੀ ਚਿਰ ਕਾਲ ਤੋਂ ਇੱਕ ਉਘੜਵੀਂ ਵਿਸ਼ੇਸਤਾ ਉਸਦਾ ਸਰਬ-ਸਾਝੀਵਾਲਤਾਂ ਦੀ ਸੁਰ ਵਾਲਾ ਹੋਣ ਹੈ। ਸਾਹਿਤ ਦੇ ਹਰ ਕਾਲ ਵਿੱਚ ਵੱਖ-ਵੱਖ ਧਰਮਾਂ ਅਤੇ ਵਿਚਾਰਧਾਰਾਵਾਂ ਵਾਲੇ ਲੋਕ ਸਾਹਿੱਤ ਰਚਨਾ ਕਰਦੇ ਰਹੇ ਹਨ। ਉਹਨਾਂ ਦੀਆਂ ਰਚਨਾਵਾਂ ਵਿੱਚ ਮਿਲਣ ਵਾਲਾ ਸੁਨੇਹਾ ਵੀ ਇਸੇ ਸਰਬ ਸਾਂਝੀਵਾਲਤਾ ਦਾ ਹੀ ਪ੍ਰਤੀਕ ਹੁੰਦਾ ਰਿਹਾ ਹੈ। ਪ੍ਰਾਚੀਨਕਾਲ ਦੀਆਂ ਦੋ ਧਾਰਾਵਾਂ-ਗੁਰਮਤਿ ਅਤੇ ਸੂਫ਼ੀਮਤਿ, ਇਸੇ ਇਕੋ ਈਸ਼ਵਰਵਾਦੀ ਸੁਨੇਹੇ ਦੁਆਰਾ ‘ਕੋਈ ਨਾ ਦਿੱਸੇ ਬਾਹਰਾ` ਦੀ ਗੱਲ ਕਰਦੀਆਂ ਰਹੀਆਂ ਹਨ। ਇਨ੍ਹਾਂ ਦੋਹਾਂ ਧਾਰਾਵਾਂ ਦੇ ਨਾਲ-ਨਾਲ ਚਲਦੀ ਇੱਕ ਹੋਰ ਧਾਰਾ, ਕਿੱਸਾ ਕਾਵਿ, ਜਿਸਦਾ ਪ੍ਰਧਾਨ ਸੁਰ ਅਧਿਆਤਮਿਕ ਦੀ ਥਾਂ ਲੋਕਿਕ ਹੈ। ਅਲੀ ਹੈਦਰ ਦਾ ਸੰਬੰਧ ਅਧਿਆਤਮਿਕ ਬਿਰਤੀ ਪ੍ਰਧਾਨ ਸੂਫ਼ੀ ਕਾਵਿ ਧਾਰਾ ਨਾਲ ਹੈ। ਇਹ ਧਾਰਾ ਗੁਰਮਤਿ ਦੇ ਨਾਲ-ਨਾਲ ਤੁਰਦੀ ਹੋਈ ਅਤੇ ਉਸਦੇ ਕੁੱਝ ਨਾ ਕੁੱਝ ਗੁਣ ਗ੍ਰਹਿਣ ਕਰਦੀ ਹੋਈ ਨਿਰੰਤਰ ਵਗਦੀ ਰਹੀ ਹੈ। ਇਸੇ ਤਰ੍ਹਾਂ ਗੁਰਮਤਿ ਲਹਿਰ ਵੀ ਇਸ ਪ੍ਰਕਾਰ ਉਸ ਤੋਂ ਸਹਿਯੋਗ ਲੈਂਦੀ ਦਿੰਦੀ ਰਹੀ ਹੈ।[16]

ਹਵਾਲੇ[ਸੋਧੋ]

  1. ਬਾਵਾ ਬੁੱਧ ਸਿੰਘ (ਸੰਪਾਦਕ), ਹੰਸ ਚੋਗ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1950, ਪੰਨਾ 335
  2. ਅਬਦੁਲ ਗ਼ਫੂਰ ਕੁਰੈਸ਼ੀ (ਸੰਪਾਦਕ), ਪੰਜਾਬੀ ਅਦਬ ਦੀ ਕਹਾਣੀ, ਅਜ਼ੀਜ ਬੁੱਕ ਡਿਪੂ ਉਰਦੂ ਬਾਜਾਰ, ਲਾਹੌਰ-1972, ਪੰਨਾ 274
  3. ਬਾਵਾ ਬੁੱਧ ਸਿੰਘ, ਹੰਸ ਚੋਗ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ-1950, ਪੰਨਾ 335
  4. ਸਾਧੂ ਰਾਮ ਸ਼ਾਰਦਾ, ਸੂਫ਼ੀ ਮਤ ਅਤੇ ਪੰਜਾਬੀ ਸੂਫ਼ੀ ਸਾਹਿਤ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1973, ਦੀ ਪੰਨਾ 242
  5. ਉਜਾਗਰ ਸਿੰਘ, ਅਲੀ ਹੈਦਰ ਰਚਨਾਵਲੀ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1976 ਪੰਨਾ 24
  6. ਉਜਾਗਰ ਸਿੰਘ, ਅਲੀ ਹੈਦਰ ਰਚਨਾਵਲੀ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1976 ਪੰਨਾ 26
  7. ਉਜਾਗਰ ਸਿੰਘ, ਅਲੀ ਹੈਦਰ ਰਚਨਾਵਲੀ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1976 ਪੰਨਾ 34
  8. ਡਾ. ਗੁਰਦੇਵ ਸਿੰਘ ਸਿੱਧੂ (ਸੰਪਾਦਕ) ਕਲਾਮ ਅਲੀ ਹੈਦਰ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1997, ਪੰਨਾ 8
  9. ਡਾ. ਉੱਤਮ ਸਿੰਘ ਭਾਟੀਆਂ (ਸੰਪਾਦਕ), ਅਲੀ ਹੈਦਰ: ਜੀਵਨ ਅਤੇ ਰਚਨਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1985, ਪੰਨਾ 17
  10. ਡਾ. ਗੁਰਦੇਵ ਸਿੰਘ ਸਿੱਧੂ (ਸੰਪਾਦਕ), ਕਲਾਮ ਅਲੀ ਹੈਦਰ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1997, ਪੰਨਾ 9
  11. ਉਜਾਗਰ ਸਿੰਘ, ਅਲੀ ਹੈਦਰ ਰਚਨਾਵਲੀ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1976, ਪੰਨਾ 153
  12. ਉਜਾਗਰ ਸਿੰਘ, ਅਲੀ ਹੈਦਰ ਰਚਨਾਵਲੀ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1976, ਪੰਨਾ 143
  13. ਡਾ. ਗੁਰਦੇਵ ਸਿੰਘ ਸਿੱਧੂ (ਸੰਪਾਦਕ) ਕਲਾਮ ਅਲੀ ਹੈਦਰ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1997, ਪੰਨਾ 21
  14. ਡਾ. ਲਾਜਵੰਤੀ ਰਾਮਾ ਕ੍ਰਿਸ਼ਨਾ (ਸੰਪਾਦਕ), ਪੰਜਾਬੀ ਸੂਫ਼ੀ ਪੋਇਟਸ, ਆਸ਼ਾ ਜਨਕ ਪਬਲੀਕੇਸ਼ਨ, ਨਿਊ ਦਿੱਲੀ, 1973, ਪੰਨਾ 94
  15. ਉਜਾਗਰ ਸਿੰਘ, ਅਲੀ ਹੈਦਰ ਰਚਨਾਵਲੀ ਭਾਸ਼ਾ ਵਿਭਾਗ ਪੰਜਾਬ, ਪਟਿਆਲਾ- 1976, ਪੰਨਾ 49
  16. ਡਾ. ਉੱਤਮ ਸਿੰਘ ਭਾਟੀਆਂ (ਸੰਪਾਦਕ), ਅਲੀ ਹੈਦਰ: ਜੀਵਨ ਅਤੇ ਰਚਨਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1985, ਪੰਨਾ 85