ਕਬੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਬੀਲਾ ਪਰਿਵਾਰਾਂ ਦੇ ਅਜਿਹੇ ਸਮਾਜਕ ਸਮੂਹ ਨੂੰ ਕਿਹਾ ਜਾਂਦਾ ਹੈ ਜਿਸ ਨੇ ਇੱਕ ਵਿਸ਼ੇਸ਼ ਨਾਂ ਅਪਣਾਇਆ ਹੁੰਦਾ ਹੈ, ਬੋਲੀ ਸਾਂਝੀ ਹੁੰਦੀ ਹੈ, ਕਾਰੋਬਾਰ ਇਕ ਕਿਸਮ ਦਾ ਹੁੰਦਾ ਹੈ, ਸਭਿਆਚਾਰਕ ਇਕਸਾਰਤਾ ਹੁੰਦੀ ਹੈ ਅਤੇ ਇਕ ਨਿਸ਼ਚਿਤ ਖੇਤਰ ਵਿਚ ਰਹਿੰਦਾ ਹੈ ਜਾਂ ਘੁੰਮਦਾ -ਫਿਰਦਾ ਹੈ ।ਇਹ ਸਮਾਜਕ ਸਮੂਹ ਆਪਸਦਾਰੀ ਅਤੇ ਪਰਸਪਰਤਾ ਪੱਖੋਂ ਚੰਗੀ ਤਰ੍ਹਾਂ ਸੰਗਠਿਤ ਹੁੰਦਾ ਹੈ ।ਇਸ ਅੰਦਰ ਬਹੁਤ ਸਾਰੇ ਛੋਟੇ-ਮੋਟੇ ਪਰਿਵਾਰਾਂ, ਘਰਾਣਿਆਂ ਅਤੇ ਖਾਨਦਾਨਾਂ ਵਰਗੇ ਉਪ ਸਮੂਹ ਸ਼ਾਮਿਲ ਹੁੰਦੇ ਹਨ ।ਸਧਾਰਨ ਰੂਪ ਵਿਚ ਹਰ ਕਬੀਲਾ ਆਪਣੇ ਵਡੇਰੇ ਪੁਰਖ ਅਤੇ ਕਬੀਲੇ ਦੇ ਸਰਪ੍ਰਸਤ ਦੇਵਤੇ ਜਾਂ ਦੇਵੀ ਦੀ ਮਾਨਤਾ ਕਰਦਾ ਹੈ ।ਕਬੀਲੇ ਅੰਦਰਲੇ ਪਰਿਵਾਰਾਂ ਵਿਚਕਾਰ ਖੂਨ ਦੀ ਸਾਂਝ ਹੁੰਦੀ ਹੈ ।ਇਸ ਤੋਂ ਇਲਾਵਾ ਇਹ ਸਾਂਝੀਆਂ ਧਾਰਮਿਕ ਤੇ ਸਮਾਜਕ ਰਹੁ-ਰੀਤਾਂ ਅਤੇ ਆਰਥਿਕ ਕਾਰਜਾਂ ਰਾਹੀਂ ਹੋਰ ਵੀ ਗੂੜ੍ਹੇ ਸੰਬਧੀ ਹੁੰਦੇ ਹਨ । ਕਬੀਲੇ ਦੀ ਪਛਾਣ ਅਤੇ ਪਰਿਭਾਸ਼ਾ ਵਾਰੇ ਅਜੇ ਤੱਕ ਭੰਬਲਭੂਸਾ ਹੈ।ਕਈ ਵਾਰ ਕਬੀਲੇ ਅਤੇ ਜਾਤੀ ਨੂੰ ਇੱਕੋ ਮੰਨ ਲਿਆ ਜਾਂਦਾ ਹੈ।ਪਰ ਹੁਣ ਜਿਹੜੀ ਨਵੀਂ ਪਰਿਭਾਸ਼ਾ ਸਾਹਮਣੇ ਆਈ ਹੈ, ਉਹ ਕਬੀਲੇ ਦੇ ਗੁਣਾਂ ਤੇ ਸਹੀ ਚਾਨਣ ਪਾਉਂਦੀ ਹੈ ।ਇਸ ਅਨੁਸਾਰ ਕਬੀਲਾ ਇੱਕ ਨਿਸ਼ਚਿਤ ਭੂਗੋਲਿਕ ਖੇਤਰ ਵਿਚ ਵੱਸਣ ਵਾਲਾ, ਅੰਦਰੂਨੀ ਵਿਆਹ ਵਿਵਸਥਾ ਵਿੱਚ ਬੱਝਿਆ ਸਮੂਹ ਹੈ ਜਿੱਥੇ ਅਜੇ ਕੰਮ ਦੀ ਵਿਸ਼ੇਸ਼ੱਗਤਾ ਦੇ ਅਧਾਰਤ ਵਟਾਂਦਰਾ ਨਹੀਂ ਹੋਇਆ ਹੁੰਦਾ ।ਇੱਕੋ ਬੋਲੀ ਬੋਲਣ ਵਾਲੇ, ਕਬਾਇਲੀ ਅਹੁਦੇਦਾਰਾਂ ਦੁਆਰਾ ਸ਼ਾਸਨੀ ਬੰਧਨ'ਚ ਬੱਝਿਆ ਇਹ ਸਮੂਹ ਦੂਜੇ ਕਬੀਲਿਆਂ ਜਾਂ ਜਾਤੀਆਂ ਤੋਂ ਦੂਰੀ ਤਾਂ ਰਖਦਾ ਹੈ ਪਰ ਸਮਾਜਿਕ ਊਚ-ਨੀਚ ਜਾਂ ਦਵੈਸ਼ ਭਾਵਨਾ ਨਹੀਂ ਰਖਦਾ ।

ਸ਼ਾਬਦਿਕ ਅਰਥ[ਸੋਧੋ]

ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ 'ਮਹਾਨ ਕੋਸ਼' ਅਨੁਸਾਰ -'ਕਬੀਲਾ--ਅ. ਸੰਗਯ-ਪਰਿਵਾਰ, ਕੁਟੰਬ, ਕੁਨਬਾ, ਟੱਬਰ' ਪੰਜਾਬੀ ਯੂਨੀਵਰਸਿਟੀ ਦੇ ਸਕੂਲ ਪੱਧਰ ਦੇ ਪੰਜਾਬੀ ਕੋਸ਼ ਅਨੁਸਾਰ, "ਕਬੀਲਾ[ਨਾਂਪੁ]ਇੱਕ ਪਰਿਵਾਰ ਅਥਵਾ ਬੰਸ ਦੇ ਲੋਕ, ਘਰਾਣਾ, ਟੱਬਰ, ਖ਼ਾਨਦਾਨ; ਟੱਪਰੀਵਾਸਾਂ ਦਾ ਟੱਬਰ ਜਾਂ ਝੁੰਡ, ਪਰਿਵਾਰ, ਬੰਸ। ਭਾਸ਼ਾ ਵਿਭਾਗ ਪੰਜਾਬ ਦੇ 'ਪੰਜਾਬੀ ਕੋਸ਼' ਅਨੁਸਾਰ, "ਕਬੀਲਾ, [ਅਰ. ਕਬੀਲ=ਇਕੋ ਪਿਉ ਦਾਦੇ ਦੀ ਉਲਾਦ ]ਪੁ. 1. ਘਰ ਦੇ ਲੋਕ, ਘਰਾਣਾ, ਟੱਬਰ, ਪਰਵਾਰ, ਬੰਸ, ਖਾਨਦਾਨ; 2. ਘਰ ਵਾਲੀ, ਵਹੁਟੀ; 3. ਟੱਪਰੀ ਵਾਸਾਂ ਦਾ ਟੱਬਰ ਜਾਂ ਉਨ੍ਹਾਂ ਦੀ ਸ਼੍ਰੇਣੀ।

'ਕਬੀਲੇ' ਲਈ ਹਿੰਦੀ: जनजाति ਸ਼ਬਦ ਹੈ ਅਤੇ ਇਸ ਨੂੰ 'English: tribe ਸ਼ਬਦ ਨਾਲ ਤੁਲਨਾਤਮਕ ਤੌਰ ਤੇ ਵਰਤਿਆ ਜਾਂਦਾ ਹੈ।ਇਹ ਕਬੀਲੇ ਰਾਜ ਦੀ ਸਥਾਪਨਾ ਤੋਂ ਪਹਿਲਾਂ ਤੋਂ ਮੌਜੂਦ ਸਨ।

ਵਰਤਮਾਨ ਸੰਦਰਭ[ਸੋਧੋ]

ਅੱਜਕਲ੍ਹ 'ਕਬੀਲਾ' ਸ਼ਬਦ ਆਮ ਕਰਕੇ ਉਨ੍ਹਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦਾ ਭੂਗੋਲਿਕ ਖੇਤਰ ਤੇ ਸਭਿਆਚਾਰ ਸਾਂਝਾ ਹੁੰਦਾ ਹੈ ਅਤੇ ਇਹ ਲੋਕ ਸਮਾਜ ਦੀ ਮੁੱਖ ਧਾਰਾ ਦਾ ਅੰਗ ਨਹੀਂ ਹੁੰਦੇ। ਕਬਾਇਲੀ ਸਮਾਜ ਆਰੰਭ ਵਿੱਚ ਭਾਵੇਂ ਮੁਕਾਬਲਤਨ ਉਨਤੀਸ਼ੀਲ ਲੋਕਾਂ ਦਾ ਸਮਾਜ ਸੀ ਪਰ ਹੁਣ ਇਹ ਲੋਕ ਪਛੜੇ ਹੋਏ ਕਹੇ ਜਾਂਦੇ ਹਨ ।

ਭਾਰਤੀ ਕਬੀਲੇ[ਸੋਧੋ]

ਪ੍ਰਜਾਤੀ ਦੇ ਆਧਾਰ ਤੇ ਭਾਰਤੀ ਕਬੀਲਿਆਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ :-ਪਹਿਲੀ ਸ਼੍ਰੇਣੀ ਵਿਚ ਮੰਗੋਲੀ ਮੂਲ ਦੇ ਨਾਗਾ, ਕੂਕੀ, ਗਾਰੋ ਤੇ ਕਈ ਆਸਾਮੀ ਕਬੀਲੇ ਸ਼ਾਮਲ ਹਨ।ਦੂਜੀ ਸ਼੍ਰੇਣੀ ਵਿਚ ਮੁੰਡਾ, ਸੰਥਾਲ, ਕੋਰਵਾ ਅਤੇ ਪੁਰਾ-ਆਸਟ੍ਰੇਲੀਆਈ ਕਬੀਲੇ ਸ਼ਾਮਲ ਹਨ ।ਤੀਜੀ ਸ਼੍ਰੇਣੀ ਵਿਚ ਖਾਲਸ ਆਰੀਆ ਮੂਲ ਵਿਚੋਂ ਹਿਮਾਲਾ ਦੀ ਦੇ ਖਾਸ ਕਬੀਲੇ ਅਤੇ ਹਿੰਦ-ਆਰੀਆਂ ਦੀ ਸੰਤਾਨ ਵਿਚੋਂ ਝੀਲ ਆਦਿ ਕਬੀਲੇ ਆਉਂਦੇ ਹਨ ।ਇਨ੍ਹਾਂ ਤੋਂ ਬਿਨਾਂ ਨਟ, ਭਾਟੂ, ਸਾਂਸੀ, ਕੰਜਰ ਆਦਿ ਖ਼ਾਨਾਬਦੋਸ਼ ਕਬੀਲੇ ਵੀ ਮਿਲਦੇ ਹਨ ।


ਸਿਕਲੀਗਰ ਕਬੀਲਾ[ਸੋਧੋ]

ਸਿਕਲੀਗਰ ਗਾਡੀ ਲੋਹਾਰ ਵਾਂਗ ਇੱਕ ਮੇਹਨਤੀ ਸੁਲਝੀ ਹੋਈ ਪੱਖੀਵਾਸ ਜਾਤੀ ਹੈ। ਜੋ ਕਾਨਿਆਂ ਦੀਆਂ ਪੱਖੀਆਂ ਵਿਚ ਰਹਿੰਦੀ ਹੈ ਤੇ ਲੋਹਾਰਾ ਕੰਮ ਕਰਦੀ ਹੈ। ਇਨ੍ਹਾਂ ਦਾ ਸੰਬੰਧ ਬਾਜ਼ੀਗਰਾਂ ਤੇ ਲੁਬਾਣਿਆਂ ਨਾਲ ਵਧੇਰੇ ਲੱਗਦਾ ਹੈ। ਪੱਖੀਵਾਸਾਂ ਦੇ ਦੱਸਣ ਅਨੁਸਾਰ ਇਨ੍ਹਾਂ ਦੇ ਵਡੇਰੇ ਚਾਰ ਭਾਈ ਸਨ। ਦੋ ਦੀ ਔਲਾਦ ਬਾਜ਼ੀਗਰ ਅਤੇ ਬਾਕੀ ਦੋ ਵਿਚੋਂ ਇੱਕ ਦੀ ਲੁਬਾਣੇ ਤੇ ਦੂਜੇ ਦੀ ਸਿਕਲੀਗਰ ਹੋਈ। ਸਿਕਲੀਗਰਾਂ ਦਾ ਇਹ ਵੀ ਕਥਨ ਹੈ ਕਿ ਜਦ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸਿੱਖਾਂ ਨੂੰ ਹਥਿਆਰਾਂ ਦੀ ਲੋੜ ਪਈ। ਤਾਂ ਉਨ੍ਹਾਂ ਹਥਿਆਰ ਲਾਹੌਰ ਦੇ ਮੌਲਾ ਬਖਸ਼ ਲੋਹਾਰ ਤੋਂ ਖਰੀਦੇ ਪਰ ਉਹ ਸਿੱਖਾਂ ਨੂੰ ਪਸੰਦ ਨਾ ਆਏ। ਗੁਰੂ ਜੀ ਪਾਸੋਂ ਆਗਿਆ ਪਾਕੇ ਸਿੱਖ ਪੱਖੀਵਾਸ ਹਥਿਆਰ ਬਨਾਉਣ ਵਾਲਿਆਂ ਨੂੰ ਗੁਰੂ ਜੀ ਪਾਸ ਲੈ ਆਏ। ਗੁਰੂ ਸਹਿਬਾਨ ਨੇ ਉਨ੍ਹਾਂ ਨੂੰ ਹਥਿਆਰ ਬਨਾਉਣ ਤੇ ਲਾ ਲਿਆ। ਇੱਕ ਹੋਰ ਰਵਾਇਤ ਅਨੁਸਾਰ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਸ਼ਰਧਾ ਨਾਲ ਤਲਵਾਰਾਂ ਸਿਕਲ ਕਰਦਿਆਂ ਵੇਖਆ ਤਾਂ ਇਨ੍ਹਾਂ ਦਾ ਨਾਂ ਸਿਕਲੀਗਰ ਧਰ ਦਿੱਤਾ। ਪਹਿਲਾਂ ਇਹ ਹਿੰਦੂ ਸਨ ਤੇ ਗੁਰੂ ਸਾਹਿਬਾਨ ਨੇ ਇਨ੍ਹਾਂ ਨੂੰ ਸਿੱਖ ਧਰਮ ਗ੍ਰਹਿਣ ਕਰਵਾ ਦਿੱਤਾ। ਮੂਲ ਰੂਪ ਵਿਚ ਇਹ ਇੱਕ ਪੱਖੀਵਾਸ ਕਬੀਲਾ ਸੀ ਅਤੇ ਸਿਕਲੀਗਰ ਡੇਰੇਆਂ ਦੇ ਰੂਪ ਵਿਚ ਫਿਰਦੇ ਸਨ। ਪਰੰਤੂ ਹੁਣ ਦਿੱਲੀ, ਪਾਣੀਪਤ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਠਿੰਡਾ, ਫੀਰੋਜ਼ਪੁਰ, ਗੁਰਦਾਸਪੁਰ ਤੇ ਕਈ ਹੋਰ ਥਾਵਾਂ ਦੇ ਪੱਕੇ ਟਿਕਾਣੇ ਬਣ ਗਏ। ਇਹ ਮੁੱਦਤ ਤੋਂ ਲੋਹੇ ਦਾ ਕੰਮ ਕਰਦੇ ਚਲੇ ਆ ਰਹੇ ਸਨ। ਤਲਵਾਰਾਂ, ਖੰਡੇ, ਬਰਛੇ, ਨੇਜੇ, ਤੀਰਾਂ ਦੀਆਂ ਨੋਕਾਂ, ਛਬੀਆਂ ਅਤੇ ਕੁਹਾੜੀਆਂ ਆਦਿ ਬਣਾਉਂਦੇ ਰਹੇ ਸਨ। ਜਦ ਅੰਗਰੇਜ਼ ਸਰਕਾਰ ਨੇ ਹਥਿਆਰ ਬਨਾਉਣ ਤੇ ਪਾਬੰਦੀ ਲਾ ਦਿੱਤੀ ਤਾਂ ਇਨ੍ਹਾਂ ਨੇ ਵੀ ਗਾਡੀ ਲੋਹਾਰਾਂ ਵਾਂਗ ਬਾਲਟੇ-ਬਾਲਟੀਆਂ ਦੀ ਮੁਰੰਮਤ ਤੇ ਲੋਹੇ ਦੀਆਂ ਟੋਕਰੀਆਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਇਹ ਰੰਬੇ, ਦਾਤਰੀਆਂ ਤੇ ਖੇਤੀਬਾੜੀ ਨਾਲ ਸਂਬੰਧਿਤ ਹੋਰ ਸੰਦ ਬਣਾਉਂਦੇ ਸਨ। ਇਹ ਠੰਢੀ ਕੁੱਟਾਂ ਵਾਂਗ ਰਿਪਟਾਂ ਆਪ ਤਿਆਰ ਨਹੀਂ ਕਰਦੇ ਸਨ ਸਗੋਂ ਬਜ਼ਾਰੋਂ ਲੈ ਆਉਂਦੇ ਸਨ। ਸਿੱਖ ਸਿਕਲੀਗਰਾਂ ਤੋਂ ਛੁੱਟ ਬਾਕੀ ਕਬੀਲੇ ਵਿਚ ਪਰੰਪਰਾਗਤ ਰਸਮਾਂ ਜ਼ਾਰੀ ਰਹੀਆਂ। ਵਿਆਹ ਸਮੇਂ ਸੱਤ ਲਾਵਾਂ ਵਿਚੋਂ ਚਾਰ ਲਾਵਾਂ ਲਾੜਾ ਅੱਗੇ ਹੋ ਜਾਂਦਾ ਹੈ ਤ ਤਿੰਨ ਲਾਵਾਂ ਲਾੜੀ। ਲਾੜਾ ਚਾਰ ਦਿਣ ਸਹੁਰੇ ਘਰ ਰਹਿਂੰਦਾ ਹੈ। ਗਾਨਾ ਖੋਲਣ ਤੇ ਗੋਤ ਕਨਾਲੇ ਤੋਂ ਪਿੱਛੋਂ ਛਿੱਟੀਆਂ ਖੇਡਣ ਦੀ ਰਸਮ ਪਿੱਛੋਂ ਖੂਹ ਤੇ ਲੈ ਜਾਣ ਦੀ ਰੀਤ ਅਤੇ ਘੜੋਲੀ ਦੀ ਰਸਮ ਵੀ ਕੀਤੀ ਜਾਂਦੀ ਹੈ। ਪਰੰਤੂ ਜਦੋਂ ਤੋਂ ਸਿਕਲੀਗਰ ਗੁਰੂ ਮਰਿਆਦਾ ਅਨੁਸਾਰ ਲਾਵਾਂ ਕਰਨ ਲੱਗ ਪਏ ਸਨ ਉਨ੍ਹਾਂ ਇਨ੍ਹਾਂ ਰਸਮਾਂ ਨੂੰ ਤਿਆਗ ਦਿੱਤਾ।

ਲੱਲੀ[ਸੋਧੋ]

ਇਬੈਟਸਨ ਅਨੁਸਾਰ ਲੱਲੀ ਪੱਛਮੀ ਪੰਜਾਬ ਦੇ ਮਿੰਟਗੁਮਰੀ ਜਿਲ੍ਹੇ ਵਿਚ ਮੁਸਲਮਾਨ ਜੱਟਾਂ ਦਾ ਇੱਕ ਕਬੀਲਾ ਹੈ। ਪਰੰਤੂ ਸਾਡੇ ਸਰਵੇਖਣ ਅਨੁਸਾਰ ਇਹ ਹਿੰਦੂ ਪੱਖੀਵਾਸ ਹਨ। ਜੋ ਆਪਣੇ ਅਪ ਨੂੰ ਰਾਜਪੂਤ ਦੱਸਦੇ ਸਨ। ਇਰ ਫ਼ਕੀਰਾਂ ਦੀ ਇੱਕ ਸ਼੍ਰੇਣੀ ਹੈ। ਜੋ ਬਦੀਆਂ ਤੇ ਗੰਧੀਲਿਆਂ ਵਾਂਗ ਤੰਬੂਆਂ ਵਿਚ ਰਹਿੰਦੀ ਹੈ। ਇਨ੍ਹਾਂ ਦੇ ਡੇਰੇ ਆਮ ਕਰਕੇ ਦਰਿਆਵਾਂ, ਨਦੀਆਂ, ਨਾਲਿਆਂ ਜਾਂ ਛੱਬਾਂ ਦੇ ਕਿਨਾਰੇ ਹੁੰਦੇ ਸਨ। ਕੁਝ ਡੇਰੇ ਅੰਮ੍ਰਿਤਸਰ, ਗੁਰਦਾਸਪੁਰ, ਪਟਿਆਲਾ, ਜਲੰਧਰ, ਫੀਰੋਜ਼ਪੁਰ ਸ਼ਹਿਰਾਂ ਦੇ ਨੇੜੇ ਵੀ ਦੇਖੇ ਗਏ ਸਨ। 1947 ਵਿਚ ਇਨ੍ਹਾਂ ਦੇ ਕੁਝ ਡੇਰੇ ਪਾਕਿਸਤਾਨ ਵਿਚ ਰਹਿ ਗਏ ਸਨ। ਮੰਗਣ ਤੋਂ ਛੁੱਟ ਇਨ੍ਹਾਂ ਦਾ ਕੋਈ ਵਿਹਾਰ ਨਹੀਂ। ਇਨ੍ਹਾਂ ਉੱਨ ਜਾ ਸਣ ਦੀਆਂ ਸੇਲੀਆਂ ਵਿਚ ਘੁੰਗਰੂ ਪਰੇ ਕੇ ਗਲਾਂ ਵਿਚ ਪਾਏ ਹੁੰਦੇ ਸਨ ਜਾਂ ਲੱਕ ਨਾਲ ਬੰਨੇ ਹੁੰਦੇ ਸਨ ਅਤੇ ਮਲੰਗਾਂ ਵਾਲਾ ਨਾਚ ਗਾਉਂਦੇ ਸਨ॥

                ਮਾਈ ਲੱਲੀ ਦੀ ਅਵਾਜ਼
                ਮਾਈ ਫ਼ਜ਼ਲ ਦੀ ਅਵਾਜ਼
                ਲੱਲੀ ਪਾਇਆ ਫੇਰਾ
                ਵੱਸੇ ਨਗਰ ਖੇੜਾ ਤੇਰਾ।

ਕੁਝ ਇੱਕ ਨੇ ਤਾਂ ਛੁਰੀਆਂ, ਸੰਗਲੀਆਂ ਵਿਚ ਪਰੋ ਕੇ ਮੋਢੇ ਤੇ ਟਿਕਾਈਆਂ ਹੋਈਆਂ ਸਨ। ਇਨ੍ਹਾਂ ਛੁਰੀਆਂ ਨੂੰ ਛਣਕਾ ਕੇ ਮੰਗਦੇ ਸਨ। ਸ਼ਿਕਾਰ ਕਰਕੇ ਖਾਣਾ ਇਨ੍ਹਾਂ ਦਾ ਦੂਜਾ ਪੇਸ਼ਾ ਹੈ। ਇਹ ਬੇਫ਼ਿਕਰ ਅਤੇ ਲਾਪਰਵਾਹ ਮੰਗਤੇ ਹਨ। ਜੋ ਆਪਣੇ ਪਹਿਰਾਵੇ ਰਾਹੀਂ ਫ਼ਕੀਰੀ ਦਾ ਪ੍ਰਭਾਵ ਪਾਕੇ ਗੁਜ਼ਾਰਾ ਕਰਦੇ ਸਨ। ਇਨ੍ਹਾਂ ਦੀ ਦੁਨੀਆਂ ਇਨ੍ਹਾਂ ਦਾ ਡੇਰਾ ਹੀ ਹੁੰਦੀ ਹੈ। ਇਹ ਵਧੇਰੇ ਕਰਕੇ ਲਹਿੰਦੇ ਪੰਜਾਬ ਦੀ ਧਰਤੀ ਦੇ ਜੰਮਪਲ ਹਨ। ਮੁਸਲਮਾਨ ਰੀਤੀ ਅਨੁਸਾਰ ਇਨ੍ਹਾਂ ਦਾ ਵਿਆਹ ਬੜੇ ਸਾਦੇ ਤੇ ਆਮ ਤੋਰ ਤੇ ਆਪਣੇ ਡੇਰੇ ਵਿਚ ਹੀ ਹੋ ਜਾਂਦੇ ਸਨ। ਆਮ ਪੱਖੀਵਾਸਾਂ ਵਾਂਗ ਇਹ ਵਿਆਹ ਸਮੇਂ ਸ਼ਰਾਬ ਦੀ ਵਰਤੋਂ ਨਹੀਂ ਕਰਦੇ ਸਨ ਤੇ ਲਾਲਾਂ ਵਾਲੇ ਪੀਰ, ਸਖੀ ਸਰਬਰ ਨੂੰ ਮੰਨਦੇ ਹਨ। ਉਸਨੂੰ ਮੱਥੇ ਟੇਕਦੇ ਤੇ ਚੜ੍ਹਾਵੇ ਚੜਾਉਂਦੇ ਸਨ।[1]

ਅੰਗਰੇਜ਼ੀ ਰਾਜ ਸਮੇਂ ਕਬਾਇਲੀ ਢਾਂਚਾ[ਸੋਧੋ]

ਸੰਵਿਧਾਨਕ ਸਥਿਤੀ[ਸੋਧੋ]

ਹਵਾਲੇ[ਸੋਧੋ]

[ਰਾਜਸਥਾਨ ਦਾ ਕਬਾਇਲੀ ਸਮਾਜ http://www.swatantraawaz.com/2/rajsthan_tribes.htm Archived 2016-07-10 at the Wayback Machine.] [ਝਾਰਖੰਡ ਦੇ ਕਬੀਲਿਆਂ ਦਾ ਜੀਵਨ http://www.samvad.net/samvad-archieves-janjatiya%20jivan.htm Archived 2013-07-15 at the Wayback Machine.]

  1. ਡਾ. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ, ਪਬਲੀਕੇਸ਼ਨ ਬਿਊਰੋ, ਪੰਜਾਬੀਯੂਨੀਵਰਸਿਟੀ ਪਟਿਆਲਾ ਪੰਨਾ ਨੰਬਰ 35, 36, 37