ਕਹਿਕਸ਼ਾਂ ਮਲਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਹਿਕਸ਼ਾ ਮਲਿਕ ਦਾ ਜਨਮ 8 ਜਨਵਰੀ,1934 ਪਿਤਾ ਦਾ ਨਾਮ ਮਲਿਕ ਫੈਜ਼ ਆਲਮ ਦੇ ਘਰ ਫੈਜ਼ਾਬਾਦ ਰਾਵਲਪਿੰਡੀ (ਪਾਕਿਸਤਾਨ) ਵਿਖੇ ਹੋਇਆ। ਆਪ ਨੇ ਪੜ੍ਹਾਈ ਤੋਂ ਬਾਅਦ ਦਾ ਕਿਤਾ ਅਧਿਆਪਨ ਚੁਣਿਆ। ਕਹਿਕਸ਼ਾਂ ਮਲਿਕ ਦੀਆਂ ਕਹਾਣੀਆਂ ਵੀ ਆਪਣੇ ਆਪ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਇਸਦੀਆਂ ਕਹਾਣੀਆਂ ਲੋਕ ਜੀਵਨ ਦੇ ਨੇੜੇ-ਤੇੜੇ ਹੀ ਰਹਿੰਦੀਆਂ ਹਨ।ਇਸਦਾ ਕਹਾਣੀ ਸੰਗ੍ਰਹਿ 'ਚਿੜੀਆਂ ਦੀ ਮੌਤ'(1981) ਦੀ ਕਹਾਣੀ ਵਿੱਚ ਉਹ ਦਰਮਿਆਨੇ ਤਬਕੇ ਦੀ ਮਜ਼ਲੂਮ ਔਰਤ ਦੇ ਮਸਲਿਆ ਦੇ ਨਾਲ-ਨਾਲ ਆਪਣੀ ਕਹਾਣੀ ਵੱਲ ਵੀ ਪੂਰਾ ਧਿਆਨ ਰੱਖਦੀ ਹੈ।[1] 'ਚਿੱਕੜ ਰੰਗੀ ਮੂਰਤੀ '(1984) ਨਾਵਲ ਕਹਿਕਸ਼ਾਂ ਨੇ ਆਤਮ ਕਥਾ ਦੇ ਰੂਪ ਵਿੱਚ ਬਿਆਨ ਕੀਤਾ ਹੈ।ਇਸ ਤਰ੍ਹਾਂ ਇਸ ਨਾਵਲ ਦੀ ਮੁੱਖ ਪਾਤਰ ਜ਼ੁਬੈਦਾ ਨਿਗਰ ਨੂੰ ਚਾਚੀ ਹਸ਼ਮਤ ਸ਼ਰਨਾਰਥੀ ਕੈਂਪ ਵਿੱਚੋ ਲੈ ਆਈ ਤੇ ਧੀ ਵਾਂਗ ਉਸਨੂੰ ਪਾਲਿਆ। ਲੇਖਿਕਾ ਨੇ ਜ਼ੁਬੈ ਦਾ ਦੇ ਜੀਵਨ ਵਿੱਚ ਪਰਵੇਸ਼ ਕਰਦੇ ਕਿਰਦਾਰਾਂ ਦਾ ਕੱਚਾ ਚਿੱਠਾ ਫਰੋਲਿਆ ਹੈ।ਸ਼ਰਾਫਤ ਦਾ ਮਖੌਟਾ ਪਾ ਕੇ ਸਮਾਜ ਦੇ ਜਿਹੜੇ ਆਗੂ ਉਸ ਦੀ ਇੱਜ਼ਤ ਨਾਲ ਖੇਡਦੇ ਹਨ ਉਹਨਾਂ ਦੇ ਕੁਕਰਮਾਂ ਨੂੰ ਖੂਬ ਨੰਗਿਆ ਕੀਤਾ ਹੈ। ਕਹਾਣੀ ਵਿੱਚ ਵਾਪਰੀਆਂ ਘਟਨਾਵਾ, ਪਾਤਰਾਂ ਦੀ ਚਰਿੱਤਰ ਉਸਾਰੀ ਅਤੇ ਉਦੇਸ਼ ਪੂਰਤੀ ਪੱਖੋਂ 'ਚਿੱਕੜ ਰੰਗੀ ਮੂਰਤੀ' ਨੂੰ ਇੱਕ ਸਫ਼ਲ ਨਾਵਲ ਕਿਹਾ ਜਾ ਸਕਦਾ ਹੈ।

ਰਚਨਾ ਵਿਧੀ[ਸੋਧੋ]

ਕਹਿਕਸ਼ਾਂ ਮਲਿਕ ਪਾਸ ਗੱਲ ਕਹਿਣ ਦਾ ਹੁਨਰ ਅਤੇ ਚੰਗੇ ਸ਼ੈਲੀਕਾਰ ਗੁਣ ਹਨ। ਉਸਦੇ ਲਿਖਣ ਢੰਗ ਵਿੱਚ ਤਨਜ਼ ਵੀ ਹੈ ਅਤੇ ਚੋਟ ਕਰਨ ਦਾ ਵੱਲ ਵੀ। ਵਿਸ਼ੇਸ਼ ਕਰਕੇ ਉਹ ਔਰਤਾਂ ਦੇ ਜ਼ਜ਼ਬਿਆਂ ਨੂੰ ਖੂਬਸੂਰਤੀ ਨਾਲ ਬਿਆਨ ਕਰਦੀ ਹੈ। ਕਹਿਕਸ਼ਾਂ ਮਲਿਕ ਦਾ ਇਹ ਨਾਵਲ ਪਾਕਿਸਤਾਨੀ ਸੁਆਸਰੇ(ਸੱਭਿਆਚਾਰ) ਦੀ ਹੀ ਮੂੰਹ ਬੋਲਦੀ ਤਸਵੀਰ ਨਹੀਂ ਬਲਕਿ ਭਾਰਤੀ ਸਮਾਜ ਤੇ ਰਾਜਸੀ ਸਥਿਤੀਆਂ ਦੀ ਐਨ ਤਰਜਮਾਨੀ ਹੈ।

ਵਿਲੱਖਣਤਾ[ਸੋਧੋ]

ਕਹਿਕਸ਼ਾਂ ਮਲਿਕ ਨੇ ਨਾਂ ਤਾ ਮੁਸਤਨਸਰ ਹੁਸੈਨ ਤਾਰਡ ਵਾਂਗ ਰੁਮਾਂਟਿਕ ਪ੍ਰਗਟਾ -ਵਿਧੀ ਤੋਂ ਕੰਮ ਲਿਆ ਹੈ ਅਤੇ ਨਾ ਹੀ ਕਲਾਤਮਕਤਾ ਤੋਂ ਉਸਨੇ 'ਇਕ ਇੱਜੜ ਦੀ ਕਹਾਣੀ' ਲੇਖਕ ਅਹਿਸਨ ਬਟਾਲਵੀ ਵਾਂਗ ਬੱਕਰੀਆਂ ਦਾ ਪ੍ਰਤੀਕ ਵਰਤਕੇ ਕਥਾ ਦੇ ਤਾਣੇ-ਬਾਣੇ ਵਿੱਚ ਇਕਸਾਰਤਾ, ਅਕੇਵਾਂ ਤੇ ਉਦਰੇਵਾਂ ਲਿਆ ਕੇ ਕਥਾਨਕ ਉਸਾਰ ਨੂੰ ਇੱਕ ਪਾਸੜ ਤੇ ਨੀਰਸ ਵੀ ਨਹੀਂ ਬਣਾਇਆ। ਬਲਕਿ ਬੜੀ ਦਲੇਰੀ ਨਾਲ ਪਾਕਿਸਤਾਨੀ ਪ੍ਰਸਥਿਤੀਆਂ ਦੇ ਧਾਰਮਕ,ਰਾਜਸੀ ਤੇ ਸਮਾਜਿਕ ਕਾਰਜ ਦੇ ਕਾਰਨ ਦੇ ਅਡੰਬਰ ਦਾ ਪਰਦਾਫਾਸ਼ ਕੀਤਾ ਹੈ। ਇਸਦੀਆਂ ਰਚਨਾਵਾਂ ਪਾਕਿਸਤਾਨ ਵਿੱਚ ਰਚੇ ਜਾ ਰਹੇ ਵਕਤ ਤੋਂ ਪਛੜੇ ਪੰਜਾਬੀ ਨਾਵਲ ਰਚਨਾ ਨਾਲ ਇੱਕ ਦਲੇਰਾਨਾ ਕਦਮ ਹੈ।ਪਾਕਿਸਤਾਨ ਦੇ ਸਮਾਜਕ, ਰਾਜਨੀਤਿਕ ਜੀਵਨ ਦੀ ਕੁੱਚਜੀ ਤੋਰ ਤੇ ਫੋਕਸ ਕਰਕੇ ਲੇਖਕ ਨੇ ਹੈਰਾਨਕੁਨ ਅਤੇ ਤਬਾਹੀਜਨਕ ਪਹਿਲੂ ਉਜਾਗਰ ਕੀਤੇ ਹਨ। ਜਿਸ ਲਈ ਕਹਿਕਸ਼ਾਂ ਮਲਿਕ ਵਧਾਈ ਦੀ ਪਾਤਰ ਹੈ।

ਰਚਨਾਵਾਂ[ਸੋਧੋ]

ਪੰਜਾਬੀ ਵਿੱਚ :-

  • ਕਹਾਣੀ ਸੰਗ੍ਰਹਿ :- ਚਿੜੀਆ ਦੀ ਮੌਤ (1981)
  • ਨਾਵਲ :- ਚਿੱਕੜ ਰੰਗੀ ਮੂਰਤੀ

ਉਰਦੂ ਵਿੱਚ:-

  • ਕਹਾਣੀ ਸੰਗ੍ਰਹਿ :- ਝੀਲ ਔਰ ਝਰਨੇ
  • ਨਾਵਲ :- ਤਿਤਲੀਓ ਕਾ ਦੇਸ਼

ਹਵਾਲੇ[ਸੋਧੋ]

  1. ਡਾ ਧੰਨਵੰਤ ਕੌਰ,ਪੰਜਾਬੀ ਨਾਵਲ ਸੰਦਰਭ ਕੌਸ਼ (ਓ ਤੌਂ ਗ),ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ ਨੰ:187