ਗਣਤੰਤਰ ਦਿਵਸ (ਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰਾਸ਼ਟਰਪਤੀ ਭਵਨ

26 ਜਨਵਰੀ, 1950 ਭਾਰਤ ਦੇ ਕੈਲੰਡਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਦਿਹਾੜਾ ਹੈ। ਇਸ ਦਿਨ ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ‘ਤੇ ਆਧਾਰਿਤ ਆਜ਼ਾਦ ਭਾਰਤ ਗਣਰਾਜ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਇਹ ਉਹ ਦਿਹਾੜਾ ਹੈ ਜਿਸ ਦਿਨ ਭਾਰਤ ਦੇ ਲੋਕ ਆਪਣੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਵੱਡੇ ਵਡੇਰਿਆਂ ਦੇ ਕੀਤੇ ਗਏ ਕੰਮਾਂ ਨੂੰ ਸ਼ੁਕਰਾਨੇ ਨਾਲ ਚੇਤੇ ਕਰਦੇ ਹਨ ਜਿਨ੍ਹਾਂ ਨੇ ਇੱਕ ਅਜਿਹਾ ਦੇਸ਼ ਦਿੱਤਾ ਜਿਸ ਦੇ ਰੋਸ਼ਨ ਸੰਵਿਧਾਨ ਵਿੱਚ ਭਾਰਤ ਦਾ ਇੱਜਤ ਮਾਣ ਅਤੇ ਸੰਵਿਧਾਨ ਵਿੱਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ। ਨਿਸ਼ਚੇ ਹੀ ਅਜਿਹੇ ਮੌਕੇ ਤੇ ਆਪਣੇ ਆਪ ਨੂੰ ਇਕਸੁਰਤਾ, ਅਮਨ, ਸ਼ਾਂਤੀ ਅਤੇ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਮੁੜ ਸਮਰਪਿਤ ਕਰਨ ਦੀ ਲੋੜ ਹੈ।

ਮਦਰਾਸ ਰੈਜਮੈਂਟ ਭਾਰਤੀ ਫੋਜ਼
ਅਗਨੀ-II ਮਿਜ਼ਾਇਲ ( 2004 ਦੀ ਗਣਤੰਤਰ ਪਰੇਡ)

ਪਹਿਲੇ ਗਣਤੰਤਰ ਦਿਵਸ[ਸੋਧੋ]

ਪੂਰੇ 63 ਵਰ੍ਹੇ ਪਹਿਲਾਂ ਬਰਤਾਨਵੀ ਪੰਜਾਲੀ ਲਾਹੁਣ ਮਗਰੋਂ, ਜਦੋਂ ਆਜ਼ਾਦ ਹੋਏ ਭਾਰਤ ਨੇ 26 ਜਨਵਰੀ ਨੂੰ ‘‘ਪ੍ਰਭੂਸੱਤਾ ਸੰਪੰਨ, ਜਮਹੂਰੀ ਗਣਰਾਜ’’ ਦਾ ਨਾਮ ਗ੍ਰਹਿਣ ਕੀਤਾ ਸੀ, ਤਾਂ ਇੱਕ ਵਾਇਸਰਾਏ ਦੇ ਨਾਮ ’ਤੇ ਬਣੇ ਇੱਕ ਸਟੇਡੀਅਮ ਵਿੱਚ ਇਹ ਜਸ਼ਨ ਹੋਏ ਸਨ ਤੇ ਉਦੋਂ ਹੀ ਮੁਲਕ ਦਾ ਪਹਿਲਾ ਰਾਸ਼ਟਰਪਤੀ ਬਣਿਆ ਸੀ। ਭਾਰਤ ਦੀ ਆਜ਼ਾਦੀ ਦੀ ਲਹਿਰ ਮਗਰੋਂ ਆਜ਼ਾਦ ਮੁਲਕ ਵਜੋਂ ਸਥਾਪਤ ਹੋਣ ਬਾਰੇ ਘਟਨਾਵਾਂ ਦੀ ਲੜੀ ਬੜੀ ਹੀ ਦਿਲਚਸਪ ਹੈ। ਵੀਰਵਾਰ 26 ਜਨਵਰੀ 1950 ਨੂੰ ਗਵਰਨਮੈਂਟ ਹਾਊਸ ਦੇ ਰੌਸ਼ਨੀ ਨਾਲ ਚਮਚਮਾਉਂਦੇ ਗੁੰਬਦਾਂ ਵਾਲੇ ਦਰਬਾਰ ਹਾਲ ’ਚ 10 ਵੱਜ ਕੇ 18 ਮਿੰਟ ’ਤੇ ਭਾਰਤ ਨੂੰ ਪ੍ਰਭੂਸੱਤਾ ਸੰਪੰਨ ਜਮਹੂਰੀ ਗਣਰਾਜ ਐਲਾਨਿਆ ਗਿਆ। ਛੇ ਮਿੰਟ ਮਗਰੋਂ ਡਾ. ਰਾਜਿੰਦਰ ਪ੍ਰਸਾਦ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।ਇਸ ਭਾਗਾਂ ਭਰੇ ਮੌਕੇ ’ਤੇ 10.30 ਵਜੇ ਤੋਂ ਥੋੜ੍ਹੇ ਕੁ ਸਮੇਂ ਮਗਰੋਂ 31 ਤੋਪਾਂ ਦੀ ਸਲਾਮੀ ਨਾਲ ਇਹ ਐਲਾਨ ਕੀਤਾ ਗਿਆ। ਇੱਕ ਬੇਹੱਦ ਪ੍ਰਭਾਵਸ਼ਾਲੀ ਸਹੁੰ ਚੁੱਕ ਰਸਮ ਮੌਕੇ ਸੇਵਾਮੁਕਤ ਹੋ ਰਹੇ ਗਵਰਨਰ-ਜਨਰਲ ਸੀ ਰਾਜਾਗੋਪਾਲ ਨੇ ਰਿਪਬਲਿਕ ਆਫ ਇੰਡੀਆ- ਭਾਰਤ ਦਾ ਐਲਾਨਨਾਮਾ ਪੜ੍ਹਿਆ। ਫਿਰ ਰਾਸ਼ਟਰਪਤੀ ਨੇ ਸਹੁੰ ਚੁੱਕੀ ਤੇ ਆਪਣਾ ਸੰਖੇਪ ਜਿਹਾ ਭਾਸ਼ਨ ਪਹਿਲਾਂ ਹਿੰਦੀ ’ਚ ਤੇ ਫਿਰ ਅੰਗਰੇਜ਼ੀ ’ਚ ਦਿੱਤਾ।

ਸਾਡੇ ਲੰਮੇ ਤੇ ਉਤਰਾਅ-ਚੜ੍ਹਾਅ ਵਾਲੇ ਇਤਿਹਾਸ ’ਚ ਅੱਜ ਪਹਿਲੀ ਵਾਰ ਇਹ ਸਾਰੀ ਅਸੀਮ ਧਰਤੀ ਉੱਤਰ ’ਚ ਕਸ਼ਮੀਰ ਤੋਂ ਦੱਖਣ ’ਚ ਕੇਪ ਕੋਮੋਰਿਨ ਤਕ ਪੱਛਮ ’ਚ ਕਾਠੀਆਵਾੜ ਕੱਛ ਤੋਂ ਕੋਕੋਨਾਡਾ ਤੇ ਕਾਮਰੂਪ ਤਕ ਪੂਰਬ ’ਚ ਸਮੁੱਚ ’ਚ ਇੱਕ ਨਜ਼ਰ ਆਈ ਹੈ ਤੇ ਇਹ ਇੱਕ ਸੰਵਿਧਾਨ ਤੇ ਇੱਕ ਯੂਨੀਅਨ ਅਧੀਨ ਹੋ ਗਈ ਹੈ, ਜਿਸ ਨੇ ਆਪਣੇ 32 ਕਰੋੜ ਲੋਕਾਂ ਦੀ ਭਲਾਈ ਦੀ ਜ਼ਿੰਮੇਵਾਰੀ ਓਟੀ ਹੈ।

ਸਹੀ 2.30 ਵਜੇ ਬਾਅਦ ਦੁਪਹਿਰ ਰਾਸ਼ਟਰਪਤੀ, ਗਵਰਨਮੈਂਟ ਹਾਊਸ (ਹੁਣ ਰਾਸ਼ਟਰਪਤੀ ਭਵਨ) ’ਚ ਇੱਕ 35 ਸਾਲ ਪੁਰਾਣੀ ਪਰ ਮੌਕੇ ’ਤੇ ਸ਼ਿੰਗਾਰੀ ਹੋਈ ਵਿਸ਼ੇਸ਼ ਬੱਘੀ ’ਚ ਬਾਹਰ ਆਏ। ਇਸ ਬੱਘੀ ਨੂੰ ਛੇ ਹੱਟੇ-ਕੱਟੇ ਆਸਟਰੇਲਿਆਈ ਘੋੜੇ ਜੋੜੇ ਹੋਏ ਸਨ ਤੇ ਰਾਸ਼ਟਰਪਤੀ ਦੇ ਬਾਡੀਗਾਰਡ ਇਸ ਨੂੰ ਐਸਕਾਰਟ ਕਰ ਰਹੇ ਸਨ। ਇਰਵਿਨ ਸਟੇਡੀਅਮ (ਹੁਣ ਨੈਸ਼ਨਲ ਸਟੇਡੀਅਮ) ਜੈ-ਜੈਕਾਰ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਸੀ ਤੇ ਲੋਕ ਰੁੱਖਾਂ, ਇਮਾਰਤਾਂ ਤੇ ਜੋ ਸੰਭਵ ਥਾਵਾਂ ਸਨ, ’ਤੇ ਚੜ੍ਹ ਕੇ ਖੁਸ਼ੀ ’ਚ ਜੈ-ਜੈਕਾਰ ਕਰ ਰਹੇ ਸਨ। ਰਾਸ਼ਟਰਪਤੀ ਹੱਥ ਜੋੜ ਕੇ ਇਨ੍ਹਾਂ ਦਾ ਹੁੰਗਾਰਾ ਭਰ ਰਹੇ ਸਨ। ਪੂਰੇ 3.45 ਵਜੇ ਇਹ ਬੱਘੀ ਇਰਵਿਨ ਸਟੇਡੀਅਮ ’ਚ ਪੁੱਜੀ ਜਿੱਥੇ 3000 ਅਫਸਰ ਤੇ ਤਿੰਨੇ ਭਾਰਤੀ ਸੈਨਾਵਾਂ ਦੇ ਦੋ ਜਰਨੈਲ ਤੇ ਪੁਲੀਸ ਰਸਮੀ ਪਰੇਡ ਲਈ ਤਣੇ ਹੋਏ ਸਨ। ਸੱਤ ਮਾਸ ਬੈਂਡ ਵਾਲੇ ਪੁਲੀਸ ਤੇ ਫੌਜੀ ਬਲਾਂ ਨੇ ਉਸ ਸਮੇਂ ਕਮਾਲ ਦਾ ਦ੍ਰਿਸ਼ ਪੇਸ਼ ਕੀਤਾ ਸੀ। ਭਾਰਤ ਦੀ ਪਹਿਲੀ ਫੋਟੋ ਪੱਤਰਕਾਰ ਹੋਮਾਇਵਿਆਰਵਾਲਾ ਵੱਲੋਂ ਇਸ ਸਮੇਂ ਦੀਆਂ ਖਿੱਚੀਆਂ ਤਸਵੀਰਾਂ ਵੀ ਇਤਿਹਾਸਕ ਹਨ। ਸਟੇਡੀਅਮ ’ਚ ਪੁਰਾਣੇ ਕਿਲੇ ਦੇ ਪਿਛੋਕੜ ’ਚ ਮਾਰਚ ਕਰਦੇ ਸੈਨਿਕ, ਸਹੁੰ ਚੁੱਕਦੇ ਡਾ. ਰਾਜਿੰਦਰ ਪ੍ਰਸਾਦ (ਹੁਣ ਦੇ ਵਿਜੇ ਚੌਕ ’ਚ ਬਿਨਾਂ ਕਿਸੇ ਸੁਰੱਖਿਆ ਦੇ) ਅੱਜ ਵੀ ਉਨ੍ਹਾਂ ਪਲਾਂ ਦੀ ਵਿਲੱਖਣ ਦਾਸਤਾਂ ਬਿਆਨਦੇ ਹਨ।