ਗੁਰੂ ਗ੍ਰੰਥ ਸਾਹਿਬ
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ।[੧] ਇਹ ੧੪੬੯ ਤੋਂ ਲੈ ਕੇ ੧੭੦੮ ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ ੧੪੩੦ ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ।[੧]ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ।[੨]ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (੧੬੬੬-੧੭੦੮) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰਕੇ ਨਾਮ ਗੁਰੂ ਗੰਥ ਸਾਹਿਬ ਹੋ ਗਿਆ।[੩] ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ।[੪] ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।[੫]
ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (੧੫੬੩-੧੬੦੬) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰਕੇ ਕੀਤਾ।[੨] ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ।
ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।[੬]
ਵਿਸ਼ਾ ਸੂਚੀ |
ਅਹਿਮੀਅਤ [ਸੋਧ]
ਸ੍ਰੀ ਗੁਰੂ ਗਰੰਥ ਸਾਹਿਬ- ਆਦਿ ਗਰੰਥ ਜਾਂ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਕਰਕੇ ਵੀ ਜਾਣੇ ਜਾਂਦੇ-ਅੱਜ ਸਿਖਾਂ ਦੇ ਸ਼ਬਦ ਗੁਰੂ ਹਨ। ਇਨ੍ਹਾਂ ਪਦਿਆਂ ਵਿਚ ਮੂਲ ਸ਼ਬਦ ਹੈ ਗ੍ਰੰਥ, ਜਿਸ ਦਾ ਲਫ਼ਜ਼ੀ ਅਰਥ ਹੈ, ਕਿਤਾਬ। ਸਾਹਿਬ ਤੇ ਸ੍ਰੀ ਸਤਕਾਰ ਦੇ ਲਖਾਇਕ ਹਨ; ਗੁਰੂ ਸ਼ਬਦ ਗੁਰਿਆਈ ਦੇ ਵਾਰਸ ਹੋਣ ਨਾਲ ਸਬੰਧ ਰੱਖਦਾ ਹੈ ਅਤੇ ਆਦਿ ਦੇ ਲਫ਼ਜ਼ੀ ਮਾਹਿਨੇ ਹਨ ਮੁੱਢਲਾ ਜਾਂ ਪਹਿਲਾ, ਜੋ ਇਸ ਗ੍ਰੰਥ ਨੁੰ ਸਿਖਾਂ ਦੀ ਦੂਸਰੀ ਪਵਿੱਤਰ ਕਿਤਾਬ ਦਸਮ ਗ੍ਰੰਥ, ਜਿਸ ਵਿਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ, ਤੋਂ ਨਿਖੇੜਦਾ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਦੇ ਰਚਨਹਾਰੇ ਵੱਖ-ਵੱਖ ਸ਼੍ਰੇਣੀਆਂ ਅਤੇ ਫਿਰਕਿਆਂ ਨਾਲ ਸੰਬੰਧ ਰੱਖਦੇ ਸਨ; ਉਨ੍ਹਾਂ ਵਿਚ ਹਿੰਦੂ ਹਨ, ਮੁਸਲਮਾਨ ਹਨ ਅਤੇ ਨੀਵੀਆਂ ਤੇ ਉੱਚੀਆਂ ਜਾਤਾਂ ਦੇ ਵੀ ਹਨ।
ਬਣਤਰ ਅਤੇ ਛਾਪਾ [ਸੋਧ]
ਜਿੰਨੇ ਵੱਖ-ਵੱਖ ਰਚਨਹਾਰੇ ਹਨ ਉਨ੍ਹੀਆਂ ਹੀ ਹਨ ਇਸ ਵਿਚ ਰਾਗ ਤੇ ਰਾਗਨੀਆਂ। ਸਾਰੇ ਮਜ਼ਮੂਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਕਾਵਿ-ਰੂਪਾਂ ਵਿਚ ਪ੍ਰਗਟਾਇਆ ਹੈ। ੩੧ ਰਾਗ ਵਰਤੇ ਗਏ ਹਨ। ਉਨ੍ਹਾਂ ਨੂੰ ਪਦਿਆਂ,ਅਸਟਪਦੀਆਂ ਤੇ ੪ ਲਾਇਨਾਂ ਵਾਲੇ ਸਲੋਕਾਂ ਵਿਚ ਕਲਮਬੰਦ ਕੀਤਾ ਹੈ। ਲੰਬੀਆਂ ਰਚਨਾਵਾਂ ਵਾਰਾਂ ਦੇ ਰੂਪ ਵਿਚ ਹਨ। ਇਨ੍ਹਾਂ ਸਭ ਰਚਨਾਵਾਂ ਨੂੰ ਰਾਗਾਂ ਦੇ ਅਧਿਆਇਆਂ ਵਿਚ ਕਰਤੇ ਦੇ ਕ੍ਰਮ ਅਨੁਸਾਰ ਰਖਿਆ ਗਿਆ ਹੈ। ੧੪੩੦ ਅੰਗਾਂ ਵਾਲੀ ਬੀੜ ਜਿਸ ਨੂੰ ਸਿਖਾਂ ਦੀ ਪ੍ਰਤਿਨਿਧ ਸਭਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੌਂ ਇਸ ਰੂਪ ਵਿਚ ਛਾਪਣ ਦੀ ਮਾਨਤਾ ਹੈ ਇਕ ਮਿਆਰ ਬਣ ਗਈ ਹੈ । ਇਸ ਰੂਪ ਵਿਚ ਪੰਨਿਆਂ ਦਾ ਕ੍ਰਮ ਹੇਠ ਲਿਖੇ ਅਨੁਸਾਰ ਹੈ-
- ਤਤਕਰਾ(੧-੧੩)
- ਸਿਰੀ ਰਾਗ(੧੪-੯੩)
- ਮਾਝ ਰਾਗੁ(੯੪-੧੫੦)
- ਗਉੜੀ ਰਾਗੁ(੧੫੧-੩੪੬)
- ਆਸਾ ਰਾਗੁ(੩੪੭-੪੮੮)
- ਗੂਜਰੀ ਰਾਗੁ(੪੮੯-੫੨੬)
- ਦੇਵਗੰਧਾਰੀ ਰਾਗੁ(੫੨੭-੫੩੬)
- ਬਿਹਾਗੜਾ ਰਾਗੁ(੫੩੭-੫੫੬)
- ਵਡਹੰਸ ਰਾਗੁ (੫੫੭-੫੯੪)
- ਸੋਰਠ ਰਾਗੁ (੫੯੫-੬੫੯)
- ਧਨਾਸਰੀ ਰਾਗੁ (੬੬੦-੬੯੫)
- ਜੈਤਸਰੀ ਰਾਗੁ (੬੯੬-੭੧੦)
- ਟੋਡੀ ਰਾਗੁ (੭੧੧-੭੧੮)
- ਬੈਰਾੜੀ ਰਾਗੁ (੭੧੯-੭੨੦)
- ਤਿਲੰਗ ਰਾਗੁ (੭੨੧-੭੨੭)
- ਸੂਹੀ ਰਾਗੁ (੭੨੮-੭੯੪)
- ਬਿਲਾਵਲ ਰਾਗੁ (੭੯੫-੮੫੮)
- ਗੌਂਡ ਰਾਗੁ (੮੫੪-੮੭੫)
- ਰਾਮਕਲੀ ਰਾਗੁ (੮੭੬-੯੭੪)
- ਨਟ ਨਰਾਇਣ ਰਾਗੁ (੯੭੫-੯੮੩)
- ਮਾਲਿ ਗਉੜਾ ਰਾਗੁ (੯੮੪-੯੮੮)
- ਮਾਰੂ ਰਾਗੁ(੯੮੯-੧੧੦੬)
- ਤੁਖਾਰੀ ਰਾਗੁ (੧੧੦੭-੧੧੧੭)
- ਕੇਦਾਰ ਰਾਗੁ (੧੧੧੮-੧੧੨੪)
- ਭੈਰਉ ਰਾਗੁ(੧੧੨੫-੧੧੬੭)
- ਬਸੰਤੁ ਰਾਗੁ (੧੧੫੮-੧੧੯੬)
- ਸਾਰੰਗ ਰਾਗੁ (੧੧੯੭-੧੨੫੩)
- ਮਲਾਰ ਰਾਗੁ (੧੨੫੪-੧੨੯੩)
- ਕਾਨੜਾ ਰਾਗੁ (੧੨੯੪-੧੩੧੮)
- ਕਲਿਆਣ ਰਾਗੁ (੧੩੧੯-੧੩੨੬)
- ਪਰਭਾਤੀ ਰਾਗੁ (੧੩੨੭-੧੩੫੧)
- ਜੈਜਾਵੰਤੀ ਰਾਗੁ (੧੩੫੨-੧੩੫੩)
- ਸਲੋਕ ਸਹਸਕ੍ਰਿਤੀ(੧੩੫੩-੧੩੬੦)
- ਗਾਥਾ,ਫ਼ੁਨਹੇ ਤੇ ਚਉਬੋਲੇ(੧੩੬੦-੧੩੬੪)
- ਸਲੋਕ ਕਬੀਰ(੧੩੬੪-੧੩੭੭)
- ਸਲੋਕ ਫ਼ਰੀਦ(੧੩੭੭-੧੩੮੪)
- ਸਵੱਈਏ(੧੩੮੫-੧੪੦੯)
- ਸਲੋਕ ਵਾਰਾਂ ਤੌਂ ਵਧੀਕ(੧੪੧੦-੧੪੨੯)
- ਮੁੰਦਾਵਣੀ ਤੇ ਰਾਗਮਾਲਾ(੧੪੨੯-੧੪੩੦)
ਗੁਰੂ ਗਰੰਥ ਸਾਹਿਬ ਵਿਚ ਭਗਤ ਬਾਣੀ [ਸੋਧ]
ਭਗਤਾਂ ਦੀ ਬਾਣੀ: ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ 22 ਰਾਗਾਂ ਵਿਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਵਿਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ ।
| ਭਗਤ | ਸ਼ਬਦ | ਭਗਤ | ਸ਼ਬਦ |
|---|---|---|---|
| ਕਬੀਰ ਜੀ | 224 | ਭੀਖਨ ਜੀ | 2 |
| ਨਾਮਦੇਵ ਜੀ | 61 | ਸੂਰਦਾਸ ਜੀ | 1 (ਸਿਰਫ਼ ਤੁਕ) |
| ਰਵਿਦਾਸ ਜੀ | 40 | ਪਰਮਾਨੰਦ ਜੀ | 1 |
| ਤ੍ਰਿਲੋਚਨ ਜੀ | 4 | ਸੈਣ ਜੀ | 1 |
| ਫਰੀਦ ਜੀ | 4 | ਪੀਪਾ ਜੀ | 1 |
| ਬੈਣੀ ਜੀ | 3 | ਸਧਨਾ ਜੀ | 1 |
| ਧੰਨਾ ਜੀ | 3 | ਰਾਮਾਨੰਦ ਜੀ | 1 |
| ਜੈਦੇਵ ਜੀ | 2 | ਗੁਰੂ ਅਰਜਨ ਦੇਵ ਜੀ | 3 |
| ਜੋੜ | 352 |
ਸ਼ਬਦਾਂ ਤੋਂ ਇਲਾਵਾ ਗਉੜੀ ਰਾਗ ਵਿਚ ਕਬੀਰ ਜੀ ਦੀਆਂ 3 ਹੋਰ ਬਾਣੀਆਂ ਹਨ- ਬਾਵਨ ਅਖਰੀ, ਪੰਦ੍ਰਹ ਥਿਤੀ, ਸਤ ਵਾਰ। ਕਬੀਰ ਜੀ ਅਤੇ ਫਰੀਦ ਜੀ ਦੇ ਸ਼ਲੋਕਾਂ ਦੇ ਸੰਗ੍ਰਹ ਭੀ ਹਨ:- ਕਬੀਰ ਜੀ = 243 (ਇਹਨਾਂ ਸ਼ਲੋਕਾਂ ਵਿਚ ਗੁਰੂ ਸਾਹਿਬਾਨ ਦੇ ਭੀ ਕੁਝ) ਫਰੀਦ ਜੀ = 130 ਸ਼ਲੋਕ ਹਨ
ਭੱਟ ਆਤੇ ਬਾਬਾ ਸੁੰਦਰ ਜੀ ਦੀ ਬਾਣੀ [ਸੋਧ]
ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਰਾਗ ਰਾਮਕਲੀ ਵਿਚ ਹੈ। = 6 ਪਉੜੀਆਂ । ਹੇਠ ਲਿਖੇ ਭੱਟਾਂ ਦੇ ਸਵਯੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ:- (1) ਕੱਲਸਹਾਰ (2) ਜਾਲਪ (3) ਕੀਰਤ (4) ਭਿੱਖਾ (5) ਸਲ੍ਹ (6) ਭਲ੍ਹ (7) ਨਲ੍ਹ (8) ਬਲ੍ਹ (9) ਗਯੰਦ (10) ਹਰਿਬੰਸ {੧੧}ਮਥਰਾ
ਭਾਈ ਗੁਰਦਾਸ ਦੀ ਉਗਾਹੀ ਮੂਜਬ ਭਾਦੌਂ ਵਦੀ ਏਕਮ ਸੰਮਤ ੧੬੬੧/੧ ਅਗਸਤ ੧੬੦੪ ਵਾਲੇ ਦਿਨ ਇਹ ਸੰਕਲਨ ਮੁਕੰਮਲ ਹੋਇਆ। ਉਸ ਉਪਰੰਤ ਇਸ ਗਰੰਥ ਦਾ ਤਤਕਰਾ ਤੇ ਅੰਗ ਅੰਕਿਤ ਕਰਨਾ ਸ਼ੁਰੂ ਹੋਇਆ।੭੦੦੦ ਸ਼ਬਦਾਂ ਦੇ ਇਸ ਸੰਗ੍ਰਿਹ ਵਿਚ ਉਸ ਸਮੇਂ ਪਹਿਲੇ ਪੰਜ ਗੁਰੂਆਂ ,ਭਾਰਤ ਦੇ ਵਖ ਵਖ ਸੂਬਿਆਂ ਦੇ ੧੫ ਭਗਤਾਂ ਤੇ ਸੂਫ਼ੀਆਂ ਜਿਨ੍ਹਾਂ ਵਿਚ ਸ਼ੇਖ ਫਰੀਦ,ਕਬੀਰ ਤੇ ਭਗਤ ਰਵਿਦਾਸ ਸ਼ਾਮਲ ਹਨ ਦੀ ਬਾਣੀ ਹੈ।ਇਸ ਪਵਿੱਤਰ ਗਰੰਥ ਦੇ ੯੭੪ ਪਤਰੇ ਸਨ ਜਿਨ੍ਹਾਂ ਦੇ ੧੨”x੮”ਅਕਾਰ ਦੇ ੧੯੪੮ ਪੰਨੇ ਬਣਦੇ ਹਨ। ਇਨ੍ਹਾਂ ਵਿਚ ਕਈ ਖਾਲੀ ਪੰਨੇ ਵੀ ਸਨ । ਉਹ ਜਗ੍ਹਾਂ ਜਿਥੇ ਗੁਰੂ ਅਰਜਨ ਸਾਹਿਬ ਨੇ ਇਹ ਗਰੰਥ ਦਾ ਸੰਕਲਨ ਕੀਤਾ ਉਥੇ ਹੁਣ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਹੈ।
ਗੁਰਿਆਈ [ਸੋਧ]
ਸ੍ਰੀ ਗੁਰੂ ਗਰੰਥ ਸਾਹਿਬ ਨੂੰ ਗੁਰਿਆਈ (ਗੁਰਤਾ ਗੱਦੀ) ਬਾਰੇ ਭੱਟ ਵਹੀ (ਤਾਲੁਦਾ ਜੀਂਦ ਪਰਗਨੇ ਦਾ) ਵਿਚ ਇਉਂ ਦਰਜ ਹੈ:-
“ਗੁਰੂ ਗੋਬਿੰਦ ਸਿੰਘ ਮਹਿਲ ਦਸਮਾਂ ਬੇਟਾ ਗੁਰੂ ਤੇਗ ਬਹਾਦੁਰ ਕਾ ਪੋਤਾ ਹਰਿਗੋਬਿੰਦ ਜੀ ਕਾ ਪੜਪੋਤਾ ਗੁਰੂ ਅਰਜਨ ਕਾ ਵਾਰਿਸ ਗੁਰੂ ਰਾਮਦਾਸ ਜੀ ਕੀ ਸੂਰਜਬੰਸਿ ਗੋਸਾਲ ਗੋਤਰ ਸੋਢੀ ਖਤਰੀ ਵਾਸੀ ਅਨੰਦਪੁਰ ਪਰਗਨਾ ਕਹਿਲੂਰ ਮੁਕਾਮ ਨੰਦੇੜ ਤਟ ਗੁਦਾਵਰੀ ਦਖਣ ਦੇਸ ਸੰਮਤ ਸਤਾਰਾ ਸੌ ਪੈਂਸਠ ਕਾਤਿਕ ਮਾਸ ਕੀ ਚੌਥ ਸ਼ੁਕਲ ਪਖੇ ਬੂਦਵਾਰ ਕੇ ਦਿਹੁਰੀ ਭਾਈ ਦਇਆ ਸਿੰਘ ਸੇ ਬਚਨ ਹੋਇਆਂ ਸ੍ਰੀ ਗੁਰੂ ਗਰੰਥ ਸਾਹਿਬ ਲੈ ਆਓ। ਬਚਨ ਪਾਇ ਦਇਆ ਸਿੰਘ ਸ੍ਰੀ ਗਰੰਥ ਸਾਹਿਬ ਲੈ ਤਾਏ। ਗੁਰੂ ਜੀ ਨੇ ਪੰਜ ਪੈਸੇ ਨਰੇਲ ਅਗੇ ਭੇਟਾ ਰਖਾ ਮਥਾ ਟੇਕਾ ਸਰਬਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰਿ ਜਗ੍ਹਾ ਸ੍ਰੀ ਗਰੰਥ ਜਿ ਕੋ ਜਾਨਣਾ। ਜੋ ਸਿਖ ਜਾਣੇਗਾ ਓਸ ਕੀ ਘਾਲ ਥਾਏ ਪਵੇਗੀ ਗੁਰੂ ਤਿਸ ਕੀ ਬਹੁੜੀ ਕਰੇਗਾ।“
‘ਗੁਰੂ ਗਰੰਥ ਸਾਹਿਬ ਸਦੀਵੀ ਗੁਰੂ ਹਨ’। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੌਂ ਬਾਦ ਸਿਖ ਸਮਾਜ ਦੀ ਇਹੀ ਸੋਚ ਤੇ ਅਕੀਦਾ ਹੈ। ਸਿਖਾਂ ਦੇ ਔਕੁੜ ਭਰੇ ਸਮੇਂ ਵੀ ,ਜਦੌਂ ਉਨ੍ਹਾਂ ਨੂੰ ਗੈਰ-ਕਨੂੰਨੀ ਕਰਾਰ ਦਿਤਾ ਗਿਆ ਤੇ ਉਨ੍ਹਾਂ ਨੂੰ ਜੰਗਲਾਂ ਵਿਚ ਸ਼ਰਨ ਲੈਣੀ ਪਈ ,ਸਿਖਾਂ ਦੀ ਸਭ ਤੌਂ ਵਡਮੁੱਲੀ ਸ਼ੈ ਗੁਰੂ ਗਰੰਥ ਸਾਹਿਬ ਹੀ ਸੀ ਜਿਸ ਉਤੇ ਉਹਨਾਂ ਨੂੰ ਸਭ ਤੌਂ ਵੱਧ ਮਾਣ ਸੀ ਅਤੇ ਜਿਸ ਨੂੰ ਉਨ੍ਹਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਭ ਤੌਂ ਵੱਧ ਮਹਿਫ਼ੂਜ਼ ਰਖਿਆ। ਹੋਰ ਕਿਸੇ ਨੂੰ ਉਨ੍ਹਾਂ ਇਸ ਪਵਿੱਤਰ ਪੁਸਤਕ ਦੀ ਬਰਾਬਰੀ ਨਹੀਂ ਕਰਨ ਦਿਤੀ।
ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ,ਜਿਸ ਨੇ ਖਾਲਸਾ ਦੇ ਨਾਂ ਤੇ ਸੁਤੰਤਰ ਸਾਮਰਾਜ ਕਾਇਮ ਕੀਤਾ,ਸ਼ਖਸੀ ਅਚਾਰ ਵਿਚਾਰ ਤੇ ਦਰਬਾਰੀ ਕਾਰ ਵਿਹਾਰ ਗੁਰੂ ਗਰੰਥ ਸਾਹਿਬ ਉਦਾਲੇ ਹੀ ਕੇਂਦ੍ਰਿਤ ਸੀ।ਜਿਵੇਂ ਕਿ ਸਮਕਾਲੀ ਦਸਤਾਵੇਜ਼ਾਂ ਤੌਂ ਪਤਾ ਲਗਦਾ ਹੈ ਰਣਜੀਤ ਸਿੰਘ ਆਪਣਾ ਦਿਨ ਗੁਰੂ ਗਰੰਥ ਸਾਹਿਬ ਦੀ ਇਬਾਦਤ ਤੌਂ ਬਾਦ ਹੀ ਸ਼ੁਰੂ ਕਰਦਾ ਸੀ।ਦਿਨਾਂ ਦਿਹਾਰਾਂ ਤੇ ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਗਰੰਥ ਸਾਹਿਬ ਅੱਗੇ ਸੀਸ ਨਿਵਾਉਣ ਜਾਇਆ ਕਰਦਾ ਸੀ।ਸਿਖਾਂ ਵਾਸਤੇ ਕੇਵਲ ਗੁਰੂ ਗਰੰਥ ਸਾਹਿਬ ਹੀ ਇਕੋਇਕ ਧਾਰਮਿਕ ਇਬਾਦਤ ਦਾ ਮਰਕਜ਼ ਹਨ। ਇਸ ਤੌਂ ਇਲਾਵਾ ਮਨੁਖ ਦੀ ਸ਼ਕਲ ਵਿਚ ਯਾ ਚਿਨ੍ਹ ਦੀ ਸ਼ਕਲ ਵਿਚ ਹੋਰ ਕੁਝ ਵੀ ਨਹੀਂ।
ਗੁਰੂ ਗੋਬਿੰਦ ਸਿੰਘ ਉਪਰੰਤ ਇਸ ਪਵਿੱਤਰ ਪੁਸਤਕ ਨੂੰ ਹੀ ਗੁਰੂ ਕਰਕੇ ਜਾਣਿਆ ਜਾਂਦਾ ਹੈ।
ਇੰਟਰਨੈੱਟ ਦੁਆਰਾ ਤਰਜਮਾ [ਸੋਧ]
ਅਜੋਕੇ ਯੁਗ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਕਈ ਭਾਸ਼ਾਵਾਂ ਵਿਚ ਪੜ੍ਹਿਆ ਜਾ ਸਕਦਾ ਹੈ। ਇਹ ਸਭ ਕੁਝ ਮਸ਼ੀਨ ਦਵਾਰਾ ਟਰਾਂਸਲੇਸ਼ਨ ਤੇ ਟਰਾਂਸਲਿਟਰੇਸ਼ਨ ਰਾਹੀਂ ਸੰਭਵ ਹੋ ਸਕਿਆ ਹੈ। ਇਸ ਲਈ ਲੁੜੀਂਦਾ ਬਾਹਰੀ ਲਿੰਕ ਨਾਲ ਦਿੱਤਾ ਹੈ।ਇਸ ਲਿੰਕ ਵਿਚ ਉਦਾਹਰਣ ਦੇ ਤੌਰ ਤੇ ਪਹਿਲੇ ਅੰਗ ਨੂੰ ਕਨੜ ਭਾਸ਼ਾ ਵਿਚ ਮੂਲ ਪਾਠ ਨੂੰ ਪੜ੍ਹਨ ਲਈ ਤੇ ਟਰਾਂਸਲੇਸ਼ਨ ਨੂੰ ਰੂਸੀ ਭਾਸ਼ਾ ਵਿਚ ਦਿਖਾਇਆ ਗਿਆ ਹੈ।:-
ਗੁਰੂ ਗ੍ਰੰਥਸਾਹਿਬ ਨੂੰ ਵੱਖ ਵੱਖ ਭਾਸ਼ਾਵਾਂ ਵਿਚ ਮਸ਼ੀਨ ਦਵਾਰਾ ਟਰਾਂਸਲੇਸ਼ਨ ਦਾ ਲਿੰਕ
ਬਾਹਰੀ ਕੜੀਆਂ [ਸੋਧ]
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਸਤਤਿ
ਗੁਰੂ ਗ੍ਰੰਥ ਸਾਹਿਬ ਦੀਆਂ ਤਸਵੀਰਾਂ ਦਾ ਲਿੰਕ
|
|||||||||||||||||
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|