ਟੋਡਰਪੁਰ (ਜ਼ਿਲ੍ਹਾ ਪਟਿਆਲਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੋਡਰਪੁਰ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਬਲਾਕਸਮਾਣਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਸਮਾਣਾ

ਟੋਡਰਪੁਰ ਜ਼ਿਲ੍ਹਾ ਪਟਿਆਲਾ ਦਾ ਇੱਕ ਇਤਿਹਾਸਕ ਪਿੰਡ ਹੈ। ਆਪਣੇ ਨੇੜਲੇ ਪਿੰਡਾਂ ਤੋਂ ਵਧੇਰੇ ਸਹੂਲਤਾਂ ਰੱਖਣ ਕਾਰਨ ਆਲੇ-ਦੁਆਲੇ ਦੇ ਪਿੰਡਾਂ ਵਿੱਚ ਕੇਂਦਰਤਾ ਰੱਖਦਾ ਹੈ। ਟੋਡਰਪੁਰ ਨੂੰ ਤਹਿਸੀਲ ਸਮਾਣਾ ਅਤੇ ਡਾਕਘਰ ਰਾਜਲਾ ਪੈਂਦਾ ਹੈ। ਇਸ ਪਿੰਡ ਦਾ ਰਕਬਾ 197 ਹੈਕਟੇਅਰ ਤੇ ਅਬਾਦੀ 813 ਹੈ।1 ਇਹ ਪਿੰਡ ਸਮਾਣਾ-ਪਟਿਆਲਾ ਰੋਡ ਤੋਂ ਲੱਗਪਗ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

ਨਾਮਕਰਨ[ਸੋਧੋ]

ਟੋਡਰਪੁਰ ਦੇ ਨਾਮਕਰਨ ਸੰਬੰਧੀ ਭਾਵੇਂ ਕੋਈ ਠੋਸ ਅਧਾਰ ਨਹੀਂ ਮਿਲਦਾ ਪਰ ਇਸ ਸੰਬੰਧੀ ਬਜ਼ੁਰਗਾਂ ਦਾ ਕਹਿਣਾ ਹੈ ਕਿ ਟੋਡਰਪੁਰ ਬੰਦਾ ਸਿੰਘ ਬਹਾਦਰ ਦੇ ਸਮਾਣਾ ਉਪਰ ਹਮਲੇ ਤੋਂ ਬਾਅਦ ਹੋਂਦ ਵਿੱਚ ਆਉਂਦਾ ਹੈ। ‘ਬੰਦਾ ਸਿੰਘ ਬਹਾਦਰ ਨੇ ਸਮਾਣਾ ਉਪਰ ਨਵੰਬਰ 1809 ਨੂੰ ਹਮਲਾ ਕੀਤਾ।’2 ਇਸ ਹਮਲੇ ਦੌਰਾਨ ਜਿਥੇ ਮੁਲਸਮਾਨਾਂ ਦਾ ਕਤਲੇਆਮ ਕੀਤਾ ਗਿਆ ਉਥੇ ਹਿੰਦੂਆਂ ਦੀ ਵੀ ਲੁੱਟ-ਖੋਹ ਕੀਤੀ ਗਈ। ਜਿਸ ਕਾਰਨ ਹਮਲੇ ਤੋਂ ਬਾਅਦ ਬਹੁਤ ਸਾਰੇ ਲੋਕ ਸਮਾਣਾ ਛੱਡ ਕੇ ਵੱਖ-ਵੱਖ ਥਾਂਵਾਂ `ਤੇ ਚਲੇ ਗਏ। ਮੰਨਿਆ ਜਾਂਦਾ ਹੈ ਕਿ ਸਮਾਣਾ ਤੋਂ ਹੀ ਕੋਈ ਟੋਡਰ ਜਾਂ ਟੋਡਰਮੱਲ ਨਾਂ ਦਾ ਕੋਈ ਹਿੰਦੂ ਇਸ ਸਥਾਨ `ਤੇ ਰਹਿਣ ਲੱਗਾ, ਜਿਸ ਕਾਰਨ ਇਸ ਸਥਾਨ ਦਾ ਨਾਂ ਟੋਡਰਪੁਰ ਪੈ ਗਿਆ। ਇਸ ਤਰ੍ਹਾ ਟੋਡਰਪੁਰ 1709 ਤੋਂ ਬਾਅਦ ਵਿੱਚ ਵਸਿਆ ਪਿੰਡ ਹੈ।

ਇਤਿਹਾਸ[ਸੋਧੋ]

ਟੋਡਰਪੁਰ ਦੇ ਇਤਿਹਾਸ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ ਵਿਚਾਰਿਆ ਜਾ ਸਕਦਾ ਹੈ। 1. 1947 ਤੋਂ ਪਹਿਲਾਂ 2. 1947 ਤੋਂ 1990 ਤੱਕ 3. 1990 ਤੋਂ 2012 ਤੱਕ

1947 ਤੋਂ ਪਹਿਲਾਂ[ਸੋਧੋ]

ਭਾਵੇਂ ਕਿ ਟੋਡਰਪੁਰ ਬੰਦਾ ਸਿੰਘ ਬਹਾਦਰ ਦੇ ਹਮਲੇ ਤੋਂ ਬਾਅਦ ਹੀ ਹੋਂਦ ਵਿੱਚ ਆ ਗਿਆ ਸੀ ਪਰੰਤੂ ਉਸ ਸਮੇਂ ਦੇ ਪਿੰਡ ਬਾਰੇ ਕੋਈ ਵੀ ਤੱਥਗਤ ਜਾਣਕਾਰੀ ਨਹੀਂ ਮਿਲਦੀ। 1947 ਤੋਂ ਪਹਿਲਾਂ ਹੀ ਇਸ ਪਿੰਡ ਵਿੱਚ ਬਹੁਤ ਸਾਰੀਆਂ ਜਾਤਾਂ ਦੇ ਲੋਕ ਰਹਿੰਦੇ ਸਨ। ਪਿੰਡ ਦੇ ਲੰਬੜਾਂ ਨੂੰ ਪਿੰਡ ਦੇ ਮੋਢੀਆਂ ਵਿੱਚੋਂ ਮੰਨਿਆ ਜਾਂਦਾ ਹੈ। 1947 ਤੋਂ ਪਹਿਲਾਂ ਝਿਊਰ, ਰਵੀਦਾਸੀਏ, ਵਾਲਮੀਕੀਏ, ਜੱਟ, ਪੰਡਤ, ਸਾਂਸੀ ਆਦਿ ਜਾਤੀਆਂ ਦੇ ਲੋਕ ਵੀ ਹੋਰਨਾਂ ਪਿੰਡਾਂ (ਨਦਾਮਪੁਰ, ਖੁੱਡੀ, ਜਖੈਪਲ, ਸਮੁੰਰਾਂ, ਰਾਜਪੁਰਾ, ਗੁਣਾਂ ਆਦਿ) ਤੋਂ ਆ ਵਸੇ। 1947 ਤੋਂ ਪਹਿਲਾਂ ਦਾ ਟੋਡਰਪੁਰ ਕਰਨਾਲ ਜ਼ਿਲ੍ਹਾ ਦੇ ਥਾਵਾਂ ਗੁਹਲਾ ਅਧੀਨ ਆਉਂਦਾ ਸੀ। ‘ਕਰਨਾਲ ਜ਼ਿਲ੍ਹਾ ਅੰਗਰੇਜ਼ਾਂ ਦੇ ਅਧੀਨ ਪਟਿਆਲਾ ਰਿਆਸਤ ਦੇ ਨਾਲ ਲਗਦਾ ਜ਼ਿਲ੍ਹਾ ਸੀ।’3 ਪਿੰਡ ਦਾ ਪ੍ਰਬੰਧ ਭਾਵੇਂ ਕਿ ਬਹੁਤ ਹੱਦ ਤੱਕ ਲੰਬੜਦਾਰ ਅਧੀਨ ਹੁੰਦਾ ਸੀ। ਲੰਬੜਦਾਰ ਤੋਂ ਉਪਰ ਜ਼ੈਲਦਾਰ ਸੀ ਜਿਸਦੇ ਅਧੀਨ 70 ਪਿੰਡ ਆਉਂਦੇ ਸਨ। ਮਿਲੀ ਜਾਣਕਾਰੀ ਅਨੁਸਾਰ ਕਮੇੜੀ ਨਾਂ ਦੇ ਪਿੰਡ ਦਾ ਮੇਹਰ ਸਿੰਘ ਜ਼ੈਲਦਾਰ ਸੀ ਅਤੇ ਉਸ ਤੋਂ ਬਾਅਦ ਟਟਿਆਣਾ (ਅੱਜ ਕੱਲ ਹਰਿਆਣਾ ਵਿੱਚ) ਪਿੰਡ ਦਾ ਰੂੜੀਆ ਸਿੰਘ ਜ਼ੈਲਦਾਰ ਬਣਿਆ, ਜੋ 1947 ਤੱਕ ਰਿਹਾ। ਪਿੰਡ ਦੇ ਚੋਧਰੀਆਂ `ਚ ਸਭ ਤੋਂ ਉਪਰਲਾ ਸਥਾਨ ‘ਸੱਦੂ’ ਕੋਲ ਸੀ ਜਿਸਦੇ ਨਾਂ `ਤੇ ਖੂਹ ਚੱਲਦਾ ਸੀ ਤੇ ਬਹੁਤ ਸਾਰੇ ਬੰਦੇ ਉਸਦੇ ਅਧੀਨ ਕੰਮ ਕਰਦੇ ਸਨ, ਸਰਕਾਰੇ-ਦਰਵਾਰੇ ਉਸਦੀ ਪੂਰੀ ਪਹੁੰਚ ਸੀ। ਪਿੰਡ ਦਾ ਖੇੜਾ ਪਿੰਡ ਦੇ ਦਰਵਾਜੇ ਦੇ ਸਾਹਮਣੇ ਪਿੰਡ ਦੇ ਪੱਛਮ ਵਿੱਚ ਹੈ। ਖੇੜੇ ਦੀ ਸਥਾਪਨਾ ਬਾਰੇ ਕਿਸੇ ਨੂੰ ਕੁੱਝ ਨਹੀਂ ਪਤਾ ਇਹ ਮੰਨਿਆ ਜਾਂਦਾ ਹੈ ਕਿ ਖੇੜਾ ਪਿੰਡ ਦੇ ਮੋੜੀ ਗੱਡਣ ਨਾਲ ਹੀ ਸਥਾਪਤ ਹੋਇਆ ਸੀ। ਪਿੰਡ ਦਾ ਡੇਰਾ ਵੀ 1947 ਤੋਂ ਪਹਿਲਾਂ ਹੀ ਹੋਂਦ ਵਿੱਚ ਆਉਂਦਾ ਹੈ। ਡੇਰਾ ਲੱਗਪਗ 1932-35 ਦੇ ਦਰਮਿਆਨ ਹੋਂਦ ਵਿੱਚ ਆਉਂਦਾ ਹੈ। ਡੇਰੇ ਸੰਬੰਧੀ ਇੱਕ ਕਥਾ ਪ੍ਰਚੱਲਤ ਹੈ। ਕਥਾ ਮੁਤਾਬਕ ਔੜ ਦੇ ਦਿਨ ਚੱਲ ਰਹੇ ਸਨ ਕਿ ਪਿੰਡ ਦੇ ਬਾਹਰ ਬਾਹੀ ਇੱਕ ਨਾਗਨ ਨਾਮੀ ਸਾਧ ਨੇ ਡੇਰਾ ਲਾਇਆ ਹੋਇਆ ਸੀ ਜੋ ਕਿ ਬਿਨਾਂ ਕੱਪੜਿਆਂ ਦੇ ਰਹਿੰਦਾ ਸੀ। ਪਿੰਡ ਵਾਲਿਆਂ ਨੇ ਉਸਨੂੰ ਪਿੰਡ ਆਉਣ ਲਈ ਬੇਨਤੀ ਕੀਤੀ ਪਰ ਉਹ ਮੰਨਿਆ ਨਹੀਂ। ਪਿੰਡ ਦੇ ਲੋਕ ਜ਼ੋਰ ਪਾ ਕੇ ਉਸਨੂੰ ਪਿੰਡ ਦੇ ਥੋੜਾ ਹੋਰ ਨੇੜੇ ਲੈ ਆਏ। ਪਿੰਡ ਦੇ ਕੁੱਝ ਬੰਦਿਆਂ ਨੇ ਬਾਬੇ ਕੋਲ ਔੜ ਦੀ ਸਮੱਸਿਆ ਦਾ ਜ਼ਿਕਰ ਕੀਤਾ ਤਾਂ ਉਸਨੇ ਪਿੰਡ ਦੇ ਕੁਝ ਮੁੰਡਿਆਂ ਨੂੰ ਬੁਲਾਇਆ (ਜਿਸ ਵਿੱਚ ਸਾਲਗ, ਬਾਲਗ, ਵਜੀਰੂ, ਸੁੱਚਾ ਸਿੰਘ, ਬਚਨਾ ਸਿੰਘ, ਬਚਨਾ ਸਿੰਘ (ਸਾਂਸੀ) ਆਦਿ ਸ਼ਾਮਿਲ ਸਨ) ਅਤੇ ਉਹਨਾਂ ਨੂੰ ਛੱਪੜੀ ਪੁੱਟਣ ਦਾ ਕੰਮ ਦਿੰਦੇ ਹੋਏ ਕਿਹਾ ਕਿ, “ਭਾਈ ਜਿੰਨੀ ਤੁਸੀ ਛੱਪੜੀ ਪੁੱਟੋਗੇ ਉਨੀ ਹੀ ਭਰ ਜਾਏਗੀ” ਪਰੰਤੂ ਮੁੰਡਿਆਂ ਨੇ ਹੱਸੇ-ਠੱਡੇ ਕਰਦੇ ਹੋਏ ਕੱਲਰ ਦੀ ਧਰਤੀ ਉਪਰ ਛੋਟੀ ਜਹੀ ਛੱਪੜੀ ਪੁੱਟ ਦਿੱਤੀ, ਜੋ ਕੁੱਲ ਸਮੇਂ ਬਾਅਦ ਹੀ ਮੀਂਹ ਦੇ ਪਾਣੀ ਨਾਲ ਭਰ ਗਈ। ਇਸ ਤਰ੍ਹਾਂ ਪਿੰਡ ਦੇ ਲੋਕ ਬਾਬੇ ਪ੍ਰਤੀ ਸ਼ਰਧਾ ਰੱਖਣ ਲੱਗੇ ਅਤੇ ਇਸ ਤਰ੍ਹਾਂ ਡੇਰੇ ਦਾ ਮੁੱਢ ਬੱਝਾ। ਨਾਗਨ ਬਾਬਾ ਕੁੱਝ ਸਮੇਂ ਬਾਅਦ ਪਿੰਡ `ਚੋਂ ਚਲਾ ਗਿਆ। ਨਾਗਨ ਤੋਂ ਬਾਅਦ ‘ਵਰਨਾ ਖੇੜੀ’ ਤੋਂ ‘ਰਾਜਾ ਰਾਮ’ ਨਾਂ ਦਾ ਸਾਧੂ ਆਇਆ ਤੇ ਪਿੰਡ ਵਾਲਿਆਂ ਨੇ ਉਸਦੇ ਲਈ ਕੂਟੀਆ ਬਣਾਈ, ਜਿਸ ਵਿੱਚ ਕੱਨਈਆ ਨਾਂ ਦੇ ਵਿਅਕਤੀ ਨੇ ਕਾਫ਼ੀ ਆਰਥਿਕ ਸਹਾਇਤਾ ਕੀਤੀ ਇਸ ਤੋਂ ਇਲਾਵਾ ਚਾਨਣ ਸਿੰਘ, ਸੰਤੂ ਅਤੇ ਸੁੱਚਾ ਸਿੰਘ ਆਦਿ ਦਾ ਅਹਿਮ ਯੋਗਦਾਨ ਸੀ। ਵੇਸੇ ਤਾਂ ਹਰੇਕ ਪਿੰਡ ਦਾ ਰਹਿਣ-ਸਹਿਣ ਇੱਕੋ ਜਿਹਾ ਹੁੰਦਾ ਹੈ ਪਰ ਇਸਦੇ ਬਾਵਜੂਦ ਹਰ ਪਿੰਡ ਦੀਆਂ ਆਪਣੀਆਂ ਕੁਝ ਵੱਖਰਤਾਵਾਂ ਹੁੰਦੀਆਂ ਹਨ। 1947 ਤੋਂ ਪਹਿਲਾਂ ਇਥੇ `ਚ ਸਾਰੀਆਂ ਜਾਤੀਆਂ ਦੇ ਲੋਕ ਰਹਿੰਦੇ ਸਨ। ਇਹਨਾਂ ਵਿੱਚ ਜਾਤੀ ਭੇਦਭਾਵ ਦੀ ਭਾਵਨਾ ਮੌਜੂਦਾ ਸੀ। ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਲੰਬੜਾਂ ਦੇ ਖੂਹ ਤੋਂ ਖੁਦ ਪਾਣੀ ਭਰਨ ਦੀ ਆਗਿਆ ਨਹੀਂ ਸੀ। ਉਹ ਜਾਂ ਤਾਂ ਕਿਸੇ ਉੱਚ ਜਾਤੀ ਦੇ ਬੰਦੇ ਤੋਂ ਪਾਣੀ ਪਵਾਉਂਦੇ ਸਨ ਜਾਂ ਫਿਰ ਖੂਹ ਤੋਂ ਜਾਂਦੀ ਖਾਲ੍ਹ `ਚੋ ਪਾਣੀ ਭਰਦੇ ਸਨ। ਰਵੀਦਾਸੀਆਂ ਅਤੇ ਵਾਲਮੀਕੀਆਂ ਦੀਆਂ ਆਪਣੀਆਂ ਪਾਣੀ ਵਾਲੀਆਂ ਖੂਹੀਆਂ ਸਨ ਜਿਥੋਂ ਉਹ ਪਾਣੀ ਭਰਦੇ ਸਨ ਪਰ ਇਹ ਪਾਣੀ ਪੀਣ ਵਾਲਾ ਨਹੀਂ ਸੀ, ਇਸ ਲਈ ਉਹਨਾਂ ਨੂੰ ਪੀਣ ਵਾਲਾ ਪਾਣੀ ਲੰਬੜਾਂ ਜਾਂ ਸੱਦੂ ਦੇ ਖੂਹ ਤੋਂ ਹੀ ਲਿਆਉਣਾ ਪੈਂਦਾ ਸੀ। ਪਿੰਡ ਦੇ ਸਾਂਸੀਆਂ ਨੂੰ ਚੌਰ ਵਿਰਤੀ ਹੋਣ ਕਾਰਨ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਹਰ ਰੋਜ਼ ਸਵੇਰੇ ਲੰਬੜਦਾਰ ਕੋਲ ਉਹਨਾਂ ਦੀ ਹਾਜ਼ਰੀ ਲਗਦੀ ਸੀ। 1947 ਤੋਂ ਪਹਿਲਾਂ ਹੀ ‘ਕੋਕੂ ਸਾਂਸੀ’ ਦੇ ਕਤਲ ਵਾਲੀ ਘਟਨਾ ਘਟੀ। ਕਿਹਾ ਜਾਂਦਾ ਹੈ ਕਿ ਕਿਸੇ ਗੱਲੋਂ ਹੋਏ ਝਗੜੇ ਦੌਰਾਨ ਭਗਵਾਨ ਸਿੰਘ ਨੇ ਕੋਕੂ ਸਾਂਸੀ ਦਾ ਕਤਲ ਕਰ ਦਿੱਤਾ ਪਰੰਤੂ ਚਾਨਣ ਸਿੰਘ ਦੇ ਪਿਓ ਛੱਜੂ ਸਿੰਘ ਨੇ ਇਹ ਕਤਲ ਆਪਣੇ ਭਤੀਜੇ ਨੂੰ ਬਚਾਉਣ ਲਈ ਆਪਣੇ ਸਿਰ ਲੈ ਲਿਆ। ਛੱਜੂ ਸਿੰਘ ਨੂੰ ਗੁਹਲਾ ਥਾਣਾ ਦੀ ਪੁਲਿਸ ਫੜ ਕੇ ਲੈ ਗਈ ਤੇ ਉਸਨੂੰ ਜੇਲ ਹੋਈ। ਉਹ ਆਪਣੀ ਸਜ਼ਾ ਪੂਰੀ ਕਰਨ ਤੋਂ ਪਹਿਲਾਂ ਹੀ ਪੂਰਾ ਹੋ ਗਿਆ ਅਤੇ ਉਸਦੇ ਕੱਪੜੇ ਤੇ ਬਿਸਤਰਾਂ ਹੀ ਘਰ ਵਾਪਿਸ ਆਇਆ ਸੀ। ਹਰ ਪਿੰਡ ਦੀ ਤਰ੍ਹਾਂ ਟੋਡਰਪੁਰ ਵਿੱਚ ਵੀ ਲੋੜ ਅਨੁਸਾਰ ਹੀ ਖੇਤੀ ਕੀਤੀ ਜਾਂਦੀ ਸੀ। ਲੋਕ ਖੇਤੀ ਦੇ ਨਾਲ ਪਸ਼ੂ ਪਾਲਣ ਦਾ ਕੰਮ ਵੀ ਕਰਦੇ ਸਨ। ਅਨੁਸੂਚਿਤ ਜਾਤੀਆਂ ਦੇ ਲੋਕ ਆਪਣੀ ਥੋੜੀ ਜ਼ਮੀਨ ਉਪਰ ਖੇਤੀ ਤੇ ਨਾਲ-ਨਾਲ ਕਿਸੇ ਨਾਲ ਸੀਰੀ ਜਾਂ ਫਿਰ ਆਪਣਾ ਜਾਤੀਗਤ ਕਿੱਤਾ ਕਰਦੇ ਹਨ।

1947 ਤੋਂ 1990 ਤੱਕ[ਸੋਧੋ]

1947 ਵਿੱਚ ਜਿੱਥੇ ਭਾਰਤ ਨੂੰ ਅਜ਼ਾਦੀ ਮਿਲੀ ਉਥੇ ਪੰਜਾਬ ਤੇ ਬੰਗਾਲ ਦਾ ਬਟਵਾਰਾ ਵੀ ਹੋਇਆ। ਪੰਜਾਬ ਦਾ ਅੱਧੇ ਤੋਂ ਵਧੇਰੇ ਭਾਗ ਪਾਕਿਸਤਾਨ ਵਿੱਚ ਚਲਾ ਗਿਆ। ਧਰਮ ਦੇ ਅਧਾਰ ਉਪਰ ਹੋਈ ਵੰਡ ਕਾਰਨ ਲੋਕਾਂ ਦਾ ਸਥਾਨਅੰਤਰ ਵੀ ਵੱਡੀ ਪੱਧਰ ਤੇ ਹੋਇਆ।ਇਸ ਦੌਰਾਨ ਕਤਲੇਆਮ ਹੋਇਆ, ਲੁੱਟ-ਖੋਹ ਹੋਈ ਅਤੇ ਇੱਜਤਾਂ ਰੋਲੀਆਂ ਗਈਆਂ, ਇਸ ਦਾ ਪ੍ਰਭਾਵ ਜਿਥੇ ਪੰਜਾਬ ਦੇ ਹਰ ਪਿੰਡ ਉੱਤੇ ਪਿਆ ਉਥੇ ਟੋਡਰਪੁਰ ਉਪਰ ਵੀ ਪਿਆ। ਭਾਵੇਂ ਕਿ ਟੋਡਰਪੁਰ ਵਿੱਚ ਕੋਈ ਵੱਡੀ ਘਟਨਾ ਨਹੀਂ ਘਟੀ, ਇਸਦਾ ਕਾਰਨ ਸ਼ਾਇਦ ਟੋਡਰਪੁਰ ਵਿੱਚ ਕੇਵਲ ਹਿੰਦੂਆਂ ਦਾ ਹੋਣਾ ਸੀ। ਟੋਡਰਪੁਰ ਦੇ ਨੇੜਲੇ ਪਿੰਡਾਂ ਅਰਾਈਮਾਜਰਾ, ਕਾਕੜਾ, ਰਾਜਲਾ ਵਿੱਚ ਮੁਸਲਿਮ ਜਾਤੀ (ਅਰਾਈ, ਗੁਜਰ, ਰੰਗੜ ਆਦਿ) ਦੇ ਲੋਕ ਰਹਿੰਦੇ ਸਨ। ਫਿਰਕਾਪ੍ਰਸਤੀ ਦੀ ਹਵਾ ਚੱਲਣ ਕਾਰਨ ਟੋਡਰਪੁਰ ਦੇ ਲੋਕ ਆਪਣੇ ਆਪ ਨੂੰ ਘਿਰੇ ਮਹਿਸੂਸ ਕਰ ਰਹੇ ਸਨ ਭਾਵੇਂ ਕਿ ਅਰਾਈ-ਮਾਜਰਾ ਦੇ ਕੁੱਝ ਮੋਢੀ ਬੰਦੇ ਆ ਕੇ ਇਹ ਕਹਿ ਗਏ ਸਨ, ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਉਹ ਕਿਸੇ ਉਪਰ ਹਮਲਾ ਨਹੀਂ ਕਰਨਗੇ ਬਦਲੇ ਵਜੋਂ ਕੋਈ ਉਹਨਾਂ ਉਪਰ ਵੀ ਹਮਲਾ ਨਾ ਕਰੇ। ਇਸ ਨਾਲ ਲੋਕਾਂ ਦੇ ਦਿਲਾਂ ਨੂੰ ਤਸੱਲੀ ਨਾ ਹੋਈ ਤੇ ਪਿੰਡ ਦੇ ਹਰ ਇੱਕ ਘਰ `ਚੋ ਇਕ-ਇੰਕ ਬੰਦਾ (ਬਜ਼ੁਰਗ) ਛੱਡ ਕੇ ਬਾਕੀ ਸਾਰੇ ਲੋਕ ਆਪਣੀਆਂ ਰਿਸ਼ਤੇਦਾਰੀਆਂ (ਬਠੋਈ ਕਲਾਂ, ਤਰੈਂ, ਭਾਨਰਾ, ਚੀਕਾ ਆਦਿ) `ਚ ਚਲੇ ਗਏ ਅਤੇ ਜਦ ਮਾਹੌਲ ਠੀਕ ਹੋਇਆ ਵਾਪਿਸ ਆਏ। ਸਮਾਣਾ ਸ਼ਹਿਰ ਵਿੱਚ ਸ਼ਰਨਾਰਥੀ ਕੈਂਪ ਲੱਗਣ ਕਾਰਨ ਬਹੁਤ ਸਾਰੇ ਸ਼ਰਨਾਰਥੀਆਂ ਦੇ ਕਾਫਲੇ ਪਿੰਡ ਕੋਲ ਦੀ ਲੰਘੇ। ਨੇੜੇ ਦੇ ਪਿੰਡਾਂ ਚੋ ਜੋ ਲੋਕ ਆਪਦੇ ਘਰ ਛੱਡ ਗਏ ਸਨ। ਉਹਨਾਂ ਚੋ ਕੁੱਝ ਲੋਕ ਆਪਣਾ ਕੀਮਤੀ ਸਮਾਨ ਟੋਰਡਪੁਰ ਦੇ ਲੋਕਾਂ ਨੂੰ ਅਮਾਨਤ ਵਜੋਂ ਦੇ ਗਏ ਤੇ ਮਾਹੌਲ ਠੀਕ ਹੋਣ ਤੇ ਜਦ ਅਮਾਨਤ ਵਾਪਿਸ ਲੈਣ ਅਏ ਤਾਂ ਕੁਝ ਲੋਕਾਂ ਨੇ ਉਹਨਾਂ ਨੂੰ ਸਮਾਨ ਵਾਪਿਸ ਦੇਣ ਤੋਂ ਨਾ ਕਰ ਦਿੱਤੀ। ਸਮਾਣਾ ਕੈਂਪ ਵਿੱਚ ਸ਼ਰਨਾਰਥੀਆਂ ਦੇ ਰਹਿ ਗਏ ਸਮਾਨ ਦੀ ਬੋਲੀ ਲਗਾਈ ਗਈ ਜਿਸ ਵਿੱਚੋਂ ਟੋਡਰਪੁਰ ਦੇ ਲੋਕ ਵੀ ਸਮਾਨ ਖਰੀਦ ਕੇ ਲਿਆਏ। ਜਿਥੇ ਬਹੁਤ ਸਾਰੇ ਲੋਕ ਨੇੜਲੇ ਪਿੰਡਾਂ `ਚੋਂ ਉੱਜੜ ਕੇ ਗਏ ਸਨ ਉਥੇ ਪਾਕਿਸਤਾਨ ਤੋਂ ਆ ਵਸੇਂ। ਟੋਡਰਪੁਰ ਦੇ ਲੋਕਾਂ ਦਾ ਇਹਨਾਂ ਪ੍ਰਤੀ ਅਜਨਬੀਆਂ ਵਰਗਾਂ ਵਿਵਹਾਰ ਸੀ ਪਰ ਇਹਨਾਂ ਦੀ ਸ਼ਖਤ ਮਿਹਨਤ ਨੇ ਇਹਨਾਂ ਨੂੰ ਸਥਾਨਕ ਲੋਕਾਂ ਵਿੱਚ ਰਚਾ ਦਿੱਤਾ। 1950 ਦੇ ਲਗਪੱਗ ਡੇਰੇ ਦੀ ਗੱਦੀ ਖਾਲੀ ਸੀ। ਪਿੰਡ ਦੇ ਲੋਕ ਸਾਧੂ ਦੀ ਭਾਲ ਵਿੱਚ ਸਨ। ਇਸੇ ਦੌਰਾਨ ਉਹਨਾਂ ਨੂੰ ‘ਖਜ਼ਾਨ’ ਨਾਂ ਦਾ ਸਾਧੂ ਵਿਰਤੀ ਵਾਲਾ ਬੰਦਾ ਮਿਲਿਆ ਜੋ ਆਪਣੇ ਭਰਾ ਗਿਆਨ ਨਾਲ ਪਾਕਿਸਤਾਨ ਤੋਂ ਆਇਆ ਸੀ ਅਤੇ ਨੇੜਲੇ ਪਿੰਡ ਅਸਰਪੁਰ `ਚ ਕਿਸੇ ਨਾਲ ਸੀਰ ਰਿਹਾ ਸੀ। ਜਲਦੀ ਹੀ ਉਹ ਸੀਰ ਛੱਡ ਕੇ ਡੇਰੇ `ਤੇ ਆ ਬੈਠਾ ਅਤੇ ਡੇਰੇ ਉੱਪਰ ਰੋਣਕਾਂ ਲੱਗਣ ਲੱਗੀਆਂ। ਅਜ਼ਾਦੀ ਤੋਂ ਬਾਅਦ ਭਾਰਤ ਦੇ ਪ੍ਰਬੰਧ ਨੂੰ ਚਲਾਉਣ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਸਨ। ਪਿੰਡਾਂ ਦਾ ਪ੍ਰਬੰਧ ਚਲਾਉਣ ਲਈ 5-7 ਪਿੰਡਾਂ ਦੀਆਂ, ਸਾਂਝੀਆਂ ਪੰਚਾਇਤਾਂ ਬਣਾਈਆਂ ਗਈਆਂ ਸਨ। ਟੋਡਰਪੁਰ ਦੀ ਵੀ ਜਮਾਲਪੁਰ (ਅਰਾਂਈਮਾਜਰਾ), ਰਾਜਲਾ, ਕੋਟਲਾ, ਘਿਓਰਾ, ਕਮਾਸਪੁਰ, ਬਦਨਪੁਰ ਨਾਲ ਸਾਂਝੀ ਪੰਚਾਇਤ ਬਣੀ, ਜਿਸਦਾ ਸਰਪੰਚ ਕਮਾਸਪੁਰ ਦਾ ਬਲੀਇੰਦਰ ਸਿੰਘ ਬਣਿਆ ਤੇ ਬਿਣਆ ਤੇ ਟੋਡਰਪੁਰ ਦਾ ਇੱਕ ਮੈਂਬਰ ਚਾਨਣ ਸਿੰਘ ਲਿਆ ਗਿਆ। ਢਾਈ (21/2) ਸਾਲ ਬਾਅਦ ਬਲੀਇੰਦਰ ਸਿੰਘ ਦੀ ਸਰਪੰਚੀ ਖੁਸ ਗਈ ਤੇ ਚਾਨਣ ਸਿੰਘ ਨੂੰ ਮਿਲ ਗਈ। 1963-64 ਦੇ ਦੌਰਾਨ ਟੋਡਰਪੁਰ ਦੀ ਪੰਚਾਇਤ 7 ਪਿੰਡਾਂ ਨਾਲੋਂ ਟੁੱਟ ਕੇ ਜਮਾਲਪੁਰ (ਅਰਾਂਈਮਾਜਾਰਾ) ਨਾਲ ਸਾਂਝੀ ਬਣੀ, ਜਿਸਦਾ ਸਰਪੰਚ ਚਾਨਣ ਸਿੰਘ ਬਣਿਆ। ਚਾਨਣ ਸਿਘ ਦੀ ਸਰਪੰਚੀ ਦੇ ਅੰਤਮ ਸਮੇਂ ਹੀ ਪਿੰਡ ਵਿੱਚ ਗੁਰਦੁਆਰਾ ਬਣਾਉਣ ਦੀ ਗੱਲ ਚੱਲੀ ਅਤੇ ਸਾਈਦੱਤਾ (ਜਮਾਲਪੁਰ) ਦੀ ਸਰਪੰਚੀ `ਚ ਗੁਰਦੁਆਰਾ ਬਣਾਇਆ, ਜਿਸ ਵਿੱਚ ਕਿਰਪਾਲ ਸਿੰਘ ਤੇ ਮੁਕੰਦ ਸਿੰਘ ਆਦਿ ਦੀ ਅਹਿਮ ਭੂਮਿਕਾ ਸੀ। ਇਸੇ ਸਮੇਂ ਕਿਰਪਾਲ ਸਿੰਘ ਤੇ ਮੁਕੰਦ ਸਿੰਘ ਨੇ ਅਮ੍ਰਿਤ ਵੀ ਸ਼ਕਿਆ ਦੌਰਾਨ ਹੀ ਪਿੰਡ ਵਿੱਚ ਸਰਕਾਰੀ ਪ੍ਰਾਈਮਰੀ ਸਕੂਲ ਬਣਿਆ ਜੋ ਪਹਿਲਾਂ ਧਰਮਸ਼ਾਲਾ ਵਿੱਚ ਚੱਲਦਾ ਸੀ। ਸਾਈਦੱਤਾ ਤੋਂ ਬਾਅਦ ਜਮਾਲਪੁਰ (ਅਰਾਈਮਾਜਰਾ) ਦਾ ਹੀ ਬਲਵੰਤ ਸਿੰਘ ਸਰਪੰਚ ਬਣਦਾ ਹੈ। ਜੋ ਸਿਰਫ ਢਾਈ ਸਾਲ ਹੀ ਸਰਪੰਚੀ ਕਰਦਾ ਹੈ। ਇਸੇ ਦੌਰਾਨ ਟੋਡਰਪੁਰ ਦੀ ਪੰਚਾਇਤ ਜਮਾਲਪੁਰ (ਅਰਾਂਈਮਾਜਰਾ) ਨਾਲੋਂ ਟੁਟ ਕੇ ਇੱਕਲੇ ਪਿੰਡ ਦੀ ਬਣੀ ਅਤੇ ਸਰਪੰਚ ਸਰਬ ਸੰਮਤੀ ਨਾਲ ਬਲਰਾਜ ਸ਼ਰਮਾ (1977-79) ਬਣਦਾ ਹੈ। ਬਲਰਾਜ ਸ਼ਰਮਾ ਦੀ ਸਰਪੰਚੀ ਸਮੇਂ ਹੀ ਗੁਰਦੁਆਰੇ ਦੇ ਦੋ ਕਮਰੇ ਅਤੇ ਮਿਡਲ ਸਕੂਲ ਬਣਦਾ ਹੈ। ਇਹਨਾਂ ਸਮਿਆਂ ਦੌਰਾਨ ਹੀ ਬਾਗੜ (ਰਾਜਸਥਾਨ) ਤੋਂ ਦੋ ਇਟਾਂ ਲਿਆ ਕੇ ਗੁੱਗਾ ਮਾੜੀ ਦੀ ਨੀਂਹ ਰਖੀ ਗਈ। ਹਰੇ ਇਨਕਲਾਬ ਦੀ ਲਹਿਰ ਪੰਜਾਬ ਦੇ ਹੋਰਨਾਂ ਖੇਤਰਾਂ ਦੇ ਮੁਕਾਬਲੇ ਟੋਡਰਪੁਰ ਵਿੱਚ ਧੀਮੀ ਗਤੀ ਨਾਲ ਆਉਂਦੀ ਹੈ। ਇਸਦੇ ਨਤੀਜੇ ਵਜੋਂ 1970-75 ਦੇ ਦਰਮਿਆਨ ਕਿਹਰ ਸਿੰਘ ਸਭ ਤੋਂ ਪਹਿਲਾ ਨਵਾਂ ਟਰੈਕਟਰ ਲੈ ਕੇ ਆਉਂਦਾ ਹੈ ਅਤੇ ਉਸ ਤੋਂ ਬਾਅਦ ਬਲਰਾਜ ਸ਼ਰਮਾ ਟਰੈਕਟਰ ਲੈ ਕੇ ਆਉਂਦਾ ਹੈ ਪਰ ਖੇਤੀ ਹਾਲੇ ਵੀ ਲੋੜ ਅਨੁਸਾਰ ਹੀ ਕੀਤੀ ਜਾਂਦੀ ਸੀ। ਖੇਤੀ ਵਾਂਗ ਸਿੱਖਿਆਂ ਦੇ ਖੇਤਰ ਵਿੱਚ ਵੀ ਟੋਡਰਪੁਰ ਦੀ ਗਤੀ ਧੀਮੀ ਸੀ। 1976-77 ਦੇ ਦੌਰਾਨ ਕੇਵਲ ਨੱਛਤਰ ਸਿੰਘ ਅਤੇ ਜੈਕਰਨ ਹੀ ਆਪਣੀ ਬੀ.ਏ ਦੀ ਪੜ੍ਹਾਈ ਪੂਰੀ ਕਰਦੇ ਹਨ। ਉਹਨਾਂ ਤੋਂ ਪਹਿਲਾਂ ਅਤੇ ਬਹੁਤ ਬਾਅਦ `ਚ ਵੀ ਕਿਸੇ ਨੇ ਦਸਵੀਂ-ਬਾਰ੍ਹਵੀਂ ਨਾ ਟੱਪੀ। 1979 `ਚ ਜੋਰਾ ਸਿੰਘ ਸਰਪੰਚ ਬਣਿਆ, ਉਹਨਾਂ ਦੀ ਸਰਪੰਚੀ `ਚ ਡਿਸਪੈਂਸਰੀ ਅਤੇ ਹਾਈ ਸਕੂਲ ਦਾ ਕਾਰਜ ਆਰੰਭ ਹੋਇਆ ਜੋ ਅੱਗੇ ਜਾ ਕੇ ਪੂਰਾ ਹੋਇਆ। 1984 `ਚ ਹਰਿਮੰਦਰ ਸਾਹਿਬ ਉਪਰ ਹਮਲੇ ਅਤੇ ਦਿੱਲੀ `ਚ ਹੋਏ ਕਤਲੇਆਮ ਕਾਰਨ ਪੂਰੇ ਪੰਜਾਬ ਦਾ ਮਾਹੌਲ ਫਿਕਾਰਪ੍ਰਸਤੀ ਵਾਲਾ ਬਣ ਗਿਆ। ਇਸ ਦਾ ਪ੍ਰਭਾਵ ਪੰਜਾਬ ਦੇ ਹਰ ਪਿੰਡ ਉਪਰ ਪਿਆ। ਟੋਡਰਪੁਰ ਵਿੱਚ ਵਧੇਰੇ ਅਕਾਲੀ ਪੱਖੀ ਸਨ, ਇਸ ਲਈ ਅਕਾਲੀਆਂ ਦੀਆਂ ਰੈਲੀਆਂ `ਚ ਬਹੁਤ ਸਾਰੇ ਲੋਕ ਜਾਂਦੇ ਰਹਿੰਦੇ ਸਨ। ਖਾੜਕੂ ਲਹਿਰ ਦਾ ਭਾਵੇਂ ਟੋਡਰਪੁਰ ਨਾਲ ਕੋਈ ਸਿੱਧਾ ਸੰਬੰਧ ਨਹੀਂ ਅਤੇ ਨਾ ਹੀ ਇਸ ਸਮੇਂ ਦੌਰਾਨ ਇੱਥੇ ਕੋਈ ਵੱਡੀ ਘਟਨਾ ਘਟੀ ਪਰ ਫਿਰ ਵੀ ਉਸ ਸਮੇਂ ਲੋਕਾਂ ਵਿੱਚ ਡਰ ਤੇ ਸਹਿਮ ਸੀ। ਕਿਹਾ ਜਾਂਦਾ ਹੈ ਕਿ ਖਾੜਕੂਆਂ ਤੇ ਪੁਲਿਸ ਦਾ ਪਿੰਡ ਵਿੱਚ ਅਕਸਰ ਆਉਣ-ਜਾਣਾ ਰਹਿੰਦਾ ਸੀ।ਇਕ ਵਾਰ ਖਾੜਕੂ ਦੇਰ ਰਾਤ ਗਏ ਪਿੰਡ `ਚ ਆਏ ਤੇ ਕੁੱਝ ਨਸ਼ੇਖੋਰਾਂ ਅਤੇ ਕੁਝ ਹੋਰ ਬੰਦਿਆਂ ਨੂੰ ਡਰਾ-ਧਮਕਾ ਕੇ ਗਏ। ਅਜਿਹੇ ਮਾਹੌਲ ਵਿੱਚ ਕੰਮਕਾਰ ਅਤੇ ਸਿੱਖਿਆ ਵੱਲ ਕਿਸੇ ਦਾ ਕੋਈ ਧਿਆਨ ਨਾ ਰਿਹਾ। ਇਸ ਸਮੇਂ ਚੋਣਾਂ ਨਾ ਹੋਣ ਕਾਰਨ ਦੇਵਰਾਜ ਹੀ ਦੋਬਾਰਾ ਸਰਪੰਚ ਬਣ ਗਿਆ। 1990 ਤੱਕ ਪਿੰਡ ਵਿੱਚ ਹਾਈ ਸਕੂਲ, ਕੱਚੀ ਅਨਾਜ਼ ਮੰਡੀ ਦੇ ਨਾਲ-ਨਾਲ ਗੁਰਦੁਆਰਾ ਤੇ ਮਾੜੀ ਆਦਿ ਧਾਰਮਿਕ ਸਥਾਨ ਬਣ ਗਏ ਸਨ। ਪਿੰਡ ਦਾ ਚੌਂਕੀਦਾਰ ਹਜ਼ਾਰਾ ਸਿੰਘ ਦੀ ਥਾਂ ਉਸਦਾ ਪੁ਼ੱਤਰ ਲਾਲ ਸਿੰਘ ਜੋ ਮੌਜੂਦਾ ਸਮੇਂ `ਚ ਵੀ ਚੌਂਕੀਦਾਰੀ ਕਰ ਰਿਹਾ ਹੈ। ਪਿੰਡ ਵਿੱਚ ਤਰਖਾਣੀ ਦਾ ਕਿਤਾ ਨਾਥੂ ਦੀ ਥਾਂ ਉਸਦਾ ਪੁੱਤਰ ਭਗਤ ਸਿੰਘ (ਭਗਤੂ) ਕਰਨ ਲੱਗ ਪਿਆ ਅਤੇ ਉਸ ਤੋਂ ਬਾਅਦ ਭਗਤ ਸਿੰਘ ਦੇ ਪੁੱਤਰ ਪ੍ਰੇਮ ਸਿੰਘ ਅਤੇ ਅਵਤਾਰ ਸਿੰਘ ਇਹ ਕਿੱਤਾ ਲਗਾਤਾਰ ਕਰ ਰਹੇ ਹਨ। ਸਮਾਧ ਵਾਲੇ ਬਾਬੇ ਦੀ ਜੱਗ, ਮਾੜੀ ਦੀ ਜੱਗ ਅਤੇ ਡੇਰੇ ਦੀ ਜੱਗ ਤੇ ਉਥੇ ਲੱਗਣ ਵਾਲਾ ਛੋਟਾ ਮੇਲਾ ਪਿੰਡ ਵਾਲਿਆਂ ਨੂੰ ਇੱਕਠਾ ਕਰਨ ਦੇ ਵਿਸ਼ੇਸ਼ ਮੌਕੇ ਸਨ। ਇਸ ਸਭ ਤੋਂ ਬਿਨ੍ਹਾਂ ਪਿੰਡ ਦੇ ਲੋਕ ਦੂਰ ਨੇੜੇ ਦੇ ਮੇਲਿਆਂ ਵਿੱਚ ਵੀ ਜਾਂਦੇ ਰਹਿੰਦੇ ਸਨ।

1990 ਤੋਂ 2012[ਸੋਧੋ]

1990 ਤੱਕ ਭਾਵੇਂ ਪੰਜਾਬ ਦੇ ਹਾਲਾਤ ਕੁੱਝ ਹੱਦ ਤੱਕ ਠੀਕ ਹੋ ਗਏ ਸਨ ਪਰ ਸੰਪੂਰਨ ਤੌਰ ਅਮਨ-ਸ਼ਾਂਤੀ 1993-94 ਤੱਕ ਜਾ ਕੇ ਹੁੰਦੀ ਹੈ। ਪੰਜਾਬ ਸੰਕਟ ਦੇ ਸਮੇਂ ਭਾਵੇਂ ਟੋਡਰਪੁਰ ਵਿੱਚ ਕੋਈ ਵੱਡੀ ਘਟਨਾ ਤਾਂ ਨਹੀਂ ਘਟੀ ਪਰ 1993 `ਚ ਪਿੰਡ ਦੇ ਵਸਨੀਕ ਰਣਜੀਤ ਸਿੰਘ ਨੂੰ ਉਸਦੇ ਪਰਿਾਵਰ ਵਾਲਿਆਂ ਨੇ ਕੁੱਝ ਧਮਕੀਆਂ ਕਾਰਨ ਪੁਲਿਸ ਚੋਂ ਹਟਾ ਲਿਆ। 1993 `ਚ ਅਮਰਜੀਤ ਸਿੰਘ ਸਰਪੰਚ ਬਣਿਆ। ਉਸਦੀ ਸਰਪੰਚੀ ਸਮੇਂ ਪਿੰਡ ਵਿੱਚ ਬਹੁਤ ਸਾਰੇ ਕੰਮ ਹੋਏ। 1995 ਤੱਕ ਟੋਡਰਪੁਰ ਵਿੱਚ ਭਾਵੇਂ ਚੋਣਾਂ ਸਮੇਂ ਕੁੱਝ ਗੁੱਟਬੰਦੀ ਜਰੂਰ ਹੁੰਦੀ ਸੀ ਪਰ ਇਸ `ਚ ਇੰਨੀ ਕੱਟੜਤਾ ਨਹੀਂ ਸੀ ਜਿੰਨੀ ਕਿ 1995 ਤੋਂ ਬਾਅਦ ਭਾਂਖਰ ਪਰਿਵਾਰ ਦੀ ਆਪਸੀ ਗੁੱਟਬੰਦੀ ਵਿੱਚ ਸੀ। ਇੱਕ ਪਰਿਵਾਰ ਦੇ ਦੋ ਗੁੱਟ ਸਪਸ਼ਟ ਰੂਪ ਬਣ ਗਏ ਸਨ। ਇੱਕ ਗੁੱਟ ਦੀ ਅਗਵਾਈ ਸਰਪੰਚ ਅਮਰਜੀਤ ਸਿੰਘ ਕਰ ਰਿਹਾ ਸੀ ਤੇ ਦੂਸਰੇ ਦੀ ਅਗਵਾਈ ਅਜੈਬ ਸਿੰਘ ਤੇ ਨਿਰੰਜਣ ਸਿੰਘ ਕਰ ਰਹੇ ਸਨ। ਪੂਰਾ ਪਿੰਡ ਦੋ ਗੁੱਟਾਂ ਵਿੱਚ ਵੰਡ ਗਿਆ ਸੀ। ਇਹਨਾਂ ਗੁੱਟਾਂ ਵਿੱਚ ਇੱਕ ਰਾਤ ਬਹੁਤ ਭਿਆਨਕ ਲੜਾਈ ਵੀ ਹੋਈ। 1998 ਦੀਆਂ ਪੰਚਾਇਤੀ ਚੋਣਾਂ ਸਮੇਂ ਅਕਾਲੀ ਦਲ ਦੀ ਸਰਕਾਰ ਸੀ। ਇਸ ਲਈ ਬਹੁਤੇ ਪਿੰਡਾਂ ਵਿੱਚ ਅਕਾਲੀ ਹੀ ਸਰਪੰਚ ਬਣੇ। ਬਹੁਤ ਪਿੰਡਾਂ ਵਿੱਚ ਤਾਂ ਬਿਨਾਂ ਚੋਣਾਂ ਦੇ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਦੇ ਫਾਰਮ ਰੱਦ ਕਰਵਾ ਕੇ ਸਰਪੰਚ ਬਣਾਏ ਗਏ। ਟੋਡਰਪੁਰ ਵਿੱਚ ਵੀ ਅਮਰਜੀਤ ਸਿੰਘ ਬਿਨਾਂ ਚੋਣਾਂ ਦੇ ਸਰਪੰਚ ਬਣਿਆ। ਇਸੇ ਦੌਰਾਨ ਅਮਰਜੀਤ ਸਿੰਘ ਮਾਰਕੀਟ ਕਮੇਟੀ ਸਮਾਣਾ ਦਾ ਚੈਅਰਮੈਨ ਵੀ ਬਣਿਆ। ਅਮਰਜੀਤ ਸਿੰਘ ਦੀ ਸਰਪੰਚੀ ਦੌਰਾਨ ਪਿੰਡ ਦੇ ਆਲੇ-ਦੁਆਲੇ ਦੀ ਗਲੀ ਸੜਕ `ਚ ਤਬਦੀਲ ਹੋਈ, ਪਿੰਡ ਵਿੱਚ ਪੱਕੀ ਅਨਾਜ ਮੰਡੀ ਬਣੀ ਅਤੇ ਨਵਾਂ ਗੁਰਦੁਆਰਾ ਬਣਿਆ। 1990 ਤੋਂ ਬਾਅਦ ਹੀ ਡੇਰੇ ਦੇ ਸਾਧੂ ਬਾਬਾ ਖਜ਼ਾਨ ਦੀ ਮੌਤ ਹੋ ਗਈ। ਉਸਦੀ ਮੋਂਤ ਪਿਛੋਂ ਡੇਰੇ ਵਿੱਚ ਸਾਧੂ ਲਿਆਉਣ ਲਈ ਪਿੰਡ ਦੇ ਕੁੱਝ ਮੋਢੀ ਬੰਦੇ ਵਾਤੇ (ਹਰਿਆਣਾ) ਗਏ। ਵਾਤੇ ਭਾਵੇਂ ਬਹੁਤ ਸਾਰੇ ਸਾਧੂ ਰਹਿੰਦੇ ਸਨ ਪਰ ਪੰਜਾਬ ਦੇ ਹਾਲਾਤ ਖਰਾਬ ਹੋਣ ਕਾਰਨ ਕੋਈ ਵੀ ਸਾਧੂ ਆਉਣ ਲਈ ਤਿਆਰ ਨਾ ਹੋਇਆ ਕੁਝ ਸਮੇਂ ਬਾਅਦ ਮਵੀਂ ਪਿੰਡ ਦਾ ਰਮਤਾਰਾਮ ਸਾਧੂ ਡੇਰੇ `ਚ ਆਇਆ। ਉਹ ਥੋੜਾ ਸਮਾਂ ਹੀ ਰਿਹਾ ਉਸ ਤੋਂ ਬਾਅਦ ਵਾਤੇ ਤੋਂ ਬੁੱਧਪੁਰੀ ਆਇਆ ਜੋ ਕਿ ਇੱਕ ਮਹੀਨਾ ਹੀ ਡੇਰੇ `ਚ ਰਿਹਾ। ਉਸ ਤੋਂ ਬਾਅਦ ਵਾਤੇ ਤੋਂ ਹੀ ਸੁਲਗਪੁਰੀ ਤੇ ਫਿਰ ਰਾਗਵਿੰਦਰਾਨਮ ਆਇਆ ਜੋ ਕੁੱਝ ਸਮੇਂ ਬਾਅਦ ਚਲੇ ਗਏ। ਫਿਰ ਇੱਕ ਹੋਰ ਦੁਸਹਿਰਾ ਪੁਰੀ ਨਾਮ ਦਾ ਸਾਧੂ ਆਇਆ ਦੁਸਹਿਰਾ ਪੁਰੀ ਨੇ ਜਿਥੇ ਡੇਰੇ ਦੀ ਨੁਹਾਰ ਬਦਲੀ ਉਥੇ ਡੇਰੇ ਦੀ ਵਾੜਵੰਦੀ ਤੇ ਕਈ ਹੋਰ ਕਾਰਜ ਕਰਵਾਏ। ਦੁਸਹਿਰਾ ਪੁਰੀ ਨੇ ਡੇਰੇ ਦੀ ਜੱਗ ਸਮੇਂ ਫਰੀ ਮੈਡੀਕਲ ਕੈਂਪ ਲਗਵਾਏ। ਬਾਬਾ ਖ਼ੁਦ ਹੋਮਿਓਪੈਥੀ ਦੀਆਂ ਦਵਾਈਆਂ ਨਾਲ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ। ਡੇਰੇ ਵਿੱਚ ਦੂਰ-ਦੂਰ ਤੋਂ ਸ਼ਰਧਾਲੂ ਆਪਣੀਆਂ ਸਮੱਸਿਆਵਾਂ ਦਾ ਨਿਵਾਰਣ ਕਰਵਾਉਣ ਲਈ ਆਉਂਦੇ ਹਨ। ਡੇਰੇ ਵਿੱਚ ਜਿਥੇ ਬਾਬੇ ਨੇ ਆਉਣ-ਜਾਣ ਲਈ ਸਾਧਨ, ਸੁਰੱਖਿਆ ਲਈ ਪਿਸਟਲ ਆਦਿ ਰੱਖਿਆ ਹੋਇਆ ਹੈ ਉਥੇ ਜੱਗ ਸਮੇਂ ਸੀ.ਸੀ. ਕੈਮਰੇ ਵੀ ਲਗਵਾਉਣੇ ਸ਼ੁਰੂ ਕੀਤੇ। ਕੁੱਝ ਸਮਾਂ ਪਹਿਲਾਂ ਤੋਂ ਬਾਬੇ ਨਾਲ ਇੱਕ ਲੜਕੀ ਰਹਿੰਦੀ ਹੈ, ਜਿਸਨੂੰ ਬਾਬਾ ਆਪਣੀ ਪੁੱਤਰੀ ਕਹਿੰਦਾ ਹੈ। ਪਰ ਪਿੰਡ ਵਿੱਚ ਇਸ ਗੱਲ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਆ ਰਹੀਆਂ ਹਨ। ਬਾਬੇ ਨੇ ਇੱਕ ਡੇਰਾ ਸਮਾਣਾ ਸ਼ਹਿਰ ਵਿੱਚ ਵੀ ਬਣਾਇਆ ਹੋਇਆ ਹੈ। ਦਿਨ ਵੇਲੇ ਬਾਬਾ ਟੋਡਰਪੁਰ ਪਿੰਡ `ਚ ਅਤੇ ਰਾਤ ਸਮੇਂ ਸਮਾਣਾ ਡੇਰੇ ਵਿੱਚ ਰਹਿੰਦਾ ਹੈ। 2003 ਦੀਆਂ ਪੰਚਾਇਤੀ ਚੋਣਾਂ ਸਮੇਂ ਟੋਡਰਪੁਰ ਦੀ ਪਹਿਲੀ ਮਹਿਲਾ ਸਰਪੰਚ ਕੁਲਦੀਪ ਕੌਰ (ਅਜੈਬ ਸਿੰਘ ਜੀ ਪਤਨੀ) ਬਣੀ। ਉਸਦੇ ਸਮੇਂ ਵੀ ਪਿੰਡ ਦੇ ਕਈ ਕੰਮ ਹੋਏ। ਪਿੰਡ ਵਿੱਚ ਪ੍ਰਮੁੱਖ ਤੌਰ 'ਤੇ ਬਿਜਲੀਘਰ ਦਾ ਸ਼ੁਰੂ ਹੋਣਾ ਹੈ, ਇਸਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਇਸ ਸਮੇਂ ਤੱਕ ਪਿੰਡ ਵਿਚਲੀ ਗੁੱਟਬੰਦੀ ਵੀ ਨਰਮ ਪੈਣੀ ਸ਼ੁਰੂ ਹੋ ਗਈ ਸੀ। 2008 ਦੀਆਂ ਪੰਚਾਇਤੀ ਚੋਣਾਂ ਵਿੱਚ ਲੋਕਾਂ ਦੁਆਰਾ ਚੁਣੇ ਪੰਚਾਇਤ ਮੈਬਰਾਂ ਦੁਆਰਾ ਅਮਰਜੀਤ ਸਿੰਘ ਨੂੰ ਫਿਰ ਸਰਪੰਚ ਚੁਣਿਆ ਗਿਆ। 1990 ਤੋਂ ਹਲਾਤ ਕੁੱਝ ਸੁੱਖਾਂਵੇ ਹੋਣ ਲਗੇ ਤੇ ਲੋਕਾਂ ਨੇ ਆਪਣੇ ਕੰਮਾਂ ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕੀਤਾ। ਪਿੰਡ ਵਿੱਚ ਮਸ਼ੀਨਰੀ ਆਉਣੀ ਸ਼ੁਰੂ ਹੋਈ। ਖੇਤੀ ਦੇ ਨਾਲ-ਨਾਲ ਲੋਕਾਂ ਨੇ ਪਸ਼ੂ ਪਾਲਣ ਅਤੇ ਟਰੱਕਾਂ ਦੇ ਕਿੱਤੇ ਨੂੰ ਵੀ ਹੁੰਗਾਰਾ ਦਿੱਤਾ। ਕੁੱਝ ਪੜ੍ਹੇ-ਲਿਖੇ ਨੌਜਵਾਨਾਂ ਜਿਹਨਾਂ ਵਿੱਚ ਪੰਡਤ ਵਧੇਰੇ ਸਨ ਨੇ ਸੈਂਲਰ ਤੇ ਆੜ੍ਹਤ ਦੀਆਂ ਦੁਕਾਨਾਂ ਉਪਰ ਮੁਨੀਮੀ ਦੇ ਕਿੱਤੇ ਨੂੰ ਵੀ ਅਪਣਾਇਆ। 2003 ਵਿੱਚ ਬਹੁਤ ਲੰਮੇ ਸਮੇਂ ਬਾਅਦ ਪਿੰਡ ਦੇ ਇੱਕ ਨੌਜਵਾਨ ਪਵਨ ਕੁਮਾਰ ਨੇ ਆਪਣੀ ਬੀ.ਏ. ਦੀ ਪੜ੍ਹਾਈ ਪੂਰੀ ਕੀਤੀ। 1976-77 ਤੋਂ ਬਾਅਦ ਪਵਨ ਕੁਮਾਰ ਬੀ.ਏ. ਕਰਨ ਵਾਲਾ ਪਹਿਲਾ ਨੌਜਵਾਨ ਹੈ। ਇਸ ਨੌਜਵਾਨ ਨੇ ਆਪਣੇ ਸਾਥੀਆਂ (ਜਸਵੀਰ ਸਿੰਘ, ਹਰਦੀਪ ਸਿੰਘ ਆਦਿ) ਨਾਲ ਮਿਲ ਕੇ ਪਿੰਡ ਵਿੱਚ ਸਹਿਤਕ ਤੇ ਵਿਦਿਅਕ ਮਾਹੌਲ ਬਣਾਉਣ ਦੀਆਂ ਕੋਸ਼ਿਸਾਂ ਕੀਤੀਆਂ ਜਿਸਦੀ ਬਦੋਲਤ ਕੁੱਝ ਨੋਜਵਾਨਾਂ (ਪਵਨ ਕੁਮਾਰ, ਹਰਦੀਪ ਸਿੰਘ, ਨਵਲਦੀਪ ਸਰਮਾਂ, ਮਨਦੀਪ ਕੌਰ, ਮਨਜੀਤ ਸਿੰਘ ਆਦਿ) ਨੇ ਪੰਜਾਬੀ ਸਾਹਿਤ ਵਿੱਚ ਖੋਜ ਕਾਰਜ ਸ਼ੁਰੂ ਕੀਤਾ। ਪਿੰਡ ਵਿੱਚ ਵਿਦਿਅਕ ਮਾਹੌਲ ਕਾਰਨ ਪਿੰਡ ਦੇ ਲੋਕਾਂ ਨੇ ਬੱਚਿਆ ਨੂੰ ਪੜ੍ਹਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਿਸਦੇ ਨਤੀਜੇ ਵਜੋਂ ਬਹੁਤ ਸਾਰੇ ਮੰਡੇ ਅਤੇ ਕੁੜੀਆਂ ਨੇ ਅਧਿਾਪਕ, ਪੁਲਿਸ ਆਦਿ ਕਿੱਤਿਆ ਨੂੰ ਪ੍ਰਾਪਤ ਕੀਤਾ। ਇਸੇ ਸਮੇਂ ਦੌਰਾਨ ਹੀ ਗੁਜਰਾਤ ਤੋਂ ‘ਭਗਤੀ ਫੇਰੀ ਵਾਲਿਆ’ ਦੇ ਨਾਂ ਹੇਠ ਕੁੱਝ ਧਾਰਮਿਕ ਕਾਰਕੁਨਾਂ ਦਾ ਪਿੰਡ ਵਿੱਚ ਸੰਪਰਕ ਹੋਇਆ ਤੇ ਆਉਣ-ਜਾਣਾ ਵਧਿਆ, ਸ਼ੁਰੂ-ਸ਼ੁਰੂ ਵਿੱਚ ਇਹਨਾਂ ਤੋਂ ਲੋਕ ਬਹੁਤ ਪ੍ਰਭਾਵਿਤ ਹੋਏ ਪਰੰਤੂ ਪਿੰਡ ਵਿੱਚ ਤਰਕਸ਼ੀਲ ਤੇ ਵਿਦਿਅਕ ਮਾਹੌਲ ਹੋਣ ਕਾਰਨ ਇਹਨਾਂ ਦਾ ਘੇਰਾ ਸੀਮਤ ਲੋਕਾਂ ਤੱਕ ਹੀ ਰਿਹਾ। ਪਿੰਡ ਦੇ ਨੌਜਵਾਨ ਪਬਲਿਕ ਕਾਲਜ ਸਮਾਣਾ ਵਿੱਚ ਪੜ੍ਹਣ ਲਈ ਜਾਂਦੇ ਸਨ, ਜਿਥੇ ਉਹਨਾਂ ਦਾ ਸੰਪਰਕ ਪੰਜਾਬ ਸਟੂਡੈਂਟਸ ਯੂਨੀਅਨ ਦੇ ਕਾਰਕੁੰਨਾਂ ਨਾਲ ਹੋਇਆ ਤੇ ਬਹੁਤ ਸਾਰੇ ਮੁੰਡੇ ਇਸ ਵਿੱਚ ਕੰਮ ਵੀ ਕਰਨ ਲੱਗ ਪਏ ਸਨ। ਇਹਨਾਂ ਨੌਜਵਾਨਾਂ ਨੇ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਸਮਾਣਾ ਕਾਲਜ ਦੇ ਪ੍ਰੋ. ਬਲਜਿੰਦਰ ਨਸਰਾਲੀ ਨਾਲ ਮਿਲ ਕੇ ਪਿੰਡ ਵਿੱਚ ਗੁਰਸ਼ਰਨ ਸਿਘ (ਭਾਈ ਮੰਨਾ ਸਿੰਘ) ਦੇ ਇਨਕਲਾਬੀ ਨਾਟਕ ਕਰਵਾਏ। ਇਸ ਨਾਟਕ ਸਮਾਰੋਹ ਨਾਲ ਹੀ ਪਿੰਡ ਵਿੱਚ ਨੌਜਵਾਨ ਭਾਰਤ ਸਭਾ ਦੀ ਇਕਾਈ ਸਥਾਪਤ ਹੋ ਗਈ ਜੋ ਲਗਾਤਾਰ ਨਾਟਕ ਮੇਲੇ ਅਤੇ ਹੋਰ ਅਨੇਕ ਪੋ੍ਰਗਰਾਮ ਉਲੀਕ ਦੀ ਆ ਰਹੀ ਹੈ। ਭਾਵੇਂ ਇਸ ਤੋਂ ਪਹਿਲਾਂ ਪਿੰਡ ਵਿੱਚ ਕਈ ਕਲੱਬ ਵੀ ਬਣੇ ਪਰ ਉਹ ਆਪਣੀ ਲਗਾਤਾਰਤਾ ਨਾ ਰੱਖ ਸਕੇ। ਨੌਜਵਾਨ ਭਾਰਤ ਸਭਾ ਦੀ ਇਕਾਈ ਪਿਛਲੇ 5-6 ਸਾਲਾਂ ਤੋਂ ਸਥਾਨਕ ਤੋਂ ਸੂਬਾ ਪੱਧਰ ਦੇ ਹਰ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੀ ਆ ਰਹੀ ਹੈ। ਇਸੇ ਅਧੀਨ ਹੀ ਪਿੰਡ ਦਾ ਇੱਕ ਨੌਜਵਾਨ ਕੁਲਵੀਰ ਸਿੰਘ ਪਿੰਡ ਕਲਵਾਣੂ (ਤਹਿ. ਪਾਤੜਾਂ, ਜ਼ਿਲ੍ਹਾ-ਪਟਿਆਲਾ) ਦੇ ਮਜਦੂਰਾਂ ਦੀ ਜ਼ਮੀਨ ਉਪਰ ਕਬਜੇ ਸੰਬੰਧੀ ਕੁੱਝ ਦਿਨ ਜੇਲ੍ਹ ਵਿੱਚ ਰਹਿ ਕੇ ਆਇਆ ਹੈ। ਇਸ ਤਰ੍ਹਾਂ ਪਿੰਡ ਵਿੱਚ ਤਰਕਸ਼ੀਲ, ਵਿਦਿਅਕ ਅਤੇ ਸਾਹਿਤਕ ਮਾਹੌਲ ਹੈ। 2000 ਦੇ ਲੱਗਪਗ ਪਿੰਡ ਵਿੱਚ ਇੱਕ ਪ੍ਰਾਈਵੇਟ ਸਕੂਲ ਖੁਲਿਆ ਜੋ ਪਹਿਲਾਂ ਵਾਲਮੀਕੀਆਂ ਦੀ ਧਰਮਸ਼ਾਲਾ ਅਤੇ ਹੁਣ ਪਿੰਡ ਤੋਂ ਬਾਹਰ ਟੋਡਰਪੁਰ-ਸਮਾਣਾ ਰੋਡ ਤੇ ਸਥਿਤ ਹੈ। 1990 ਤੋਂ 1912 ਤੱਕ ਪਿੰਡ ਦੀ ਨੁਹਾਰ ਬਦਲ ਗਈ। ਪਿੰਡ ਵਿੱਚ ਵੱਡੀ ਪੱਧਰ ਤੇ ਮਸ਼ੀਨਰੀ ਆਈ। ਪਿੰਡ ਵਿੱਚ ਹਾਈ ਸਕੂਲ, ਡਿਸਪੈਂਸਰੀ, ਪਸ਼ੂਆਂ ਦਾ ਹਸਪਤਾਲ, ਪੱਕੀ ਅਨਾਜ ਮੰਡੀ ਅਤੇ ਬਿਜਲੀਘਰ ਆਦਿ ਦੀਆਂ ਸਹੂਲਤਾਂ ਮੌਜੂਦ ਹਨ। ਟੋਡਰਪੁਰ ਦੇ ਨੌਜਵਾਨ ਅੱਜ ਪਿੰਡ ਤੋਂ ਬਾਹਰ ਪੜ੍ਹ ਤੇ ਨੌਕਰੀਆਂ ਕਰ ਰਹੇ ਹਨ। ਪਿੰਡ ਵਿੱਚ ਹੁਣ ਪਹਿਲਾਂ ਜ਼ਿਲ੍ਹਾ ਜਾਤੀ ਭੇਦ-ਭਾਵ ਨਹੀਂ ਰਿਹਾ ਖਾਸਕਰ ਨੌਜਵਾਨ ਪੀੜ੍ਹੀ ਆਪਸ ਵਿੱਚ ਮਿਲ ਕੇ ਰਹਿੰਦੀ ਹੈ। ਟੋਡਰਪੁਰ ਭਾਵੇਂ ਕਿ ਕੋਈ ਇਤਿਹਾਸਕ ਪਿੰਡ ਤਾਂ ਨਹੀਂ ਪਰ ਫਿਰ ਵੀ ਇਸਦਾ ਆਪਣਾ ਇੱਕ ਵੱਖਰਾ ਇਤਿਹਾਸਕ ਮਹੱਤਵ ਜਰੂਰ ਹੈ। ਨੋਟ: ਉਪਰੋਕਤ ਸਾਰੀ ਜਾਣਕਾਰੀ ਪਿੰਡ ਟੋਡਰਪੁਰ ਦੇ ਨਿਮਨ ਲਿਖਤ ਵਿਅਕਤੀਆਂ ਤੋਂ ਲਈ ਗਈ ਜਾਣਕਾਰੀ ਉਪਰ ਅਧਾਰਤ ਹੈ: ਕਿਰਪਾਲ ਸਿਘ, ਸੁੱਚਾ ਸਿੰਘ, ਗੁਰਦਿਆਲ ਸਿੰਘ, ਅਮਰ ਨਾਥ, ਰਾਮ ਚੰਦ, ਬਲਰਾਜ ਸਰਮਾਂ, ਜੋਰਾ ਸਿੰਘ, ਅਮਰਜੀਤ ਸਿੰਘ, ਲਾਲ ਸਿੰਘ, ਪਿਆਰਾ ਸਿੰਘ, ਸੀਲ ਕਮਾਰ, ਅਮਰ ਸਿੰਘ, ਨਛੱਤਰ ਸਿੰਘ (ਘੋਲਾ) ਨਛੱਤਰ ਸਿੰਘ, ਰਣਜੀਤ ਸਿੰਘ, ਤੇਜਾ ਸਿੰਘ, ਪਵਨ ਕੁਮਾਰ ਆਦਿ।

ਹਵਾਲੇ ਅਤੇ ਟਿੱਪਣੀਆਂ[ਸੋਧੋ]

1. ਅਰਮਜੀਤ, ਪੰਜਾਬ ਦੇ ਪਿੰਡ, ਸ਼ਹਿਰ ਅਤੇ ਕਸਬੇ, ਅਮਰਜੀਤ ਡਾਇਰੈਕਟਰੀ ਪਬਲਿਸ਼ਿੰਗ ਕੰਪਨੀ ਪ੍ਰਾਈਵੇਟ ਲਿਮਿਟਡ, ਲੁਧਿਆਣਾ, 2004, ਪੰਨਾ 222 2. ਗੰਡਾ ਸਿੰਘ, ਬੰਦਾ ਸਿੰਘ ਬਹਾਦੁਰ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2008, ਪੰਨਾ 20 3. ਏ.ਸੀ. ਅਰੋੜਾ, ਪਟਿਆਲਾ ਰਿਆਸਤ ਵਿੱਚ ਬ੍ਰਿਟਿਸ਼ ਸਰਬ ਉੱਚਤਾ ਦਾ ਵਿਕਾਸ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999, ਪੰਨਾ 1