ਢਾਡੀ
ਢਾਡੀ (ਜਾਂ ਢਾਢੀ) ਉਹ ਇਨਸਾਨ ਹੁੰਦਾ ਹੈ ਜੋ ਢੱਡ ਵਜਾ ਕੇ ਵਾਰਾਂ ਜਾਂ ਜਸ ਗਾਉਂਦਾ ਹੈ।[੧][੨][੩] ਆਮ ਤੌਰ ’ਤੇ ਢੱਡ ਦੇ ਨਾਲ਼ ਸਾਰੰਗੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ।[੪] ਢਾਡੀ ਸਿੱਖ ਗੁਰੂਆਂ ਦੇ ਸਮੇਂ ਹੋਂਦ ਵਿਚ ਆਈ ਗਵੱਈਆਂ ਦੀ ਇਕ ਵੱਖਰੀ ਟੋਲੀ ਹਨ।[੨][੪][੫][੬] ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚ ਢਾਡੀ ਦੇ ਹਿੱਜੇ ਢਾਢੀ ਹਨ ਅਤੇ ਦੱਸਿਆ ਗਿਆ ਹੈ ਕਿ ਢੱਡ ਵਜਾ ਕੇ ਵਾਰਾਂ ਜਾਂ ਜਸ ਗਾਉਣ ਵਾਲ਼ੇ ਨੂੰ ਢਾਢੀ ਆਖਦੇ ਹਨ[੧][੩] ਪਰ ਅੱਜ-ਕੱਲ੍ਹ ਢਾਡੀ ਵੀ ਆਮ ਵਰਤਿਆ ਜਾਂਦਾ ਹੈ।
ਇਕ ਲੰਬੇ ਇਤਿਹਾਸ ਤੋਂ ਬਾਅਦ ਢਾਡੀ ਸਿੱਖ ਅਤੇ ਪੰਜਾਬੀ ਸੰਗੀਤ ਦੇ ਪੂਰਕ ਬਣਦੇ ਹੋਏ ਇਸਦਾ ਅਹਿਮ ਹਿੱਸਾ ਬਣ ਚੁੱਕੇ ਹਨ। ਇਸ ਕਲਾ ਦਾ ਦਾਇਰਾ ਹੁਣ ਕਾਫ਼ੀ ਵੱਡਾ ਹੋ ਚੁੱਕਾ ਹੈ ਜਿਸ ਵਿਚ ਧਾਰਮਕ ਰਚਨਾਵਾਂ ਤੋਂ ਬਿਨਾਂ ਲੋਕ ਅਤੇ ਜੰਗੀ ਨਾਇਕਾਂ ਦੀ ਦਲੇਰੀ ਦੇ ਕਿੱਸੇ, ਲੋਕ-ਗਾਥਾਵਾਂ, ਪ੍ਰੀਤ ਕਹਾਣੀਆਂ, ਇਤਿਹਾਸ ਅਤੇ ਇਸ਼ਕ ਆਦਿ ਵਿਸ਼ੇ ਵੀ ਜੁੜ ਗਏ ਹਨ।[੫][੬]
ਵਿਸ਼ਾ ਸੂਚੀ |
ਮਤਲਬ [ਸੋਧ]
ਲਫ਼ਜ਼ ਢਾਢੀ ਨਿਮਰਤਾ ਦੇ ਅਰਥ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਵਾਰ ਆਇਆ ਹੈ। ਆਪਣੀਆਂ ਲਿਖਤਾਂ ਵਿਚ ਬਾਬਾ ਨਾਨਕ ਆਪਣੇ ਆਪ ਨੂੰ ਰੱਬ ਦਾ ਢਾਢੀ ਆਖਦੇ ਹਨ।[੫][੬] ਇਸ ਲਫ਼ਜ਼ ਦੀ ਵਰਤੋਂ ਤੀਜੇ, ਚੌਥੇ ਅਤੇ ਪੰਜਵੇਂ ਸਿੱਖ ਗੁਰੂ ਅਤੇ ਭਗਤ ਨਾਮਦੇਵ ਦੀਆਂ ਲਿਖਤਾਂ ਵਿਚ ਵੀ ਮਿਲਦੀ ਹੈ।[੫] ਅੰਗਰੇਜ਼ੀ ਵਿਚ ਇਸਦਾ ਤਰਜਮਾ minstrel ਅਤੇ bard ਦੇ ਤੌਰ ’ਤੇ ਕੀਤਾ ਜਾਂਦਾ ਹੈ।
ਇਤਿਹਾਸ [ਸੋਧ]
ਢਾਡੀਆਂ ਜਾਂ ਢਾਡੀ ਕਲਾ ਦਾ ਇਤਿਹਾਸ ਸੈਂਕੜੇ ਸਾਲਾਂ ਦਾ ਹੈ। ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਨੇ ਢਾਡੀ ਕਲਾ ਦੀ ਉੱਨਤੀ ਅਤੇ ਇਸਨੂੰ ਫੈਲਾਉਣ ਲਈ ਕੰਮ ਕੀਤੇ[੬][੭] ਅਤੇ ਇਸਨੂੰ ਜ਼ਿਮੀਂਦਾਰਾਂ ਦੀਆਂ ਸਿਫ਼ਤਾਂ ਗਾਉਣ ਦੀ ਥਾਂ ਰੱਬ ਦੀ ਸਿਫ਼ਤ ਗਾਉਣ ਵੱਲ ਮੋੜਿਆ।[੫] ਮੁੱਖ ਤੌਰ ’ਤੇ ਢਾਡੀ ਛੇਵੇਂ ਸਿੱਖ ਗੁਰੂ ਸਮੇਂ ਉੱਨਤ ਹੋਏ ਜਿਨ੍ਹਾਂ ਨੇ ਅਕਾਲ ਤਖ਼ਤ ਕਾਇਮ ਕੀਤਾ ਅਤੇ ਗੁਰਬਾਣੀ ਗਾਉਣ ਲਈ ਢਾਡੀ ਲਾਏ।[੬][੮] ਬਾਅਦ ਵਿਚ ਢਾਡੀ ਕਲਾ ਦੇ ਫੈਲਾਓ ਨਾਲ਼ ਜੋਧਿਆਂ ਦੀਆਂ ਵਾਰਾਂ ਵੀ ਗਾਈਆਂ ਜਾਣ ਲੱਗੀਆਂ।
ਉਸ ਵੇਲ਼ੇ ਨੀਵੀਂ ਜ਼ਾਤ ਦੇ ਲੋਕ, ਮਿਰਾਸੀ, ਹੀ ਗਾਇਆ ਕਰਦੇ ਸਨ ਕਿਉਂਕਿ ਉੱਚੀਆਂ ਜ਼ਾਤਾਂ ਵਿਚ ਗਾਉਣ ਨੂੰ ਚੰਗਾ ਕੰਮ ਨਹੀਂ ਸੀ ਸਮਝਿਆ ਜਾਂਦਾ। ਮਿਰਾਸੀ ਮੁਸਲਮਾਨ ਸਨ ਜਿਸ ਕਰਕੇ ਢਾਡੀ ਕਲਾ ਸਿਰਫ਼ ਕਿਸੇ ਖ਼ਾਸ ਧਰਮ ਤੱਕ ਬੱਝੀ ਨਹੀਂ ਰਹੀ।[੬]
ਛੇਵੇਂ ਸਿੱਖ ਗੁਰੂ ਨੇ ਇਸ ਕਲਾ ਨੂੰ ਉੱਨਤ ਕੀਤਾ ਅਤੇ ਇਸਦੇ ਦਾਇਰੇ ਨੂੰ ਵੀ ਵਧਾਇਆ।[੨][੪][੯] ਹੁਣ ਗੁਰਬਾਣੀ ਦੇ ਨਾਲ਼-ਨਾਲ਼ ਇਸ ਵਿਚ ਨਾਇਕਾਂ ਦੀ ਬਹਾਦਰੀ ਅਤੇ ਦਲੇਰੀ ਦੇ ਕਿੱਸੇ ਆਦਿ ਵਿਸ਼ੇ ਵੀ ਸ਼ਾਮਲ ਹੋ ਗਏ।[੨][੬] ਉਸ ਵੇਲ਼ੇ ਦੇ ਦੋ ਢਾਡੀ, ਭਾਈ ਨੱਥਾ ਅਤੇ ਭਾਈ ਅਬਦੁੱਲਾ[੫][੭][੯] ਅੱਜ ਵੀ ਆਦਰ ਨਾਲ਼ ਯਾਦ ਕੀਤੇ ਜਾਂਦੇ ਹਨ। ਭਾਈ ਅਬਦੁੱਲਾ ਵਧੀਆ ਕਵੀ ਸਨ ਆਪਣੀਆਂ ਲਿਖੀਆਂ ਰਚਨਾਵਾਂ ਵੀ ਗਾਇਆ ਕਰਦੇ ਸਨ।
ਢਾਡੀ ਜਥਾ [ਸੋਧ]
ਜਥਾ ਦਾ ਮਤਲਬ ਹੈ ਇਕ ਟੋਲਾ ਜਾਂ ਗਰੁੱਪ। ਸੋ ਢਾਡੀ ਗਾਇਕਾਂ ਦੇ ਟੋਲੇ ਨੂੰ ਢਾਡੀ ਜਥਾ ਆਖਦੇ ਹਨ ਜਿਸ ਵਿਚ ਆਮ ਤੌਰ ’ਤੇ ਤਿੰਨ ਜਾਂ ਚਾਰ ਢਾਡੀ ਹੁੰਦੇ ਹਨ: ਇਕ ਸਾਰੰਗੀ ਮਾਸਟਰ, ਦੋ ਢੱਡ ਵਾਲ਼ੇ ਅਤੇ ਇਕ ਬੁਲਾਰਾ ਜੋ ਵਾਰ ਜਾਂ ਕਿੱਸੇ ਬਾਰੇ ਜਾਣਕਾਰੀ ਦਿੰਦਾ ਹੋਇਆ ਆਮ ਸ਼ਬਦਾਂ ਵਿਚ ਬੋਲਦਾ ਹੈ।[੫] ਢਾਡੀ ਜਥੇ ਆਮ ਤੌਰ ’ਤੇ ਜਥੇ ਦੇ ਮੋਹਰੀ ਜਾਂ ਮੁਖੀ ਦੇ ਨਾਂ ਨਾਲ਼ ਜਾਣੇ ਜਾਂਦੇ ਹਨ ਜਿਵੇਂ ਕਿ ਗੁਰਬਖ਼ਸ਼ ਸਿੰਘ ਅਲਬੇਲਾ ਦਾ ਢਾਡੀ ਜਥਾ।