ਤ੍ਰਿਵੈਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤਰਬੈਣੀ ਤੋਂ ਰੀਡਿਰੈਕਟ)

ਤ੍ਰਿਵੈਣੀ ਸ਼ਬਦ ਤਿੰਨ ਖਾਸ ਰੁੱਖਾਂ ਲਈ ਵਰਤਿਆ ਜਾਂਦਾ ਹੈ। ਪੰਜਾਬ ਵਿਚ ਨਿੰਮ, ਪਿੱਪਲ ਅਤੇ ਬਰੋਟਾ ਤਿੰਨੋਂ ਇਕੱਠੇ, ਖੁੱਲ੍ਹੀਆਂ ਥਾਵਾਂ 'ਤੇ ਲਾਏ ਜਾਂਦੇ ਹਨ ਤਾਂ ਜੋ ਰਾਹੀ ਅਰਾਮ ਕਰ ਸਕਣ, ਖੂਹ ਧੁੱਪਾਂ ਤੋਂ ਬਚੇ ਰਹਿਣ ਅਤੇ ਇਨ੍ਹਾਂ ਹੇਠਾਂ ਮਜਲਿਸਾਂ ਲਗਦੀਆਂ ਰਹਿਣ। ਪੰਜਾਬ ਦੇ ਪਿੰਡਾਂ ਦੀ ਬਣਤਰ ਅਜਿਹੀ ਹੁੰਦੀ ਸੀ ਕਿ ਖੂਹ ਫਿਰਨੀ ਤੇ ਹੁੰਦੇ ਤਾਂ ਜੋ ਹਰ ਪਾਸੇ ਦੇ ਲੋਕ ਪਾਣੀ ਭਰ ਸਕਣ ਅਤੇ ਅਕਸਰ ਇਨ੍ਹਾਂ ਨੇੜੇ ਤ੍ਰਿਵੈਣੀ ਲਾਈ ਜਾਂਦੀ। ਤ੍ਰਿਵੈਣੀ ਦੇ ਤਿੰਨੋ ਰੁੱਖ ਸੰਘਣੀ ਛਾ ਦੇਣ ਵਾਲੇ ਹੁੰਦੇ ਹਨ, ਔਰਤਾਂ ਛਾਂ ਵਿਚ ਕੱਪੜੇ ਧੋ ਲੈਂਦੀਆਂ, ਡੰਗਰਾਂ ਨੂੰ ਪਾਣੀ ਪਿਲਾ ਲਿਆ ਜਾਂਦਾ। ਬਲਦ / ਝੋਟੇ ਛਾਂ ਵਿਚ ਖੂਹ ਗੇੜਦੇ ਗਰਮੀ ਤੋਂ ਬਚੇ ਰਹਿੰਦੇ।

ਤ੍ਰਿਵੈਣੀ ਉਨ੍ਹਾਂ ਰਾਹਾਂ ਤੇ ਵੀ ਲੱਗੀ ਹੁੰਦੀ ਜਿਥੇ ਦੋ ਜਾਂ ਵੱਧ ਪਿੰਡਾਂ ਦੇ ਰਾਹ ਮਿਲਦੇ ਹੁੰਦੇ। ਇਥੇ ਰਾਹੀ ਅਰਾਮ ਕਰਦੇ, ਗੁਆਂਢੀ ਪਿੰਡ ਦੇ ਲੋਕਾਂ ਨਾਲ ਦੁਖ-ਸੁਖ ਵੀ ਕਰ ਲੈਂਦੇ ਤੇ ਆਪਣੇ ਰਾਹ ਪੈ ਜਾਂਦੇ।
ਲੋਕਗੀਤਾਂ ਵਿਚਲੇ ਜ਼ਿਕਰ ਤੋਂ ਪਤਾ ਲਗਦਾ ਹੈ ਕਿ ਕੁਝ ਵੱਡੇ ਘਰਾਂ ਅੰਦਰ ਵੀ ਤਰਬੈਣੀਆਂ ਲੱਗੀਆਂ ਹੁੰਦੀਆਂ ਸਨ;

ਵਿਹੜੇ ਵਿਚ ਤਿਰਬੈਣੀ ਲਾਈ
ਝੜ ਝੜ ਪੈਂਦੇ ਪੱਤੇ ਵੇਖੋ ਨੀ ਮੇਰੀਓ ਹਾਣਦੀਓ
ਮੇਰਾ ਜੇਠ ਪੂਣੀਆਂ ਕੱਤੇ

ਤ੍ਰਿਵੈਣੀ ਜਾਂ ਤਰਬੈਣੀ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਜਿਸ ਵਿਚ 'ਤ੍ਰਿ' ਦਾ ਅਰਥ ਤਿੰਨ ਹੈ ਅਤੇ ਬੈਣੀ ਦਾ ਅਰਥ ਵਣ-ਜੰਗਲ ਤੋਂ ਹੈ।

ਇਲਾਹਾਬਾਦ ਦੇ ਪ੍ਰਯਾਗ ਸਥਾਨ ਤੇ ਤਿੰਨ ਪਵਿੱਤਰ ਨਦੀਆਂ ਗੰਗਾ, ਜਮੁਨਾ ਅਤੇ ਸਰਸਵਤੀ ਦੇ ਸੰਗਮ ਨੂੰ ਵੀ ਤ੍ਰਿਵੈਣੀ ਕਿਹਾ ਜਾਂਦਾ ਹੈ। ਇਹ ਹਿੰਦੂਆਂ ਦਾ ਪਵਿੱਤਰ ਸਥਾਨ ਹੈ। ਇਥੇ ਹਰ ਸਾਲ ਕੁੰਭ ਦਾ ਮੇਲਾ ਵੀ ਲਗਦਾ ਹੈ।