ਨਰੇਂਦਰ ਡਾਬੋਲਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਡਾ. ਨਰੇਂਦਰ ਡਾਬੋਲਕਰ
ਨਰੇਂਦਰ ਡਾਬੋਲਕਰ
ਨਰੇਂਦਰ ਡਾਬੋਲਕਰ
ਆਮ ਜਾਣਕਾਰੀ
ਪੂਰਾ ਨਾਮ ਡਾ. ਨਰੇਂਦਰ ਡਾਬੋਲਕਰ
ਜਨਮ 1 ਨਵੰਬਰ, 1945
ਮੌਤ 20 ਅਗਸਤ 2013

ਪੁਣੇ

ਮੌਤ ਦਾ ਕਾਰਨ ਕਤਲ
ਰਾਸ਼ਟਰੀਅਤਾ ਭਾਰਤੀ
ਪੇਸ਼ਾ ਸਮਾਜ ਨੂੰ ਅੰਧਵਿਸ਼ਵਾਸ ਤੋਂ ਬਾਹਰ ਕੱਢਣਾ
ਪਛਾਣੇ ਕੰਮ ਅੰਧ-ਵਿਸ਼ਵਾਸਾਂ ਵਿਰੋਧੀ ਬਿੱਲ ਸਾਲ 2005 ਵਿੱਚ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਪਾਸ
ਹੋਰ ਜਾਣਕਾਰੀ
ਜੀਵਨ-ਸਾਥੀ(ਆਂ) ਸ਼ੇਲਾ[੧]
ਬੱਚੇ ਮੁਕਤਾ ਅਤੇ ਹਮੀਦ
ਧਰਮ ਇਨਸਾਨੀਅਤ
ਵੈੱਬਸਾਈਟ
antisuperstition.org

'ਡਾ. ਨਰੇਂਦਰ ਡਾਬੋਲਕਰ' ਦਾ ਜਨਮ (1 ਨਵੰਬਰ, 1945-20 ਅਗਸਤ 2013) ਮਹਾਂਰਾਸਟਰ ਵਿਖੇ ਹੋਇਆ। ਮਹਾਰਾਸ਼ਟਰ ਦੇ ਉਘੇ ਤਰਕਸ਼ੀਲ ਆਗੂ ਸਨ। ਉਹ ਅੰਧ ਸ਼ਰਧਾ ਨਿਰਮੂਲਣ ਸਮਿਤੀ ਦੇ ਸੰਸਥਾਪਕ ਅਤੇ ਪ੍ਰਧਾਨ ਸਨ ਅਤੇ ਮਰਾਠੀ ਸਾਹਿਤ ਜਗਤ ਦੀ ਜਾਣੀ ਪਹਿਚਾਣੀ ਸਖ਼ਸੀਅਤ ਸਨ। ਉਹਨਾਂ ਨੇ ਇੱਕ ਦਰਜਨ ਤੋਂ ਵਧ ਕਿਤਾਬਾਂ ਲਿਖੀਆਂ ਹਨ। ਉਹ ਪੇਸ਼ੇ ਵਜੋਂ ਐਮ ਬੀ ਬੀ ਐਸ ਡਾਕਟਰ ਸਨ। ਉਹਨਾਂ ਨੇ ਮਿਰਾਜ ਦੇ ਮੈਡੀਕਲ ਕਾਲਜ[੨] ਤੋਂ ਐੱਮ.ਬੀ. ਬੀ. ਐੱਸ. ਦੀ ਡਿਗਰੀ ਹਾਸਲ ਕੀਤੀ। ਡਾਕਟਰੀ ਦੀ ਨੌਕਰੀ ਕਰਦਿਆਂ ਸਮਾਜਿਕ ਤਾਣੇ-ਬਾਣੇ ਵਿੱਚ ਨਾਬਰਾਬਰੀ ਅਤੇ ਧਰਮ ਦੀ ਆੜ ’ਚ ਲੋਕਾਂ ਦਾ ਕੀਤਾ ਜਾਂਦਾ ਸ਼ੋਸ਼ਣ ਉਸ ਨੂੰ ਬੁਰਾ ਲੱਗਦਾ ਸੀ। ਸਮਾਜਿਕ ਬਰਾਬਰੀ ਲਈ ਉਨ੍ਹਾਂ ਬਾਬਾ ਆਧਵ ਦੇ ‘ਇੱਕ ਪਿੰਡ-ਇੱਕ ਖੂਹ’ ਨਾਂ ਦੇ ਅੰਦੋਲਨ ਤੋਂ ਆਪਣੇ-ਆਪ ਨੂੰ ਸਮਾਜਿਕ ਕੰਮਾਂ ਨਾਲ ਜੋੜਿਆ। ਸੰਨ 1982 ਤੋਂ ਉਨ੍ਹਾਂ ਧਰਮ ਦੇ ਨਾਮ ’ਤੇ ਕੀਤੇ ਜਾਂਦੇ ਅਡੰਬਰਾਂ, ਅਤੇ ਅਖੌਤੀ ਚਮਤਕਾਰਾਂ ਦਾ ਗੋਰਖਧੰਦਾ ਕਰਨ ਵਾਲੇ ਅਖੌਤੀ ਬਾਬਿਆਂ, ਤਾਂਤਰਿਕਾਂ, ਗੈਬੀ ਸ਼ਕਤੀਆਂ ਦੇ ਨਾਮ ਤੇ ਲੋਕਾਂ ਨੂੰ ਲੁੱਟਣ ਵਾਲੇ ਧਰਮ ਗੁਰੂਆਂ ਦੀ ਅਸਲੀਅਤ ਜੱਗ-ਜ਼ਾਹਰ ਕਰਨ ਲਈ ਮੈਦਾਨ ਮੱਲ ਲਿਆ।

ਮੁਢਲਾ ਜੀਵਨ[ਸੋਧੋ]

ਡਾ. ਨਰਿੰਦਰ ਦਾਭੋਲਕਰ ਦਾ ਜਨਮ 1 ਨਵੰਬਰ 1945 ਨੂੰ ਅਚਿਊਤ ਅਤੇ ਤਾਰਾਬਾਈ ਦੇ ਘਰ ਹੋਇਆ। ਉਹ ਦਸ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਅਤੇ ਸਭ ਤੋਂ ਵੱਡਾ ਭਾਈ, ਮਰਹੂਮ ਸਿਖਿਆਸ਼ਾਸਤਰੀ, ਗਾਂਧੀਵਾਦੀ ਅਤੇ ਸਮਾਜਵਾਦੀ ਦੇਵਦੱਤ ਦਾਭੋਲਕਰ ਸਨ।[੩] ਉਨ੍ਹਾਂ ਨੇ ਨਿਊ ਇੰਗਲਿਸ਼ ਸਕੂਲ ਸਤਾਰਾ ਅਤੇ ਵਿਲਿੰਗਟਨ ਕਾਲਜ ਸੰਗਲੀ ਤੋਂ ਪੜ੍ਹਾਈ ਕੀਤੀ ਅਤੇ ਐਮ ਬੀ ਬੀ ਐਸ ਦੀ ਡਿਗਰੀ ਮਿਰਾਜ ਮੈਡੀਕਲ ਕਾਲਜ ਤੋਂ ਕੀਤੀ।[੨] ਸ਼ੈਲਾ ਨਾਲ ਸ਼ਾਦੀ ਤੋਂ ਉਨ੍ਹਾਂ ਦੇ ਮੁਕਤਾ ਅਤੇ ਹਮੀਦ ਦਾਭੋਲਕਰ ਦੋ ਬੱਚੇ ਹਨ।[੧] ਉਹ ਸ਼ਿਵਾਜੀ ਯੂਨੀਵਰਸਿਟੀ ਕਬੱਡੀ ਟੀਮ ਦਾ ਕੈਪਟਨ ਸੀ। ਉਸਨੇ ਇੱਕ ਕਬੱਡੀ ਟੂਰਨਾਮੈਂਟ ਵਿੱਚ ਬੰਗਲਾਦੇਸ਼ ਦੇ ਨਾਲ ਮੈਚ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ। ਉਸਨੇ ਕਬੱਡੀ ਲਈ ਮਹਾਰਾਸ਼ਟਰ ਸਰਕਾਰ ਦਾ ਸ਼ਿਵ ਛਤਰਪਤੀ ਯੁਵਾ ਅਵਾਰਡ ਪ੍ਰਾਪਤ ਕੀਤਾ।[੨][੪]

ਹਫ਼ਤਾਵਾਰੀ ਪੱਤ੍ਰਿਕਾ ਸਾਧਨਾ[ਸੋਧੋ]

ਇਸ ਕਾਰਜ ਦੇ ਨਾਲ-ਨਾਲ ਉਨ੍ਹਾਂ ਵਿਗਿਆਨਕ ਚੇਤਨਾ ਦੇ ਪਸਾਰ ਲਈ ਮਰਾਠੀ ਦੀ ਹਫ਼ਤਾਵਾਰੀ ਪੱਤ੍ਰਿਕਾ ਸਾਧਨਾ ਦੀ ਸੰਪਾਦਨਾ ਵੀ ਸੰਭਾਲੀ। ਇਸ ਸਫ਼ਰ ਦੀ ਸ਼ੁਰੂਆਤ ਤੋਂ ਹੀ ਉਹ ਆਪਣੀ ਮੰਜ਼ਲ ਵੱਲ ਸਾਬਤ ਕਦਮੀਂ ਤੁਰੇ।

ਵਿਚਾਰ[ਸੋਧੋ]

ਜ਼ਿੰਦਗੀ ਦਾ ਉਹ ਰੂਪ ਹੀ ਨਵੀਂਆਂ ਪੈੜਾਂ ਪਾਉਣ ਦੇ ਸਮਰੱਥ ਹੁੰਦਾ ਹੈ ਜਿਸ ਦੇ ਆਦਰਸ਼ ਉੱਚੇ-ਸੁੱਚੇ ਹੋਣ। ਜ਼ਿੰਦਗੀ ਦੇ ਇਸੇ ਸੰਘਰਸ਼ਮਈ ਰੂਪ ਦਾ ਨਾਮ ਸੀ ਡਾ. ਨਰੇਂਦਰ ਡਾਬੋਲਕਰ,[੩] ਜਿਸ ਨੇ ਅਗਿਆਨਤਾ ਦਾ ਹਨੇਰਾ ਮਿਟਾਉਣ ਲਈ ਆਪਣੀ ਜ਼ਿੰਦਗੀ ਦਾਅ ’ਤੇ ਲਗਾ ਦਿੱਤੀ। ਅੰਧਸ਼ਰਧਾ ਨਿਰਮੂਲਨ ਸੰਮਤੀ ਮਹਾਂਰਾਸ਼ਟਰ ਦੇ ਪ੍ਰਧਾਨ ਡਾ. ਡਾਬੋਲਕਰ ਕੇਵਲ ਭਾਰਤ ਦੇ ਹੀ ਨਹੀਂ ਬਲਕਿ ਦੁਨੀਆਂ ਭਰ ਦੀਆਂ ਤਰਕਸ਼ੀਲ, ਮਾਨਵਵਾਦੀ, ਲੋਕ ਹਿੱਤੂ ਜਥੇਬੰਦੀਆਂ ਦਾ ਇੱਕ ਜਾਣਿਆ-ਪਛਾਣਿਆ ਨਾਮ ਸੀ। ਲੋਕਾਈ ਨੂੰ ਅੰਧ-ਵਿਸ਼ਵਾਸਾਂ ਅਤੇ ਅਗਿਆਨਤਾ ਦੇ ਚੱਕਰਵਿਊ ’ਚੋਂ ਕੱਢ ਕੇ ਭਰਮ-ਮੁਕਤ ਸਮਾਜ ਸਿਰਜਣਾ ਉਸ ਦਾ ਅਹਿਦ ਸੀ। ਆਪਣੇ ਇਸੇ ਆਦਰਸ਼ ਦੀ ਪੂਰਤੀ ਹੀ ਉਸ ਦਾ ‘ਸੁੱਖ-ਚੈਨ’ ਸੀ, ਜਿਸ ਲਈ ਉਹ ਦਿਨ-ਰਾਤ ਕਲਮ ਚਲਾਉਂਦਾ, ਤਕਰੀਰਾਂ ਕਰਦਾ, ਬਹਿਸ-ਮੁਬਾਹਸਿਆਂ ’ਚ ਭਾਗ ਲੈਂਦਾ ਤੇ ਚਮਤਕਾਰਾਂ ਦਾ ਦੰਭ ਨੰਗਾ ਕਰਨ ਲਈ ਦੂਰ-ਦੁਰਾਡੇ ਪਿੰਡਾਂ, ਗਲੀਆਂ, ਸ਼ਹਿਰਾਂ ਤੇ ਮਹਾਨਗਰਾਂ ਵਿੱਚ ਲੋਕਾਂ ਦੇ ਰੂ-ਬ-ਰੂ ਹੁੰਦਾ ਰਿਹਾ।

ਅੰਧਸ਼ਰਧਾ ਨਿਰਮੂਲਨ ਸੰਮਤੀ[ਸੋਧੋ]

ਸੰਨ1989 ਵਿੱਚ ਮਹਾਰਾਸ਼ਟਰ ਵਿੱਚ ‘ਅੰਧਸ਼ਰਧਾ ਨਿਰਮੂਲਨ ਸੰਮਤੀ’ ਦੀ ਸਥਾਪਨਾ ਕਰ ਕੇ ਉਨ੍ਹਾਂ ਅੰਧ-ਵਿਸ਼ਵਾਸਾਂ ਤੇ ਅਗਿਆਨਤਾ ਖ਼ਿਲਾਫ਼ ਸੰਘਰਸ਼ ਨੂੰ ਜਨਤਕ ਮੁਹਿੰਮ ਦਾ ਰੂਪ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ‘ਧਰਮ ਦੀ ਆੜ ’ਚ, ਧਰਮ ਦੇ ਨਾਮ ’ਤੇ, ਗ਼ੈਰ- ਵਿਗਿਆਨਕ ਤੇ ਵੇਲਾ ਵਿਹਾ ਚੁੱਕੀਆਂ ਰਸਮਾਂ ਮਨੁੱਖੀ ਜੀਵਨ ਦੀ ਆਜ਼ਾਦੀ ਦੇ ਰਾਹ ’ਚ ਰੋੜਾ ਹਨ। ਇਨ੍ਹਾਂ ਨੂੰ ਹਟਾ ਕੇ ਹੀ ਬਰਾਬਰੀ ਤੇ ਖ਼ੁਸ਼ਹਾਲੀ ਲਿਆਂਦੀ ਜਾ ਸਕਦੀ ਹੈ।’ ਸਮਾਜ ’ਚੋਂ ਛੂਤ-ਛਾਤ ਦੇ ਖ਼ਾਤਮੇ ਲਈ ਉਨ੍ਹਾਂ ਦਲਿਤਾਂ ਦੀ ਬਰਾਬਰੀ ਲਈ ਕੀਤੇ ਜਾਂਦੇ ਸੰਘਰਸ਼ਾਂ ਵਿੱਚ ਵੀ ਭਾਗ ਲਿਆ। ਮਾਨਵਵਾਦੀ ਕਾਰਜਾਂ ਅਤੇ ਤਰਕਸ਼ੀਲ ਸੰਗਠਨਾਂ ਦੀਆਂ ਸਰਗਰਮੀਆਂ ਵਿੱਚ ਡਾ. ਨਰੇਂਦਰ ਡਾਬੋਲਕਰ ਮੋਹਰੀ ਰੋਲ ਨਿਭਾਉਂਦੇ ਸਨ। ਉਨ੍ਹਾਂ ਅਗਿਆਨਤਾ ਖ਼ਿਲਾਫ਼ ਕੀਤੇ ਸੰਘਰਸ਼ ਦੌਰਾਨ 15 ਸਾਲਾਂ ਵਿੱਚ ਲਗਪਗ 10 ਹਜ਼ਾਰ ਅਧਿਆਪਕਾਂ ਨੂੰ ਸਿੱਖਿਅਤ ਕੀਤਾ। ‘ਵਿਗਿਆਨ ਬੋਧ ਵਾਹਿਨੀ’ ਨਾਮ ਦੀ ਇੱਕ ਚੱਲਦੀ-ਫਿਰਦੀ ਪ੍ਰਯੋਗਸ਼ਾਲਾ ਮਹਾਰਾਸ਼ਟਰ ਦੇ ਪਿੰਡਾਂ ’ਚ ਘੁਮਾਈ ਤੇ ਲੋਕਾਂ ਨੂੰ ਕਰਾਮਾਤਾਂ ਪਿੱਛੇ ਕੰਮ ਕਰਦੇ ਵਿਗਿਆਨ ਬਾਰੇ ਦੱਸਿਆ।

ਪੁਸਤਕਾਂ[ਸੋਧੋ]

ਉਹ ਔਰਤਾਂ ਦੀ ਤਰੱਕੀ ਅਤੇ ਬਰਾਬਰੀ ਦੇ ਵੀ ਹਾਮੀ ਸਨ। ਔਰਤਾਂ ਨੂੰ ਸਿੱਖਿਅਤ ਕਰਨ ਲਈ ਕੰਮ ਕਰਦੀ ਸੰਸਥਾ ‘ਪਰਿਵਰਤਨ’ ਵਿੱਚ ਵੀ ਉਨ੍ਹਾਂ ਮੋਹਰੀ ਰੋਲ ਨਿਭਾਇਆ ਤੇ ਵਿਆਹਾਂ ਉਪਰ ਕੀਤੇ ਜਾਂਦੇ ਬੇਲੋੜੇ ਖ਼ਰਚਿਆਂ ਖ਼ਿਲਾਫ਼ ਵੀ ਆਵਾਜ਼ ਉਠਾਈ। ਉਨ੍ਹਾਂ ਮਰਾਠੀ ਵਿੱਚ 12 ਪੁਸਤਕਾਂ ਲਿਖੀਆਂ ਤੇ ਮਰਾਠੀ ਸਾਹਿਤ ਦੇ ਨਾਮਵਰ ਸਾਹਿਤਕਾਰ ਬਣੇ।

ਮਹਾਂਰਾਸ਼ਟਰ ਵਿਧਾਨ ਸਭਾ ਵਿੱਚ ਅੰਧ-ਵਿਸ਼ਵਾਸਾਂ ਵਿਰੋਧੀ ਬਿੱਲ[ਸੋਧੋ]

ਉਨ੍ਹਾਂ ਦੀ ਪਹਿਲਕਦਮੀ ਨਾਲ ਅੰਧ-ਵਿਸ਼ਵਾਸਾਂ ਵਿਰੋਧੀ ਬਿੱਲ ਸਾਲ 2003 ਵਿੱਚ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਪੇਸ਼ ਹੋਇਆ ਸੀ। ਸਾਲ 2005 ਵਿੱਚ ਨਾਮ ਬਦਲ ਕੇ ਨਵਾਂ ਬਿੱਲ ਲਿਆਂਦਾ ਗਿਆ, ਜੋ ਕੁਝ ਤਬਦੀਲੀਆਂ ਤੋਂ ਬਾਅਦ ਪਾਸ ਹੋ ਗਿਆ। ਡਾ. ਨਰੇਂਦਰ ਡਾਬੋਲਕਰ ਧਰਮ ਦੇ ਨਾਮ ’ਤੇ ਭੋਲੇ-ਭਾਲੇ ਲੋਕਾਂ ’ਤੇ ਕੀਤੇ ਜਾਂਦੇ ਤਸ਼ੱਦਦ ਦੇ ਸਖ਼ਤ ਖ਼ਿਲਾਫ਼ ਸਨ।

ਵਿਗਿਆਨਕ ਸੋਚ[ਸੋਧੋ]

ਡਾ. ਨਰੇਂਦਰ ਡਾਬੋਲਕਰ ਵਿਗਿਆਨਕ ਵਿਚਾਰਾਂ ਨੂੰ ਪ੍ਰਣਾਏ ਹੋਏ ਆਗੂ ਸਨ। ਸਮਾਜ ਨੂੰ ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਤੋਂ ਮੁਕਤ ਕਰਨਾ ਉਨ੍ਹਾਂ ਦਾ ਆਦਰਸ਼ ਸੀ। ਵਾਤਾਵਰਨ ਨੂੰ ਬਚਾਉਣ ਲਈ ਉਨ੍ਹਾਂ ਇਹ ਆਖਦਿਆਂ ਮੂਰਤੀ ਵਿਸਰਜਨ ਦਾ ਵਿਰੋਧ ਕੀਤਾ ਕਿ ਪਾਣੀ ਵਿੱਚ ਤਾਰੀਆਂ ਜਾਂਦੀਆਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਉਪਰ ਲੱਗੇ ਰਸਾਇਣਕ ਰੰਗ ਪਾਣੀ ਨੂੰ ਦੂਸ਼ਿਤ ਕਰ ਕੇ ਸਮੁੰਦਰੀ ਜੀਵ-ਜੰਤੂਆਂ ਤੇ ਮਨੁੱਖੀ ਜਾਨਾਂ ਨਾਲ ਖੇਡਦੇ ਹਨ। ਉਹ ਨਿਡਰ ਹੋ ਕੇ ਆਪਣੀ ਗੱਲ ਲੋਕਾਂ ਸਾਹਮਣੇ ਰੱਖਦੇ ਸਨ।

ਮੌਤ[ਸੋਧੋ]

ਉਨ੍ਹਾਂ ਨੂੰ ਸ਼ੁਰੂਆਤੀ ਦੌਰ ਵਿੱਚ ਹੀ ਫ਼ਿਰਕੂ ਸੰਗਠਨਾਂ ਵੱਲੋਂ ਧਮਕੀਆਂ ਮਿਲਣ ਲੱਗ ਗਈਆਂ ਸਨ ਪਰ ਉਨ੍ਹਾਂ ਕਦੇ ਇਨ੍ਹਾਂ ਦੀ ਪਰਵਾਹ ਨਹੀਂ ਸੀ ਕੀਤੀ। ਸਮਾਜ ਵਿੱਚ ਵਿਗਿਆਨਕ ਚੇਤਨਾ ਦੀ ਰੁਸ਼ਨਾਈ ਕਰ ਰਹੇ ਇਸ ਸੁਹਿਰਦ ਆਗੂ ਨੂੰ 20 ਅਗਸਤ 2013 ਨੂੰ ਪੂਨਾ ਵਿਖੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਮਾਰ ਕਰ ਦਿੱਤਾ ਗਿਆ ਸੀ। ਅਗਿਆਨਤਾ ਖ਼ਿਲਾਫ਼ ਚਾਨਣ ਦਾ ਪਸਾਰ ਕਰ ਰਹੇ ਡਾ. ਨਰੇਂਦਰ ਡਾਬੋਲਕਰ ਦੇ ਕਾਤਲ ਬਿਨਾਂ ਸ਼ੱਕ ਓਹੀ ਲੋਕ ਹਨ ਜਿਹੜੇ ਧਰਮ ਦੇ ਬੁਰਕੇ ਹੇਠ ਅੰਧ-ਵਿਸ਼ਵਾਸਾਂ ਤੇ ਅਗਿਆਨਤਾ ਦਾ ਵਪਾਰ ਕਰਦੇ ਹਨ। ਭਾਵੇਂ ਉਨ੍ਹਾਂ ਸਾਡੇ ਕੋਲੋਂ ਡਾ. ਨਰੇਂਦਰ ਡਾਬੋਲਕਰ ਨੂੰ ਸਰੀਰਕ ਰੂਪ ’ਚ ਖੋਹ ਲਿਆ ਹੈ ਪਰ ਉਨ੍ਹਾਂ ਦੇ ਬੋਲ ਅੱਜ ਵੀ ਫ਼ਿਜ਼ਾ ਵਿੱਚ ਹਨ। ਵਿਗਿਆਨਕ ਚੇਤਨਾ ਦੇ ਚਾਨਣ ਦਾ ਛੱਟਾ ਦੇਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।[੪]

ਹਵਾਲੇ[ਸੋਧੋ]

  1. ੧.੦ ੧.੧ Radheshyam Jadhav (21 August 2013). "Doctor who fought to stamp out superstition". Times of India. http://timesofindia.indiatimes.com/india/Doctor-who-fought-to-stamp-out-superstition/articleshow/21945021.cms. 
  2. ੨.੦ ੨.੧ ੨.੨ Shailendra Paranjpe (20 August 2013,). "Narendra Dabholkar: A rationalist to the core". DNA. http://www.dnaindia.com/pune/1877283/report-narendra-dabholkar-a-rationalist-to-the-core. Retrieved on ੨੧ ਅਗਸਤ ੨੦੧੩. 
  3. ੩.੦ ੩.੧ Chinchkar Dilip Kumar (2010-12-19). "तर्कशुद्ध विचारांचा मूर्तिमंत आविष्कार: परिवर्तन चळवळीतील विचारवंत शिक्षक" (in Marathi). Sakal (Mumbai): p. 9. 
  4. ੪.੦ ੪.੧ "Founder:Dr. Narendra Dabholkar". Maharashtra Andhashraddha Nirmoolan Samiti. http://www.antisuperstition.org/index.php?option=com_content&view=article&id=74&Itemid=97. 

ਹੋਰ[ਸੋਧੋ]