ਨਾਥ ਜੋਗੀਆਂ ਦਾ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਸਾਹਿਤ ਦੇ ਇਤਿਹਾਸ ਦੇ ਆਰੰਭਕ ਕਾਲ ਨੂੰ ਨਾਥ ਜੋਗੀਆਂ ਦਾ ਸਮਾਂ ਮੰਨਿਆਂ ਜਾਂਦਾ ਹੈ।ਪੰਜਾਬੀ ਸਾਹਿਤ ਦੇ ਪੂਰਵ ਨਾਨਕ ਕਾਲ ਵਿੱਚ ਨਾਥ-ਸਿੱਧ ਪਰੰਪਰਾ ਇੱਕ ਮਹੰਤਵਪੂਰਨ ਧਾਰਮਕ ਸੰਪ੍ਰਦਾ ਮੰਨੀ ਜਾ ਸਕਦੀ ਹੈ। ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਡਾ. ਮੋਹਨ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਸਥਾਨ ਦਿੱਤਾ। ਸੰਪ੍ਰਦਾਇਕ ਗ੍ਰੰਥਾਂ ਵਿੱਚ ਨਾਥ ਸੰਪ੍ਰਦਾ ਦਾ ਕਈ ਨਾਵਾਂ ਨਾਲ ਉਲੇਖ ਮਿਲਦਾ ਹੈ। ਸਿੱਧ-ਮੱਤ, ਨਾਥ-ਮੱਤ, ਸਿੱਧ-ਮਾਰਗ, ਯੋਗ ਮਾਰਗ, ਯੋਗ ਸੰਪ੍ਰਦਾ, ਅਵਧੂਤ ਮੱਤ ਆਦਿ।1[1] ਪਰੰਤੂ ਇਸ ਸੰਪ੍ਰਦਾ ਦਾ ਪ੍ਰਚੱਲਿਤ ਨਾਂ ਨਾਥ ਸੰਪ੍ਰਦਾ ਰਿਹਾ ਹੈ ਅਤੇ ਇਸਦੇ ਅਨੁਯਾਈ ਲਈ ਪ੍ਰਚਲਿਤ ਨਾਂ ਨਾਥ ਅਤੇ ਸਿੱਧਹੀ ਰਹੇ ਹਨ। ਇਹ ਨਿਰਣਾ ਕਰਨਾ ਜ਼ਰੂਰੀ ਬਣ ਜਾਂਦਾ ਹੈ ਕਿ ਇਸ ਸੰਪ੍ਰਦਾ ਨੂੰ ਕਿਸ ਨਾਮ ਨਾਲ ਸੰਬੋਧਨ ਕੀਤਾ ਜਾਵੇ ਅਤੇ ਪੰਜਾਬੀ ਸਾਹਿਤ ਦੇ ਪੂਰਵ ਨਾਨਕ ਕਾਲ ਵਿੱਚ ਇਸਦੇ ਸਾਹਿਤ ਨੂੰ ਕਿਸ ਸਿਰਲੇਖ ਅਧੀਨ ਰੱਖਿਆ ਜਾਵੇ। ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਆਮ ਕਰਕੇ, ਇਸ ਸੰਪ੍ਰਦਾ ਦੇ ਸਾਹਿਤ ਨੂੰ ਨਾਥ ਜੋਗੀਆਂ ਦੇ ਸਾਹਿਤ ਵਜੋਂ ਸ਼ਾਮਿਲ ਕੀਤਾ ਹੈ।2[2] ਡਾ. ਮੋਹਨ ਸਿੰਘ ਨੇ ਇਸੇ ਹੀ ਦਿਸ਼ਾ ਵਿੱਚ ਖੋਜ ਕਰਦਿਆਂ ਹੋਇਆ ਪੰਜਾਬੀ ਸਾਹਿਤ ਦਾ ਮੁੱਢ ਦਸਵੀਂ ਸਦੀ ਦੇ ਲਾਗੇ ਚਾਗੇ ਹੋਏ ਨਾਥ ਜੋਗੀਆਂ ਦੀ ਬਾਣੀ ਵਿੱਚ ਮੰਨਿਆ ਹੈ। ਇਨ੍ਹਾਂ ਨਾਥ-ਜੋਗੀਆਂ ਦੀ ਭਾਸ਼ਾ ਅਪਭ੍ਰੰਸ਼ ਅਤੇ ਆਧੁਨਿਕ ਭਾਸ਼ਾ ਦੇ ਸੰਧੀਕਾਲ ਦਾ ਪ੍ਰਮਾਣ ਪੇਸ਼ ਕਰਦੀ ਹੈ। ਇਸ ਤੋਂ ਬਿਨਾਂ ਇਹ ਭਾਸ਼ਾ ਪੰਜਾਬ, ਰਾਜਸਥਾਨ, ਉੱਤਰੀ ਭਾਰਤ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦਾ ਮਿਸ਼ਰਣ ਹੈ। ਇਸਦਾ ਮੂਲ ਕਾਰਣ ਇਹ ਹੈ ਕਿ ਨਾਥ ਜੋਗੀ ਰਮਤੇ ਸਾਧੂਆਂ ਵਾਂਗ ਇਸ ਵਿਸ਼ਾਲ ਭਾਸ਼ਾ ਖੇਤਰ ਵਿੱਚ ਵਿਚਰਦੇ ਸਨ, ਜਿਸ ਨਾਲ ਉਹਨਾਂ ਦੀ ਭਾਸ਼ਾ ਦਾ ਸੁਭਾਅ ਬਹੁਭਾਸ਼ੀ ਹੋ ਗਿਆ। ਨਾਥ ਜੋਗੀਆਂ ਦਾ ਸਥਾਨ ਪੰਜਾਬ ਦੀ ਧਰਤੀ ਹੀ ਮੰਨਿਆ ਗਿਆ ਹੈ। ਸਾਰੇ ਨਾਥ ਜੋਗੀਆਂ ਦਾ ਜਨਮ ਪੰਜਾਬ ਦੀ ਧਰਤੀ ਉੱਤੇ ਹੀ ਹੋਇਆ ਸੀ। ਮਿਸਾਲ ਵਜੋਂ ਗੋਰਖ ਨਾਥ ਦਾ ਜਨਮ ਗੋਰਖਪੁਰ ਜਿਲ੍ਹਾ ਰਾਵਲਪਿੰਡੀ ਵਿੱਚ ਹੋਇਆ। ਚਰਪਟ ਨਾਥ ਦਾ ਜਨਮ ਚੰਬੇ ਦੀ ਰਿਆਸਤ ਵਿੱਚ ਹੋਇਆ ਸੀ।3[3]

ਨਾਥ ਸੰਪ੍ਰਦਾ ਦਾ ਅਰਥ[ਸੋਧੋ]

ਸਿੱਧ ਮਾਰਗ ਅਤੇ ਨਾਥ ਮੱਤ ਨੂੰ ਇਕੋਂ ਮੰਨਦਿਆਂ ਹਜ਼ਾਰੀ ਪ੍ਰਸਾਦਿ ਦਿ੍ਵਵੇਦੀ ਨੇ ‘ਨਾ` ਦਾ ਅਰਥ: ਅਨਾਦਿ ਰੂਪ ਅਤੇ ‘ਥ` ਦਾ ਸਪੱਸ਼ਟ ਅਰਥ, ਉਹ ਅਨਾਦਿ ਧਰਮ ਹੈ, ਜੋ ਤ੍ਰੈਲੋਕੀ ਦੀ ਸਥਾਪਤੀ ਦਾ ਕਾਰਨ ਹੈ।4[4] ਇਸ ਦੀ ਹੋਰ ਵਿਆਖਿਆ ਅਨੁਸਾਰ, ਨਾਥ ਸ਼ਬਦ ਦਾ ਅਰਥ ਹੈ ‘ਨਾਥ ਬ੍ਰਹਮ`, ਜਿਹੜਾ ਮੋਕਸ਼ ਦੇਣ ਵਿੱਚ ਪੂਰਨ ਹੈ। ‘ਧ` ਦੇ ਅਰਥ ਅਗਿਆਨਤਾ ਨੂੰ ਰੋਕਣ ਵਾਲਾ ਮੰਨਿਆ ਗਿਆ ਹੈ। ਇਸ ਤਰ੍ਹਾਂ ਬ੍ਰਹਮ ਦੇ ਪ੍ਰਤੱਖ ਦਰਸ਼ਨ ਕਰਨੇ ਅਤੇ ਅਗਿਆਨਤ ਦੂਰ ਕਰਨੀ ਮੰਨੇ ਜਾਂਦੇ ਹਨ।5 [5] ਜੋਗੀਆਂ ਦੇ ਮਹੰਤਾਂ ਦੀ ਉਪਾਧੀ ਨੂੰ ‘ਨਾਥ` ਕਿਹਾ ਜਾਂਦਾ ਹੈ। ‘ਨਾਥ` ਜਾਂ ‘ਨਾਹ` ਭਰਤਾ, ਸਵਾਮੀ ਜਾਂ ਮਾਲਕ ਦੇ ਅਰਥਾਂ ਵਿੱਚ ਆਉਂਦਾ ਹੈ। ‘ਜੋਗ` ਜਾਂ ‘ਯੋਗ` ਪੰਤਜਲਿ ਰਿਸ਼ੀ ਦਾ ਚਿਤ ਨੂੰ ਏਕਾਗਰ ਕਰਨ ਲਈ ਦੱਸਿਆ ਹੋਇਆ ਸਾਧਨ। ਜਿਵੇਂ ‘ਜੋਗ ਪਿਆਨ ਗੁਰੂ ਪਿਆਨ`।6[6] ਇਹ ਜੋਗੀ ਅੱਠਵੀਂ ਸਦੀ ਤੋਂ ਗਿਆਰ੍ਹਵੀਂ ਸਦੀ ਤਕ ਸਾਰੇ ਉੱਤਰ-ਪੱਛਮੀ ਭਾਰਤ ਵਿਚ ਫੈਲੋ ਹੋਏ ਸਨ। ਪੰਜਾਬ ਦੇ ਸਾਹਿਤਕ ਅਤੇ ਸਭਿਆਚਾਰਕ ਜੀਵਨ ਉੱਤੇ ਇਨ੍ਹਾਂ ਜੋਗੀਆਂ ਦਾ ਪ੍ਰਭਾਵ ਸਦੀਆਂ ਤਕ ਦੇਖਿਆ ਜਾ ਸਕਦਾ ਹੈ। ਇਹ ਸਾਰੇ ਆਪਣੇ ਆਪ ਨੂੰ ਆਦਿ ਨਾਥ ਦੇ ਮੱਤ ਦਾ ਉਪਾਸਕ ਦੱਸਦੇ ਹਨ। ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਆਮ ਕਰਕੇ ਇਸ ਸੰਪਰਦਾਇ ਦੇ ਸਾਹਿਤ ਨੂੰ ਜੋਗੀਆਂ ਦੇ ਸਾਹਿਤ ਵਜੋਂ ਸ਼ਾਮਿਲ ਕੀਤਾ ਹੈ। ਲੋਕ ਸਾਹਿਤ, ਕਿੱਸਾ ਕਾਵਿ ਅਤੇ ਗੁਰਬਾਣੀ ਕਾਵਿ ਵਿਚ ਇਨ੍ਹਾਂ ਜੋਗੀਆਂ ਦੇ ਵਾਰ ਵਾਰ ਹਵਾਲੇ ਮਿਲਦੇ ਹਨ। ਜਿਹੜੇ ਪੰਜਾਬ ਨਾਲ ਇਨ੍ਹਾਂ ਦੇ ਨਿਕਟ ਸੰਬੰਧ ਨੂੰ ਦਰਸਾਉਂਦੇ ਹਨ। ਜਪੁ ਜੀ ਸਾਹਿਬ ਜੋ ਗੁਰਬਾਣੀ ਦੀ ਕੁੰਜੀ ਹੈ ਜੋਗ ਮੱਤ ਦਾ ਕਈ ਵਾਰੀ ਜ਼ਿਕਰ ਆਇਆ ਹੈ। ਇਸ ਤਰ੍ਹਾਂ ਦਾ ਨਾਥ ਮੱਤ ਦਾ ਵਿਉਂਤਪੱਤੀ ਮੂਲਕ ਅਰਥ ਇਹ ਹੈ ਕਿ ਉਹ ਅਨਾਦਿ ਧਰਮ ਜਿਹੜਾ ਤਿੰਨ ਲੋਕਾਂ ਦੀ ਸਥਾਪਤੀ ਅਤੇ ਸਥਿਰਤਾ ਦਾ ਕਾਰਨ ਹੈ। ਨਾਥ ਜਾਗੀਆਂ ਦੇ ਤਿੰਨ ਫ਼ਿਰਕੇ ਪ੍ਰਮੁੱਖ ਮੰਨੇ ਗਏ ਹਨ।

  1. ਸਹਿਜਯਾਨੀ ਸਿੱਧ ਧਾਰਾ
  2. ਹਠ ਯੋਗ ਧਾਰਾ ਜਾਂ ਨਾਥ ਸੰਪ੍ਰਦਾਇ
  3. ਵੈਸ਼ਣਵ ਧਾਰਾ

ਡਾ. ਮੋਹਨ ਸਿੰਘ ਨੇ 16 ਨਾਥਾਂ ਦੀ ਸੂਚੀ ਪ੍ਰਸਤੁਤ ਕੀਤੀ ਹੈ।

  1. ਮਛੰਦਰ ਨਾਥ
  2. ਗੋਰਖ ਨਾਥ
  3. ਰਤਨ ਨਾਥ
  4. ਧਰਮ ਦਾਸ
  5. ਬਿਸ਼ਨ ਦਾਸ
  6. ਨਿਰਪਤ
  7. ਗੁਰਦਾਸ
  8. ਯੋਧਾ ਰਾਮ
  9. ਮਥਰਾ ਦਾਸ ਸਿੱਧ ਸਵਾਈ
  10. ਸਾਂਈ ਦਾਸ
  11. ਭਵਾਨੀਦਾਸ
  12. ਲਛਮਣ ਦਾਸ
  13. ਧਰਮ ਦਾਸ
  14. ਪੰਜਾਬ ਦਾਸ
  15. ਗੁਸਾਈਂ ਸਾਂਈਦਾਸ
  16. ਬ੍ਰਹਮ ਦਾਸ

ਨੌਂ ਨਾਥਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਅਵਤਾਰਾਂ ਦੇ ਨਾਮ ਦੀ ਸੂਚੀ ਇਸ ਪ੍ਰਕਾਰ ਹੈ:

  1. ਆਦਿ ਨਾਥ – ਸ਼ਿਵ ਜੀ
  2. ਮਛੰਦਰ ਨਾਥ – ਮਾਇਆ
  3. ਉਦਯ ਨਾਥ – ਪਾਰਬਤੀ
  4. ਸੰਤੋਖ ਨਾਥ – ਵਿਸ਼ਣੂ
  5. ਕੰਬੜ ਨਾਥ – ਗਣੇਸ਼
  6. ਸਤਿ ਨਾਥ – ਬ੍ਰਹਮਾ
  7. ਅਚੰਭਾ ਨਾਥ – ਅਚਲ (ਪਾਰਬਤੀ)
  8. ਚੌਰੰਗੀ ਨਾਥ – ਪੂਰਨ ਭਗਤ
  9. ਗੋਰਖ ਨਾਥ – ਸ਼ਿਵ ਜੀ

ਮੁੱਖ ਨਾਥ ਜੋਗੀ ਕਵੀ[ਸੋਧੋ]

ਮਛੰਦਰ ਨਾਥ[ਸੋਧੋ]

ਨਾਥ ਸੰਪ੍ਰਦਾਇ ਵਾਲੇ ਲੋਕ ਇਸ ਮੱਤ ਦਾ ਮੋਢੀ ਨਾਥ ਜਾਂ ਖ਼ੁਦ ਭਗਵਾਨ ਸ਼ਿਵ ਸ਼ੰਕਰ ਮਹਾਂਦੇਵ ਨੂੰ ਮੰਨਦੇ ਹਨ। ਕੁੱਝ ਵਿਦਵਾਨ ਮਛੰਦਰ ਨਾਥ ਨੂੰ ਹੀ ਆਦਿ ਨਾਥ ਦਾ ਅੰਸ਼ ਅਵਤਾਰ ਮੰਨਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਇਸ ਮਨੁੱਖੀ ਚੋਲ਼ੇ ਵਾਲੇ ਆਦਿ ਨਾਥ ਨੇ ਹੀ ਨਾਥ ਸੰਪ੍ਰਦਾਇ ਦਾ ਪ੍ਰਚਲਣ ਕੀਤਾ। ਇਨ੍ਹਾਂ ਨੂੰ ਮਛੇਂਦ੍ਰ, ਮਛਿੰਦ੍ਰ, ਮੀਨਪਾਦ, ਮਤਸਯੇਂਦ੍ਰ ਨਾਥ ਕਰਕੇ ਵੀ ਜਾਣਿਆ ਜਾਂਦਾ ਹੈ। ਪਰ ਵਧੇਰੇ ਨਾਮ ਮਛੰਦਰ ਨਾਥ ਹੀ ਹੈ। ਇਹ ਨੇਪਾਲ ਵਿਚ ਵਧੇਰੇ ਮੰਨੇ ਜਾਂਦੇ ਹਨ। ਪਰ ਚੂੰਕਿ ਇਹ ਪੰਜਾਬੀ ਦੇ ਪ੍ਰਮੁੱਖ ਕਵੀ ਗੋਰਖ ਨਾਥ ਦੇ ਗੁਰੂ ਮੰਨੇ ਜਾਂਦੇ ਹਨ। ਮਤਸਯੇਂਦ੍ਰ ਨਾਥ ਚੰਦਰਗਿਰੀ ਨਾਮੀ ਥਾਂ ਤੇ ਪੈਦਾ ਹੋਏ ਸਨ। ਜਿਹੜਾ ਕਾਮਰੂਪ ਤੋਂ ਬਹੁਤਾ ਦੂਰ ਨਹੀਂ ਸੀ। ਇਨ੍ਹਾਂ ਦਾ ਸਮਾਂ ਨੌਵੀਂ ਸਦੀ ਮੰਨਿਆ ਜਾ ਸਕਦਾ ਹੈ। ਇਸ ਕਵੀ ਦਾ ਪੰਜਾਬ ਦੀ ਪਹਾੜੀ ਰਿਆਸਤ ਚੰਬਾ ਨਾਲ ਡੂੰਘਾ ਸੰਬੰਧ ਰਿਹਾ ਹੈ। ਮਛੰਦਰ ਨਾਥ ਦੇ ਵਧੇਰੇ ਗ੍ਰੰਥ ਸੰਸਕ੍ਰਿਤ ਭਾਸ਼ਾ ਵਿਚ ਉਪਲਬਧ ਹਨ। ਇਕ ਦੋ ਸ਼ਬਦ ਹੀ ਸਾਧ ਭਾਸ਼ਾ ਵਿਚੋਂ ਪ੍ਰਾਪਤ ਹੁੰਦੇ ਹਨ। ਇਕ ਸ਼ਬਦ ਰਾਗ ਧਨਾਸਰੀ ਵਿਚ ਮਿਲਦਾ ਹੈ।

ਉਦਾਹਰਨ: ਭਖੜਲੀ ਨਾਰੀ ਥਾਰਾ ਨਾਵੇ ਰੀ।। ਮਾਨੈ ਭਾਣੈ ਭਗਵਾਨ ਜੀ ਰੋ ਨਾਵੈ ਮਾਰ੍ਹਾ ਬਾਲਹਾਰੇ।।

ਜਲੰਧਰ ਨਾਥ[ਸੋਧੋ]

ਇਨ੍ਹਾਂ ਨੂੰ ਜਵਾਲੇਂਦ੍ਰ ਨਾਥ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦੇ ਕੁੱਲ ਸੱਤ ਗ੍ਰੰਥ ਮੰਨੇ ਜਾਂਦੇ ਹਨ। ਜਲੰਧਰ ਨਾਥ ਨੂੰ ਮਛੰਦਰ ਦਾ ਸਮਕਾਲੀ, ਗੁਰੂ ਭਾਈ ਅਤੇ ਕੁਝ ਹਲਕਿਆਂ ਵਿੱਚ ਗੁਰੂ ਮੰਨਿਆ ਜਾਂਦਾ ਹੈ। ਇਸ ਨੂੰ ਆਦਿ ਨਾਥ (ਪਹਿਲਾ ਨਾਥ) ਸ਼ਿਵ ਜੀ ਦਾ ਅਵਤਾਰ ਕਿਹਾ ਜਾਂਦਾ ਹੈ। ਇਹਨਾਂ ਦਾ ਸਬੰਧ ਪੰਜਾਬ ਨਾਲ ਦੱਸਿਆ ਜਾਂਦਾ ਹੈ। ਜਲੰਧਰ ਸ਼ਹਿਰ ਇਹਨਾਂ ਦੇ ਨਾਂ ਤੇ ਹੀ ਵੱਸਿਆ ਤੇ ਨਾਮਿਆ ਗਿਆ। “ਜਲੰਧਰ ਨਾਥ ਦਾ ਸਮਾਂ 809 ਈ. ਤੋਂ ਚਾਲੀ ਪੰਜਾਹ ਸਾਲ ਪਹਿਲਾਂ ਦਾ ਮਿਥਿਆ ਜਾ ਸਕਦਾ ਹੈ ਕਿਉਂ ਜੋ ‘ਕਾਨਹਪਾ` ਦਾ ਸਮਾਂ 809-849 ਈ. ਹੈ ਅਤੇ ਜਲੰਧਰ ਉਮ ਤੋਂ ਪਹਿਲਾਂ ਹੋਏ ਹਨ।”1[7] ਹਜ਼ਾਰੀ ਪ੍ਰਸਾਦ ਜੀ ਇਸ ਕਵੀ ਦੇ ਜਨਮ ਦੀ ਚਾਲ ਤਿੰਨ ਨਗਰਾਂ ਜਲੰਧਰ ਦੇ ਜਲੰਧਰ ਪੀਠ, ਹਸਨਾਪੁਰ (ਦਿੱਲੀ) ਅਤੇ ਨਗਰਭੋਗ ਨਾਲ ਜੁੜਿਆ ਮੰਨਦੇ ਹਨ। ਇਸੇ ਤਰ੍ਹਾਂ ਜ਼ਾਤ ਵਜੋਂ ਕੋਈ ਹਾੜੀ ਜਾਂ ਹਲਖੋੱਰ, ਕਈ ਬ੍ਰਾਹਮਣ, ਖੱਤਰੀ ਤੇ ਕੋਈ ਜੁਲਾਹਾ ਮੰਨਦਾ ਹੈ।2[8]

ਰਚਨਾਵਾਂ[ਸੋਧੋ]

ਜਲੰਧਰ ਨਾਥ ਨੇ ਅਪਣੀਆਂ ਰਚਨਾਵਾਂ ਰਾਹੀਂ ਨਾਥ ਸਾਹਿਤ ਵਿੱਚ ਹਿੱਸਾ ਪਾਇਆ। ਉਸਦੀ ਬਹੁਤੀ ਰਚਨਾ ਸੰਸਕ੍ਰਿਤ ਵਿੱਚ ਹੀ ਮਿਲਦੀ ਹਨ, ਜਿਸ ਨੂੰ ਸੱਧੁਕੜੀ ਜਾਂ ਅਪਭ੍ਰੰਸ਼ ਦੇ ਨੇੜੇ ਦੀ ਕਿਹਾ ਜਾ ਸਕਦਾ ਹੈ। “ਜਲੰਧਰ ਨਾਥ ਦੀ ਲਿਖੀ ਇੱਕ ਸ਼ਬਦੀ ਸ੍ਰੀ ਨਰੇਦ੍ਰ ਧੀਰ ਨੇ ਲੱਭੀ ਹੈ ਜੋ ਕਿ ਜਲੰਧਰ ਨਾਥ ਦੀ ਪ੍ਰਮੁੱਖ ਰਚਨਾ ਹੈ।”3[9] ਜਲੰਧਰ ਨਾਥ ਦੀ ਰਚਨਾ ਵਿੱਚ ਗੁਰਮਤ ਸ਼ਬਦਾਵਾਲੀ ਅਤੇ ਰਾਜਸਥਾਨੀ ਸ਼ਬਦਾਵਾਲੀ ਦਾ ਪ੍ਰਭਾਵ ਪ੍ਰਤੱਖ ਤੌਰ ਤੇ ਦਿਖਾਈ ਦਿੰਦਾ ਹੈ ਜਿਸ ਤੋਂ ਪੰਜਾਬੀ ਭਾਸ਼ਾ ਦਾ ਪ੍ਰਭਾਵ ਵੀ ਝਲਕਦਾ ਹੈ। ਜਿਵੇਂ-

ਭੂਖਤਾਨੀ ਲਾਗੀ ਥਾਰਾ ਨਾਂਵ ਨੀ। ਮਨ੍ਹੇ ਭਾਵੇ ਭਗਵਤ ਜੀ ਰੋ ਨਾਂਵ ਮ੍ਹਾਰਾ ...............4[10] ਜਲੰਧਰ ਨਾਥ ਦੀ ਸ਼ਾਬਦੀ ਤੋਂ ਉਹਨਾਂ ਦੀ ਭਾਸ਼ਾ ਰਚਨਾਵਾਂ ਦੇ ਵਿਸ਼ਿਆ ਬਾਰੇ ਪਤਾ ਚੱਲਦਾ ਹੈ ਉਹਨਾਂ ਦੀ ਸ਼ਬਦੀ ਦਾ ਹਵਾਲਾ ਇਸ ਪ੍ਰਕਾਰ ਹੈ।

“ਅਬ ਜਲੰਧਰ ਨਾਥ ਜੀ ਕੀ ਸ਼ਬਦੀ ਸੁਨਿ ਮੰਡਾਲ ਮੇਂ ਮਨ ਕਾ ਬਾਸਾ ਜਹਾ ਪ੍ਰੇਮ ਜੋਤ ਪ੍ਰਕਾਸਾ ਆਪੈ ਪੂਛੇ ਆਪੈ ਕਹੈ, ਸਤਿਗੁਰੂ ਮਿਨੈ ਤੇ ਪ੍ਰੇਮਪਦ ਲਹੈ। ਐਨ ਅਚੰਭਾ ਐਸਾ ਹੁਣਾ, ਗਾਗਰ ਮਾਹਿ ਉਸਾ ਸਿਆ ਕੂਣਾ ਵੇ ਛੀਨੇਸ ਪੰਚ ਨਾਂਹੀ, ਲੋਕ ਪਿਆਸਾ ਮਰਿ ਮਰਿ ਜਾਹੀ॥5[11] ਆਸਾ ਪਾਸਾ ਦੂਰਿ ਕਰਿ, ਪਸਤੰਤੀ ਨਿਵਾਰਿ ਸਪਧ ਸਾਧਨ ਨੂੰ ਸੰਗਿ ਕਰ, ਕੈ ਗੁਰਮੁੱਖ ਗਿਆਨਿ ਵਿਚਾਰਿ।5 “ਇੰਵ 12 ਅੰਕਾਂ ਤਕ ਪੂਰੀ ਸ਼ਬਦੀ ਹੈ ਤੇ ਅੰਤ ਵਿੱਚ ‘ਇਤਿ ਜਲੰਧਰ ਪਾਦ ਜੀ ਕੀ ਸ਼ਬਦੀ`। ਜਲੰਧਰ ਨਾਥ ਦੇ ਦਾਰਸ਼ਨਿਕ ਸਿਧਾਤਾਂ ਬਾਰੇ ਸਾਨੂੰ ਉਹਨਾਂ ਦੇ ਸ਼ਿਸ਼ਾਂ ਦੇ 57 ਗ੍ਰੰਥਾਂ ਤੋਂ ਪਤਾ ਚੱਲਦਾ ਹੈ। ਇਹਨਾਂ ਸਿਧਾਤਾਂ ਦੀ ਵਿਆਖਿਆ ਸੰਸਕ੍ਰਿਤ ਹੈ ਪਰ ਕਿਤੇ ਕਿਤੇ ਦੇਸੀ ਭਾਖਾ ਦਾ ਵੀ ਤੱਤ ਮੌਜੂਦ ਹੈ।”6[12] ਜਲੰਧਰ ਨਾਥ ਦੀ ਰਚਨਾ ਦੀ ਭਾਸ਼ਾ ਅਨੇਕਾਂ ਵਿਸ਼ਿਆਂ ਦੀ ਸਮੇਲਤਾ ਹੈ ਅਤੇ ਇਹ ਸੰਸਕ੍ਰਿਤ, ਰਾਜਸਥਾਨੀ, ਹਿੰਦੀ, ਪੰਜਾਬੀ ਦਾ ਮਿਲਗੋਭਾ ਹੈ। ਇਸ ਪ੍ਰਕਾਰ ਕਿਹਾ ਜਾ ਸਕਾਦ ਹੈ ਕਿ ਗੋਰਖ ਨਾਥ, ਮਛੰਦਰ ਨਾਥ ਦੀ ਤਰ੍ਹਾਂ, ਜਲੰਧਰ ਨਾਥ ਨੇ ਵੀ ਨਾਥ ਸਾਹਿਤ ਵਿੱਚ ਅਪਣੀਆਂ ਰਚਨਾਵਾਂ ਰਾਹੀਂ ਯੋਗਦਨ ਦੇ ਕੇ ਇਸ ਨੂੰ ਵਿਲੱਖਣਤਾ ਦੇ ਮਾਰਗ ਤੇ ਤੋਰਿਆ ਹੈ ਜਿਸ ਦੀ ਪ੍ਰਤੱਖ ਝਲਕ ਅਸੀਂ ਨਾਥ ਸਾਹਿਤ ਦੀ ਮਹੱਤਤਾ ਅਤੇ ਮਹਾਨਤਾ ਤੋਂ ਦੇਖ ਸਕਦੇ ਹਾਂ ਜੋ ਕਿ ਆਦਿ ਕਾਲ ਦੇ ਸਾਹਿਤ ਦਾ ਮੁੱਢ ਮੰਨਿਆ ਜਾਂਦਾ ਹੈ।

ਗੋਰਖਨਾਥ[ਸੋਧੋ]

ਪੰਜਾਬੀ ਸਾਹਿਤ ਦਾ ਆਰੰਭ ਨਾਥ-ਜੋਗੀਆਂ ਦੀਆਂ ਰਚਨਾਵਾਂ ਨਾਲ ਮੰਨਿਆ ਜਾਂਦਾ ਹੈ। ਨਾਥ-ਜੋਗੀਆਂ ਦਾ ਉਹ ਸਮਾਂ ਹੈ ਜਦੋਂ ਅਪ੍ਰਭੰਸ਼ਾਂ ਤੋਂ ਆਧੁਨਿਕ ਭਾਰਤੀ ਭਾਸ਼ਾਵਾਂ ਵਿਕਸਿਤ ਹੋ ਰਹੀਆਂ ਸਨ। ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਵਿਦਵਾਨਾਂ ਵੱਲੋਂ ਨਾਥ-ਜੋਗੀਆਂ ਅਤੇ ਇਹਨਾਂ ਦੇ ਸਾਹਿਤ ਦਾ ਸਮਾਂ 11 ਵੀਂ ਸਦੀ ਤੇ 14 ਵੀਂ ਸਦੀ ਦੇ ਵਿਚਾਲੇ ਦਾ ਨਿਸ਼ਚਿਤ ਕੀਤਾ ਜਾਂਦਾ ਹੈ। ਨਾਥ ਮੱਤ ਦੇ ਗ੍ਰੰਥਾਂ ਵਿੱਚ ‘ਆਦਿ ਨਾਥ-ਸ਼ਿਵ` ਨੂੰ ਇਸ ਮੱਤ ਦੇ ਸੰਸਥਾਪਕ ਮੰਨਿਆ ਗਿਆ ਹੈ। ਗੋਰਖਨਾਥ ਅਤੇ ਇਹਨਾਂ ਦੇ ਗੁਰੂ ਮਛੰਦਰ ਨਾਥ ਇਸ ਮੱਤ ਦੇ ਦੋ ਵੱਡੇ ਪ੍ਰਚਾਰਕ ਮੰਨੇ ਜਾਂਦੇ ਹਨ। “ਗੋਰਖ ਨਾਥ ਨੂੰ ਚੌਰਾਸੀ ਸਿਧਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਗੋਰਖ ਨਾਥ ਨੇ ਸਿਧ-ਪੰਥ ਦੇ ਸੁਧਾਰ ਹਿਤ ਆਪਣਾ ਮਾਰਗ ਅੱਡਰਾ ਕਰ ਲਿਆ। ਸਿਧ ਭਾਰਤ ਦੇ ਪੂਰਬੀ ਹਿੱਸੇ ਵਿੱਚ ਰਹਿੰਦੇ ਸਨ, ਪਰ ਗੋਰਖਨਾਥ ਨੇ ਆਪਣੇ ਪੰਥ ਦਾ ਪ੍ਰਚਾਰ ਰਾਜਪੂਤਾਨੇ ਅਤੇ ਪੰਜਾਬ ਵਿੱਚ ਆ ਕੇ ਕੀਤਾ।”1[13] ਉਪਰੋਕਤ ਵਿਚਾਰਾਂ ਤੋਂ ਇਹ ਅੰਦਾਜ਼ਾ ਲੱਗਾ ਸਕਦੇ ਹਾਂ ਕਿ ਸਿਧ-ਮਤ ਤੋਂ ਹੀ ਨਾਥ ਮੱਤ ਦਾ ਨਿਕਾਸ ਹੋਇਆ ਜਿਸਦੇ ਮੋਢੀ ਗੋਰਖਨਾਥ ਹੋਏ ਹਨ ਅਤੇ ਇਹਨਾਂ ਤੋਂ ਅੱਗੇ ਇਸ ਮੱਤ ਦੇ ਬਾਕੀ ਜੋਗੀਆਂ ਚੌਰੰਗੀ ਨਾਥ, ਚਰਪਟ ਨਾਥ, ਰਤਨ ਨਾਥ, ਗੋਧੀ ਚੰਦ ਆਦਿ ਜੋਗੀ ਕਵੀਆਂ ਨੇ ਇਸ ਮੱਤ ਦਾ ਹੋਰ ਵਧੇਰੇ ਵਿਕਾਸ ਕੀਤਾ।

ਜੀਵਨ[ਸੋਧੋ]

ਗੋਰਖਨਾਥ ਨਾਥ-ਮੱਤ ਦੇ ਆਦਿ ਪ੍ਰਵਰਤਕ ਹੋਏ ਹਨ ਜਿੰਨ੍ਹਾ ਦੇ ਜੀਵਨ ਸਬੰਧੀ ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅੱਜ ਤੱਕ ਅਨੇਕ ਦੰਦ ਕਥਾਵਾਂ, ਕਲਪਨਿਕ ਧਾਰਨਾਵਾਂ, ਪਰੰਪਰਾਵਾਂ, ਗਾਥਾਵਾਂ ਆਦਿ ਪ੍ਰਚਲਿਤ ਹਨ। ਪਰ ਇਹਨਾਂ ਧਾਰਨਾਵਾਂ ਤੋਂ ਸ਼ਪੱਸ਼ਟ ਹੋ ਜਾਂਦਾ ਹੈ ਕਿ ਗੋਰਖ ਨਾਥ ਮੰਨੇ-ਪ੍ਰਮਨੇ ਅਤੇ ਤੈ੍ਰ-ਕਾਲ ਜੋਗੀ ਸਨ। ਇਹਨਾਂ ਦੇ ਜਨਮ ਸਬੰਧੀ ਕਈ ਕਹਾਣੀਆਂ ਜੁੜੀਆਂ ਹੋਈਆਂ ਹਨ। ਨਾਥ ਮੱਤ ਜੋਗੀਆਂ ਦੀ ਧਾਰਨਾ ਇਹ ਹੈ ਕਿ ਗੋਰਖਨਾਥ ਸ੍ਰਿਸ਼ਟੀ ਦੀ ਉੱਤਪਤੀ ਤੋਂ ਪਹਿਲਾਂ ਪਾਤਾਲ ਵਿੱਚ ਆਪਣੀ ਧੂਣੀ ਨਾਲ ਸਮਾਧੀ ਵਿੱਚ ਲੀਨ ਸਨ। ਕਈ ਵਿਦਵਾਨਾਂ ਨੇ ਇਹਨਾ ਨਾਲ ਦੈਵੀ ਉੱਤਪਤੀ ਤੇ ਗੋਬਰ ਦੇ ਢੇਰ ਤੋਂ ਜਨਮ ਧਾਰਨ ਕਰਨ ਦੀਆਂ ਧਾਰਨਾਵਾਂ ਪ੍ਰਚਲਿਤ ਕੀਤੀਆਂ ਹਨ। “ਰਾਹੁਲ ਸਾਕਰਤਾਂਇਨ ਅਨੁਸਾਰ ਇਹਨਾਂ ਦਾ ਜਨਮ 809 ਈ. ਤੋਂ 949 ਈ. ਹੈ।”2[14] ਪਰ ‘ਡਾ. ਮੋਹਨ ਸਿੰਘ ਦੀਵਾਨਾ ਇਨ੍ਹਾਂ ਦਾ ਸਮਾਂ 940 ਈ. ਤੋਂ 1040 ਈ. ਦੇ ਦਰਮਿਆਨ ਨਿਸ਼ਚਿਤ ਕਰਦੇ ਹਨ।`3[15] ਇਹਨਾਂ ਵਿਦਵਾਨਾਂ ਦੁਆਰਾ ਨਿਸ਼ਚਿਤ ਕੀਤੇ ਗਏ ਸਮੇਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੋਰਖਨਾਥ ਦਾ ਜਨਮ ਨੌਂਵੀ ਸਦੀ ਦੇ ਆਖੀਰ ਤੇ ਦਸਵੀਂ ਸਦੀ ਦੇ ਆਰੰਭ ਵਿੱਚ ਹੋਇਆ। ਵਿਦਵਾਨਾਂ ਨੇ ਗੋਰਖਨਾਥ ਦਾ ਜਨਮ ਸਥਾਨ ਗੋਰਖਪੁਰ ਵਿੱਚ ਹੋਇਆ ਦੱਸਿਆ ਹੈ। ਇਹ ਪਿੰਡ ਤਹਿਸੀਲ ਗੁਜਰਥਾਨ (ਰਾਵਲਪਿੰਡੀ) ਵਿੱਚ ਸਥਿਤ ਹੈ। ਰਾਵਲ ਵੀ ਜੋਗੀਆਂ ਦੀ ਇੱਕ ਸੰਪਰਦਾਇ ਹੈ। ਇਹ ਸ਼ਿਰੋਮਣੀ ਕੰਨ ਪਟਾ ਨਾਥ ਜੋਗੀ ਸੀ। ਇਹਨਾਂ ਦਾ ਨਿਵਾਸ ਸਥਾਨ ਸਾਰਾ ਸੰਸਾਰ ਸੀ। “ਗੋਰਖ ਨਾਥ ਦੇ ਜਨਮ ਅਤੇ ਜਨਮ ਅਸਥਾਨ ਵਾਂਗ ਵਿਦਵਾਨਾਂ ਵਿੱਚ ਉਨ੍ਹਾਂ ਦੀ ਕੁੱਲ-ਪਰੰਪਰਾ ਬਾਰੇ ਵੀ ਅਨੇਕਾਂ ਵਾਦ-ਵਿਵਾਦ ਹਨ। ਕੁਝ ਉਸਨੂੰ ਸੁਨਿਆਰਾ, ਰਾਵਾਲਾ, ਜੁਲਾਹਾ, ਸ਼ੈਵ ਅਨੁਆਈ ਅਤੇ ਬ੍ਰਾਹਮਣ ਕੁਲ ਨਾਲ ਸੰਬੰਧਿਤ ਕਰਦੇ ਹਨ।”4[16] ਅਸੀਂ ਇਹਨਾਂ ਵਿਚਾਰਾਂ ਤੋਂ ਇਸ ਸਿੱਟੇ ਤੇ ਪਹੁੰਚ ਸਕਦੇ ਹਾਂ ਕਿ ਗੋਰਖਨਾਥ ਦਾ ਜਨਮ ਕਿਸੇ ਨੀਵੇਂ ਘਰਾਨੇ ਵਿੱਚ ਹੀ ਹੋਇਆ ਹੈ। ਇਹਨਾਂ (ਗੋਰਖਨਾਥ) ਦੀਆਂ ਕਵਿਤਾ ਵਿੱਚ ਆਈਆਂ ਕੁਝ ਟੂਕਾਂ ਇਹਨਾਂ ਦੇ ਸੁਨਿਆਰ ਹੋਣ ਬਾਰੇ ਵੀ ਭੁਲੇਖਾ ਪਾਉਂਦੀਆਂ ਹਨ-

“ਸੋਨਾ ਲਿਊਂ ਰਸ ਸੋਨਾ ਲਿਊਂ ਮੇਰੀ ਜਾਤੀ ਸੁਨਾਰੀ ਰੇ।”

ਗੋਰਖ ਨਾਥ ਦੇ ਜੀਵਨ ਵਿੱਚ ਇੱਕ ਬਹੁ-ਪ੍ਰਚਲਿਤ ਰਵਾਇਤ ਵਿੱਚ ਬਣੀ ਹੋਈ ਹੈ ਕਿ ਇਹ ਆਪਣੇ ਗੁਰੂ ਮਛੰਦਰ ਨਾਥ ਨੂੰ ਜਿੰਨਾਂ ਨਾਲ ਕਈ ਭੇਟਾਂ ਸਿੰਗਲਾਦੀਪ, ਨੈਪਾਲ ਅਤੇ ਬੰਗਾਲ ਵਿੱਚ ਵਾਪਰਦੀਆਂ ਸਨ ਤੇ ਇਹ ਉਨਾਂ ਨੂੰ ਤ੍ਰਿਆਜਾਲ ਵਿਚੋਂ ਕੱਢ ਕੇ ਲੈ ਆਉਂਦੇ ਸਨ। ਗੋਰਖਨਾਥ ਦੀ ਮਿਰਤੂ ਸੰਬੰਧੀ ਕੋਈ ਪ੍ਰਮਾਣਿਕ ਤੱਥ ਮੌਜੂਦ ਨਹੀਂ ਹੈ। ਇਹਨਾਂ ਦੇ ਜੀਵਨ ਸੰਬੰਧੀ ਜੋ ਵੀ ਕਥਾਵਾਂ ਮਿਲਦੀਆਂ ਹਨ ਉਹ ਇਹ ਹੀ ਸਿੱਟਾ ਕੱਢਦੀਆਂ ਹਨ ਕਿ ਇਹਨਾਂ ਨੇ ਸੰਜਮੀ ਜੀਵਨ ਕਰਕੇ ਲੰਮੀ ਉਮਰ ਭੋਗੀ ਹੋਵੇਗੀ ਤੇ ਇਹਨਾਂ ਦਾ ਸਰੀਰ ਮਹਾਰਾਸ਼ਟਰ ਵਿੱਚ ਸ਼ਾਤ ਹੋਇਆ।

ਰਚਨਾਵਾਂ[ਸੋਧੋ]

ਗੋਰਖਨਾਥ ਦੇ ਨਾਂ ਨਾਲ ਅਨੇਕਾਂ ਹਿੰਦੀ ਅਤੇ ਸਸੰਕ੍ਰਿਤ ਰਚਨਾਵਾਂ ਨੂੰ ਜੋੜਿਆ ਜਾਂਦਾ ਹੈ। ਸੰਸਕ੍ਰਿਤ ਰਚਨਾਵਾਂ ਦੀ ਦ੍ਰਿਸ਼ਟੀ ਤੋਂ ਅਮਰੌਧ, ਸ਼ਾਸਨਮ, ਅਵਦੂਤ ਗੀਤਾ, ਗੋਰਖਸ਼ ਗੀਤਾ, ਗੋਰਖਸ ਸ਼ਤਕ, ਗਿਆਨ ਵ੍ਰਤ, ਗੋਰਖਸ਼ ਕਲੱਪ, ਚਤੁਰ ਸ਼ੀਤਾਸਨ, ਮਹਾਂਰਖ ਮੰਜਰੀ, ਸਿੱਧ ਸਿਧਾਂਤ ਪੱਧਤੀ, ਗੋਰਖਸ਼ ਪ੍ਰਿਸ਼ਟਿਕਾ ਅਤੇ ਯੋਗ ਬੀਜ ਆਦਿ ਰਚਨਾਵਾਂ ਨੂੰ ਵਧੇਰੇ ਮਹੱਤਵਪੂਰਨ ਅਤੇ ਪ੍ਰਮਾਣਿਕ ਮੰਨਿਆ ਗਿਆ ਹੈ। “ਡਾ. ਬੜਥਵਾਲ ਨੇ ਅਨੇਕਾਂ ਹੱਥ ਲਿਖਤ ਖਰੜਿਆਂ ਦੀ ਜਾਂਚ ਕਰ ਕੇ ਸ਼ਬਦੀ, ਪਦ, ਸਿੱਖਿਆ ਦਰਸ਼ਨ, ਪ੍ਰਾਣ ਸੰਗਲੀ, ਨਰਣੈ ਬੋਧ, ਆਤਮ ਬੋਧ, ਅਤੇ ਮਤ੍ਰਾ ਜੋਗ, ਪੰਦਰਾਂ ਤਿਥੀ, ਮਛੰਦਰ-ਗੋਰਖ ਬੋਧ, ਰੋਸਾਵਲੀ, ਸਿਆਨ ਤਿਲਕ, ਪੰਚਤਾ, ਗਿਆਨ ਚੌਤੀਸ਼ਾ ਅਤੇ ਗੋਰਖ ਗਣੇਸ਼ ਗੋਸ਼ਟੀ ਨੂੰ ਵਧੇਰੇ ਪੁਰਾਣੀਆਂ, ਮਹੱਤਵਪੂਰਨ ਅਤੇ ਪ੍ਰਮਾਣਿਕ ਮੰਨਿਆ ਹੈ ਕਿਉਂਕਿ ਇਨਾਂ ਦਾ ਉਲੇਖ ਸਭ ਖਰੜਿਆਂ ਵਿੱਚ ਹੋਇਆ ਹੈ।”5[17] ਪਰ ਇਹਨਾਂ ਸਬੰਧੀ ਵੀ ਵਿਦਵਾਨਾਂ ਵਿੱਚ ਬਹੁਤ ਸਾਰੇ ਮਤਭੇਦ ਹਨ ਕਿਉਂਕਿ ਇਹ ਹੱਥ ਲਿਖਤ ਖਰੜੇ ਬਹੁਤ ਪ੍ਰਾਚੀਨ ਹੋਣ ਕਰਕੇ ਇਹਨਾਂ ਸਬੰਧੀ ਪੂਰੀ ਜਾਣਕਾਰੀ ਨਹੀਂ ਮਿਲਦੀ। ਇਸ ਤੋਂ ਇਲਾਵਾਂ ਗੋਰਖਨਾਥ ਦੀ ਬਾਣੀ ਤਿੰਨ ਪ੍ਰਕਾਰ ਦੀ ਮੰਨੀ ਜਾਂਦੀ ਹੈ:- ਸਲੋਕ ਜਾਂ ਸਾਖੀਆਂ, ਪਦ ਜਾਂ ਸ਼ਬਦ ਰਾਗਾਂ ਵਿੱਚ, ਤੀਜੀ ਪ੍ਰਕਾਰ ਦੀ ਰਚਨਾ ਹੇਠਾਂ ਸਪਤਵਾਰ, ਪੰਚਰਹ ਤਿਥੀ, ਗਿਆਨ ਚੌਤਸੀ ਅਤੇ ਨੌਂ ਗਰੈਹ ਹਨ।

ਰਚਨਾਵਾਂ ਦੇ ਮੁੱਖ ਵਿਸ਼ੇ[ਸੋਧੋ]

ਗੋਰਖਨਾਥ ਨੇ ਘੋਰ ਤਪੱਸਿਆ ਕੀਤੀ ਅਤੇ ਯੋਗ-ਪੰਥ ਨੂੰ ਸਿਖਰ ਤੇ ਪਹੁੰਚਾਿੲਆ। ਉਹਨਾਂ ਦੇ ਸਮੇਂਲੋਕ ਜਾਤ-ਪਾਤ ਦੇ ਬੰਧਨਾਂ ਵਿੱਚ ਬੱਝੇ ਹੋਏ ਹਨ। ਸਮਾਜ, ਸੁਧਾਰ ਦੀ ਮੰਗ ਕਰ ਰਿਹਾ ਸੀ ਅਤੇ ਜੋਗੀ ਆਚਰਨਹੀਣ ਹੋ ਗਏ ਸਨ। ਉਹਨਾਂ ਨੇ ਇਹਨਾਂ ਸਮਾਜਿਕ ਬੁਰਾਈਆਂ ਨੂੰ ਵੀ ਆਪਣੀਆਂ ਰਚਨਾਵਾਂ ਵਿੱਚ ਵਿਸ਼ੇ ਦੇ ਪੱਖ ਤੋਂ ਲਿਆ। ਗੋਰਖਨਾਥ ਨੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਸਫ਼ਲ ਯਤਨ ਕੀਤੇ। ਕਈ ਰਾਜੇ-ਮਹਾਰਜੇ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ। ਇਹਨਾਂ ਨੇ ਜਾਤ-ਪਾਤ ਦੇ ਬੰਧਨਾਂ ਨੂੰ ਦੂਰ ਕਰਨ ਲਈ ਸਭ ਲੋਕਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ। ਜੋਗੀਆਂ ਨੂੰ ਸਿਧੇ ਰਾਹ ਪੈਣ ਅਤੇ ਉਹਨਾਂ ਨੂੰ ਆਪਣਾ ਜਤ-ਮਤ, ਕਾਇਮ ਰੱਖਣ ਅਤੇ ਸਿਮਰਨ ਦਾ ਉਪਦੇਸ਼ ਆਪਣੀ ਬਾਣੀ ਵਿੱਚ ਦਿੱਤਾ।

ਉਦਾਹਰਣ :- “ਖਦੇ ਝਰੇ, ਸਲੂਣੈ ਖਰੇ ਮੀਠੇ ਉਪਜੈ ਰੋਗ, ਕਹੇ ਗੋਰਖ ਸੁਣਹੁ ਸਿੱਧੋ ਅੰਨ ਪਾਣੀ ਜੋਗ।”

ਗੋਰਖਨਾਥ ਨੇ ਹੱਸਣ, ਖੇਡਣ ਅਤੇ ਮਸਤੀ ਵਿੱਚ ਰਹਿਣ ਲਈ ਅਤੇ ਕਾਮ ਕੋ੍ਰਧ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ। ਕਿਉਕਿ ਇਹਨਾ ਨਾਲ ਮਨ ਡੋਲਦਾ ਨਹੀਂ ਦ੍ਰਿੜ ਰਹਿੰਦਾ ਹੈ। ਇਹ ਉਪਦੇਸ਼ ਉਹਨਾਂ ਦੇ ਅਧਿਆਤਮਿਕ ਵਿਸ਼ਿਆਂ ਨੂੰ ਪੇਸ਼ ਕਰਨ ਵਿੱਚ ਸਹਾਈ ਹੁੰਦੇ ਹਨ।

“ਹਸਿਆ ਖੇਲਿਆ ਰਹਿਆ ਰੰਗ। ਕਾਮ ਕੋ੍ਰਧ ਨ ਕਰਿਆ ਸੰਗ। ਹਸਿਆ ਖੇਲਿਆ ਗਾਇਆ ਗੀਤ। ਦ੍ਰਿੜ ਕਰਿ ਰਾਖਿ ਅਪਨਾਚੀਤ।”

ਗੋਰਖਨਾਥ ਦੀ ਬਾਣੀ ਵਿੱਚ ਧਾਰਮਿਕ ਸਥਿਤੀ ਨੂੰ ਵੀ ਵਿਸ਼ੇ ਦੇ ਪੱਖ ਤੋਂ ਪੇਸ਼ ਕੀਤਾ ਗਿਆ ਹੈ। ਉਹਨਾਂ ਨੇ ਆਪਣੇ ਸਮੇਂ ਦੇ ਜੋਗੀ-ਕਾਪੜੀ, ਸੰਨਿਆਸੀ, ਜੰਗਮ, ਸਾਧੂ, ਜੈਲੀ, ਬ੍ਰਾਹਮਣ ਅਤੇ ਮੁਸਲਮਾਨਾਂ ਦੀਆਂ ਧਰਮਿਕ ਧਰਨਾਵਾਂ ਨੂੰ ਪੇਸ਼ ਕੀਤਾ ਹੈ। ਉਸ ਸਮੇਂ ਜੈਨੀ ਮੱਤ ਆਪਣੇ ਮੂਲ ਸਿਧਾਂਤਾ ਨੂੰ ਭੁੱਲ ਚੁੱਕਾ ਸੀਉਸ ਬਾਰੇ ਲਿਖਦੇ ਹਨ-

“ਚੌਦੀਸੀਆਨੈ ਪੂਨਸੀਆਂ, ਜੈਨੀ ਬ੍ਰਤਪਾਰੀ ਹੁਣਾ। ਅਕਾੰਤ ਕਾ ਤਿਨ ਧਾਰਨਾ ਪਾਯੋ, ਕੇਸ ਲੌਚਿ ਲੌਚਿ ਮੁਣਾ।”

ਕਲਾ-ਪੱਖ[ਸੋਧੋ]

ਜਦੋਂ ਕਵੀ ਮਨ ਵਿੱਚ ਆਏ ਵਿਚਾਰਾਂ ਨੂੰ ਸ਼ਬਦ ਰੂਪ ਦਿੰਦਾ ਹੈ ਤਾਂ ਉਹ ਕਈ ਕਾਵਿ-ਵਿਧੀਆਂ ਨੂੰ ਅਪਣਾਉਂਦਾ ਹੈ। ਗੋਰਖਨਾਥ ਦੀ ਬਾਣੀ ਦੀਆਂ ਕਾਵਿ-ਵਿਧੀਆਂ ਇਸ ਪ੍ਰਕਾਰ ਹਨ-

ਰਸ[ਸੋਧੋ]

ਭਾਰਤੀ ਆਲੋਚਨਾ ਪ੍ਰਣਾਲੀ ਵਿੱਚ ਰਸ ਦੀ ਬਹੁਤ ਮਹੱਹਤਾ ਹੈ। ਗੋਰਖ ਦੀ ਬਾਣੀ ਵਿੱਚ ਵਧੇਰੇ ਸ਼ਾਤ ਰਸ ਦੀ ਪ੍ਰਧਾਨਤਾ ਹੈ। ਕਿਉਂਕਿ ਅਧਿਆਤਮਿਕ ਵਿਚਾਰਾਂ ਨੂੰ ਇਸ ਭਾਵ ਵਿੱਚ ਪ੍ਰਗਟ ਕੀਤਾ ਜਾਂਦਾ ਹੈ।:- “ਤੁਝਿ ਪਰਿ ਬਾਰੀ ਹੋ ਅਣਘੜੀਆ ਦੇਵਾ।

ਘੜੀ ਮੂਰਤਿ ਕੂੰ ਸਬ ਕੋਈ ਸੇਵੈ। ਤਾਂਹਿ ਨ ਜਾਂਣੈ ਭੇਵਾ।”

ਅਲੰਕਾਰ[ਸੋਧੋ]

ਅਲੰਕਾਰ ਨੂੰ ਕਵਿਤਾ ਦੀ ਸ਼ੋਭਾ ਵਧਾਉਣ ਵਾਲਾ ਤੱਤ ਮੰਨਿਆ ਜਾਂਦਾ ਹੈ। “ਗੋਰਖਨਾਥ ਨੇ ਅਲੰਕਾਰਾਂ ਨੂੰ ਕਾਵਿ ਦੀ ਸ਼ੋਭਾ ਵਾਸਤੇ ਨਹੀਂ ਵਰਤਿਆ ਉਨਾ ਨੇ ਉਨ੍ਹਾਂ ਨੂੰ ਗੰਭੀਰ ਆਸ਼ਿਆ ਤੇ ਰੱਬੀ ਰਹੱਸਾਂ ਦੀ ਉਤ ਕ੍ਰਿਸ਼ਟਾਂ ਤੇ ਸਾਰ ਵਸਤੂ ਨਾਲ ਪਰਿਪੂਰਣ ਵਰਤੇ ਹਨ।”6[18] ਪਰ ਅਸੀ ਕੋਈ ਵੀ ਰਚਨਾ ਅਲੰਕਾਰ ਤੋਂ ਬਿੰਨ੍ਹਾਂ ਨਹੀਂ ਹੋ ਸਕਦੀ। ਇਸ ਕਰਕੇ ਗੋਰਖਨਾਥ ਦੀ ਬਾਣੀ ਵਿੱਚ ਅਲੰਕਾਰ ਵਰਤੇ ਗਏ ਹਨ ਜੋ ਉਸ ਦੀ ਰਚਨਾ ਵਧੇਰੇ ਦੇ ਵਿਚਾਰਾਂ ਨੂੰ ਵਧੇਰੇ ਸਪੱਸ਼ਟ ਕਰਦੇ ਹਨ। ਉਦਾਹਰਨ ਲਈ ਰੂਪਕ ਅਲੰਕਾਰ:-

“ਚੰਦਾ ਗੋਦਾ ਦੀਨਾਂ ਕਰਿਲੈ, ਸੂਗ ਕਰਿਲੈ ਬਾਟੀ। ਮੂੰਨੀ ਰਾਜਾ ਲੂਗਾ ਧੋਵੈ, ਗੰਗਾ ਜਮਨ ਘਾਟੀ।”

ਇੱਥੇ ਗੋਰਖਨਾਥ ਨੇ ਚੰਦ ਦੇ ਸੂਰਜ ਦੇ ਉਪਮਾਨ ਨੂੰ ਗੰਗਾ ਤੇ ਜਮੁਨਾ ਨਾਲ ਸੰਬੰਧ ਕਰਕੇ ਰੂਪਕ ਅਲੰਕਾਰ ਦਾ ਪ੍ਰਭਾਵਸ਼ਾਲੀ ਚਿੱਤਰ ਪੇਸ਼ ਕੀਤਾ। ਰੂਪਕ ਅਲੰਕਾਰ ਤੋਂ ਬਿੰਨਾਂ ਹੋਰ ਅਲੰਕਾਰਾਂ ਦੀਆਂ ਉਦਾਹਰਨਾਂ ਵੀ ਸਾਨੂੰ ਗੋਰਖਬਾਣੀ ਵਿੱਚੋਂ ਮਿਲਾਦੀ ਹਨ।

ਛੰਦ-ਵਿਧਾਨ[ਸੋਧੋ]

ਛੰਦ ਕਵਿਤਾ ਦਾ ਜ਼ਰੂਰੀ ਤੱਤ ਹੈ। ਛੰਦਾਂ ਦੀ ਦ੍ਰਿਸ਼ਟੀ ਗੋਰਖਨਾਥ ਦੀ ਬਾਣੀ ਪੂਰੀ ਸਪੱਸ਼ਟ ਨਹੀਂ ਜਾਪਦੀ। ਕਿਉਂਕਿ ਗੋਰਖਨਾਥ ਨੇ “ਗੋਰਖਬਾਣੀ” ਦੀ ਰਚਨਾ ਕਵਿਤਾ ਲਿਖਣ ਦੇ ਉਦੇਸ਼ ਨਾਲ ਨਹੀਂ ਕੀਤੀ ਸੀ ਉਹੀ ਸਿਰਫ਼ ਆਪਣੇ ਵਿਚਾਰਾਂ ਨੂੰ ਸਧਾਰਨ ਲੋਕਾਂ ਤੱਕ ਪਹੁੰਚਣਾ ਚਾਹੁੰਦੇ ਸਨ। ਫਿਰ ਵੀ “ਗੋਰਖਬਾਣੀ” ਵਿੱਚ ਮਾਤਰਾ ਵਾਲੇ ਛੰਦਾ ਦਾ ਪ੍ਰਯੋਗ ਹੋਇਆ ਹੈ। ਉਦਾਹਰਣ ਲਈ- “ਕੋਈ ਬਾਦੀ ਕੋਈ ਬਿਬਾਦੀ ਜੋਗੀ ਕੌਂ ਬਾਦ ਨਾ ਕਰਨਾ। ਅਠਮਠਿ ਤੀਰਕ ਸਮੰਦਿ ਸਮਾਣੈ ਯੂੰ ਜੋਗੀ ਕੌਂ ਗੁਰਮੁਖਿ ਜਰਣਾ।”

ਪ੍ਰਤੀਕ[ਸੋਧੋ]

ਗੋਰਖਬਾਣੀ ਵਿੱਚ ਬਹੁਤ ਸਾਰੇ ਪ੍ਰਤੀਕ ਮਿਲਦੇ ਹਨ। ਗੋਰਖਨਾਥ ਨੇ ਸੰਕੇਤਿਕ ਪ੍ਰਤੀਕ, ਪਰੀਭਾਸ਼ਿਕ ਪ੍ਰਤੀਕ, ਸੰਖਿਆ ਮੂਲਕ ਪ੍ਰਤੀਕ ਤੇ ਸਦਾਰਚਕ ਪ੍ਰਤੀਕ ਦੀ ਵਰਤੋਂ ਕੀਤੀ ਗਈ ਹੈ।

ਕਾਵਿ ਰੂਪ[ਸੋਧੋ]

ਗੋਰਖਬਾਣੀ ਵਿੱਚ ਸਾਖੀ, ਪਦ, ਤਿੱਥੀ, ਅਤੇ ਵਾਰ ਕਾਵਿ ਰੂਪਾ ਦਾ ਵਿਰਨਣ ਮਿਲਦਾ ਹੈ। ਇਸ ਤੋਂ ਇਲਾਵਾਂ ਸਪਤਵਾਰ, ਥਿਤੀ ਤੇ ਅਸ਼ਟਪਦੀ ਕਾਵਿ ਰੂਪਾਂ ਵਿੱਚ ਵੀ ਗੋਰਖਨਾਥ ਨੇ ਬਾਣੀ ਰਚੀ। ਅਸ਼ਟਪਦੀ ਕਾਵਿ ਰੂਪ:

“ਆਦਿ ਨਾਥ ਨਾਤੀ ਮਛੰਦ੍ਰਿ ਨਾਥ ਪੂਤਾ। ਖਟਪਦੀ ਭਣੀਂ ਲੈ ਗੋਰਖ ਅਵਪੂਤਾ।”

ਭਾਸ਼ਾ[ਸੋਧੋ]

ਜੇਕਰ ਗੋਰਖਨਾਥ ਦੀ ਬਾਣੀ ਵਿਚਲੀ ਭਾਸ਼ਾ ਬਾਰੇ ਵਿਚਾਰ ਕਰੀਏ ਤਾਂ ਇਹਨਾਂ ਦੀ ਬਾਣੀ ਵਿੱਚ ਗੁਜਰਾਤੀ ਨੀਂ, ਮਰਾਠੀ ਚਾ, ਰਾਜਸਥਾਨੀ ਅਤੇ ਪੰਜਾਬੀ ਭਾਸ਼ਾ ਦੇ ਅੰਸ਼ ਮਿਲਦੇ ਹਨ। ਸੰਸਕ੍ਰਿਤ ਦੇ ਤਤਸਮ ਅਤੇ ਹਿੰਦੀ ਦੇ ਤਦਭਵ ਸ਼ਬਦ ਉਹਨਾਂ ਦੀਆਂ ਰਚਨਾਵਾਂ ਵਿੱਚ ਮਿਲਦੇ ਹਨ। ਅਰਬੀ-ਫਾਰਸੀ ਦੀ ਸ਼ਬਦਾਵਲੀ ਵੀ ਉਹਨਾਂ ਦੀਆਂ ਰਚਨਾਵਾਂ ਵਿੱਚ ਵਰਤੀ ਗਈ ਹੈ ਜਿਵੇਂ- ਮਹਲ, ਕਾਜ਼ੀ, ਖਬਰ, ਕੁਰਾਣ, ਪਾਤਿਸਾਹ, ਪੈਗੰਬਰ ਆਦਿ। ਗੋਰਖ ਬਾਣੀ ਵਿੱਚ ਅਨੇਕਾਂ ਅਖਾਣ ਅਤੇ ਮੁਹਾਵਰੇ ਵਰਤੇ ਗਏ ਹਨ ਜੋ ਕਿ ਆਮਲੋਕਾਂ ਦੀ ਜ਼ਬਾਨ ਦਾ ਆਪ-ਮੁਹਾਰੇ ਹਿੱਸਾ ਬਣ ਗਏ-

- ਕਾਚੈ ਭਾਂਡੈ ਰਹੇ ਨ ਪਾਣੀ । - ਰਿਜਕ ਰੋਜੀ ਸਦਾ ਹਜੂਰ। - ਮਨ ਕਾਹੂ ਕੈਨ ਆਵੈ ਹਾਥਿ।

ਕਿਤੇ-ਕਿਤੇ ਵਿਅੰਗ ਭਰੀ ਸ਼ੈਲੀ ਵੀ ਵਰਤੀ ਗਈ ਹੈ। ਜਿਵੇਂ ਜੋਗੀ ਦੇ ਪਾਖੰਡ ਨੂੰ ਪੇਸ਼ ਕਰਦੇ ਕਹਿੰਦੇ ਹਨ-

“ਜੋ ਘਰ ਬਾਰ ਕਹਾਵੈ ਜੋਗੀ ਘਰ ਵਾਸੀ ਕੋ ਕਹੈ ਜੋ ਭੋਗੀ ਗੋਰਖ ਆਖੈ ਮੂਰਖ ਸੋਈ।”

ਸੋ ਉਪਰੋਕਤ ਵਿਚਾਰਾਂ ਤੋਂ ਬਾਅਦ ਇਹ ਕਹਿ ਸਕਦੇ ਹਾਂ ਕਿ ਗੋਰਖ ਨਾਥ ਦੀ ਭਾਰਤੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ ਜਿੰਨਾ ਵਿਚੋਂ ‘ਗੋਰਖਬਾਣੀ` ਹੈ। ਜਿਸਨੇ ਹੋਰ ਸਾਹਿਤ ਰੂਪਾਂ ਨੂੰ ਵੀ ਪ੍ਰਭਾਵਿਤ ਕੀਤਾ ਤੇ ਅੱਜ ਅਧੁਨਿਕ ਪੰਜਾਬੀ ਕਵੀ ਵੀ ਇਹਨਾਂ ਦੀ ਬਾਣੀ ਦੀ ਵਿਚਾਰਧਾਰਾ ਨੂੰ ਗ੍ਰਹਿਣ ਰਹੇ ਹਨ। ਜਿਵੇਂ ਧਨੀ ਰਾਮ ਚਾਤ੍ਰਿਕ ਜੋਗ-ਮੱਤ ਅਧੀਨ ‘ਭਰਥਰੀ ਹਰੀ` ਦੀ ਰਚਨਾ ਕੀਤੀ। ਪ੍ਰੋ. ਪੂਰਨ ਸਿੰਘ ਨੇ “ਪੂਰਨ ਨਾਥ ਜੋਗੀ” ਦੇ ਕਿੱਸੇ ਨੂੰ ਕਵਿਤਾ ਦੇ ਰੂਪ ਵਿੱਚ ਕਲਮਬੰ ਕੀਤਾ। ਇਸ ਪ੍ਰਕਾਰ ਗੋਰਖਨਾਥ ਆਪਣੀ ਅਜਿਹੀ ਅਮਿੱਟ ਛਾਪ ਪੰਜਾਬੀ ਸਾਹਿਤ ਵਿੱਚ ਛੱਡ ਗਿਆ ਜੋ ਕਦੇ ਵੀ ਨਜ਼ਰੋ ਉਹਾਲੇ ਨਹੀਂ ਕੀਤੀ ਜਾ ਸਕਦੀ।

ਚਰਪਟ ਨਾਥ[ਸੋਧੋ]

ਚਰਪਟ ਨਾਥ ‘ਪਾਖੰਡੀ’ ਸੰਪ੍ਰਦਾਇ ਦਾ ਜੋਗੀ ਸੀ। ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ।

ਸੋ ਪਾਖੰਡਾਂ ਜਿ ਕਾਇਆ ਪਖਾਲੇ।।

ਕਾਇਆ ਕੂ ਅਗਨ ਬ੍ਰਹਮ ਪਰਜਾਲੇ।।

ਸੁਪਨੇ ਬਿੰਦ ਨਾ ਦੇਈ ਝਰਨਾ

ਤਿਸੁ ਪਖੰਡੀ ਜਰਾ ਨਾ ਮਰਨਾ।।

ਬੋਲੈ ਚਰਪਟ ਸਤਿ ਸਰੂਪੁ

ਪਰਮ ਤੰਤ ਮੈਹਿ ਰੇਖ ਨਾ ਰੂਪ।।

ਡਾ. ਮੋਹਨ ਸਿੰਘ ਦਾ ਵਿਚਾਰ ਹੈ ਕਿ ਈਸ਼ਰ ਨਾਥ ਦਾ ਦੂਜਾ ਨਾਮ ਚਰਪਟ ਨਾਥ ਸੀ।

ਇਕ ਲਾਲ ਪਟਾ ਇਕ ਸੇਤ ਪਟਾ।।

ਇਕ ਤਿਲਕ ਜਨੇਊ ਲੰਮਕ ਜਟਾ।।

ਜਬ ਨਹੀਂ ਉਲਟੀ ਪ੍ਰਾਣ ਘਟਾ।।

ਚਰਪਟੁ ਬੋਲੈ ਸਭ ਪੇਇ ਨਟਾ।।

ਚਰਪਟ ਭੇਖ ਤੇ ਜੋਗੀਆਂ ਅਤੇ ਭੋਗ ਬਿਲਾਸੀਆਂ ਦੀ ਸਖ਼ਤ ਆਲੋਚਨਾ ਕਰਦੇ ਹਨ। ਚਰਪਟ ਦੇ ਵਿਚਾਰ ਪੰਜਾਬੀ ਵਿਚ ਪ੍ਰਚੱਲਿਤ ਬਹੁਤ ਸਾਰੇ ਅਖਾਣਾਂ, ਮੁਹਾਵਰਿਆਂ ਅਤੇ ਗਾਉਣਾਂ ਵਿਚ ਮੌਜੂਦ ਹਨ। ‘ਰਾਹੁਲ ਸੰਕਰਤਾਇਨ ਅਨੁਸਾਰ ਚਰਪਟ ਨਾਥ ਗੋਰਖ ਨਾਥ ਦੇ ਸਿੱਖ ਸਨ ਅਤੇ ਇਹਨਾਂ ਦਾ ਜੀਵਨ ਕਾਾਲ ਗਿਆਰਵੀਂ ਸਦੀ ਈਸਵੀ ਹੋਣ ਦਾ ਅਨੁਮਾਨ ਲਗਾਇਆ ਜਾਂਦਾ ਹੈ। ਵੱਖ-ਵੱਖ ਵਿਦਵਾਨ ਖੋਜੀਆਂ ਨੇ ਚਰਪਟ ਨਾਥ ਦੀ ਰਚਨਾ ‘ਸਬਦੀਆਂ’ (ਸ਼ਬਦ) ਅਤੇ ਸ਼ਲੋਕਾਂ ਦੇ ਰੂਪ ਵਿੱਚ ਮੰਨੀ ਹੈ। ਕਈ ਲੇਖਕ ਚਰਪਟ ਨਾਥ ਨੂੰ ਗੋਰਖ ਦਾ ਗੁਰੂ ਭਾਈ ਤੇ ਕਈ ਉਹਨਾਂ ਨੂੰ ਬਾਲ ਨਾਥ ਦਾ ਚੇਲਾ ਕਹਿੰਦੇ ਹਨ। ਬਾਲ ਨਾਥ ਵੀ ਗੋਰਖ ਨਾਥ ਦਾ ਚੇਲਾ ਸੀ। ਡਾ. ਮੋਹਨ ਸਿੰਘ ਚਰਪਟ ਨਾਥ ਦਾ ਜੀਵਨ ਸਮਾਂ 890 ਈਸਵੀ ਤੋਂ 990 ਈਸਵੀ ਦੇ ਦਰਮਿਆਨ ਦਾ ਦੱਸਦੇ ਹਨ। ਹਿਮਾਚਲ ਪ੍ਰਦੇਸ਼ ਦੀ ਚੰਬਾ ਰਿਆਸਤ ਦੀ ਰਾਜ ਵੰਸਾਵਲੀ ਵਿੱਚ ਚਰਪਟ ਨਾਥ ਦਾ ਵਰਣਨ ਰਾਜ ਗੁਰੂ ਦੇ ਤੌਰ ਤੇ ਮਿਲਦਾ ਹੈ। ਚੰਬੇ ਦੇ ਇਸ ਸਮਕਾਲੀ ਰਾਜੇ ਦਾ ਨਾਮ ਸਾਹਿਲ ਵਰਮਾ ਸੀ, ਜਿਸਨੇ ਚਰਪਟ ਨੂੰ ਨਾ ਕੇਵਲ ਗੁਰੂ ਹੀ ਪਾਰਿਆ ਸਗੋਂ ਉਸ ਨੇ ਨਾਥ ਸੰਪਰਦਾਇ ਦੀ ਸਿਮਰਤੀ ਨੂੰ ਕਾਇਮ ਰੱਖਣ ਲਈ ਤਾਂਬੇ ਦਾ ਇੱਕ ਸਿੱਕਾ ਵੀ ਚਲਾਇਆ, ਜਿਸ ਦੇ ਇੱਕ ਪਾਸੇ ਪਾਟੇ ਹੋਏ ਕੰਨ ਦੀ ਮੂਰਤ ਬਣੀ ਹੋਈ ਹੈ। ਇਹ ਚੰਬੇ ਦਾ ਪ੍ਰਦੇਸ਼ ਪੰਜਾਬ ਦਾ ਹੀ ਭਾਸ਼ਕ ਅੰਗ ਰਿਹਾ ਹੈ।’1[19]

‘ਇਸ ਤੱਥ ਦੀ ਰੋਸ਼ਨੀ ਵਿੱਚ ਇਹ ਕੋਈ ਅਲੋਕਾਰ ਗੱਲ ਨਹੀਂ ਕਿ ਚਰਪਟ ਦੀ ਰਚਨਾ ਵਿੱਚ ਪੰਜਾਬੀ ਰੰਗ ਬਹੁਤ ਅਧਿੱਕ ਹੈ। ਅਰਬੀ-ਫਾਰਸੀ ਸ਼ਬਦਾਵਲੀ ਵੀ ਭਦਭਵ ਰੂਪ ਵਿੱਚ ਵਰਤੀ ਗਈ ਹੈ। ਉਸ ਨੇ ਆਪਣੀ ਕਵਿਤਾ ਵਿੱਚ ਗੋਰਖ ਮਤ ਦੀ ਵਿਆਖਿਆ ਕੀਤੀ  ਉਸਨੇ ਆਪਣੀ ਕਵਿਤਾ ਵਿੱਚ ਗੋਰਖ ਮਤ ਦੀ ਵਿਆਖਿਆ ਕੀਤੀ ਹੈ। ਸਾਧਾਂ ਦੇ ਭੇਖ ਨੂੰ ਭੰਡਿਆ ਹੈ। ਉਸ ਦਾ ਮਤ ਹੈ ਕਿ ਆਤਮਾ ਦਾ ਜੋਗੀ ਹੀ ਅਸਲ ਜੋਗੀ ਹੈ[20]-


‘‘ਭੇਖ ਕਾ ਜੋਗੀ ਮੈਂ ਨਾ ਕਹਾਊ। ਆਤਮਾ ਕਾ ਜੋਗੀ ਚਰਪਟ ਨਾਊਂ।’’

ਚਰਪਟ ਨਾਥ ਨੇ ਜੋਗੀਆਂ ਦੇ ਗਿਰੇ ਹੋਏ ਆਚਰਨ ਨੂੰ ਟੋਕਾਂ ਲਾ-ਲਾ ਕੇ ਨੰਗਾ ਕੀਤਾ ਅਤੇ ਉਨ੍ਹਾਂ ਦੇ ਦੰਭ ਦਾ ਪਾਜ ਉਘਾੜਿਆ ਹੈ।

‘‘ਦਿਹੈ ਭਿਖਿਆ, ਰਾਤੀਂ ਰਸ ਭੋਗ। ਚਰਪਟ ਕਹੈ, ਗਵਾਇਆ ਜੋਗ।’’

‘ਡਾਕਟਰ ਮੋਹਨ ਸਿੰਘ ਅਤੇ ਹੋਰ ਵਿਦਵਾਨਾਂ ਨੇ ਇਸ ਕਵੀ ਦੀ ਰਚਨਾ ਦੇ ਕੁਝ ਹਵਾਲੇ ਦਿੱਤੇ ਹਨ, ਜਿਨ੍ਹਾਂ ਦੇ ਕੁਝ ਅੰਸ ਨਿਮਨ ਅੰਕਿਤ ਹਨ:

‘‘ਤਟਿ ਤੀਰਥ ਬ੍ਰਾਹਮਣਿ ਕੇ ਕਰਿਮਾ। ਪੁੰਨੁਦਾਨ ਖੜੀ ਕੇ ਧਰਿਮਾਸ ਬਣਿਜ ਬਿਉਪਾਰੁ ਬੈਸਨੋ ਕੇ ਕਰਿਮਾ। ਸੇਵਾ ਭਾਉ ਸੂਦ੍ਰ ਕੇ ਧਰਿਮਾ ਚਾਰੋ ਵਰਨਿ ਇਹੁ ਚਾਰੋ ਕਰਿਮਾ। ਚਰਪਟ ਪ੍ਰਣਿਵੈ ਸੁਣਿਹੋ ਸਿੱਧੋ ਮਨੁ ਵਸਿ ਕੀਏ ਜੋਗੀ ਕੇ ਧਰਿਮਾ’’।

ਚਰਪਟ ਨਾਥ ਅਨੁਸਾਰ ਜਦੋਂ ਤੱਕ ਮਨੁੱਖ ਦੇ ਮਨ ਦਾ ਪਹਿਰਾਵਾ ਅਰਥਾਤ ਉਸ ਦੇ ਮਨ ਦੀ ਮੈਲ ਦੂਰ ਨਹੀਂ ਹੁੰਦੀ ਉਦੋਂ ਤੱਕ ਭਗਤੀ ਕਰਨ ਦੇ ਸਭ ਯਤਨ ਵਿਅਰਥ ਹਨ। ਗਿਆਨਹੀਣ ਜੋਗੀਆਂ, ਸਾਧੂ, ਸੰਤਾਂ ਦੁਆਰਾ ਅਪਣਾਏ ਗਏ ਵੱਖ-ਵੱਖ ਅਰਥਹੀਣ ਭੇਖਾਂ ਤੇ ਹਾਸੋਹੀਣੇ ਰੂਪਾਂ ਦਾ ਉਹ ਗੋਰਖ ਨਾਥ ਵਾਂਗ ਹੀ ਜ਼ੋਰਦਾਰ ਖੰਡਨ ਕਰਦਾ ਹੋਇਆ ਪ੍ਰਭਾਵਸ਼ਾਲੀ ਵਿਅੰਗ ਕਸਦਾ ਹੈ: ‘‘ਇਕ ਲਾਲ ਪਟਾ, ਇੱਕ ਸੇਤ ਪਟਾ ਇੱਕ ਤਿਲਕ ਜਨੇਊ ਲਮਕ ਜਟਾ ਜਬ ਨਹੀਂ ਉਲਟੀ ਪ੍ਰਾਣ ਘਟਾ ਤਬ ਚਰਪਟ ਭੂਲੇ ਸਭ ਪੇਟ ਨਟਾ ਜਬ ਆਵੇਗੀ ਕਾਲ ਘਟਾ ਤਬ ਛੋੜ ਜਾਏਂਗੇ ਲਟਾ ਪਟਾ।’’

‘‘ਚਰਪਟ ਨਾਥ ਪਹਿਲਾ ਮੱਧ ਕਾਲੀਨ ਦੰਭ ਬਿਦਾਰੂ ਹੋਇਆ ਹੈ। ਉਸ ਨੇ ਨਿਧੜਕ ਤੇ ਨਿਝੱਕ ਹੋ ਕੇ ਗਿਰਹੀ ਤੇ ਉਦਾਸੀ, ਜੋਗੀ ਤੇ ਸੰਨਿਆਸੀ ਦੀ ਮਾਨਸਿਕ ਦਸ਼ਾ ਨੂੰ ਨੰਗਾ ਕੀਤਾ ਤੇ ਚੋਭ ਤੇ ਚੋਭ ਲਾਈ ਹੈ।’[21]’ ਉਹ ਇਸ ਸੰਸਾਰ ਨੂੰ ਕੰਡਿਆਂ ਦੀ ਵਾੜੀ ਕਹਿੰਦਾ ਹੈ, ਜਿੱਥੇ ਸੁਖੀ ਰਹਿਣ ਦੀ ਜਾਂਚ ਉਸ ਨੇ ਇਹਨਾਂ ਸ਼ਬਦਾਂ ਵਿੱਚ ਦੱਸੀ ਹੈ:


ਫੋਕਟੁ ਆਏ ਫੋਕਟ ਜਾਈ। ਫੋਕਟ ਬੋਲੇ ਫੋਕਟ ਥਾਈਂ ਫੋਕਟੁ ਬੈਠਾ ਕਹੇ ਬਿਵਾਦ। ਚਰਿਪੁਟੁ ਕਹੇ ਇਹਿ ਸਭ ਉਪਾਧਿ।।

‘ਚਰਪਟ ਨਾਥ ਨੇ ਜਨ-ਸਾਧਾਰਨ ਨੂੰ ਪਾਖੰਡਾਂ ਤੋਂ ਬਚਾਉਣ ਅਤੇ ਰਲ, ਸ਼ੁੱਧ ਸਾਧਨਾ ਮਾਰਗ ਤੇ ਚਲਾਉਣ ਲਈ ਆਪਣੇ ਵਿਚਾਰਾਂ ਨੂੰ ਬੜੀ ਠੇਠ, ਸਰਲ ਤੇ ਸਾਦੀ ਭਾਸ਼ਾ ਸ਼ੈਲੀ ਵਿੱਚ ਪੇਸ਼ ਕੀਤਾ ਹੈ। ਚਰਪਟ ਨਾਲ ਗੋਰਖ ਨਾਥ ਨਾਲੋਂ ਪੰਜਾਬੀ ਦੇ ਜਿਆਦਾ ਨੇੜੇ ਹੋਣ ਕਰਕੇ ਉਸਦੀ ਬੋਲੀ ਵਧੇਰੇ ਠੇਠ ਤੇ ਬਹਿਰ ਵੰਨ ਸੁਵੰਨਾ ਹੈ। ਉਸ ਦੇ ਕਈ ਕਥਨ ਤਾਂ ਲੋਕ ਮੁਹਾਵਰੇ ਵਜੋਂ ਵੀ ਪ੍ਰੱਚਲਿੱਤ ਹਨ। ਉਸ ਨੂੰ ਹਾਸ-ਰਸ ਕਾਵਿ ਧਾਰਾ ਦਾ ਮੋਢੀ ਵੀ ਕਿਹਾ ਜਾ ਸਕਦਾ ਹੈ। ਉਸ ਦੀ ਸ਼ੈਲੀ ਰੋਚਿਕ, ਦਿਲ ਲੂੰ ਛੂਹਣ ਵਾਲੀ ਤੇ ਵਿਅੰਗ ਭਰਪੂਰ ਹੈ। ਕੁਝ ਕੁ ਪੰਕਤੀਆਂ ਵਿੱਚ ਹੀ ਕਿਸੇ ਸਥਿੱਤੀ ਦਾ ਸੰਜੀਵ ਬਿੰਬ ਪੇਸ਼ ਕਰ ਦੇਣਾ, ਉਸ ਦੀ ਸ਼ੈਲੀ ਦਾ ਪ੍ਰਮੁੱਖ ਗੁਣ ਹੈ। ਚਰਪਟ ਦਾ ਵਿਅੰਗ ਅਤੇ ਆਲੋਚਨਾ ਕਿਤੇ ਕਿਤੇ ਗੋਰਖ ਨਾਥ ਨਾਲੋਂ ਵੀ ਜਿਆਦਾ ਤਿੱਖੀ ਅਤੇ ਚੋਭਵੀਂ ਹੈ। ਪੱਕਾ ਜਤੀ ਸਤੀ ਹੋਣ ਕਰਕੇ ਉਸ ਨੇ ਨਾਥ-ਜੋਗੀਆਂ ਵਿੱਚ ਆ ਰਹੀਆਂ ਗਿਰਾਵਟਾਂ ਤੇ ਬੁਰਾਈਆਂ ਵੱਲ ਵੀ ਬੜੀ ਨਿਡਰਤਾ ਨਾਲ ਸਪਸ਼ਟ, ਖਰੇ ਤੇ ਸ਼ਖਤ ਸੰਕੇਤ ਕੀਤੇ ਹਨ। ਇਸੇ ਕਰਕੇ ਡਾ. ਮੋਹਣ ਸਿੰਘ ਦੀਵਾਨਾਂ ਨੇ ਚਰਪਟ ਨਾਥ ਨੂੰ ਪਹਿਲਾ ਮੱਧ-ਕਾਲੀਨ ਦੰਭ-ਬਿਦਾਰੂ ਕਿਹਾ ਹੈ।’[22]

ਸਮੁੱਚੇ ਤੌਰ ਤੇ ਨਾਥ ਸਾਹਿਤ ਨੂੰ ਪੰਜਾਬੀ ਦੇ ਲਿਖਤੀ ਸਾਹਿਤ ਦਾ ਮੋਢੀ ਰਚਨਾ ਪ੍ਰਵਿਰਤੀ ਆਖਿਆ ਜਾ ਸਕਦਾ ਹੈ। ਇਹ ਪ੍ਰਵਿਰਤੀ ਗੁਰਬਾਣੀ ਪਰੰਪਰਾ ਦੇ ਸਾਹਿਤਕ ਅਤੇ ਸਿਧਾਂਤਕ ਤੱਕ ਸਰੂਪ ਸਮਝਣ ਲਈ ਭੂਮਿਕਾ ਦਾ ਕੰਮ ਕਰਦੀ ਹੈ।

ਚੌਰੰਗੀ ਨਾਥ[ਸੋਧੋ]

ਇਨ੍ਹਾਂ ਦਾ ਦੂਜਾ ਨਾਮ ਚਤੁਰੰਗ ਨਾਥ ਵੀ ਹੈ। ਚੌਰੰਗੀ ਨਾਥ ਅਤੇ ਪੂਰਨ ਭਗਤ ਇਕ ਸ਼ਖ਼ਸੀਅਤ ਦੇ ਦੋ ਨਾਮ ਹਨ। ਪੰਜਾਬ ਦੇ ਲੋਕ ਸਾਹਿਤ ਵਿਚ ਉਸ ਨੂੰ ਗੋਰਖ ਨਾਥ ਦਾ ਸ਼ਿਸ਼ ਮੰਨਿਆ ਗਿਆ ਹੈ। ਸਿਆਲਕੋਟ ਵਿਚ ਹੁਣ ਵੀ ਚੌਰੰਗੀ ਨਾਥ ਦਾ ਖੂਹ ਮੌਜੂਦ ਹੈ। ਚੌਰੰਗੀ ਨਾਥ ਦੀ ਬਾਣੀ ਵਿਚ ਕੁੱਝ ਸਲੋਕ ਜਾਂ ਸ਼ਬਦ ਪ੍ਰਾਪਤ ਹੁੰਦੇ ਹਨ।

ਸਾਹਿਬਾਂ ਤੋਂ ਮਨ ਮੀਰ ਸਾਹਿਬਾਂ ਸਾਹਿਬਾਂ ਲੁਟਿਯਾ ਪਵਨ ਭੰਡਾਰ।।

ਸਾਹਿਬਾਂ ਤੋਂ ਪੰਚ ਤਤ ਸਾਹਿਬਾਂ ਸੋਇਬਾ ਤੋਂ ਨਿਰੰਜਨ ਨਿਰੰਕਾਰ।।

ਮਾਲੀ ਲੌ ਮਾਲੀ ਲੌ ਸੀਚੇ ਸਹਿਜ ਕਿਆਰੀ।।

ਉਨਮਨਿ ਕਲਾ ਏਕ ਪਹੁਪਨਿ ਪਾਇਲੇ ਆਵਾਗਵਨ ਨਿਵਾਰੀ।।

ਨਾਥ ਜੋਗੀਆਂ ਪੰਜਾਬੀ ਭਾਸ਼ਾ ਤੇ ਸਹਿਤ ਨੂੰ ਵਡਮੁੱਲੀ ਦੇਣ ਹੈ। ਇਹਨਾਂ ਦਾ ਕਾਲ 8ਵੀਂ ਸਦੀ ਈਸਵੀ ਤੋਂ ਸ਼ੁਰੂ ਹੋ ਕੇ 15ਵੀਂ ਸਦੀ ਦੇ ਅੰਤ ਤੱਕ ਚੱਲਦਾ ਹੈ। ਇਸ ਕਾਲ ਵਿੱਚ ਪੰਜਾਬੀ ਬੋਲੀ ਅਪਭ੍ਰੰਸ਼ ਦੇ ਰੂਪ ਵਿੱਚੋਂ ਨਿਖਰ ਕੇ ਆਪਣੇ ਵਰਤਮਾਨ ਰੰਗ ਰੂਪ ਵਿੱਚ ਆ ਕੇ ਖਿੜਦੀ ਹੈ। ਇਸੇ ਕਾਰਨ ਇਸਨੂੰ ਪੰਜਾਬੀ ਸਾਹਿਤ ਦਾ ਪ੍ਰਬੰਧ ਕਾਲ ਕਿਹਾ ਜਾਂਦਾ ਹੈ। ਇਸੇ ਸਮੇਂ ਹੋਰ ਭਾਰਤੀ ਭਾਸ਼ਾਵਾਂ ਦੀ ਤਰ੍ਹਾਂ ਹੀ ਪੰਜਾਬੀ ਸਹਿਤ ਦੀ ਉਤਪਤੀ ਹੋਈ। ਮਛੰਦਰ ਨਾਥ ਨੂੰ ਇਸਦਾ ਮੋਢੀ ਮੰਨਿਆਾ ਜਾਂਦਾ ਹੈ। ਬਾਅਦ ਵਿੱਚ ਹੋਰ ਜੋਗੀਆਂ ਨੇ ਵੀ ਇਸ ਵਿੱਚ ਯੋਗਦਾਨ ਪਾਇਆ। ਇਹਨਾਂ ਵਿੱਚ ਚੌਰੰਗੀ ਨਾਥ ਦਾ ਵੀ ਅਹਿਮ ਸਥਾਨ ਹੈ।

‘‘ਡਾ. ਹਜ਼ਾਰੀ ਪ੍ਰਸ਼ਾਦ ਦਵੇਦੀ ਦੀ ਖੋਜ ਅਨੁਸਾਰ ਪੰਜਾਬ ਦੇ ਪ੍ਰਸਿੱਧ ਕਿੱਸੇ ਪੂਰਨ ਭਗਤ ਦਾ ਨਾਇਕ ‘ਪੂਰਨ’ ਹੀ ਅਸਲ ਵਿੱਚ ਚੌਰੰਗੀ ਨਾਥ ਹੈ। ਇਹ ਸਿਆਲਕੋਟ ਦੇ ਰਾਜਾ ਸਲਵਾਨ ਦਾ ਪੁੱਤਰ ਸੀ। ਇਨ੍ਹਾਂ ਦੀ ਮਤਰੇਈ ਮਾਂ ਲੂਣਾਂ ਨੇ ਇਨ੍ਹਾਂ ਉੱਪਰ ਝੂਠਾ ਦੋਸ਼ ਲਾ ਕੇ ਹੱਥ ਪੈਰ ਕਟਵਾ ਦਿੱਤੇ ਸਨ। ਇਸ ਕਵੀ ਦਾ ਜੀਵਨ ਕਾਲ ਦਸਵੀਂ ਸਦੀ ਮੰਨਿਆਂ ਜਾਂਦਾ ਹੈ ਅਤੇ ਰਵਾਇਤ ਅਨੁਸਾਰ ਇਹ ਗੋਰਖ ਨਾਥ ਦੇ ਗੁਰਭਾਈ ਅਤੇ ਮਛੰਦਰ ਨਾਥ ਦੇ ਸ਼ਿਸ਼ ਸਨ।’ 1[23]

‘ਪ੍ਰਸਿੱਧ ਹਿੰਦੀ ਵਿਦਵਾਨ ਅਜੁਧਿਆ ਸਿੰਘ ਉਪਾਧਿਆ ਚੌਰੰਗੀ ਨਾਥ ਨੂੰ ਪੂਰਨ ਭਗਤ ਦਾ ਵੱਡਾ ਭਰਾ ਮੰਨਦੇ ਹਨ। ਪੂਰਨ ਭਗਤ ਦੀ ਰਚਨਾ ਪ੍ਰਾਣ ਮੰਗਲੀ ਦੱਸੀ ਜਾਂਦੀ ਹੈ। *ਡਾ. ਮੋਹਨ ਸਿੰਘ ਪੱਟੀ (ਅੰਮ੍ਰਿਤਸਰ) ਨੇ ਇੱਕ ਜੈਨ ਮੰਦਰ ਤੋਂ ਕੁਝ ਨਾਥ ਬਾਣੀ ਦੀ ਨਕਲ ਕਰਵਾਈ ਸੀ। ਜਿਸ ਵਿੱਚ ਉਹਨਾਂ ਦੇ ਕਥਨ ਅਨੁਸਾਰ ਉਸ ਵਿੱਚ ਚੌਰੰਗੀ ਨਾਥ ਦੀ ਕਵਿਤਾ ਵੀ ਸੀ। ਜਿਸ ਵਿੱਚ ਉਹ ਦੱਸਦਾ ਹੈ ਕਿ, ‘‘ਮੈਂ ਸਲਵਾਹਨ ਦਾ ਪੁੱਤਰ ਹਾਂ ਅਤੇ ਮੈਨੂੰ ਪਿਓ ਨੇ ਅੰਨ੍ਹੇ ਖੂਹ ਵਿੱਚ ਸੁਟਵਾ ਦਿੱਤਾ ਸੀ। ਜਿੱਥੋਂ ਮੈਨੂੰ ਮਛੰਦਰ ਨਾਥ ਨੇ ਕਢਵਾਇਆ। ਮੈਂ ਗੋਰਖ ਨਾਥ ਦਾ ਗੁਰਭਾਈ ਹਾਂ।’’2[24]

‘ਪ੍ਰਾਣ ਮੰਗਲੀ ਵਿੱਚ ਕਵੀ ਦੇ ਜੀਵਨ ਨਾਲ ਸਬੰਧ ਰੱਖਣ ਵਾਲੇ ਵੇਰਵੇ ਮਿਲਦੇ ਹਨ। ਮਿਸਾਲ ਵਜੋਂ ਇਸ ਰਚਨਾ ਦੀਆਂ ਕੁਝ ਅਰੰਭਿਕ ਤੁਕਾਂ ਪੇਸ਼ ਹਨ:

‘‘ਸਤਿਆ ਵਦੰਤ ਚੌਰੰਗੀ ਨਾਥ ਆਦਿ ਅੰਤਰਿ ਸੁਨੋ ਬ੍ਰਿਤਾਂਤ

ਸਾਲਿਬਾਹਨ ਪਰੇ ਹਮਾਰਾ ਜਨਮ ਉਤਪਿਤ ਸਤਿਆ ਝੁਟ ਬੋਲੀਲਾ।’’

‘ਸਲਬਾਹਨ ਦਾ 1040 ਈ. ਵਿੱਚ ਚੰਬੇ ਤੋਂ ਸਿਆਲਕੋਟ ਤੱਕ ਰਾਜ ਸੀ। ਰਾਜਾ ਰਸਾਲੂ ਪੂਰਨ ਦਾ ਹੀ ਛੋਟਾ ਮਤਰੇਆ ਭਰਾ ਸੀ। ਜੋ ਲੂਣਾ ਦੀ ਕੁੱਖ ਤੋਂ ਜਨਮਿਆਂ। ਚੌਰੰਗੀ ਨਾਥ ਦੀ ਰਚਨਾ ‘ਪ੍ਰਾਣ-ਸੰਗਲੀ’ ਤੋਂ ਛੁੱਟ ਸਲੋਕ ਤੇ ਸ਼ਬਦ ਵੀ ਮਿਲਦੇ ਹਨ। ਚੌਰੰਗੀ ਨਾਥ ਦੀ ਭਾਸ਼ਾ ਉੱਪਰ ਅਪਭ੍ਰੰਸ਼ ਦਾ ਪ੍ਰਭਾਵ ਵਧੇਰੇ ਦਿੱਸਦਾ ਹੈ, ਜਿਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਸਦਾ ਸਮਾਂ 1000 ਈ. ਤੋਂ ਪਹਿਲਾਂ ਦਾ ਹੈ।

ਉਦਾਹਰਨ : ਹਅਮਹਾਰਾ ਭਇਲਾ ਸਾਸਤ ਪਾਪ ਕਲਪਨਾ ਨਹੀਂ ਹਮਾਰੇ ਮਨੇ ਹਾਥ ਪਾਂਵ ਕਟਾਇ ਰਲਾਇਨਾ ਨਿਰੰਜਨ ਸ੍ਰੀ. ਮਛਿੰਦ੍ਰ ਨਾਥ ਗੁਰੂਦੇਵ ਨਮਸਕਾਰ ਕਰੀਲਾ ਨਮਾਇਲਾ ਮਾਥਾ।।

ਇਸ ਵਿੱਚ ਡੋਗਰੀ ਦਾ ਅੰਸ਼ ਵੀ ਦਿਸਦਾ ਹੈ, ਇਸਨੂੰ ਪੁਰਾਤਨ ਵਾਰਤਕ ਦਾ ਨਮੂਨਾ ਵੀ ਕਿਹਾ ਜਾ ਸਕਦਾ ਹੈ। ਡਾ. ਪਿਤਾਂਬਰ ਦੱਤ ਬੜਥਵਾਲ ਨੇ ਆਪਣੀ ਪੁਸਤਕ ‘ਯੋਗ ਪ੍ਰਵਾਹ’ ਵਿੱਚ ਕੁਝ ਪਦਾਂ ਨੂੰ ਸੰਕਲਿਤ ਕੀਤਾ ਹੈ। ਚੌਰੰਗੀ ਦੀ ਬਾਣੀ ਨੂੰ ਅਪਭ੍ਰੰਸ਼ ਮਿਲੀ ਪੂਰਬੀ ਰਾਜਸਥਾਨੀ ਤਥਾ ਪੁਰਾਤਨ ਕਿਹਾ ਜਾ ਸਕਦਾ ਹੈ। ਇਸਦੇ ਕੁਝ ਰੂਪਾਂਤਰ ਇਸ ਪ੍ਰਕਾਰ ਹਨ:

ਸਾਹਿਬਾਂ ਤੋਂ ਮਨਮੀਰ ਸਾਹਿਬਾਂ ਲੂਟਿਆ ਪਵਨ ਭੰਡਾਰ ਸਾਹਿਬਾਂ ਤੋਂ ਪੰਚ ਸਾਹਿਬ ਸੋਇਬਾ ਤੋਂ ਨਿਰੰਜਨ ਨਰਿੰਕਾਰ

ਉਪਰੋਕਤ ਰਚਨਾ ਵਿੱਚ ਨਾਥ ਪੰਥ ਦੀ ਜੀਵਨ ਜੁਗਤ ਦਾ ਕੇਂਦਰੀ ਸਿਧਾਂਤ ‘ਮਨ ਨੂੰ ਮਾਰਨਾਂ ਤਾ ਦ੍ਰਿਸ਼ਟੀਗੋਚਰ ਹੁੰਦਾ ਹੀ ਹੈ। ਇੱਥੇ ਨਿਰੰਜਨ ਨਿਰੰਕਾਰ ਵਰਗੇ ਦੂਜੇ ਮਹੱਤਵਪੂਰਨ ਸੰਕਲਪ ਵੀ ਨਜਰ ਆਉਂਦੇ ਹਨ।’3[25]

ਚੌਰੰਗੀ ਨਾਥ ਦੀਆਂ ਰਚਨਾਵਾਂ ਤੋਂ ਇਹ ਕਥਨ ਭਲੀ ਭਾਂਤ ਸਹੀ ਜਾਪਦਾ ਹੈ ਕਿ ਉਹ ਰਾਜੇ ਸਲਵਾਹਨ ਦਾ ਪੁੱਤਰ ਪੂਰਨ ਸੀ ਜੋ ਕਿ ਜੋਗ ਸਾਧਨਾਂ ਤੋਂ ਬਾਅਦ ਨਾਥ ਬਣ ਗਿਆ। ਇਹਨਾਂ ਨਾਥ ਜੋਗੀਆਂ ਨੇ ਅਪਭ੍ਰੰਸ਼ ਪ੍ਰਧਾਨ ਪੰਜਾਬੀ ਵਿੱਚ ਬਾਣੀ ਰਚੀ ਅਤੇ ਉਸ ਸਮੇਂ ਦੀ ਭਾਸ਼ਾ ਨੂੰ ਲੋਕ ਪ੍ਰਿੰਯ ਬਣਾਉਣ ਦੇ ਸਫ਼ਲ ਯਤਨ ਕੀਤੇ।[26]

ਰਤਨ ਨਾਥ[ਸੋਧੋ]

ਜੀਵਨ ਕਾਲ ਦਸਵੀਂ ਤੋਂ ਬਾਰ੍ਹਵੀਂ ਸਦੀ ਦੇ ਦਰਮਿਆਨ ਮੰਨਿਆ ਜਾਂਦਾ ਹੈ। ਰਤਨ ਨਾਥ ਨਾਲ ਸੰਬੰਧਿਤ ਕੁੱਝ ਸਥਾਨ, ਪਿਸ਼ਾਵਰ, ਜਲਾਲਾਬਾਦ, ਕੰਧਾਰ ਅਤੇ ਕਾਬਲ ਵਿਚ ਵੀ ਮੌਜੂਦ ਹਨ। ਨਾਥ ਸੰਪ੍ਰਦਾਇ ਨੂੰ ਵਿਲੱਖਣਤਾ ਪ੍ਰਦਾਨ ਕਰਨ ਵਿੱਚ ਰਤਨ ਨਾਥ ਦਾ ਨਾਂ ਵੀ ਪ੍ਰਸਿੱਧ ਹੈ । “ਡਾ. ਜੀਤ ਸਿੰਘ ਸੀਤਲ ਇਸ ਦਾ ਸਮਾਂ 1000-1200 ਈ. ਮੰਨਦਾ ਹੈ।1[27] ਰਤਨ ਨਾਥ ਨੂੰ ਬਾਬਾ ਰਤਨ, ਹਾਜੀ ਰਤਨ, ਬਾਬਾ ਤੇ ਪੀਰ ਰਤਨ ਵੀ ਕਹਿੰਦੇ ਹਨ ਉਹ ਲਿਖਦੇ ਹਨ- ਰੂਪਾ ਮਹੁੰਮਦ, ਸੋਨਾ ਖੁਦਾਈ, ਦੂ ਹੂੰ ਵਿੱਚ ਦੁਨੀਆ ਗੋਤਾਖਾਈ ਬਾਬਾ ਰਤਨ ਹਾਜੀ ਐਸੀ ਕਹੈ, ਸਭ ਤੇ ਨਿਆਰਾ ਰਹੇ।”2[28] ਰਤਨ ਨਾਥ ਦੇ ਬਾਰੇ ਸੰਪੂਰਨ ਜਾਣਕਾਰੀ ਦੇਣ ਲਈ ਮੋਹਨ ਸਿੰਘ ਦੀਵਾਨਾ ਲਿਖਦੇ ਹਨ। “ਪੀਰ, ਬਾਬਾ, ਜੋਗੀ ਰਤਨ ਨਾਥ ਨੂੰ ਕੋਈ ਬਠਿੰਡੇ ਦਾ ਖੱਤਰੀ ਰਾਜਾ ਕਹਿੰਦਾ ਹੈ, ਕੋਈ ਨੇਪਾਲ ਦਾ ਖੱਤਰੀ ਪੁੱਤਰ। ਇੱਕ ਲੇਖਕ ਅਨੁਸਾਰ ਰਤਨ ਨਾਥ ਗੁਦਾਵਰੀ ਦੇ ਕੰਦੇ ਮਛੰਦਰ ਨਾਥ ਨੂੰ ਮਿਲਿਆ ਤੇ ਕੰਨਪਾਟਾ ਜੋਗੀ ਬਣਿਆ। ਇਹ ਆਪਣੇ ਪੰਥ ਦੇ ਪ੍ਰਚਾਰ ਲਈ ਖੁਰਾਸਾਨ ਗਿਆ। ਕਾਬਲ ਤੇ ਜਲਾਲਾਬਾਦ ਵਿੱਚ ਹੁਣ ਤੱਕ ਇਸਦੇ ਥਾਪੇ ਸ਼ਿਵ ਮੰਦਰ ਹਨ। ਗਜ਼ਨੀ ਵਿੱਚ ਆਪਦੀ ਮੌਤ ਹੋਈ ਆਪ ਕੰਧਾਰ ਵਿੱਚ ਵੀ ਗਏ ਸਨ। ਪਿਸ਼ੋਰ ਤੋਂ ਦੋ ਮੀਲ ਪਰ੍ਹੇ ਆਪਜੀ ਗਏ ਸਨ। ਪਿਸ਼ੋਰ ਤੋਂ ਦੋ ਮੀਲ ਪਰੇ੍ਹ ਆਪਦੀ ਬਣਾਈ ਧਰਮਮਾਲਾ 1947 ਤੱਕ ਸੀ ਜਿਸਦੇ ਮਹੰਤ ਨੂੰ ਗੁਸਾਈ ਕਹਿੰਦੇ ਸਨ। ਦੁਸਹਿਰੇ ਤੇ ਸ਼ਿਵਰਾਤਰੀ ਨੂੰ ਮੇਲਾ ਲਗਦਾ ਸੀ। ਮੰਦਰ ਵਿੱਚ ਭੈਰੋ ਜੀ, ਗਣੇਸ਼ ਜੀ ਤੇ ਹਨੂੰਮਾਨ ਜੀ ਦੀਆਂ ਮੂਰਤੀਆਂ ਸਨ ਤੇ ਦਿਨ ਰਾਤ ਅਚਲ ਜੋਤ ਜਗਦੀ ਰਹਿੰਦੀ ਸੀ। ਇੱਕ ਵੱਡਾ ਸਾਰਾ ਦੇਗ ਸੀ ਇੱਕ ਨਗਾਰਾ ਕਾਲਾ ਝੰਡਾ ਤੇ ਘੰਟਾ। ਰਤਨਨਾਥ ਤੇ ਮਛੰਦਰ ਨਾਥ ਵਿੱਚ ਹੋਈ ਮੁਲਾਕਾਤ ਬ੍ਰਹਮਦਾਸ ਨੇ ਪੋਥੀ ‘ਰਤਨ ਗਿਆਨ` 16 ਵੀਂ ਸਦੀ ਵਿੱਚ ਨਜ਼ਮੀ। ਰਤਨ ਨਾਥ ਦੀ ਕਾਵਿ ਰਚਨਾ ਵਿੱਚੋਂ ਹੱਥ ਲਿਖਤਾਂ ਵਿੱਚ ‘ਕਾਫ਼ਰ ਬੋਧ` ਤੇ ‘ਅਵੱਲ ਸਲੂਕ` ਮਿਲਦੀਆਂ ਹਨ। ਆਪਦੀ ਬੜੀ ਲੰਮੀ ਉਮਰ ਹੋਈ ਤੇ ਬਾਹਰਵੀ ਸਦੀ ਵਿੱਚ ਗੁਜ਼ਰੇ ਦੱਸੇ ਜਾਂਦੇ ਹਨ।”3[29]

ਇਸ ਤਰ੍ਹਾਂ ਡਾ. ਮੋਹਨ ਸਿੰਘ ਦੀਵਾਨਾ ਨੇ ਅਪਣੀਆਂ ਇਹਨਾਂ ਸਤਰਾਂ ਰਾਹੀਂ ਰਤਨ ਨਾਥ ਦੇ ਜੀਵਨ, ਜੀਵਨ ਸਫਰ, ਰਚਨਾਵਾਂ ਆਦਿ ਬਾਰੇ ਪੂਰੀ ਜਾਣਕਾਰੀ ਦੇਣ ਦੀ ਸਮਰੱਥ ਅਤੇ ਸਫਾਲ ਕੋਸ਼ਿਸ਼ ਕੀਤੀ ਹੈ। ਰਤਨ ਨਾਥ ਨੇ ਵੀ ਗੋਰਖ ਨਾਥ, ਚਰਪਟ ਨਾਥ ਆਦਿ ਦੀ ਤਰ੍ਹਾਂ ਅਪਣੀਆਂ ਰਚਨਾਵਾਂ ਰਾਹੀਂ ਨਾਥ ਸਾਹਿਤ ਨੂੰ ਪਰਪੱਕਤਾ ਪ੍ਰਦਾਨ ਕਰਵਾਈ ਹੈ।

ਰਚਨਾਵਾਂ[ਸੋਧੋ]

ਰਤਨ ਨਾਥ ਦੀਆਂ ਅਨੇਕਾਂ ਰਚਨਾਵਾਂ ਹਨ ਜੋ ਨਾਥ ਸਾਹਿਤ ਦਾ ਅੰਗ ਹਨ ਜਿਹਨਾਂ ਵਿਚੋਂ ਪ੍ਰਮੁੱਖ “ਰਚਨਾਵਾਂ ‘ਕਾਫ਼ਰ ਬੋਧ` ਤੇ ਅੱਵਲ ਸਲੂਕ ਹਨ”4[30] ਇਹਨਾਂ ਦੇ ਬਾਰੇ ਸੰਪੂਰਨ ਜਾਣਕਾਰੀ ਸਾਨੂੰ ਹਜ਼ਾਰੀ ਪ੍ਰਸਾਦਿ ਦਿ੍ਵਵੇਦੀ ਦੁਆਰਾ ਸੰਪਾਦਿਤ ਸੰਗ੍ਰਹਿ ਨਾਥ ਸਿੱਧੋ ਕੀ ਬਨੀਆਂ ਤੋਂ ਮਿਲਦੀ ਹੈ। ਇਸ ਤੋਂ ਬਿਨਾਂ ਇਹਨਾਂ ਦੀ ਸ਼ਬਦੀ ਵੀ ਮਿਲਦੀ ਹੈ। ਜੋ ਕਿ ‘ਗੋਰਖ ਬਾਣੀ` ਵਿੱਚ ਗੋਰਖ ਨਾਮ ਹੇਠ ਦਰਜ ਹੈ।

“ਰੂਪਾ ਮੁਹੰਮਦ ਸੋਨਾ ਗੋਤਾ ਖਾਈ ਹਸ ਤੋਂ ਨਿਗਲੰਭ ਬੈਠ ਦੇਖਤੇ ਰਹੈ

ਐਸਾ ਏਕ ਸੁਖਨ ਬਾਬਾ ਰਤਨ ਹਾਜੀ ਕਰੈ।”5[31] ਰਤਨ ਨਾਥ ਦੀ ਰਚਨਾ ਦੀ ਬਾਣੀ ਦੀ ਭਾਸ਼ਾ ਸਧੁਕੜੀ ਹੈ ਪਰ ਇਸ ਵਿੱਚ ਫਾਰਸੀ ਸ਼ਬਦਾਵਾਲੀ ਬਹੁਤ ਜਿਆਦਾ ਹੈ ਕਿਤੇ ਕਿਤੇ ਪੰਜਾਬੀ ਦਾ ਵੀ ਅਪ੍ਰਤੱਖ ਪ੍ਰਭਾਵ ਝਲਕਦਾ ਹੈ ਉਸਦੀ ਰਚਨਾ ਗੌਣ ਰੂਪ ਵਿੱਚ ਉਪਲਬਧ ਹੈ ਇਸ ਤੋਂ ਇਲਾਵਾ ਰਤਨ ਨਾਥ ਦੀਆਂ ਰਚਨਾਵਾਂ ਦੇ ਵਿਸ਼ੇ ਅਧਿਆਤਮਿਕਤਾ, ਸਮਾਜਿਕਤ ਦੀ ਹਾਮੀ ਭਰਦੇ ਹਨ।

ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਰਤਨ ਨਾਥ ਦੀ ਨਾਥ ਸੰਪ੍ਰਦਾਇ ਬਹੁਤ ਮਹਾਨ ਦੇਵ ਹੈ ਜੋ ਕਿ ਉਸ ਦੀਆਂ ਰਚਨਾਵਾਂ ਹੋਂ ਦਿਖਾਈ ਦਿੰਦੀ ਹੈ।

ਭਰਥਰੀ ਨਾਥ[ਸੋਧੋ]

ਭਰਥਰੀ ਦੇ ਸੰਬੰਧ ਵਿਚ ਇਕ ਚੀਨੀ ਯਾਤਰੀ ਇਤਸਿੰਗ ਦਾ ਇਹ ਬਿਆਨ ਹੈ ਕਿ ਭਰਥਰੀ ਸੱਤ ਵਾਰ ਬੋਧ ਸਨਿਆਸੀ ਬਣਿਆ ਅਤੇ ਏਨੇ ਵਾਰ ਹੀ ਮੁੜ ਗ੍ਰਹਿਸਤ ਧਰਮ ਵਿਚ ਆ ਗਿਆ। ਇਕ ਲੋਕ ਕਹਾਣੀ ਅਨੁਸਾਰ ਭਰਥਰੀ ਆਪਣੀ ਪਤੀਵਰਤਾ ਰਾਣੀ ਪਿੰਗਲਾ ਦੀ ਮੌਤ ਤੋਂ ਬਾਅਦ ਵੈਰਾਗੀ ਹੋ ਕੇ ਮੱਤ ਵਿਚ ਆ ਗਏ। ਭਰਥਰੀ ਦਾ ਇਕ ਸ਼ਬਦ ਪ੍ਰਾਪਤ ਹੁੰਦਾ ਹੈ:

ਅਹੰਕਾਰੇ ਪ੍ਰਥਮੀ ਥੀਵੀ ਪਹੌਪੇ ਹੀਣਾ ਭੂੰਗ।।

ਸਤਿ ਸਤਿ ਭਾਖੰਤਰਾ ਜੋਗੀ ਭਰਥਰੀ, ਪਿੰਡ ਕਾ ਵੈਰੀ ਜੂੰਣ।।

ਦੁਖੀਆਂ ਰੋਵਤ ਸੁਖੀਆ ਹੰਸਤ। ਰਕੇਲਾ ਕਰੰਤ ਕਮਾਈ।।

ਸੂਰਾ ਜੂਝੰਤ ਭੂੰਦੂ ਭਜੰਤ। ਸਤਿ ਸਤਿ ਭਜੰਤ ਰਾਜਾ ਭਰਥਰੀ।।

ਭਰਥਰੀ ਨਾਥ ਦਾ ਜਨਮ 1100 ਤੋਂ 1200 ਈ. ਤੱਕ ਦਾ ਮੰਨਿਆ ਜਾਂਦਾ ਹੈ। ਭਰਥਰੀ ਨਾਥ ਦੇ ਜੀਵਨ ਸਬੰਧੀ ਵਿਦਵਾਨਾਂ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਬਹੁਤ ਵਿਸਥਾਰਪੂਰਕ ਵਰਣਨ ਨਹੀਂ ਕੀਤਾ। ਗੋਰਖ ਨਾਥ ਦੀ ਇੱਕ ਸਾਖਾ “ਬੈਰਾਗ ਪੰਥ” ਜਿਸਦੇ ਇਹ ਮੋਢੀ ਮੰਨੇ ਜਾਂਦੇ ਹਨ। “ਗੋਪੀ ਚੰਦ ਦੀ ਮਾਤਾ ਮੈਨਾਵੰਤੀ ਭਰਥਰੀ ਦੀ ਭੈਣ ਸੀ। ‘ਉਦਾਸ` ਵਿੱਚ ਮੈਨਾਵੰਤੀ ਦੇ ਮਰਨ ਦੀ ਤ੍ਰੀਕ 1439 ਦੱਸੀ ਹੈ ਜੋ ਸੂਦਰਕ ਸੰਮਤ ਹੈ।”1[32] ਇਹਨਾ ਵਿਚਾਰਾਂ ਤੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਭਰਥਰੀ ਦੇ ਜੀਵਨ ਕਾਲ ਬਾਰੇ ਜੋ ਵਿਦਵਾਨਾਂ ਨੇ 11 ਵੀਂ 12 ਵੀਂ ਸਦੀ ਤੱਕ ਦਾ ਸਮਾਂ ਮੰਨਿਆ ਹੈ ਉਹ ਬਿਲਕੁਲ ਪ੍ਰਮਾਣਿਕ ਪ੍ਰਤੀਤ ਹੁੰਦਾ ਹੈ। ਕਈ ਇਤਿਹਾਸਕਾਰ ਇਹ ਮੰਨਦੇ ਹਨ ਕਿ ਉਹਨਾਂ ਨੇ ਗੋਰਖਨਾਥ ਤੋਂ ਸਿੱਖਿਆ ਸੀ ਅਤੇ ਉਨ੍ਹਾਂ ਦਾ ਨਿਵਾਸ ਪੰਜਾਬ ਦੇ ਸਿੰਗਲ ਜਾਂ ਸੰਕਲ ਦੇਸ਼ ਵਿੱਚ ਰਿਹਾ। ਜੇਕਰ ਉਹਨਾਂ ਦੀਆਂ ਰਚਨਾਵਾਂ ਬਾਰੇ ਗੱਲ ਕਰੀਏ ਤਾਂ ਉਹਨਾਂ ਦੀ ਬਾਣੀ ਵਿਚੋਂ ਇੱਕ ‘ਸ਼ਬਦੀ` ਪ੍ਰਾਪਤ ਹੁੰਦੀ ਹੈ ਜਿਸ ਦੀ ਇੱਕ ਉਦਾਹਰਨ ਇਸ ਪ੍ਰਕਾਰ ਹੈ

“ਅਥ ਭਰਥਰੀ ਜੀ ਦੀ ਸ਼ਬਦੀ ਅਹੰਕਾਰੇ ਪ੍ਰਥਮੀ ਖੀਵੀ, ਪਹੌਪੇ ਪੀਵ ਭੂੰਗ ਸਤਿ ਸਤਿ ਭਾਖੰਤਰਾ ਜੋਗੀ ਭਰਥਰੀ ਪਿੰਡ ਦਾ ਵੈਰੀ ਜੂੰਵਾ।”

ਗੋਪੀ ਚੰਦ ਤੇ ਮੈਨਾਵਤੀ[ਸੋਧੋ]

‘ਪੰਜਾਬੀ ਅਦਬ ਦੀ ਮੁਖ਼ਤਸਰ ਤਵਾਰੀਖ਼’ ਵਿਚ ਡਾ. ਮੋਹਨ ਸਿੰਘ ਨੇ ਉਦਾਸ ਗੋਪੀਚੰਦ ਗਾਥਾ, ਗੋਰਖ ਪਦ ਵਿਚ ਇਕ ਸੰਵਾਦ ਪ੍ਰਕਾਸ਼ਿਤ ਕੀਤਾ ਹੈ। ਜੋ ਗੋਪੀਚੰਦ ਅਤੇ ਮੈਨਾਵਤੀ ਦੇ ਦਰਮਿਆਨ ਹੈ: ਤਮ ਪਰਸਾਦ ਹੈ ਮੈਨਾਵਤੀ ਮੈਂ ਅਧੂਗੜ ਜੀਤਾ ਤਬ ਮੈਨਾਵਤੀ ਸੀਸ ਪੂਛਤਿ ਹੈ ਤੂਮ ਮੇਰਾ ਪੂਤ ਨਾਹੀ। ਜੇ ਤੂੰ ਮੇਰਾ ਪੂਤ ਗੋਪੀਚੰਦ ਤਾਂ ਦਹਿ ਨਿਸ਼ਾਨੀ ਕਾਟੀ।। ਗੋਪੀ ਚੰਦ ਤੇ ਮੈਨਾਵਤੀ ਬਾਰੇ ਕਵੀ, ਕਥਾਵਾਂ, ਲੋਕ ਗਾਥਾਵਾਂ ਪ੍ਰਚਲਿਤ ਹਨ। ਗੋਪੀ ਚੰਦ ਦੇ ਪਿਤਾ ਮਾਲਕ ਚੰਦ ਮਨ ਜੋ ਕਿ ਬੰਗਾਲ ਦੇ ਰਾਜਾ ਸਨ। ਉਹਨਾ ਦਾ ਸਬੰਧ ਪਾਲ ਵੰਸ ਦੇ ਰਾਜਿਆਂ ਨਾਲ ਜੋ ਬੰਗਾਲ ਅਤੇ ਪੰਜਾਬ ਵਿੱਚ ਰਾਜ ਕਰਦੇ ਰਹੇ ਤੇ ਗੋਧੀ ਚੰਦ ਮੈਨਾਵੰਤੀ ਦਾ ਪਤੱਰ ਸੀ ਜੋ ਕਿ ਜਲੰਧਰ ਨਾਥ ਦੀ, ਚੇਲੀ ਸੀ। “ਮਾਤਾ ਨੇ ਆਪ ਨੂੰ ਜੋਗ ਲੈਣ ਦੀ ਪ੍ਰੇਰਨਾ ਦਿੱਤੀ ਸੀ। ਆਪ ਦੀ ਸ਼ਬਦੀ ਤੋਂ ਪਤਾ ਲਗਦਾ ਹੈ ਕਿ ਆਪ ਗੋਰਖ ਨਾਥ ਦੇ ਚਲੇ ਤੇ ਚਰਪਟ ਦੇ ਗੁਰਭਾਈ ਸਨ।”2[33] ਇਸ ਵਿਚਾਰ ਨੂੰ ਗੋਪੀ ਚੰਦ ਦੀ ਬਾਣੀ ਦੀਆਂ ਤੁਕਾਂ ਸਪਸ਼ੱਟ ਕਰਦੀਆਂ ਹਨ।

ਗੁਰੂ ਹਸਾਰੇ ਗੋਰਖ ਬੋਲੀਲੈ, ਚਰਪਟ ਹੈ ਗੁਰਭਾਈ ਜੀ। ਯੈਕ ਸ਼ਬਦ ਹਮਕੂ ਗੁਰੂ ਗੋਰਖ ਨਾਥ ਕੀਯਾ ਸੋ ਸੋ ਲਿਖਿਆ ਮੈਨਾਵੰਤੀ ਮਾਈ ਜੀ।

ਬੰਗਾਲ ਵਿੱਚ ‘ਗੋਪੀ ਚੰਦਰੇ ਤੇ ਮੈਨਾਵੰਤੀ ਗਾਨ ਓ ਦੋਹਾ` ਪ੍ਰਸਿੱਧ ਹੈ। ਪੰਜਾਬ ਵਿੱਚ ‘ਉਦਾਸ` ਗੋਪੀ ਚੰਦ ਗਾਥਾ, ਗੋਰਖ ਪਦ ਵਿੱਚ ਗੋਪੀ ਚੰਦ ਗਾਥਾ, ਗੋਰਖ ਪਦ ਵਿੱਚ ਗੋਪੀ ਚੰਦ ਦੇ ਉਸ ਦੀ ਮਾਤਾ ਮੈਨਾਵੰਤੀ ਦਾ ਸੰਵਾਦ ਮਿਲਦਾ ਹੈ
, ਤੁਮ ਪਰਸਾਦ ਹੋ ਮੈਨਾਵੰਤੀ ਮੈਂ ਔਪੂ ਗੜ ਜੀਤਾ। ਤਬ ਮੈਨਾਵੰਤੀ ਸੀਸ ਪੂਛਤਿ ਹੈ ਤੂੰ ਦਹਿ ਨਿਸਾਨੀ ਕਾਈ। ਗੋਧੀ ਚੰਦ ਦੀ ਬਾਣੀ ‘ਬੰਗਾ ਭਾਸ਼ਾ ਓ ਸਾਹਿਤ` ਵਿਚੱ ਮਿਲਦੀ ਹੈ।

ਉਪਰੋਕਤ ਵਿਚਾਰ ਚਰਚਾ ਤੋਂ ਬਾਅਦ ਕਹਿ ਸਕਦੇ ਹਾਂ ਕਿ ਨਾਥ ਸਾਹਿਤ ਦੀਆਂ ਕਾਵਿ ਵੰਨਗੀਆ ਭਾਵੇ ਕਿ ਗਿਣਤੀ ਵਿੱਚ ਬਹੁਤ ਜਿਆਦਾ ਨਹੀਂ ਹਨ ਪਰ ਜਿੰਨਾ ਵੀ ਨਾਥ ਜੋਗੀਆਂ ਦਾ ਸਾਹਿਤ ਮਿਲਦਾ ਹੈ ਉਹ ਪੰਜਾਬੀ ਸਾਹਿਤ ਇਤਿਹਾਸ ਦੀ ਦ੍ਰਿਸ਼ਟੀ ਦੇ ਪੱਖ ਤੋ ਮੁਲੱਵਾਨ ਤੇ ਗੁਣਵਾਨ ਹੈ ਨਾਥ ਜੋਗੀਆਂ ਦੇ ਸਾਹਿਤ ਨਾਲ ਪੰਜਾਬੀ ਸਾਹਿਤ ਦੇ ਆਦਿ ਕਾਲ ਦਾ ਮੁੱਢ ਬੱਝਦਾ ਹੈ ਜੋ ਕਿ ਅਗਲੇਰੇ ਪੰਜਾਬੀ ਸਾਹਿਤ ਨੂੰ ਸਮਝਣ ਲਈ ਮਾਰਗ ਦਰਸ਼ਕ ਬਣਦਾ ਹੈ।

ਨਾਥ ਜੋਗੀਆਂ ਦੇ ਸਾਹਿਤ ਦੇ ਪ੍ਰਮੁੱਖ ਲੱਛਣ[ਸੋਧੋ]

ਹੁਣ ਇਹ ਦੇਖਣਾ ਇਹ ਹੈ ਕਿ ਨਾਥ ਬਾਣੀ ਦੀ ਸਿਧਾਂਤਕ ਪਿੱਠ ਭੂਮੀ ਕੀ ਹੈ ਅਤੇ ਇਸ ਦੀਆਂ ਸਾਹਿਤਕ ਵਿਸ਼ੇਸ਼ਤਾਵਾਂ ਕੀ ਹਨ? ਚਿੱਤ ਬਿਰਤੀਆਂ ਦੇ ਨਿਰੋਧ ਦਾ ਮੂਲ ਸੰਕਲਪ ਸਾਹਮਣੇ ਰੱਖਦੇ ਹੋਏ, ਨਾਥ ਜੋਗੀਆਂ ਨੇ ਸਰੀਰ, ਮਨ, ਪ੍ਰਾਣ, ਸਾਧਨਾਂ ਦਾ ਮਾਰਗ ਪ੍ਰਸਤੁਤ ਕੀਤਾ ਹੈ। ਨਾਥ ਸਾਹਿਤ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ। ਜਿਨ੍ਹਾਂ ਕਰਕੇ ਇਸ ਦੇ ਸਾਹਿਤ ਨੂੰ ਵੱਖਰਾ ਨਾਮ ਦਿੱਤਾ ਗਿਆ ਹੈ।

  • ਨਾਥ ਜੋਗੀਆਂ ਦੀ ਕਵਿਤਾ ਪੰਜਾਬ ਦੀ ਧਰਤੀ ਦੀ ਕਵਿਤਾ ਹੈ। ਨਾਥ ਜੋਗੀਆਂ ਦੇ ਸਥਾਨ ਪੰਜਾਬ ਵਿੱਚ ਮਿਲਦੇ ਹਨ। ਜਿਵੇਂ ਕਿ ਜਲੰਧਰ ਨਾਥ ਦੇ ਨਾਂ ਤੇ ਜਲੰਧਰ ਸ਼ਹਿਰ ਵੱਸਿਆ ਚੌਰੰਗੀ ਨਾਥ (ਪੂਰਨ ਭਗਤ) ਦਾ ਖੂਹ ਸਿਆਲਕੋਟ ਵਿੱਚ ਹੈ। ਜਿਥੋਂ ਗੋਰਖ ਨਾਥ ਨੇ ਉਸ ਨੂੰ ਕੱਢਿਆ ਸੀ। ਗੋਰਥ ਵੀ ਪੰਜਾਬ ਦਾ ਜੰਮਪਲ ਸੀ। ਇਸ ਲਈ ਇਨ੍ਹਾਂ ਨਾਥਾਂ ਦੀ ਬਾਣੀ ਸਾਨੂੰ ਪੁਰਾਤਨ ਪੰਜਾਬੀ ਦੀ ਵੰਨਗੀ ਪੇਸ਼ ਕਰਦੀ ਹੈ।
  • ਨਾਥ ਜੋਗੀਆਂ ਦੀ ਕਵਿਤਾ ਵਿੱਚ ਅਪਭ੍ਰੰਸ਼ ਦੀ ਰੰਗਣ ਹੈ। ਸੰਸਕ੍ਰਿਤ ਤੇ ਹਿੰਦੀ ਦੀ ਭਰਮਾਰ ਹੈ। ਜਿਵੇਂ :-

ਮਾਰਿਬਾ ਤੋਂ ਮਨ ਮਾਰਿਬਾ ਲੁਟਿਬਾ ਪਵਨ ਭੰਡਾਰਾ ਸਾਥਿਬਾ ਤੋਂ ਪੰਚ ਤਤ ਸੋਇਬਾ ਤੋਂ ਨਿਰੰਜਨ ਨਿਰੰਕਾਰਾ। (ਚੌਰੰਗੀ ਨਾਥ)

  • ਨਾਥ ਬਾਣੀ ਵਿੱਚ ਨਾਥ ਜੋਗੀਆਂ ਨੇ ਆਪਣੇ ਧਰਮ ਦੀ ਵਿਆਖਿਆ ਕੀਤੀ ਹੈ। ਜਿਵੇਂ :-

ਹਿੰਦੂ ਧਿਆਣੈ ਦੇਹੁਰਾ ਮੁਸਲਮਾਨ ਮਸੀਤ। ਜੋਗੀ ਧਿਆਣੇ ਧਰਮ ਪਦ ਜਹਾਂ ਦੇਹੁਰਾ ਨ ਮਸੀਤ। (ਗੋਰਖ ਨਾਥ)

  • ਨਾਥ-ਬਾਣੀ ਕਿਤੇ-ਕਿਤੇ ਗੁਰਮਤਿ ਨਾਲ ਵੀ ਮੇਲ ਖਾਂਦੀ ਹੈ :-

“ਪ੍ਰਣਵੇ ਗੋਰਖ ਸੁਣਹੁ ਪੂਤਾ ਅੰਨ ਪਾਣੀ ਯੋਗ। ਅੰਨ ਕੇ ਸੰਜ਼ਮੀ ਬਿਨ ਨ ਜਾਏ। ਨਿੰਦਰਾ ਕੇ ਸੰਜ਼ਮੀ ਕਾਲ ਨਾ ਜਾਇ।”

ਭਾਈ ਗੁਰਦਾਸ ਜੀ ਲਿਖਦੇ ਹਨ :- “ਥੋੜਾ ਸਵਣਾ ਖਾਵਣਾ ਥੋੜਾ ਬੋਲਣਾ ਗੁਰਮਤਿ ਪਾਇ।”

  • ਪਰੰਤੂ ਨਾਥ ਬਾਣੀ ਤੇ ਗੁਰਬਾਣੀ ਦਾ ਮੇਲ ਆਮ ਨਹੀਂ ਹੈ। ਇਨ੍ਹਾਂ ਦਾ ਵਿਰੋਧ ਵੀ ਹੈ। ਜਿਵੇ਼ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਮਹਾਨ ਦਰਜ਼ਾ ਦਿੱਤਾ ਹੈ। ਉਸਨੂੰ ‘ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ।” ਕਹਿ ਕੇ ਵਡਿਆਈਆ ਹੈ। ਉਥੇ ਗੋਰਖ ਵਰਗੇ ਨਾਰੀ ਦੀ ਭੰਡਣੀ ਕਰਕੇ ਉਸਨੂੰ ਬਾਘਣ ਕਹਿ ਕੇ ਇਉਂ ਦੁਰਕਾਰਦੇ ਹਨ :-

i) ਬਾਘਣ ਜਿੰਦ ਲੈ, ਬਾਘਣ ਬਿੰਦ ਲੈ, ਬਾਘਣ ਹਮਰੀਕਾਇਆ। ਇਨ ਬਾਘਣ ਤ੍ਰੈ ਲੋਕੀ ਖਾਈ ਬਧਤਗੋਰਖ ਗਇਆ।

ii) ਦਾਮ ਕਾਢ ਬਾਘਣ ਲੈ ਆਇਆ। ਮਾਉਂ ਕਹੇ ਮੇਰਾ ਪੁਤ ਬਿਆਇਆ। ਗੀਲੀ ਲੱਕੜੀ ਕੋ ਘੁਨ ਲਾਇਆ। ਤਿਨ ਡਾਲ ਮੂਲ ਚੁਣ ਖਾਇਆ।

  • ਗੁਰਬਾਣੀ ਭੇਖ ਦਾ ਖੰਡਨ ਕਰਦੀ ਹੈ ਅਤੇ ਅਸਲੀ ਪਰਮਾਤਮਾ ਬਣਨ ਲਈ ਪੇ੍ਰਰਦੀ ਹੈ। ਚਰਪਟ ਨਾਥ ਵੀ ਭੇਖ ਦਾ ਖੰਡਨ ਕਰਦਾ ਹੈ।

“ਭੇਖ ਕਾ ਜੋਗੀ ਨ ਕਹਾਉ।

ਆਤਮਾ ਕਾ ਜੋਗੀ ਚਰਪਟ ਨਾਊ।”7[34]

  • ਨਾਥ ਜੋਗੀਆਂ ਨੇ ਆਪਣੀ ਬਾਣੀ ਵਿੱਚ ਬੁੱਧ ਅਤੇ ਸਿੱਧ ਪਰੰਪਰਾ ਦੇ ਅਨੇਕਾਂ ਸੰਕਲਪੀ ਸ਼ਬਦਾਂ ਨੂੰ ਵਰਤਿਆ ਹੈ। ਮਿਸਾਲ ਵਜੋਂ ਸੁੰਨ, ਨਿਰਵਾਣ, ਸਹਿਜ, ਨਦਿ ਬਿੰਦ, ਅਨਹਦ, ਮੁਰਤਿ, ਸ਼ਬਦ, ਭਵ, ਸਾਗਰ, ਨਿਰੰਜਨ ਆਦਿ। ਇਹ ਸੰਕਲਪੀ ਸ਼ਬਦਾਵਲੀ ਨਾਥ ਜੋਗੀਆਂ ਦੀ ਧਾਰਮਿਕ ਚੇਤਨਾ ਦਾ ਸੰਚਾਰ ਕਰਨ ਲਈ ਪ੍ਰਤੀਕਾਵਲੀ ਪ੍ਰਦਾਨ ਕਰਦੀ ਹੈ। ਪਰ ਏਥੇ ਇੱਕ ਗੱਲ ਧਿਆਨ ਜੋਗ ਹੈ ਕਿ ਨਾਥ ਜੋਗੀਆਂ ਨੇ ਬਹੁਤ ਸਾਰੇ ਮ{ਲ ਸਿੱਧ ਸੰਕਲਪਾਂ ਨੂੰ ਆਪਣੀ ਵਿਚਾਰਧਾਰਾ ਅਨੁਸਾਰ ਨਵੀਂ ਪਰਿਭਾਸ਼ਾ ਦੇਣ ਦਾ ਯਤਨ ਵੀ ਕੀਤਾ। ਨਾਥ ਬਾਣੀ ਵਿੱਚ ਬੁੱਧ ਅਤੇ ਸਿੱਧ ਮਤ ਦੀ ਅਨ-ਈਸ਼ਵਰਵਾਦੀ ਦੀ ਧਾਰਨਾ ਦਾ ਤਿਆਗ ਵੀ ਦਿਖਾਈ ਦੇਂਦਾ ਹੈ। ਜੋਗੀਆਂ ਦਾ ਸੁੰਨ, ਨਿਰੰਜਨ, ਹੋਂਦ ਅਤੇ ਹਸਤੀ ਦਾ ਸੁਮੇਲ ਹੈ, ਅਰਥਾਤ ਇਸ ਵਿੱਚ ਈਸ਼ਵਰਵਾਦ ਦੇ ਮੁੱਢਲੇ ਲੱਛਣ ਭਰਨਦਾ ਯਤਨ ਕੀਤਾ ਗਿਆ ਹੈ।8[35]
  • ਨਾਥ ਜੋਗੀਆਂ ਨੇ ਲੋਕਾ ਨੂੰ ਭੇਖਾ ਤੇ ਕੁਰੀਤੀਆ ਵਿੱਚੋ ਕੱਢ ਕੇ ਸਿੱਧੇ ਰਾਹ ਤੇ ਪਾਉਣ ਅਤੇ ਉਹਨਾਂ ਨੂੰ ਸੰਜਮ ਅਤੇ ਜਤ੍ਸਤ ਨੂੰ ਕਾਇਮ ਰੱਖਣ ਦਾ ਉਪਦੇਸ਼ ਦਿੱਤਾ। ਸਿਮਰਣ ਅਤੇ ਜੋਗ੍ਸਾਧਨਾ ਨੂੰ ਉਹਨਾਂ ਨੇ ਮੁਕਤੀ ਦਾ ਸਭ ਤੋਂ ਵੱਡਾ ਮਾਰਗ ਦੱਸਿਆ ਹੈ।
  • ਨਾਥ ਜੋਗੀਆਂ ਦੀ ਵਧੇਰੇ ਰਚਨਾ ਸਲੋਕਾ, ਦੋਹਿਆ ਅਤੇ ਸ਼ਬਦਾ ਦੇ ਰੂਪ ਵਿੱਚ ਮਿਲਦੀ ਹੈ। ਇਹ ਸਾਰੇ ਰੂਪ ਵਿਸ਼ੇਸ਼ ਤੌਰ ਤੇ ਉਪਦੇਸ਼ਆਤਮਕ ਕਵਿਤਾ ਦੇ ਰੂਪ ਹਨ। ਵਿਸ਼ੇ ਵਸਤੂ ਦੇ ਦ੍ਰਿਸਟੀਕੋਣ ਤੋਂ ਨਾਥ ਬਾਣੀ ਆਪਣੇ ਸਿਧਾਂਤਕ ਪ੍ਰਸੰਗ ਨੂੰ ਹੀ ਮਨੁੱਖੀ ਜੀਵਨ ਦੇ ਵੱਖ ਵੱਖ ਪਹਿਲੂਆ ਤੇ ਲਾਗੂ ਕਰਦੀ ਹੈ। ਜੋਗੀਆਂ ਦੀ ਰਚਨਾ ਦਾ ਬਹੁਤ ਵੱਡਾ ਭਾਗ ਸਿੱਧਾ ਦੀ ਵਿਕਾਰਗ੍ਰਸਤ ਸਾਧਨਾ ਵਿਧੀ ਦੀਆਂ ਬੁਨਿਆਦਾ ਨੂੰ ਤੌੜਨ ਲਈ ਤਤਪਰ ਜਾਪਦਾ ਹੈ। ਜੋਗੀਆਂ ਨੇ ਗ੍ਰਸਤ ਜੀਵਨ ਭਾਵ ਭੋਗਵਾਦ ਨੂੰ ਸਿੱਧਾ ਦੀ ਨੇਤਿਕ ਗਿਰਾਵਟ ਦਾ ਕਾਰਣ ਮੰਨਦਿਆਂ ਹੋਇਆ ਇਸਤਰੀ ਨਿੰਦਿਆ ਦਾ ਸੰਦਰਭ ਖੋਲ ਦਿੱਤਾ ਹੈ। ਜਿਵੇ :-

“ਦਾਮਿ ਕਾਢਿ ਬਾਘਨਿ ਲੈ ਆਇਆ ਮਾਉ ਕਹੇ ਮੇਰਾ ਪੂਤ ਬੇਆਹਿਆ”

  • ਨਾਥ ਜੋਗੀਆਂ ਨੇ ਲੋਕਾਂ ਨੂੰ ਸਿੱਧੇ ਰਸਤੇ ਤੇ ਚੱਲਣ ਦਾ ਉਪਦੇਸ਼ ਹੀ ਨਹੀਂ ਦਿੱਤਾ ਸਗੋ ਆਪਣੇ ਨਾਲ ਦੇ ਜੋਗੀਆਂ ਦੀ ਪੂਰੀ ਜਮਾਤ ਨੂੰ ਵੀ ਭੇਖਾਂ ਤੇ ਕਰੀਤੀਆ ਤੋਂ ਬਚਣ ਲਈ ਉਪਦੇਸ ਦਿੱਤੇ ਹਨ ਜਿਵੇਂ ਗੋਰਖਨਾਥ ਆਪਣੇ ਰਚਨਾ ਵਿੱਚ ਲਿਖਦੇ ਹਨ।

‘ਜੋਗੀ ਹੋਇ ਪਰ ਨਿੰਦਿਆ ਝਾਖੈ ਮਦ ਮਾਸ ਘਰ ਭੋਗ ਜੋ ਭਖੈ ਇਕੱਤਰ ਸੈ ਪਰਖਿ ਨਰਕੇ ਜਾਇ ਸਤਿ ਸਤਿ ਭਾਖੰਤ ਗੋਰਖ ਭਾਇ’

ਨਾਥ ਜੋਗੀਆਂ ਦੇ ਸਾਹਿਤ ਵਿੱਚ ਭੇਖੀ ਜੋਗੀਆਂ ਦੀ ਨਿੰਦਿਆ ਵੀ ਕੀਤੀ ਗਈ ਹੈ ਅਤੇ ਆਤਮ ਯੋਗ ਨੂੰ ਅਪਣਾਉਣ ਦੀ ਸਿੱਖਿਆ ਦਿੱਤੀ ਗਈ ਹੈ।

  • ਨਾਥ ਜੋਗੀਆਂ ਦਾ ਮਾਰਗ ਯਮ, ਆਸਣ ਪ੍ਰਾਣਾਯਾਮ, ਧਿਆਨ ਧਾਰਣਾ ਵਰਗੀਆ ਸਾਧਨਾਵਾਂ ਰਾਹੀਂ ਚੇਤੰਨਤਾ ਨੂੰ ਸਮਾਧੀ ਅਵਸਥਾ ਦੀ ਇਕਾਗਰਤਾ ਵਿੱਚ ਢਾਲਣਾ ਚਾਹੁੰਦਾ ਸੀ। ਇਸ ਮੰਤਵ ਦੀ ਪੂਰਤੀ ਲਈ ਉਦਾਸੀ ਜੀਵਨ ਉੱਤੇ ਬਲ ਦਿੱਤਾ ਗਿਆ ਹੈ। ਨਾਥ ਜੋਗੀਆਂ ਦਾ ਇਹ ਸਾਧਨਾ ਮਾਰਗ ਸੰਜਮ ਦੇ ਬੁਨਿਆਦੀ ਸਿਧਾਂਤ ਨੂੰ ਅਪਣਾਉਂਦਾ ਸੀ।
  • ਨਾਥ ਜੋਗੀਆਂ ਦੇ ਸਾਹਿਤ ਦਾ ਇੱਕ ਹੋਰ ਲੱਛਣ ਹੈ ਕਿ ਇਹਨਾਂ ਦੇ ਸਾਹਿਤ ਦੀ ਨੈਤਿਕ ਸੁਰ ਹੈ। ਜੋ ਮੂਲ ਰੂਪ ਵਿੱਚ ਮਨ, ਬਚਨ, ਕਰਮ ਦੀ ਸੁੱਧਤਾ, ਅਹਿੰਸਾ ਤੇ ਦਇਆ ਦੀ ਭਾਵਨਾ ਦੇ ਨੈਤਿਕ ਗੁਣਾ ਦੀ ਸਵੀਕ੍ਰਿਤੀ ਪ੍ਰਦਾਨ ਕਰਦੀ ਹੈ। ਨਾਥ ਜੋਗੀਆਂ ਨੇ ਆਪਣੀ ਬਾਣੀ ਵਿੱਚ ਲੋਕ ਪਰੰਪਰਾ ਦੇ ਸੁਭਾਅ ਨੂੰ ਚੇਤੇ ਰੱਖਦਿਆ ਨਾਥ੍ਬਾਣੀ ਨੇ ਬ੍ਰਾਹਮਣਵਾਦੀ ਕਰਮ੍ਕਾਂਡ ਅਤੇ ਜਾਤੀ ਪ੍ਰਥਾ ਦੇ ਵਿਰੋਧ ਦਾ ਸੁਰ ਉਚਾਰਿਆ ਹੈ ਇਹ ਇਸ ਕਾਵਿ੍ਪ੍ਰਵਿਰਤੀ ਦਾ ਲੋਕ ਹਿਤੈਸ਼ੀ ਤੇ ਮਾਨਵ ਹਿਤਕਾਰੀ ਚਰਿੱਤਰ ਮੰਨਿਆ ਜਾਂਦਾ ਹੈ।
  • ਨਾਥ ਜੋਗੀਆਂ ਦੀਆਂ ਰਚਨਾਵਾਂ ਵਿੱਚ ਈਸ਼ਵਰ ਦੇ ਇੱਕ ਰੂਪ ਨੂੰ ਮਾਨਤਾ ਦੀਤੀ ਗਈ ਹੈ। ਗੋਰਖ ਨਾਥ ਅਨੁਸਾਰ ਈਸ਼ਵਰ ਇੱਕ ਪੁਰਸ ਹੈ ਅਤੇ ਬਾਕੀ ਅਨੇਕ ਨਾਰੀਆਂ ਹਨ। ਉਸ ਦੀ ਵਿਆਪਕਤਾ ਤਾ ਆਤਮਰੂਪ ਵਿੱਚ ਸਭ ਪਾਸੇ ਪਸਰੀ ਹੋਈ ਹੈ। ਸ੍ਰਿਸਟੀ ਦੀ ਉਤਪਤੀ ਉਸ ਇੱਕ ਹੀ ਨੇ ਕੀਤੀ ਹੈ ਅਤੇ ਚੌਦਾਂ ਬ੍ਰਹਮੰਡ ਉਸਦਾ ਹੀ ਸਹਾਰਾ ਹਨ। ਸੰਜਮ ਨਾਲ ਕਾਲ ਰਹਿਤ ਹੋ ਕੇ ਹੀ ਇੱਕ ਬ੍ਰਹਮ ਨਾਲ ਜੁੜੀਦਾ ਹੈ। ਅਸਲ ਜੋਗੀ ਉਹ ਹੋ ਜੋ ਸਭ ਵਿੱਚ ਇਸ ਹੀ ਬ੍ਰਹਮ ਨੂੰ ਵਿਆਪਕ ਸਮਝਦਾ ਹੈ।

ਉਪਕੋਕਤ ਚਰਚਾ ਤੋਂ ਸਿੱਧ ਹੁੰਦਾ ਹੈ ਕਿ ਨਾਥ ਬਾਣੀ ਵਿੱਚ ਪੂਰਬਲੀ ਸਾਹਿਤਕ ਪਰੰਪਰਾ ਵਿਕਸਿਤ ਹੋ ਗਈ ਸੀ। ਇੱਥੇ ਅਸੀਂ ਕੇਵਲ ਉਨ੍ਹਾਂ ਨਾਥਾਂ ਦਾ ਹੀ ਜ਼ਿਕਰ ਕਰਾਂਗੇ ਜਿਨ੍ਹਾਂ ਦੀ ਬਾਣੀ ਪੰਜਾਬੀ ਦੇ ਨੇੜੇ ਸੀ, ਜਾਂ ਜਿਹੜੇ ਪੰਜਾਬ ਦੇ ਹੀ ਸਨ। ਇਨ੍ਹਾਂ ਦੀ ਭਾਸ਼ਾ ਨੂੰ ਅਸੀਂ ਪੁਰਾਤਨ ਪੰਜਾਬੀ ਮੰਨਦੇ ਹਾਂ, ਇਨ੍ਹਾਂ ਵਿੱਚੋਂ ਮਛੰਦਰ ਨਾਥ, ਜਲੰਧਰ, ਗੋਰਖ, ਚਰਪਟ, ਚੌਰੰਗੀ ਨਾਥ, ਰਤਨ ਨਾਥ, ਬ੍ਰਹਮ ਦਾਸ ਵਿਸ਼ੇਸ਼ ਕਰਕੇ ਵਰਣਨ ਯੋਗ ਹਨ।9[36]

ਨਾਥ ਜੋਗੀਆਂ ਦੇ ਸਾਹਿਤ ਦੀਆਂ ਪ੍ਰਾਪਤੀਆਂ[ਸੋਧੋ]

  1. ਸੂਫੀ ਕਾਵਿ ਸਾਹਿਤ ਨੂੰ ਰਚਨ ਵਾਲੇ ਕਵੀਆਂ ਤੋਂ ਪਹਿਲਾਂ ਗੋਰਖਨਾਂਥ ਦੀ ਕਵਿਤਾ ਹੀ ਉਹਨਾਂ ਨੂੰ ਪ੍ਰਾਪਤ ਸੀ ‘ਵਾਨ ਕ੍ਰੇਮਰ’ ਅਤੇ ‘ਗੋਲਡ ਜ਼ਹੀਰ’ ਦੋਹਾ ਦਾ ਮੱਤ ਹੈ ਕਿ ਨਾਥਾਂ ਦੀ ਕਵਿਤਾ ਨੇ ਸੂਫੀ ਕਵਿਤਾ ਤੇ ਬਹੁਤ ਪ੍ਰਭਾਵ ਪਇਆ। ਸੂਫੀਆਂ ਨੇ ‘ਪ੍ਰਾਣਾਯਾਮ’ ਅਤੇ ‘ਹਾਲ’ ਦੀ ਅਵਸਥਾ ਪੈਦਾ ਕਰਨ ਵਾਲੀਆਂ ਕ੍ਰਿਆਵਾਂ ਨਾਥ ਜੋਗੀਆਂ ਤੋਂ ਹੀ ਸਿੱਖਿਆ ਹਨ। ਮੈਸਿਗਨਾ ਦਾ ਕਹਿਣਾ ਹੈ ਕਿ ਸੂਫੀਅਤ ਦੇ ‘ਜ਼ਿਕਰ’ ਤੇ ਯੋਗ ਸਾਧਨਾ ਦਾ ਪ੍ਰਭਾਵ ਉਹਨਾ ਦੀ ਵੱਡੀ ਪ੍ਰਾਪਤੀ ਹੈ।
  2. ਨਾਥ ਜੋਗੀਆਂ ਦੇ ਸਾਹਿਤ ਦੀ ਦੂਜੀ ਵੱਡੀ ਪ੍ਰਾਪਤੀ ਪੰਜਾਬ ਦੇ ਸੱਭਿਆਚਾਰਕ ਅਤੇ ਸਾਹਿਤਕ ਜੀਵਨ ਉੱਤੇ ਯੋਗ ਮੱਤ ਦਾ ਸਭ ਤੋਂ ਵੱਧ ਪ੍ਰਭਾਵ ਪੈਣਾ ਹੈ। ਮੱਧ ਕਾਲ ਦੇ ਪੰਜਾਬੀ ਸਾਹਿਤ ਵਿੱਚ ਗੁਰਬਾਣੀ ਨੂੰ ਖਾਸ ਮਹੱਤਵ ਪ੍ਰਾਪਤ ਹੈ। ਗੁਰਬਾਣੀ ਵਿੱਚ ਯੋਗ ਮੱਤ ਦਾ ਜ਼ਿਕਰ ਥਾਂ-ਥਾਂ ਤੇ ਆਉਂਦਾ ਹੈ ਅਤੇ ਸਾਇਦ ਦੂਜੇ ਮੱਤਾ ਨਾਲੋਂ ਵਧੇਰੇ ਵੀ। ਰਾਮਕਲੀ, ਬਿਲਾਵਲ, ਸੂਫੀ ਅਤੇ ਆਸਾ ਰਾਗ ਦੇ ਬਹੁਤ ਸਾਰੇ ਸ਼ਬਦ ਤਾਂ ਇਉਂ ਜਾਪਦਾ ਹੈ, ਜੋਗੀਆਂ ਨੂੰ ਸਿੱਧੇ ਤੌਰ ਤੇ ਸੰਬੋਧਨ ਕੀਤੇ ਗਏ ਹਨ। ਜਪੁਜੀ ਸਾਹਿਬ ਵਿੱਚ ਵੀ, ਜੋ ਗੁਰਬਾਣੀ ਦੀ ਕੁੰਜੀ ਹੈ, ਜੋਗ੍ਮੱਤ ਦਾ ਕਈ ਵਾਰ ਜ਼ਿਕਰ ਆਇਆ ਹੈ। ‘ਸਿੱਧ ਗੋਸਟਿ’ ਵਿੱਚ ਨਾਥ ਜੋਗੀਆਂ ਦੇ ਦਰਸ਼ਨ ਉੱਤੇ ਸੁਵਿਸਥਾਰ ਚਰਚਾ ਕੀਤੀ ਗਈ ਮਿਲਦੀ ਹੈ।
  3. ਪੰਜਾਬੀ ਕਿੱਸਾ ਕਾਵਿ ਵਿੱਚ ਵੀ, ਨਾਥ ਮੱਤ ਦਾ ਬਹੁਤ ਜ਼ਿਕਰ ਆਉਂਦਾ ਹੈ। ਮੱਧਕਾਲ ਵਿੱਚ ਨਾਥ ਮੱਤ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾ ਵਿੱਚ ਖਾਸ ਕਰਕੇ ਉੱਤਰੀ ਭਾਰਤ ਦੇ ਹਰ ਹਿੱਸੇ ਵਿੱਚ ਸਹਿਰ ਤੇ ਪਿੰਡ ਵਿੱਚ ਲੋਕਾ ਦੀ ਰਹਿਣੀ ਤੇ ਬਹਿਣੀ ਦਾ ਹਿੱਸਾ ਬਣ ਕੇ ਸਮਾਜ ਵਿੱਚ ਬਹੁਤ ਮਾਣ ਸਤਿਕਾਰ ਪ੍ਰਾਪਤ ਕਰ ਚੁੱਕਾ ਸੀ। ਪੰਜਾਬੀ ਕਿੱਸਾ ਕਾਵਿ ਨੂੰ ਇਸ ਮੱਤ ਦੀ ਹਰ ਪੱਖ ਬਹੁ-ਮੁੱਲੀ ਦੇਣ ਸੀ। ਯੋਗਮੱਤ ਦੇ ਸਿਧਾਂਤਕ ਤੇ ਸਾਧਨਾਤਮਿਕ ਰੂਪ ਨੂੰ ਕਿੱਸਾਕਾਰਾ ਨੇ ਆਪਣੀਆ ਰਚਨਾਵਾਂ ਵਿੱਚ ਨਿਰੂਪਣ ਕਰਕੇ ਇਸਦੇ ਅਮੀਰ ਵਿਰਸੇ ਨੂੰ ਹੋਰ ਵੀ ਉਜਾਗਰ ਕੀਤਾ ਹੈ। ਮੁਕਬਲ ਨੇ ਆਪਣੇ ਕਿੱਸੇ ਵਿੱਚ ਜੋਗੱਤ ਦੀ ਵਡਿਆਈ ਕਰਦਿਆ ਕਿਹਾ ਹੈ ਕਿ ਜੋਗਮੱਤ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ। ਜੋਗ ਮਨ ਦੀ ਮੈਲ ਦੂਰ ਕਰਦਾ ਹੈ ਅਤੇ ਰੱਬ ਤੱਕ ਪਹੁੱਚਣ ਦਾ ਬਹੁਮੁੱਲਾ ਸਾਧਨ ਹੈ। ਉਹ ਲਿਖਦਾ ਹੈ
ਜੋਗੀ ਹੋਇਆ ਨਾਥ ਜੀ। ਮੁਕਤ ਹੋਵੇ,
ਜੋਗੀ ਜੀਉ ਦੀ ਮੈਲ ਗਵਾਂਵਦਾ ਹੈ।
ਜੋਗੀ ਹੋਇਆਂ ਬਣਦੀਆਂ ਸਭ ਆਸਾਂ
ਜੋਗ ਰੱਬ ਨੂੰ ਜਾਇ ਮਿਲਾਂਵਦਾ ਹੈ।
  1. ਨਾਥ ਜੋਗੀਆਂ ਦੇ ਸਾਹਿਤ ਦੀ ਇੱਕ ਹੋਰ ਵੱਡੀ ਪ੍ਰਾਪਤੀ ਹੈ ਕਿ ਆਧੁਨਿਕ ਪੰਜਾਬੀ ਕਵਿਤਾ ਦੇ ਮੁੱਢਲੇ ਪੜਾ ਵਿੱਚ ਅਨੇਕਾਂ ਕਵੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਜੋਗਮੱਤ ਨੂੰ ਅਧਾਰ ਬਣਾ ਕੇ ਆਪਣੇ ਭਾਵਾਂ ਤੇ ਵਿਚਾਰ ਨੂੰ ਨਿਰੁਪਣ ਕੀਤਾ ਹੈ। ਜਿਨ੍ਹਾਂ ਵਿੱਚ ਕੇਵਲ ਕੁਝ ਕੁ ਦਾ ਸੰਕੇਤ ਕਾਫੀ ਹੈ, ‘ਲਾਲਾ ਧਨੀਰਾਮ ਚਾਤ੍ਰਿਕ’ ਨੇ ‘ਭਰਥਰੀ ਹਰੀ’ ਵਿੱਚ ਭਰਥਰੀ ਹਰੀ ਨੂੰ ਉਜੈਨ ਦਾ ਰਾਜਾ ਦੱਸਿਆ ਹੈ। ਜਿਸਨੇ ਗੋਰਖਨਾਥ ਦੀ ਗੱਦੀ ਤੇ ਬੈਠੇ ਨਾਥ ਜਿਤੇਂਦਰ ਨਾਥ ਤੋਂ ਜੋਗ ਦੀ ਦੀਖਿਆ ਪ੍ਰਾਪਤ ਕੀਤੀ ਸੀ। ਇਸੇ ਤਰ੍ਹਾਂ ਆਧੁਨਿਕ ਪੰਜਾਬੀ ਕਵਿਤਾ ਦੇ ਕਵੀ ਪ੍ਰੋ. ਪੂਰਨ ਸਿੰਘ ਨੇ ‘ਪੂਰਨ ਭਗਤ’ ਦਾ ਕਿੱਸਾ ਲਿਖਿਆ ਰਚਨਾਵਾ ਵਿੱਚ ਜ਼ਿਕਰ ਹੋਣਾ ਵੀ ਇੱਕ ਵੱਡੀ ਪ੍ਰਪਾਤੀ ਹੈ।
  2. ਨਾਥ ਜੋਗੀਆਂ ਦੇ ਸਾਹਿਤ ਦੀ ਇੱਕ ਵੱਡੀ ਪ੍ਰਾਪਤੀ ਇਹ ਵੀ ਹੈ ਕਿ ਇਹਨਾਂ ਨੇ ਲੋਕ੍ਸਾਹਿਤ ਨੂੰ ਬਹੁਤ ਪ੍ਰਫੁੱਲਤ ਕੀਤਾ ਹੈ। ਲੋਕ੍ਸਾਹਿਤ ਵਿੱਚ ਗੋਰਖਨਾਥ ਅਤੇ ਹੋਰ ਨਾਥਾ ਦਾ ਬਹੁਤ ਜ਼ਿਕਰ ਆਉਂਦਾ ਹੈ। ਲੋਕ ਕਹਾਣੀਆ, ਲੋਕ ਕਥਾਵਾਂ ਅਤੇ ਲੋਕ ਗੀਤਾ ਵਿੱਚ ਨਾਥ ਜੋਗੀਆਂ ਦੀ ਆਮ ਚਰਚਾ ਹੁੰਦੀ ਰਹੀਂ ਹੈ। ਅਨੇਕਾਂ ਸਦੀਆਂ ਬੀਤਣ ਉਪਰੱਤ ਵੀ ਇਹ ਕਹਾਣੀਆ ਤੇ ਗਥਾਵਾਂ ਨਵੀਆਂ ਨਰੋਈਆਂ ਤੇ ਆਧੁਨਿਕ ਜਾਪਦੀਆਂ ਹਨ।

ਸਹਾਇਕ ਪੁਸਤਕਾਂ[ਸੋਧੋ]

  1. ਡਾ. ਧਰਮਪਾਲ ਸਿੰਗਲ, ਪੰਜਾਬੀ ਸਾਹਿਤ ਦਿ ਇਤਿਹਾਸ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
  2. ਕਿਰਪਾਲ ਸਿੰਘ ਕਸੇਲ, ਪੰਜਾਬੀ ਸਾਹਿਤ ਦੀ ਉਤਪੱਤੀ ਤੇ ਵਿਕਾਸ
  3. ਪ੍ਰੋ ਬ੍ਰਹਮਜਗਦੀਸ਼, ਪ੍ਰੋ ਰਾਜਵੀਰ ਕੌਰ, ਪੰਜਾਬੀ ਸਾਹਿਤ ਦਾ ਇਤਿਹਾਸ, ਵਾਰਿਸ ਸ਼ਾਹ ਫ਼ਾਊਂਡੇਸ਼ਨ, ਅੰਮ੍ਰਿਤਸਰ
  4. ਪ੍ਰੋ ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ

ਹਵਾਲੇ[ਸੋਧੋ]

  1. ਹਜ਼ਾਰੀ ਪ੍ਰਸਾਦਿ ਦ੍ਰਿ੍ਵਵੇਦੀ, ਨਾਥ ਸੰਪ੍ਰਾਦਾਇ, ਪੰਨਾ-3 ਉਦਰਿਤ ਦੇਵਿੰਦਰ ਸਿੰਘ ਆਦਿ ਕਾਲੀਨ ਪੰਜਾਬੀ ਸਾਹਿਤ ਨਿਊ ਏਂਜ ਬੁੱਕ ਮੈਂਟਰ ਅੰਮ੍ਰਿਤਸਰ, 1983 ਪੰਨਾ-101
  2. (ੳ) ਜੀਤ ਸਿੰਘ ਸ਼ੀਤਲ, ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ (ਭਾਗ ਪਹਿਲਾ) (ਆਦਿਕਾਲ ਤੋਂ 1700 ਈ. ਤੱਕ) ਪੈਪਸੂ ਬੁੱਕ ਡਿਪੂ ਪਟਿਆਲਾ 1973 ਪੰਨਾ-47 (ਅ) ਪੰਜਾਬੀ ਸਾਹਿਤ ਦਾ ਇਤਿਹਾਸ, ਭਾਸ਼ਾ ਵਿਭਾਗ, ਪਟਿਆਲਾ (ਭਾਗ ਪਹਿਲਾ) ਪੰਨਾ-59 (ੲ) ਕਿਰਪਾਲ ਸਿੰਘ ਕਸੇਲ, ਪਰਮਿੰਦਰ ਸਿੰਘ, ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉੱਤਪਤੀ ਤੇ ਵਿਕਾਸ, ਪੰਨਾ-18, ਲਾਹੌਰ ਬੁਕ ਸਾਪ ਘੰਟਾਘਰ ਲੁਧਿਆਣਾ। (ਸ) ਡਾ. ਮੋਹਨ ਸਿੰਘ ਦੀਵਾਨਾ, ਪੰਜਾਬੀ ਅਦਬਦੀ ਮੁਖਤਸਰ ਤਾਰੀਖ, ਪੰਨਾ-4
  3. ਡਾ. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ-ਭਗਤੀ ਕਾਲ ਆਰੰਭ ਤੋਂ 1700ਈ. ਤੱਕ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1995, ਪੰਨਾ-24
  4. ਹਜ਼ਾਰੀ ਪ੍ਰਸਾਦਿ ਦਿ੍ਵਵੇਦੀ, ਨਾਥ ਸੰਪ੍ਰਦਾਇ, ਪੰਨਾ-3 ਉਦਰਿਤ ਦੇਵਿੰਦਰ ਸਿੰਘ ਆਦਿ ਕਾਲੀਨ ਪੰਜਾਬੀ ਸਾਹਿਤ ਨਿਊ ਏਂਜ ਬੁੱਕ ਸੈਂਟਰ ਅੰਮ੍ਰਿਤਸਰ, 1983 ਪੰਨਾ-101
  5. ਨਰੇਂਦ੍ਰ ਧੀਰ, ਨਾਥ ਜੋਗੀਆਂ ਦਾ ਸਾਹਿਤ, ਪੰਜਾਬੀ ਸਾਹਿਤ ਦਾ ਇਤਿਹਾਸ ਭਾਸ਼ਾ ਵਿਭਾਗ ਪਟਿਆਲਾ ਪੰਨਾ-63, ਉਪਰਿਤ ਦੇਵਿੰਦਰ ਸਿੰਘ, ਆਦਿ ਕਾਲੀਨ ਪੰਜਾਬੀ ਸਾਹਿਤ, ਨਿਊਂ ਏਂਜ ਬੁੱਕ ਸੈਂਟਰ ਅੰਮ੍ਰਿਤਸਰ, 1983 ਪੰਨਾ-101
  6. ਜੀਤ ਸਿੰਘ ਸ਼ੀਤਲ, ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ (ਭਾਗ-1) (ਆਦਿ ਕਾਲ ਤੋਂ 1700 ਈ. ਤੱਕ) ਪੈਪਸੂ ਬੁੱਕ ਡਿਪੂ ਪਟਿਆਲਾ, 1973, 47 ਪੰਨਾ
  7. ਜੀਤ ਸਿੰਘ ਸੀਤਲ, ਪੰਜਾਬੀ ਸਾਹਿਤ ਦਾ ਆਲੋਚਨਤਾਮਕ ਇਤਿਹਾਸ (1700 ਈ. ਤੱਕ) ਪੈਪਸੂ ਬੁੱਕ ਡਿਪੂ ਪਟਿਆਲਾ, 1973 ਪੰਨਾ ਨੰ: 50
  8. ਡਾ. ਧਰਮਪਾਲ ਸਿੰਗਲ, ਪਜੰਾਬੀ ਸਾਹਿਤ ਦਾ ਇਤਿਹਾਸ, ਲੋਕਗੀਤ ਪ੍ਰਕਾਸ਼ਨ ਪੰਨਾ ਨੰ 35
  9. ਪ੍ਰੋ ਚਾਨਣ ਸਿੰਘ ਨਿਰਮਲ, ਪੰਜਾਬੀ ਸਾਹਿਤ, ਮੰਗਲ ਪ੍ਰਕਾਸ਼ਨ ਪੰਨਾ ਨੰ: 19
  10. ਜੀਤ ਸਿੰਘ ਸੀਤਲ, ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ (1700 ਈ. ਤੱਕ) ਪੈਪਸੂ ਬੁੱਕ ਡਿਪੂ ਪਟਿਆਲਾ, ਪੰਨਾ ਨੰ: 50
  11. ਡਾ. ਧਰਮਪਾਲ ਸਿੰਗਲ, ਪੰਜਾਬੀ ਸਾਹਿਤ ਦਾ ਇਤਿਹਾਸ, ਲੋਕ ਗੀਤ ਪ੍ਰਕਾਸ਼ਨ, ਪੰਨਾ ਨੰ: 50
  12. ਡਾ. ਧਰਮਪਾਲ ਸਿੰਗਲ, ਪੰਜਾਬੀ ਸਾਹਿਤ ਦਾ ਇਤਿਹਾਸ, ਲੋਕ ਗੀਤ ਪ੍ਰਕਾਸ਼ਨ, ਪੰਨਾ ਨੰ: 51
  13. ਸੁਰਿੰਦਰ ਸਿੰਘ ਕੋਹਲੀ (ਪ੍ਰੋ.), ਪੰਜਾਬੀ ਸਾਹਿਤ ਦਾ ਇਤਿਹਾਸ, ਲਾਹੌਰ ਬੁੱਕ ਸ਼ਾਪ, ਘਟੰਾ ਘਰ, ਲੁਧਿਆਣਾ, 1955 ਪੰਨਾ 46
  14. ਉਧਿਰਤ, ਪ੍ਰਮਿੰਦਰ ਸਿੰਘ (ਡਾ.), ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉੱਤਪਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ-2, ਲੁਧਿਆਣਾ, 2009, ਪੰਨਾ 31
  15. ਮੋਹਨ ਸਿੰਘ ਦੀਵਾਨਾ (ਡਾ.), ਪੰਜਾਬੀ ਅਦਬ ਦੀ ਮੁਖ਼ਤਸਰ ਤਾਰੀਖ਼, ਪੰਨਾ 6
  16. ਉਜਾਗਰ ਸਿੰਘ ਸਹਿਗਲ, ਗੋਰਖਬਾਣੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1989 ਪੰਨਾ 67-68
  17. ਉਧਿਰਤ, ਉਜਾਗਰ ਸਿੰਘ ਸਹਿਗਲ, ਗੋਰਖਬਾਣੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1989, ਪੰਨਾ 69
  18. ਉਜਾਗਰ ਸਿੰਘ ਸਹਿਗਲ, ਗੋਰਖਨਾਥ : ਜੀਵਨ ਤੇ ਰਚਨਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ 1985, ਪੰਨਾ 151
  19. ਉਧਰਿਤ, ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਆਦਿ ਕਾਲ ਤੋਂ ਭਗਤੀ ਕਾਲ ਤੱਕ (ਆਰੰਭ ਤੋਂ 1700 ਈ. ਤੱਕ), ਗੁਰੂ ਨਾਨਕ ਦੇਵ ਯੂਨੀਵਰਸਿਟੀ। ਪੰਨਾ -34
  20. ਡਾ. ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ ਲੁਧਿਆਣਾ। ਪੰਨਾ-32
  21. ਡਾ. ਮੋਹਣ ਸਿੰਘ, ਪੰਜਾਬੀ ਅਦਬ ਦੀ ਮੁਖ਼ਤਸਰ ਤਾਰੀਖ ਪੰਨਾ-17
  22. ਡਾ. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ ਆਦਿ ਕਾਲ ਤੋਂ 1700 ਈ. ਤੱਕ. ਪਬਲੀਕੇਸਨ ਬਿਊਰੋ 1986 ਪੰਜਾਬੀ ਯੂਨੀਵਰਸਿਟੀ ਪਟਿਆਲਾ। ਪੰਨਾ-16
  23. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਆਦਿ ਕਾਲ ਤੋਂ ਭਗਤੀ ਕਾਲ ਤੱਕ (ਆਰੰਭ ਤੋਂ 1700 ਈ. ਤੱਕ), ਗੁਰੂ ਨਾਨਕ ਦੇਵ ਯੂਨੀਵਰਸਿਟੀ। ਪੰਨਾ -33
  24. ਡਾ. ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ ਲੁਧਿਆਣਾ। ਪੰਨਾ-29
  25. ਡਾ. ਜੀਤ ਸਿੰਘ ਸੀਤਲ, ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਆਦਿ ਕਾਲ 1980, ਪੈਪਸੂ ਬੁੱਕ ਡਿਪੂ ਪਟਿਆਲਾ। ਪੰਨਾ-59
  26. ਡਾ. ਮੋਹਨ ਸਿੰਘ, ਪੰਜਾਬੀ ਅਬਦ ਦੀ ਮੁਖਤਸਰ ਤਾਰੀਖ, ਪੰਨਾ -17
  27. ਡਾ. ਦੇਵਿੰਦਰ ਸਿੰਘ, ਮੱਧਕਾਲੀ ਪੰਜਾਬੀ ਸਾਹਿਤ (1000-1469 ਈ.) ਨਿਊ ਏਜ਼ ਬੁਕ ਸੈਂਟਰ, ਅੰਮ੍ਰਿਤਸਰ ਪੰਨਾ ਨੰ: 19
  28. ਪ੍ਰੋ. ਚਾਨਣ ਸਿੰਘ ਨਿਰਮਾਲ, ਪੰਜਾਬੀ ਸਾਹਿਤ, ਮੰਗਲ ਪ੍ਰਕਾਸ਼ਨ, ਪੰਨਾ ਨੰ: 21
  29. ਡਾ. ਧਰਮਪਾਲ ਸਿੰਗਲ, ਪੰਜਾਬੀ ਸਾਹਿਤ ਦਾ ਇਤਿਹਾਸ, ਲੋਕ ਗੀਤ ਪ੍ਰਕਾਸ਼ਨ, ਪੰਨਾ ਨੰ: 39
  30. ਨਰਿੰਦਰ ਸਿੰਘ ਦੁੱਗਲ, ਪੰਜਾਬੀ ਸਾਹਿਤ ਦਾ ਪਰਿਚਯ ਪੰਨਾ ਨੰ: 25
  31. ਡਾ. ਜੀਤ ਸਿੰਘ ਸੀਤਲ, ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ (1700 ਈ: ਤੱਕ), ਪੈਪਸੂ ਬੁੱਕ ਡਿਪੂ, ਪਟਿਆਲਾ, ਪੰਨਾ ਨੰ: 61
  32. 1) ਜੀਤ ਸਿੰਘ ਸੀਤਲ, ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਪੈਪਸੂ ਬੁੱਕ ਡਿਪੂ, ਪਟਿਆਲਾ, 1973, ਪੰਨਾ 61
  33. ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉੱਤਪਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 2009, ਪੰਨਾ 34
  34. ਪ੍ਰੋ. ਚਾਨਣ ਸਿੰਘ ਨਿਰਮਲ, ਪੰਜਾਬੀ ਸਾਹਿਤ ਦਾ ਇਤਿਹਾਸ, ਮੰਗਲ ਪ੍ਰਕਾਸ਼ਨ, ਅੰਮ੍ਰਿਤਸਰ, 1992, ਪੰਨਾ- 12-15
  35. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ-ਭਗਤੀ ਕਾਲ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1995, ਪੰਨਾ- 29-30
  36. ਧਰਮਪਾਲ ਸਿੰਘ ਸਿੰਗਲ, ਪੰਜਾਬੀ ਸਾਹਿਤ ਦਾ ਇਤਿਹਾਸ, ਲੋਕ ਗੀਤ ਪ੍ਰਕਾਸ਼ਨ, 2006, ਪੰਨਾ-34

ਬਾਹਰੀ ਕੜੀਆਂ[ਸੋਧੋ]

http://vimisahitya.wordpress.com/2008/08/20/nath_sahitya/