ਪਾਰਸੀ ਧਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਰਵਾਹਰ - ਇਹ ਪਾਰਸੀ ਧਰਮ ਦਾ ਧਾਰਮਿਕ ਨਿਸ਼ਾਨ ਹੈ
ਯਜ਼ਦ ਦਾ ਮੰਦਰ

ਪਾਰਸੀ ਧਰਮ ਇਰਾਨ ਦਾ ਬਹੁਤ ਪੁਰਾਣਾ ਧਰਮ ਹੈ। ਇਹ ਜੰਦ ਅਵੇਸਤਾ ਨਾਮ ਦੇ ਧਰਮ-ਗਰੰਥ ਉੱਤੇ ਆਧਾਰਿਤ ਹੈ। ਇਸ ਦੇ ਬਾਨੀ ਮਹਾਤਮਾ ਜ਼ਰਥੁਸ਼ਟਰ ਹਨ, ਇਸ ਲਈ ਇਸ ਧਰਮ ਨੂੰ ਜ਼ਰਥੁਸ਼ਟਰੀ ਧਰਮ (Zoroastrianism) ਵੀ ਕਹਿੰਦੇ ਹਨ।

ਅਵੈਸਤਾ[ਸੋਧੋ]

ਜ਼ੰਦ ਅਵੈਸਤਾ ਦੇ ਹੁਣ ਕੁਝ ਹਿੱਸੇ ਹੀ ਮਿਲਦੇ ਹਨ। ਇਸਦੇ ਸਭ ਤੋਂ ਪੁਰਾਣੇ ਭਾਗ ਰਿਗਵੇਦ ਦੇ ਸਮੇਂ ਦੇ ਹੋ ਸਕਦੇ ਹਨ। ਇਸਦੀ ਭਾਸ਼ਾ ਅਵੇਸਤਨ ਹੈ, ਜਿਹੜੀ ਸੰਸਕ੍ਰਿਤ ਨਾਲ ਬਹੁਤ ਜ਼ਿਆਦਾ ਮੇਲ ਖਾਂਦੀ ਹੈ।

ਵਿਸ਼ਵਾਸ[ਸੋਧੋ]

ਅਹੁਰ ਮਜ਼ਦ[ਸੋਧੋ]

ਪਾਰਸੀ ਇੱਕ ਰੱਬ ਨੂੰ ਮੰਨਦੇ ਹਨ, ਜਿਸਨੂੰ ਅਹੁਰ ਮਜ਼ਦ (ਸੰਸਕ੍ਰਿਤ: असुर मेधा) (ਹੋਰਮਜ਼ਦ) ਕਹਿੰਦੇ ਹਨ। ਉਹਨਾਂ ਦਾ ਵਰਨਣ ਵੈਦਿਕ ਦੇਵਤਾ ਵਰੁਣ ਦੇਵਤਾ ਨਾਲ਼ ਕਾਫ਼ੀ ਮੇਲ ਖਾਂਦਾ ਹੈ।

ਅੱਗ ਪੂਜਕ[ਸੋਧੋ]

ਪਾਰਸੀ ਅੱਗ ਪੂਜਕ ਹੁੰਦੇ ਹਨ। ਅੱਗ ਨੂੰ ਰੱਬ ਦਾ ਪੁੱਤਰ ਅਤੇ ਬਹੁਤ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ। ਉਸੇ ਦੇ ਜ਼ਰੀਏ ਅਹੁਰ ਮਜ਼ਦ ਦੀ ਪੂਜਾ ਕੀਤੀ ਜਾਂਦੀ ਹੈ। ਪਾਰਸੀ ਮੰਦਰਾਂ ਨੂੰ ਆਤਿਸ਼ ਬਹਿਰਾਮ ਕਿਹਾ ਜਾਂਦਾ ਹੈ।

ਸ਼ੈਤਾਨ[ਸੋਧੋ]

ਪਾਰਸੀ ਮੱਤ ਮੁਤਾਬਕ ਅਹੁਰ ਮਜ਼ਦ ਦਾ ਦੁਸ਼ਮਣ ਅੰਗੀਰਾ ਮੈਨਯੂ (ਆਹਰੀਮਾਨ) ਹੈ।

ਇਤਿਹਾਸ[ਸੋਧੋ]

ਇੱਕ ਜ਼ਮਾਨੇ 'ਚ ਪਾਰਸੀ ਧਰਮ ਈਰਾਨ ਦਾ ਮੁੱਖ ਧਰਮ ਹੋਇਆ ਕਰਦਾ ਸੀ। ਉਹਨਾਂ ਨੇ ਹਿੰਦੁਸਤਾਨ ਵਿੱਚ ਪਨਾਹ ਲਈ। ਉਦੋਂ ਤੋਂ ਲੈਕੇ ਅੱਜ ਤੱਕ ਪਾਰਸੀਆਂ ਨੇ ਭਾਰਤ ਦੇ ਉਦੈ ਵਿੱਚ ਬਹੁਤ ਯੋਗਦਾਨ ਦਿੱਤਾ ਹੈ।

ਪਾਰਸੀ ਤਿਓਹਾਰ[ਸੋਧੋ]

ਧਰਮ ਦੇ ਬਾਰੇ 'ਚ[ਸੋਧੋ]

ਪ੍ਰਾਚੀਨ ਫ਼ਾਰਸ (ਅੱਜ ਦਾ ਈਰਾਨ) ਜਦੋਂ ਪੂਰਬੀ ਯੂਰਪ ਤੋਂ ਮੱਧ ਏਸ਼ੀਆ ਤੱਕ ਫੈਲਿਆ ਇੱਕ ਵਿਸ਼ਾਲ ਸਾਮਰਾਜ ਸੀ, ਉਸ ਵੇਲੇ ਪੈਗੰਬਰ ਜ਼ਰਾਥੂਸਤਰਾ ਨੇ ਈਸ਼ਵਰਵਾਦ ਦਾ ਸੰਦੇਸ਼ ਦਿੰਦੇ ਹੋਏ ਪਾਰਸੀ ਧਰਮ ਦੀ ਨੀਂਹ ਰੱਖੀ ਸੀ।

ਜ਼ਰਾਥੂਸਤਰ ਅਤੇ ਉਸਦੇ ਅਨੁਯਾਈਆਂ ਬਾਰੇ ਪੂਰੀ ਜਾਣਕਾਰੀ ਨਹੀਂ ਮਿਲਦੀ। ਇਸਦਾ ਕਾਰਨ ਇਹ ਹੈ ਕਿ ਪਹਿਲਾਂ ਸਿਕੰਦਰ ਦੀਆਂ ਫੌਜਾਂ ਨੇ ਅਤੇ ਪਿੱਛੋਂ ਅਰਬ ਹਮਲਾਵਰਾਂ ਨੇ ਪ੍ਰਾਚੀਨ ਫ਼ਾਰਸ ਦਾ ਲਗਭਗ ਸਾਰਾ ਧਾਰਮਿਕ ਅਤੇ ਸੰਸਕ੍ਰਿਤਿਕ ਸਾਹਿਤ ਨਸ਼ਟ ਕਰ ਦਿੱਤਾ ਸੀ। ਅੱਜ ਅਸੀਂ ਇਸਦੇ ਇਤਿਹਾਸ ਦੇ ਬਾਰੇ 'ਚ ਜਿੰਨਾ ਕੁਝ ਵੀ ਜਾਣਦੇ ਹਾਂ, ਉਹ ਈਰਾਨ ਦੇ ਪਹਾੜਾਂ 'ਚ ਉੱਕਰੇ ਸ਼ਿਲਾਲੇਖਾਂ ਅਤੇ ਜ਼ਬਾਨੀ ਪਰੰਪਰਾ ਦੀ ਬਦੌਲਤ ਹੈ।

ਸੱਤਵੀਂ ਸਦੀ ਈਸਵੀ ਤੱਕ ਆੁਉਂਦੇ-ਆਉਂਦੇ ਫ਼ਾਰਸੀ ਸਾਮਰਾਜ ਆਪਣੀ ਪੁਰਾਣੀ ਸ਼ਾਨ ਅਤੇ ਸ਼ਕਤੀ ਗੁਆ ਚੁੱਕਿਆ ਸੀ। ਜਦੋਂ ਅਰਬਾਂ ਨੇ ਇਹਦੇ ਉੱਪਰ ਆਪਣੀ ਮਹੱਤਵਪੂਰਨ ਜਿੱਤ ਪ੍ਰਾਪਤ ਕਰ ਲਈ ਤਾਂ ਆਪਣੇ ਧਰਮ ਦੀ ਰੱਖਿਆ ਲਈ ਅਨੇਕਾਂ ਜ਼ਰਾਥੂਸਤਰੀ ਸਮੁੰਦਰ ਦੇ ਰਸਤੇ ਭੱਜ ਨਿਕਲੇ ਅਤੇ ਉਹਨਾਂ ਨੇ ਭਾਰਤ ਦੇ ਪੱਛਮੀ ਤੱਟ ਉੱਪਰ ਸ਼ਰਨ ਲੈ ਲਈ।

ਇੱਥੇ ਆਕੇ ਉਹ ਪਾਰਸੀ (ਫ਼ਾਰਸੀ ਤੋਂ) ਕਹਾਉਣ ਲੱਗੇ। ਅੱਜ ਦੁਨੀਆ ਭਰ ਵਿੱਚ ਲਗਭਗ ਸਵਾ ਤੋਂ ਡੇਢ ਲੱਖ ਦੇ ਵਿੱਚ ਪਾਰਸੀ ਹਨ। ਇਹਨਾਂ ਵਿੱਚੋਂ ਅੱਧੇ ਤੋਂ ਵੱਧ ਭਾਰਤ ਵਿੱਚ ਹਨ।

ਫ਼ਾਰਸ ਦੇ ਸ਼ਹਿਨਸ਼ਾਹ ਵਿਸ਼ਤਾਸਪ ਦੇ ਸ਼ਾਸ਼ਨਕਾਲ ਦੌਰਾਨ ਪੈਗੰਬਰ ਜ਼ਰਾਥੂਸਤਰ ਨੇ ਦੂਰ-ਦੂਰ ਘੁੰਮ ਕੇ ਆਪਣਾ ਸੰਦੇਸ਼ ਦਿੱਤਾ। ਉਹਨਾਂ ਦੇ ਅਨੁਸਾਰ ਰੱਬ ਇੱਕ ਹੀ ਹੈ (ਉਸ ਵੇਲੇ ਫ਼ਾਰਸ 'ਚ ਅਨੇਕਾਂ ਦੇਵੀ-ਦੇਵਤਾਵਾਂ ਦੀ ਪੂਜਾ ਕੀਤੀ ਜਾਂਦੀ ਸੀ) ਇਸ ਰੱਬ ਨੂੰ ਜ਼ਰਾਥੂਸਤਰ ਨੇ 'ਅਹੁਰ ਮਜ਼ਦ' ਕਿਹਾ ਜਿਸਦਾ ਮਤਲਬ ਹੈ 'ਮਹਾਨ ਜੀਵਨਦਾਤਾ'।

ਅਹੁਰ ਮਜ਼ਦ ਕੋਈ ਵਿਅਕਤੀ ਨਹੀਂ ਹੈ, ਸਗੋਂ ਇੱਕ ਹੋਂਦ ਹੈ, ਸ਼ਕਤੀ ਹੈ, ਊਰਜਾ ਹੈ। ਜ਼ਰਾਥੂਸਤਰ ਦੇ ਮਤ ਅਨੁਸਾਰ ਵਿਸ਼ਵ 'ਚ ਦੋ ਪ੍ਰਮੁੱਖ ਆਤਮਾਵਾਂ ਦੇ ਵਿਚਾਲੇ ਨਿਰੰਤਰ ਸੰਘਰਸ਼ ਜਾਰੀ ਹੈ। ਇਹਨਾਂ ਵਿੱਚੋਂ ਇੱਕ ਅਹੁਰ ਮਜ਼ਦ ਦੀ ਆਤਮਾ ਹੈ, ਜਿਸਨੂੰ 'ਸਪੇਂਤਾ ਮੀਨੂ' ਕਹਿੰਦੇ ਹਨ। ਦੂਜੀ ਹੈ ਦੁਸ਼ਟ ਆਤਮਾ 'ਅੰਘਰਾ ਮੀਨੂ', ਇਸ ਦੁਸ਼ਟ ਆਤਮਾ ਦੇ ਵਿਨਾਸ਼ ਲਈ ਅਹੁਰਾ ਮਜ਼ਦ ਨੇ ਆਪਣੀਆਂ ਸੱਤ ਕਿਰਤਾਂ ਆਕਾਸ਼, ਜਲ, ਧਰਤੀ, ਵਨਸਪਤੀ, ਪਸ਼ੂ, ਮਨੁੱਖ ਅਤੇ ਅੱਗ ਨਾਲ਼ ਇਸ ਭੌਤਿਕ ਜਗਤ ਦੀ ਸਿਰਜਣਾ ਕੀਤੀ।

ਉਹ ਜਾਣਦੇ ਸਨ ਕਿ ਆਪਣੇ ਤਬਾਹਕੁੰਨ ਸੁਭਾਅ ਕਰਕੇ ਅਤੇ ਅਗਿਆਨ ਦੇ ਹੁੰਦਿਆਂ ਅੰਘਰਾ ਮੀਨੂ ਇਸ ਦੁਨੀਆ 'ਤੇ ਹਮਲਾ ਕਰੇਗਾ ਅਤੇ ਇਸਦੇ ਵਿੱਚ ਅਵਿਵਸਥਾ, ਝੂਠ, ਕਰੂਰਤਾ ਅਤੇ ਮੌਤ ਦਾ ਪ੍ਰਵੇਸ਼ ਕਰਾ ਦੇਵੇਗਾ।

ਮਨੁੱਖ ਜਿਹੜਾ ਅਹੁਰਾ ਮਜ਼ਦ ਦੀ ਸਭ ਤੋਂ ਮਹਾਨ ਕਿਰਤ ਹੈ, ਇਸ ਸੰਘਰਸ਼ ਵਿੱਚ ਕੇਂਦਰੀ ਭੂਮਿਕਾ ਹੈ। ਉਸਨੇ ਆਪਣੀ ਇੱਛਾ ਨਾਲ਼ ਇਸ ਸੰਘਰਸ਼ ਵਿੱਚ ਲੋਹਾ ਲੈਣਾ ਹੈ। ਇਸ ਯੁੱਧ ਵਿੱਚ ਉਸਦੇ ਸ਼ਸਤਰ ਹੋਣਗੇ, ਚੰਗਿਆਈ, ਸੱਚ, ਸ਼ਕਤੀ, ਭਗਤੀ, ਆਰਦਸ਼ ਅਤੇ ਅਮ੍ਰਿਤ। ਇਹਨਾਂ ਸਿਧਾਤਾਂ 'ਤੇ ਅਮਲ ਕਰਕੇ ਮਨੁੱਖ ਦੁਨੀਆ ਦੀਆਂ ਸਾਰੀਆਂ ਬੁਰਾਈਆਂ ਨੂੰ ਖ਼ਤਮ ਕਰ ਦੇਵੇਗਾ।

ਕੁਝ ਲੋਕ ਵਿਗਿਆਨਕ ਕਸੌਟੀ ਅਨੁਸਾਰ ਧਰਮ ਨੂੰ ਪਰਖਣ ਵਾਲੇ 'ਸਪੇਂਤਾ ਮੀਨੂ' ਦੀ ਵਿਆਖਿਆ ਅਲੱਗ ਤਰ੍ਹਾਂ ਕਰਦੇ ਹਨ। ਇਸਦੇ ਅਨੁਸਾਰ 'ਸਪੇਂਤਾ ਮੀਨੂ' ਕੋਈ ਆਤਮਾ ਨਹੀਂ ਹੈ, ਸਗੋਂ ਅਗਾਂਹਵਧੂ ਮਨ ਜਾਂ ਮਾਨਸਿਕਤਾ ਹੈ।

ਅਗਾਂਹਵਧੂ ਮਾਨਸਿਕਤਾ ਹੀ ਧਰਤੀ 'ਤੇ ਮਨੁੱਖਾ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ। ਸਦਾਚਾਰੀ, ਜਿਹੜੇ ਦੁਨੀਆ ਦਾ ਭਲਾ ਕਰਦੇ ਹਨ ਅਤੇ ਦੁਰਾਚਾਰੀ ਜਿਹੜੇ ਇਸਦੀ ਪ੍ਰਗਤੀ ਨੂੰ ਰੋਕਦੇ ਹਨ। ਜ਼ਰਾਥੂਸਤਰ ਚਾਹੁੰਦੇ ਹਨ ਕਿ ਹਰੇਕ ਮਨੁੱਖ ਰੱਬ ਵਾਂਗ ਬਣੇ, ਜੀਵਨ ਦੇਣ ਵਾਲ਼ੀ ਊਰਜਾ ਨੂੰ ਮੰਨੇ ਅਤੇ ਨਿਰਮਾਣ ਅਤੇ ਪ੍ਰਗਤੀ ਦਾ ਵਾਹਕ ਬਣੇ।

ਪੈਗੰਬਰ ਜ਼ਰਾਥੂਸਤਰ ਦੇ ਉਪਦੇਸ਼ਾਂ ਅਨੁਸਾਰ ਵਿਸ਼ਵ ਇੱਕ ਨੈਤਿਕ ਵਿਵਸਥਾ ਹੈ। ਇਸ ਵਿਵਸਥਾ ਨੇ ਖ਼ੁਦ ਨੂੰ ਕਾਇਮ ਹੀ ਨਹੀਂ ਰੱਖਣਾ ਸਗੋਂ ਆਪਣਾ ਵਿਕਾਸ ਅਤੇ ਤਰੱਕੀ ਵੀ ਕਰਨੀ ਹੈ। ਇਸ ਧਰਮ ਵਿੱਚ ਖੜੋਤ ਦੀ ਆਗਿਆ ਨਹੀਂ ਹੈ।

ਪਾਰਸੀ ਧਰਮ ਵਿੱਚ ਮੱਠਵਾਦ, ਬ੍ਰਹਮਚਾਰੀ ਰਹਿਣਾ, ਵਰਤ ਰੱਖਣਾ ਅਤੇ ਖ਼ੁਦ ਨੂੰ ਕਸ਼ਟ ਦੇਣ ਆਦਿ ਦੀ ਮਨਾਹੀ ਹੈ। ਅਜਿਹਾ ਮੰਨਿਆ ਗਿਆ ਹੈ ਕਿ ਇਹਨਾਂ ਨਾਲ਼ ਮਨੁੱਖ ਕਮਜ਼ੋਰ ਹੁੰਦਾ ਹੈ ਅਤੇ ਬੁਰਾਈ ਨਾਲ਼ ਲੜਨ ਦੀ ਤਾਕਤ ਘੱਟ ਹੋ ਜਾਂਦੀ ਹੈ। ਨਿਰਾਸ਼ਾਵਾਦ ਨੂੰ ਤਾਂ ਪਾਪ ਦਾ ਦਰਜਾ ਦਿੱਤਾ ਗਿਆ ਹੈ। ਜ਼ਰਾਥੂਸਤਰ ਚਾਹੁੰਦੇ ਹਨ ਕਿ ਮਨੁੱਖ ਇਸ ਵਿਸ਼ਵ ਦਾ ਪੂਰਾ ਅਨੰਦ ਲਏ ਅਤੇ ਖ਼ੁਸ਼ ਰਹੇ। ਉਹ ਜੋ ਵੀ ਕਰੇ, ਬਸ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਉਹ ਸਦਾਚਾਰ ਅਤੇ ਚੰਗਿਆਈ ਦੇ ਰਾਹ ਤੋਂ ਕਦੇ ਨਾ ਭਟਕੇ।

ਭੌਤਿਕ ਸੁੱਖ-ਸੁਵਿਧਾਵਾਂ ਨਾਲ ਭਰੇ ਜੀਵਨ ਦੀ ਮਨਾਹੀ ਨਹੀਂ ਹੈ, ਪਰ ਇਹ ਵੀ ਕਿਹਾ ਗਿਆ ਹੈ ਕਿ ਸਮਾਜ ਨੂੰ ਤੁਸੀਂ ਜਿੰਨਾ ਲੈਂਦੇ ਹੋਂ, ਉਸ ਤੋਂ ਜ਼ਿਆਦਾ ਵਾਪਸ ਦਿਓ। ਕਿਸੇ ਦਾ ਹੱਕ ਮਾਰਕੇ ਜਾਂ ਸ਼ੋਸ਼ਣ ਕਰਕੇ ਕੁਝ ਹਾਸਿਲ ਕਰਨਾ ਦੁਰਾਚਾਰ ਹੈ। ਜੋ ਸਾਡੇ ਤੋਂ ਗਰੀਬ ਹੈ, ਉਸਦੀ ਸਦਾ ਮਦਦ ਕਰਨੀ ਚਾਹੀਦੀ ਹੈ।

ਪਾਰਸੀ ਧਰਮ ਅਨੁਸਾਰ ਮੌਤ ਨੂੰ ਬੁਰਾਈ ਦੀ ਅਸਥਾਈ ਜਿੱਤ ਮੰਨਿਆ ਗਿਆ ਹੈ। ਇਸ ਤੋਂ ਬਾਅਦ ਮ੍ਰਿਤਕ ਦੀ ਆਤਮਾ ਨਾਲ਼ ਇੰਸਾਫ਼ ਹੋਵੇਗਾ। ਅੰਤ 'ਚ ਇਹ ਮਾਨਤਾ ਹੈ ਕਿ ਕਈ ਮੁਕਤੀਦਾਤਾ ਆ ਕੇ ਬੁਰਾਈ ਉੱਪਰ ਚੰਗਿਆਈ ਦੀ ਜਿੱਤ ਪੂਰੀ ਕਰਨਗੇ। ਉਸ ਵੇਲੇ ਅਹੁਰ ਮਜ਼ਦ ਅਸੀਮ ਪ੍ਰਕਾਸ਼ ਦੇ ਰੂਪ ਵਿੱਚ ਸਰਵ-ਸ਼ਕਤੀਸ਼ਾਲੀ ਹੋਣਗੇ। ਫਿਰ ਆਤਮਾਵਾਂ ਦਾ ਅੰਤਿਮ ਫ਼ੈਸਲਾ ਹੋਵੇਗਾ।

ਇਸ ਤੋਂ ਬਾਅਦ ਭੌਤਿਕ ਸਰੀਰ ਦਾ ਪੁਨਰਜਨਮ ਹੋਵੇਗਾ ਅਤੇ ਉਸਦਾ ਆਪਣੀ ਆਤਮਾ ਦੇ ਨਾਲ ਦੋਬਾਰਾ ਮਿਲਣ ਹੋਵੇਗਾ। ਸਮੇਂ ਦੀ ਹੋਂਦ ਮਿਟ ਜਾਵੇਗੀ ਅਤੇ ਅਹੁਰ ਮਜ਼ਦ ਦੀਆਂ ਸੱਤ ਕਿਰਤਾਂ ਇਕੱਠੀਆਂ ਇੱਕ-ਦੂਜੇ 'ਚ ਮਿਲ ਜਾਣਗੀਆਂ ਅਤੇ ਆਨੰਦਮਈ, ਅਨਸ਼ਵਰ ਅਸਤਿਤਵ ਬਣ ਜਾਣਗੀਆਂ।

ਹਵਾਲੇ[ਸੋਧੋ]

  • ਸੁਭਾਸ਼ ਕਾਕ, "Vedic elements in the ancient Iranian religion of Zarathushtra." Adyar Library Bulletin, 2003, vil. 67, pp. 47–63. [1]
  • Kulke, Eckehard: The Parsees in India: a minority as agent of social change. München: Weltforum-Verlag (= Studien zur Entwicklung und Politik 3), ISBN 3-8039-00700-0
  • Ervad Sheriarji Dadabhai Bharucha: A Brief sketch of the Zoroastrian Religion and Customs
  • Dastur Khurshed S. Dabu: A Handbook on Information on Zoroastrianism
  • Dastur Khurshed S. Dabu: Zarathustra an his Teachings A Manual for Young Students
  • Jivanji Jamshedji Modi: The Religious System of the Parsis
  • R. P. Masani: The religion of the good life Zoroastrianism
  • P. P. Balsara: Highlights of Parsi History
  • Maneckji Nusservanji Dhalla: History of Zoroastrianism; dritte Auflage 1994, 525 p, K. R. Cama, Oriental Institute, Bombay
  • Dr. Ervad Dr. Ramiyar Parvez Karanjia: Zoroastrian Religion & Ancient Iranian Art
  • Adil F. Rangoonwalla: Five Niyaeshes, 2004, 341 p.
  • Aspandyar Sohrab Gotla: Guide to Zarthostrian Historical Places in Iran
  • J. C. Tavadia: The Zoroastrian Religion in the Avesta, 1999
  • S. J. Bulsara: The Laws of the Ancient Persians as found in the "Matikan E Hazar Datastan" or "The Digest of a Thousand Points of Law", 1999
  • M. N. Dhalla: Zoroastrian Civilization 2000
  • Marazban J. Giara: Global Directory of Zoroastrian Fire Temples, 2. Auflage, 2002, 240 p, 1
  • D. F. Karaka: History of The Parsis including their manners, customs, religion and present position, 350 p, illus.
  • Piloo Nanavatty: The Gathas of Zarathushtra, 1999, 73 p, (illus.)
  • Roshan Rivetna: The Legacy of Zarathushtra, 96 p, (illus.)
  • Dr. Sir Jivanji J. Modi: The Religious Ceremonies and Customs of The Parsees, 550 Seiten
  • Mani Kamerkar, Soonu Dhunjisha: From the Iranian Plateau to the Shores of Gujarat, 2002, 220 p
  • I.J.S. Taraporewala: The Religion of Zarathushtra, 357 p
  • Jivanji Jamshedji Modi: A Few Events in The Early History of the Parsis and Their Dates, 2004, 114 p
  • Dr. Irach J. S.Taraporewala: Zoroastrian Daily Prayers, 250 p
  • Adil F.Rangoonwalla: Zoroastrian Etiquette, 2003, 56 p
  • Rustom C Chothia: Zoroastrian Religion Most Frequently Asked Questions, 2002, 44 p
  • UNESCO Parsi Zoroastrian Project
  • Zoroastrian Influence Upon Jewish Conceptions Of Satan
  • http://parsiana.com/