ਪੇਸ਼ੇ ਦੀ ਚੋਣ ਕਰਨ ਸੰਬੰਧੀ ਇੱਕ ਨੌਜਵਾਨ ਦੇ ਵਿਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੇਸ਼ ਦੀ ਚੋਣ ਕਰਨ ਸੰਬੰਧੀ ਇੱਕ ਨੌਜਵਾਨ ਦੇ ਵਿਚਾਰ ਲੇਖ ਕਾਰਲ ਮਾਰਕਸ ਦਾ ਇੱਕ ਪ੍ਰਸਿੱਧ ਲੇਖ ਹੈ ਜੋ ਉਸਨੇ ਸਕੂਲ ਦੀ ਪੜ੍ਹਾਈ ਦੌਰਾਨ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਪੁੱਛੇ ਸਵਾਲਾਂ ਦੇ ਜੁਆਬ ਵਜੋਂ ਲਿਖਿਆ ਸੀ। ਕਾਰਲ ਮਾਰਕਸ ਬਾਰੇ ਰੂਸੀ ਵਿਦਵਾਨ ਗੈਰਰਿਖ਼ ਵੋਲਕੋਵ ਆਪਣੀ ਪੁਸਤਕ ਇੱਕ ਪ੍ਰਤਿਭਾ ਦਾ ਜਨਮ ਵਿੱਚ ਲਿਖਦੇ ਹਨ ਕਿ ਮਾਰਕਸ ਸਾਰੀ ਉਮਰ ਆਪਣੇ ਇਹਨਾਂ ਸ਼ਬਦਾਂ ਪ੍ਰਤੀ ਵਫ਼ਾਦਾਰ ਰਹੇ।

ਲੇਖ ਦਾ ਇੱਕ ਅੰਸ਼[ਸੋਧੋ]

ਜ਼ਿੰਦਗੀ ਦੀਆਂ ਹਾਲਤਾਂ ਜੇਕਰ ਸਾਨੂੰ ਆਪਣਾ ਮਨਪਸੰਦ ਕਿੱਤਾ ਚੁਨਣ ਦਾ ਮੌਕਾ ਦੇਣ ਤਾਂ ਅਸੀਂ ਉਹ ਕਿੱਤਾ ਚੁਣ ਸਕਦੇ ਹਾਂ ਜੋ ਸਾਨੂੰ ਸਭ ਤੋਂ ਮਹਾਨ ਖ਼ੂਬੀ ਪ੍ਰਦਾਨ ਕਰੇ, ਜੋ ਉਹਨਾਂ ਵਿਚਾਰਾਂ ‘ਤੇ ਅਧਾਰਿਤ ਹੋਵੇ ਜਿਹਨਾਂ ਦੀ ਸੱਚਾਈ ਨਾਲ਼ ਅਸੀਂ ਦਿਲੋਂ ਸਹਿਮਤ ਹੋਈਏ, ਜੋ ਸਾਨੂੰ ਸਮੁੱਚੀ ਮਨੁੱਖਤਾ ਦੀ ਸੇਵਾ ਕਰਨ ਦਾ ਤੇ ਨਾਲ਼ ਹੀ ਸਾਡੇ ਲਈ ਆਪਣੇ ਆਮ ਮਕਸਦ—ਸੰਪੂਰਨਤਾ—ਤੱਕ ਪਹੁੰਚ ਕਰਨ ਦਾ ਮੌਕਾ ਮੁਹੱਈਆ ਕਰਵਾਵੇ, ਹਰੇਕ ਕਿੱਤਾ ਜਿੱਥੇ ਪਹੁੰਚਣ ਦਾ ਮਹਿਜ਼ ਇੱਕ ਜ਼ਰੀਆ ਹੁੰਦਾ ਹੈ। ਖ਼ੂਬੀ ਉਸ ਨੂੰ ਕਹਿੰਦੇ ਹਨ ਜੋ ਮਨੁੱਖ ਨੂੰ ਸਭ ਤੋਂ ਵੱਧ ਉੱਪਰ ਚੁੱਕੇ, ਜੋ ਉਸਦੀਆਂ ਸਾਰੀਆਂ ਕੋਸ਼ਿਸ਼ਾਂ ਅਤੇ ਕੰਮਾਂ ਵਿੱਚ ਉੱਤਮ ਚੰਗਿਆਈ ਭਰੇ ਜੋ ਉਸਨੂੰ ਅਜਿੱਤ ਬਣਾਵੇ, ਲੋਕ ਜਿਸਦੀ ਪ੍ਰਸ਼ੰਸਾ ਕਰਨ ਅਤੇ ਉਸਨੂੰ ਸਾਰਿਆਂ ਤੋਂ ਉੱਪਰ ਉਠਾਵੇ।

ਪਰ ਖ਼ੂਬੀ ਸਾਨੂੰ ਕੇਵਲ਼ ਉਹੀ ਕਿੱਤਾ ਹਾਸਿਲ ਕਰਵਾ ਸਕਦਾ ਹੈ ਜਿਸ ਵਿੱਚ ਅਸੀਂ ਗੁਲਾਮਾਂ ਦੀ ਤਰ੍ਹਾਂ ਸਿਰਫ਼ ਔਜਾਰ ਨਹੀਂ ਹੁੰਦੇ, ਸਗੋਂ ਆਪਣੇ ਕੰਮ-ਖੇਤਰ ਦੇ ਅੰਦਰ ਅਜ਼ਾਦਾਨਾ ਤੌਰ ‘ਤੇ ਵਿਚਰੀਏ। ਕੇਵਲ ਉਹੀ ਕਿੱਤਾ ਸਾਨੂੰ ਖ਼ੂਬੀ ਪ੍ਰਦਾਨ ਕਰ ਸਕਦਾ ਹੈ ਜੋ ਨਿੰਦਣਯੋਗ ਕੰਮ ਕਰਨ ਦੀ ਸਾਡੇ ਤੋਂ ਮੰਗ ਨਹੀਂ ਕਰਦਾ, ਭਾਵੇਂ ਉਹ ਸਿਰਫ਼ ਬਾਹਰੀ ਦਿੱਖ ਪੱਖੋਂ ਹੀ ਨਿੰਦਣਯੋਗ ਕਿਉਂ ਨਾ ਹੇਵੇ। ਇੱਕ ਕਿੱਤਾ ਜਿਸਨੂੰ ਸਭ ਤੋਂ ਚੰਗੇ ਇਨਸਾਨ ਅਪਣਾਉਣ ਵਿੱਚ ਮਾਣ ਮਹਿਸੂਸ ਕਰਨ। ਇੱਕ ਕਿੱਤਾ ਜਿਹੜਾ ਇਹ ਸਭ ਕੁਝ ਸਭ ਤੋਂ ਵੱਧ ਯਕੀਨੀ ਬਣਾਉਂਦਾ ਹੈ ਭਾਂਵੇਂ ਸਦਾ ਸਭ ਤੋਂ ਉੱਚਾ ਨਾ ਹੋਵੇ ਪਰ ਹਮੇਸ਼ਾ ਉਸੇ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ

ਕੋਈ ਵਿਅਕਤੀ ਜੇਕਰ ਕੇਵਲ ਆਪਣੇ ਲਈ ਕੰਮ ਕਰਦਾ ਹੈ ਤਾਂ ਹੋ ਸਕਦਾ ਹੈ ਕਿ, ਉਹ ਇੱਕ ਪ੍ਰਸਿੱਧ ਵਿਦਵਾਨ ਬਣ ਜਾਵੇ, ਇੱਕ ਮਹਾਨ ਸੰਤ ਬਣ ਜਾਵੇ, ਇੱਕ ਸ਼ਾਨਦਾਰ ਕਵੀ ਬਣ ਜਾਵੇ, ਪਰ ਉਹ ਕਦੇ ਵੀ ਸੰਪੂਰਨ ਤੇ ਅਸਲੀ ਅਰਥਾਂ ਵਿੱਚ ਮਹਾਨ ਇਨਸਾਨ ਨਹੀਂ ਬਣ ਸਕਦਾ।

ਇਤਿਹਾਸ ਉਹਨਾਂ ਵਿਅਕਤੀਆਂ ਨੂੰ ਹੀ ਸਭ ਤੋਂ ਮਹਾਨ ਮੰਨਦਾ ਹੈ ਜੋ ਸਾਂਝੇ ਕਾਜ ਲਈ ਕੰਮ ਕਰਦੇ ਹੋਏ ਆਪਣੇ ਆਪ ਨੂੰ ਨੇਕ ਬਣਾਉਂਦੇ ਹਨ। ਤਜ਼ਰਬਾ ਇਸ ਦੀ ਗਵਾਹੀ ਭਰਦਾ ਹੈ ਕਿ ਉਹ ਮਨੁੱਖ ਹੀ ਸਭ ਤੋਂ ਵੱਧ ਖੁਸ਼ ਹੁੰਦਾ ਹੈ ਜੋ ਵੱਧ ਤੋਂ ਵੱਧ ਲੋਕਾਂ ਨੂੰ ਖੁਸ਼ੀਆਂ ਵੰਡਦਾ ਹੈ।

ਜੇਕਰ ਅਸੀਂ ਜਿੰਦਗੀ ਵਿੱਚ ਅਜਿਹਾ ਕਿੱਤਾ ਚੁਣਿਆ ਹੈ ਜਿਸ ਦੁਆਰਾ ਅਸੀਂ ਮਨੁੱਖਤਾ ਦੀ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕੀਏ, ਤਾਂ ਕੋਈ ਵੀ ਬੋਝ ਸਾਨੂੰ ਝੁਕਾ ਨਹੀਂ ਸਕੇਗਾ, ਕਿਉਂਕਿ ਉਹ ਸਭ ਦੀ ਭਲਾਈ ਲਈ ਕੀਤੀਆਂ ਕੁਰਬਾਨੀਆਂ ਹਨ। ਫਿਰ ਅਸੀਂ ਨਿਗੂਣਾ, ਸੀਮਤ, ਸਵਾਰਥੀ ਆਨੰਦ ਨਹੀਂ ਦੇਖਾਂਗੇ, ਸਗੋਂ ਸਾਡੀ ਖੁਸ਼ੀ ਲੱਖਾਂ ਲੋਕਾਂ ਦੀ ਖੁਸ਼ੀ ਨਾਲ਼ ਜੁੜ ਜਾਵੇਗੀ। ਸਾਡੇ ਕਾਰਜ ਚੁੱਪ-ਚੁਪੀਤੇ ਪਰ ਨਿਰੰਤਰ ਕਾਰਜਸ਼ੀਲ ਰਹਿਣਗੇ ਅਤੇ ਸਾਡੀ ਮੌਤ ‘ਤੇ ਭਲੇ ਲੋਕਾਂ ਦੀਆਂ ਅੱਖਾਂ ਵਿੱਚੋਂ ਸਾਡੇ ਲਈ ਗਰਮ ਹੰਝੂ ਵਹਿਣਗੇ।[1]

ਹਵਾਲੇ[ਸੋਧੋ]

  1. https://lalkaar.wordpress.com/karl-marx-lalkaar-8-2009/