ਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਿਸ਼ਤਾ ਨਾਤਾ ਪ੍ਰਬੰਧ[ਸੋਧੋ]

ਸਮਾਜ ਰਿਸ਼ਤਿਆਂ ਦਾ ਇੱਕ ਜਾਲ ਹੈ ਜਿਸਦਾ ਹਿੱਸਾ ਲਗਭਗ ਸਾਰੇ ਸੱਭਿਆਚਾਰਾਂ ਦੇ ਲੋਕ ਹਨ। ਇਹ ਆਰੰਭ ਤੋਂ ਹੀ ਸਮਾਜ ਦਾ ਮੱਹਤਵਪੂਰਨ ਅੰਗ ਰਿਹਾ ਹੈ। ਮੂਲ ਰੂਪ ਵਿਚ ਕਿਸੇ ਸਮਾਜ ਅਤੇ ਸੱਭਿਆਚਾਰ ਵਿਚਲੀ ਰਿਸ਼ਤਾ-ਪ੍ਰਣਾਲੀ ਦੀ ਬੁਨਿਆਦੀ ਧਰਾਤਲ ਭੂਮੀ ਪਰਿਵਾਰ ਹੈ। ਪਰਿਵਾਰ ਵਿਚੋਂ ਹੀ ਵਿਵਿਧ ਕਿਸਮ ਦੇ ਰਿਸ਼ਤੇ ਪਨਪਦੇ,ਪਲਦੇ ਅਤੇ ਵਿਗਸਦੇ ਹੋਏ ਪ੍ਰਵਾਨ ਚੜ੍ਹਦੇ ਹਨ। ਮੁੱਖ ਤੌਰ 'ਤੇ ਪਰਿਵਾਰਕ ਰਿਸ਼ਤੇ ਪਤੀ-ਪਤਨੀ,ਪਿਉ-ਪੁੱਤਰ,ਪਿਉ-ਧੀ,ਮਾਂ-ਪੁੱਤਰ,ਮਾਂ-ਧੀ,ਭਰਾ-ਭਰਾ,ਭੈਣ-ਭੈਣ,ਭੈਣ-ਭਰਾ ਦੇ ਰੂਪ ਵਿਚ ਉੱਘੜਦੇ ਹਨ। ਸਮਾਜਕ ਪ੍ਰਣਾਲੀਆਂ ਅਥਵਾ ਮਨੁੱਖੀ ਜਾਤੀ ਦੀ ਬਾਕੀ ਸਾਰੀ ਸਾਕਾਦਾਰੀ ਇਹਨਾਂ ਮੁੱਖ ਰਿਸ਼ਤਿਆਂ ਦੀਆਂ ਪਾਈਆਂ ਹੋਈਆਂ ਸਾਂਝੀਆਂ ਤੰਦਾਂ ਉਪਰ ਸਿਰਜੀ ਹੋਈ ਉਪਲੱਬਧ ਹੈ। ਭਾਰਤੀ ਸੱਭਿਆਚਾਰ ਅਤੇ ਵਿਸ਼ੇਸ਼ ਕਰਕੇ ਪੰਜਾਬੀ ਸੱਭਿਆਚਾਰ ਵਿਚ ਜੋ ਰਿਸ਼ਤਿਆਂ ਦੀ ਵਿਵਿਸਥਾ ਅਤੇ ਵਿਸ਼ਲਤਾ ਹੈ ਉਹ ਹੋਰ ਸੱਭਿਆਚਾਰਾਂ ਵਿਚ ਨਹੀਂ। ਪੱਛਮੀ ਸੱਭਿਆਚਾਰ ਰਿਸ਼ਤਿਆਂ-ਨਾਤਿਆਂ ਦੇ ਪੱਖੋ ਬਹੁਤ ਸੰਕੁਚਿਤ ਅਤੇ ਕੋਰਾ ਹੈ।

ਪੰਜਾਬੀਆਂ ਦੇ ਰਿਸ਼ਤੇ-ਨਾਤੇ ਗਿਣਤੀ ਪੱਖੋ ਤਾਂ ਅਨੇਕਾਂ ਹੀ ਗਿਣਾਏ ਜਾ ਸਕਦੇ ਹਨ,ਪਰ ਪੰਜ ਪ੍ਰਕਾਰ ਦੇ ਰਿਸ਼ਤੇ-ਨਾਤੇ ਤਾਂ ਪੰਜਾਬੀਆਂ ਦੇ ਸ਼ੈਲੀ ਵਿਚ ਬਹੁਤ ਹੀ ਪ੍ਰਚਲਿਤ ਹਨ।

ਸੰਦੀਪ ਸਿੰਘ

ਪਰਿਵਾਰਕ ਰਿਸ਼ਤੇ[ਸੋਧੋ]

ਵਿਆਹ ਹੋਣ ਉਪਰੰਤ ਬਣਦੇ ਰਿਸ਼ਤੇ[ਸੋਧੋ]

ਮਨੁੱਖੀ ਭਾਵਾਂ ਦੇ ਰਿਸ਼ਤੇ[ਸੋਧੋ]

ਉਕਤ ਦਰਸਾਏ ਗਏ ਇਨ੍ਹਾਂ ਰਿਸ਼ਤਿਆਂ ਤੋਂ ਇਲਾਵਾ ਕੁਝ ਹੋਰ ਰਿਸ਼ਤੇ ਵੀ ਹੁੰਦੇ ਹਨ,ਜਿਹਨਾਂ ਨੂੰ ਸਮਾਜਕ ਤੌਰ 'ਤੇ,ਅਕਸਰ ਨਾਮ ਦੇਣ ਤੋਂ ਗੁਰੇਜ਼ ਕੀਤਾ ਜਾਂਦਾ ਹੈ,ਇਸ ਪ੍ਰਕਾਰ ਦੇ ਰਿਸ਼ਤਿਆਂ ਨੂੰ ਅਸੀਂ ਅਪ੍ਰਵਾਨਿਤ ਰਿਸ਼ਤੇ ਕਹਿ ਸਕਦੇ ਹਾਂ।

[1] ਪੰਜਾਬੀ ਸੱਭਿਆਚਾਰ ਵਿਚ ਬਹੁਤ ਸਾਰੀਆਂ ਨਵੀਆਂ ਰੀਤਾਂ ਰਸਮਾਂ ਪੈਦਾ ਹੋਣ ਦੇ ਨਾਲ-ਨਾਲ ਪਰਿਵਾਰਕ ਰਿਸ਼ਤਿਆਂ ਵਿਚ ਵੀ ਕਾਫੀ ਪਰਿਵਰਤਨ ਆਇਆ। ਨਿੱਤ ਦਿਨ ਤੇਜੀ ਨਾਲ ਬਦਲ ਰਹੇ ਸਮਾਜਕ ਜਾਂ ਗੈਰ-ਸਮਾਜਕ ਸਰੋਕਾਰਾਂ ਦੇ ਜ਼ਰੀਏ ਪੰਜਾਬੀਆਂ ਦਾ ਰਿਸ਼ਤਾ ਪ੍ਰਬੰਧ ਖ਼ਤਮ ਹੋਣ ਦੇ ਕਿਨਾਰੇ ਪੁੱਜ ਚੁੱਕਾ ਹੈ।

ਖੂਨ ਦੇ ਰਿਸ਼ਤੇ ਵਿਚ ਤਬਦੀਲੀ [ਸੋਧੋ]

ਭਰਾਵਾਂ ਦੀਆਂ ਮਾਨਵਵਾਦੀ ਸਾਝਾਂ ਪੂੰਜੀਵਾਦੀ ਕਦਰਾਂ-ਕੀਮਤਾਂ ਨੇ ਖ਼ਤਮ ਕਰ ਦਿੱਤੀਆਂ ਹਨ,ਜਿਹਨਾਂ ਨਾਲ ਸਿਰਫ਼ ਭਰਾਵਾਂ ਵਿਚ ਹੀ ਆਪਸੀ ਸ਼ਰੀਕੇਬਾਜੀ,ਮੁਕਾਬਲੇਬਾਜੀ ਤੇ ਖਹਿਬਾਜੀ ਨਹੀਂ ਵਧੀ ਸਗੋਂ ਉਹਨਾਂ ਦੇ ਬਿਰਧ ਮਾਪਿਆਂ ਲਈ ਜਿਉਣਾ ਵੀ ਦੁੱਭਰ ਹੋ ਗਿਆ ਹੈ। ਪੈਸੇ ਦੇ ਲਾਲਚ ਵਿਚ ਉਹ ਇੱਕ ਦੂਜੇ ਦੇ ਸ਼ਰੀਕ ਬਣ ਗਏ ਹਨ। ਅਜਿਹੇ ਪੂੰਜੀਵਾਦੀ ਕੀਮਤਾਂ ਵਿਚ ਗ੍ਰੱਸੇ ਭਰਾਵਾਂ ਵਿਚ ਨਾ ਤਾਂ ਮਾਂ ਦੀ ਪਵਿੱਤਰ ਕੁੱਖ ਦੀ ਕਦਰ ਹੁੰਦੀ ਹੈ ਨਾ ਮਾਂ ਦੇ ਇਲਾਹੀ ਦੁੱਧ ਦੀ ਇੱਜ਼ਤ ਦਾ ਖਿਆਲ ਹੁੰਦਾ ਹੈ। ਸਿਆਣੇ ਲੋਕ ਅਜਿਹੇ ਬੇਕਦਰਿਆਂ ਨੂੰ ਫਿਟਕਾਰਦੇ ਸੁਣੇ ਜਾ ਸਕਦੇ ਹਨ

ਇਕ ਕੁੱਖੋਂ ਜਾਇਆਂ ਭੈਣ-ਭਰਾ ਦਾ ਰਿਸ਼ਤਾ ਬਹੁਦਿਸ਼ਾਵੀ ਹੈ। ਪੰਜਾਬੀ ਰਿਸ਼ਤਾ ਨਾਤਾ ਪ੍ਰਣਾਲੀ ਵਿਚ ਇਸ ਰਿਸ਼ਤੇ ਨੂੰ ਨੈਤਿਕ ਪੱਖੋਂ ਸਭ ਤੋਂ ਵੱਧ ਪਵਿੱਤਰ ਅਤੇ ਮੋਹ ਪੱਖੋਂ ਸਭ ਤੋਂ ਵੱਧ ਉਚਤਮ ਮੰਨਿਆ ਗਿਆ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਇੱਕ ਦਾ ਹਿੱਤ ਦੂਜੇ ਦੀ ਹਾਨੀ ਬਣੀ ਹੋਈ ਹੈ।ਚੀਜਾਂ ਦੇ ਮੋਹ ਨੇ ਭੈਣ,ਭਰਾ ਵਿਚੋਂ ਲਾਹੇ ਦਾ ਸੌਦਾ ਸੋਚਣ ਵਾਲੀ ਮਾਨਸਿਕਤਾ ਨੂੰ ਜਨਮ ਦਿੱਤਾ ਹੈ।[2] ਖੂਨ ਦੀ ਸਾਂਝ ਹੋਣ ਦੇ ਬਾਵਜੂਦ ਭੈਣ-ਭਰਾਵਾਂ ਵਿਚ ਵੀ ਆਪਸੀ ਮੁਕਾਬਲੇ ਦੀ ਭਾਵਨਾ ਬਣ ਗਈ ਹੈ।ਭੈਣ-ਭਰਾ ਦੇ ਆਪਸੀ ਪਿਆਰ ਵਿਚ ਕੁਝ ਤਰੇੜਾਂ,ਸੌੜੇ ਹਿੱਤਾਂ ਦੀ ਪੂਰਤੀ ਦੀ ਭਾਵਨਾ ਸਦਕਾ ਪਸਰ ਰਹੀਆਂ ਹਨ।ਇਸ ਪਵਿੱਤਰ ਸੰਬੰਧ ਨੂੰ ਸਦਾ ਲਈ ਜੀਵਿਤ ਰਖਿਆ ਜਾਵੇ ਅਤੇ ਬਦਲਦੇ ਸਮਾਜਕ,ਆਰਥਿਕ ਅਤੇ ਸੱਭਿਆਚਾਰਕ ਹਾਲਤਾਂ ਵਿਚ,ਇਨ੍ਹਾਂ ਲਾ-ਮਿਸਾਲ ਪਿਆਰ ਦੀਆਂ ਤੰਦਾਂ ਨੂੰ ਹੋਰ ਪੱਕਿਆ ਕੀਤਾ ਜਾਵੇ,ਲੋਕ ਮਾਨਸਿਕਤਾ ਵਿਚੋਂ ਇਹ ਬੋਲ ਭੈਣ ਦੀ ਤਹਿ ਦਿਲੋਂ ਆਵਾਜ਼ ਬਣ ਕੇ ਨਿਕਲੇ :-

 ਭੈਣ ਵਰਗਾ ਸਾਕ ਨਾ ਕੋਈ,ਟੁੱਟ ਕੇ ਨਾ ਬਹਿ ਜੀਂ ਵੀਰਨਾ

ਜਨਮ ਦੁਆਰਾ ਪ੍ਰਾਪਤ ਰਿਸ਼ਤੇ ਵਿੱਚ ਤਬਦੀਲੀ[ਸੋਧੋ]

ਜਨਮ ਦੁਆਰਾ ਪ੍ਰਾਪਤ ਰਿਸ਼ਤੇ ਦੀ ਵੰਨਗੀ ਦੇ ਅੰਤਰਗਤ ਮਾਂ-ਪੁੱਤ, ਮਾਂ-ਧੀ, ਪਿਉ-ਪੁੱਤ, ਪਿਉ-ਧੀ ਦੇ ਰਿਸ਼ਤਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਜਨਮ ਦੁਆਰਾ ਸੰਬੰਧ ਰਿਸ਼ਤਿਆਂ ਵਿੱਚ ਵੀ ਤਬਦੀਲੀ ਵਾਪਰ ਰਹੀ ਹੈ। ਪੈਦਾਇਸ਼ ਤੋਂ ਲੈ ਕੇ ਵੱਡੇ ਮੁਕਾਮ ਤਕ ਪੁੱਜ ਜਾਣ ਦੇ ਸਫ਼ਰ ਵਿਚ ਕੁਝ ਸ਼ਖਸੀਅਤਾਂ ਅਜਿਹੀਆਂ  ਹੁੰਦੀਆਂ ਹਨ ਜਿਹਨਾਂ ਨੂੰ ਭੁੱਲ ਜਾਣਾ ਅੱਖੋਂ ਉਹਲੇ ਕਰਨਾ ਜਾਂ ਅਣਗੋਲਿਆ ਕਰਨਾ ਅਣਮਨੁੱਖੀ ਵਿਹਾਰ ਦਾ ਰੂਪ ਅਖਤਿਆਰ ਕਰ ਲੈਂਦਾ ਹੈ। ਇਸ਼ਾਰਾ ਜਨਮ ਦੇਣ ਵਾਲੇ ਉਹਨਾਂ ਮਾਤਾ-ਪਿਤਾ ਵੱਲ ਹੈ, ਜਿਹਨਾਂ ਆਪਣੀ ਔਲਾਦ ਸੰਜੋਏ ਹੁੰਦੇ ਹਨ। ਸੁਵਾਰਥੀ ਔਲਾਦ ਆਪਣੀਆਂ ਮੰਜ਼ਿਲਾਂ ਤੇ ਪਹੁੰਚ ਕੇ ਉੱਚ ਅਹੁਦਿਆਂ ਦੀ ਚਕਾਚੌਧ ਵਿਚ ਆਪਣੇ ਪਿਰਤੀ, ਅਭੁੱਲ ਰਿਸ਼ਤਿਆਂ ਨੂੰ ਅਣਗੋਲਿਆ ਕਰ ਦਿੰਦੀ ਹੈ। ਅਣਗੋਲਿਆ ਦੇ ਸੰਤਾਪ ਵਿਚ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ ਹੈ, ਬੋਹੜ ਦੀ ਛਾਂ ਵਰਗੀ “ਮਾਂ”  ਦਾ ਜੋ ਤਿਆਗ ਅਤੇ ਕੁਰਬਾਨੀਆਂ ਕਰਦਿਆਂ ਆਪਣੀ ਔਲਾਦ ਨੂੰ ਆਪ ਦੁੱਖ ਸਹਿ ਕੇ ਪਾਲਦੀ, ਤਿਆਗ ਅਤੇ ਕੁਰਬਾਨੀ ਉਸ ਸਮੇਂ ਖ਼ਤਮ ਹੋ ਜਾਂਦੀ ਹੈ, ਜਦ ਆਮ ਪੜ੍ਹਨ ਵਿਚ ਆਉਂਦਾ ਹੈ ਕਿ ਕਲਯੁੱਗੀ ਪੁੱਤਰ ਨੇ ਆਪਣੀ ਮਾਂ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਮਾਂ ਉਸ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰਨਾ ਸੀ।

ਅਣਗੋਲੇ ਚਿਹਰਿਆਂ ਦੇ ਧੁੰਦਲੇਪਣ ਵਿਚ ਅਜਿਹਾ ਹੀ ਦੂਜਾ ਚਿਹਰਾ “ਪਿਤਾ” ਹੈ। ਜੋ ਆਪਣੀ ਔਲਾਦ ਦੇ ਸੁਪਨਿਆਂ ਦੀ ਕਾਮਨਾ ਕਰਦਾ ਹੋਇਆ ਆਪਣੀਆ ਅੱਖਾਂ ਵਿਚ ਸੰਜੋਏ ਅਧੂਰੇ ਸੁਪਨਿਆਂ ਨੂਮ ਪੂਰਾ ਕਰਨ ਲਈ ਹੱਡ ਤੋੜਵੀਂ ਮਿਹਨਤ ਕਰ ਢਿੱਡ ਨੂੰ ਗੰਢ ਬੰਨ੍ਹ ਕੇ ਭੁੱਖਾ ਰਹਿ ਅਤੇ ਨੱਕੋ-ਨੱਕ ਕਰਜਾਈ ਹੋ ਨਿਬੜਦਾ ਹੈ, ਆਪ ਦੁੱਖ ਝੱਲ ਕੇ ਵੀ ਔਲਾਦ ਨੂੰ ਖੁਸ਼ ਵੇਖਣਾ ਲੋਚਦਾ ਹੈ। ਖੁਸ਼ੀ ਮਾਣਨ ਦਾ ਵਕਤ ਵਰਤਾਰਿਆਂ ਤੇ ਕੁੜੱਤਣ ਭਰੇ ਸ਼ਬਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਅੱਖਾਂ ਵਿੱਚ ਸੰਜੋਏ ਸੁਪਨਿਆਂ ਨੂੰ ਘੁਣ ਲੱਗ ਜਾਂਦਾ ਹੈ, ਹੌਲੀ-ਹੌਲੀ ਟੁੱਟਦੇ ਉਸ ਸਮੇਂ ਵਾਪਰਦਾ ਹੈ ਜਦ ਕਲਯੁੱਗੀ ਪੁੱਤਰ ਆਪਣੇ ਪਿਤਾ ਨੂੰ ਇਸ ਲਈ ਮਾਰ ਦਿੰਦਾ ਹੈ ਕਿ ਉਹ ਉਸਦੀ ਪਸੰਦ, ਰੁਚੀਆਂ ਅਤੇ ਐਸ਼ੋ ਆਰਾਮ ਵਿਚ ਅੜਿੱਕਾ ਬਣਦਾ ਹੈ।

ਪਿਤਾ ਨੂੰ ਅਜਿਹੇ ਕਲੇਜਾ ਚੀਰਨ ਵਾਲੇ ਸ਼ਬਦਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਦ ਕੋਠੀ ਵਿਚ ਆਏ ਪੇਂਡੂ ਅਤੇ ਪਰੰਪਰਾਗਤ ਪਹਿਰਾਵੇ ਕਾਰਨ ਪੁੱਤਰਾਂ ਦੇ ਦੋਸਤਾਂ ਸਾਹਮਣੇ ਪਿਤਾ ਦੀ ਪਛਾਣ ਸਮੇਂ ਇਹ ਕੁੜੱਤਣ ਭਰੇ ਸ਼ਬਦ ਸੁਣਨੇ ਪੈਂਦੇ ਹਨ ਕਿ ਇਹ ਬੁੱਢਾ ਤਾਂ ਆਪਣੀ ਕੋਠੀ ਦਾ ਨੌਕਰ ਏ, ਕੱਲ੍ਹ ਹੀ ਪਿੰਡੋਂ ਆਇਆ ਹੈ। ਆਪਣੀ ਔਲਾਦ ਦੇ ਮੂੰਹੋਂ ਅਜਿਹੇ ਸ਼ਬਦ ਸੁਣ ਕੇ ਪਿਤਾ ਦੀਆਂ ਨਾੜੀਆਂ ਦਾ ਖੂਨ ਜੰਮ ਜਾਣ ਦਾ ਅਹਿਸਾਸ ਜਿਉਂਦੀ ਲਾਸ਼ ਵਾਂਗ ਬਣਾ ਦਿੰਦਾ ਹੈ। ਅਜਿਹਾ ਵਰਤਾਰੇ ਬੇਗ਼ਾਨਿਆਂ ਵਲੋਂ ਕੀਤੇ ਜਾਣਾ ਤਾਂ ਸੰਭਵ ਹੈ ਪਰ ਆਪਣੀਆਂ ਆਂਦਰਾਂ ਵਲੋਂ ਆਪਣਿਆਂ ਨੂੰ ਹੀ ਅਣਗੋਲਿਆ ਕੀਤੇ ਜਾਣਾ ਹਜ਼ਮ ਨਹੀਂ ਹੁੰਦਾ।

ਪਰਿਵਾਰਕ ਰਿਸ਼ਤਿਆਂ ਵਿਚ ਤਬਦੀਲੀ[ਸੋਧੋ]

ਪਰਿਵਾਰਕ ਰਿਸ਼ਤਿਆਂ ਦੇ ਤਹਿਤ ਚਾਚਾ-ਭਤੀਜਾ, ਤਾਇਆ-ਭਤੀਜਾ,  ਨਾਨਾ-ਦੋਹਤਾ, ਨਾਨਾ-ਦੋਹਤੀ, ਨਾਨਾ- ਦੋਹਤਾ, ਦਾਦਾ-ਪੋਤਾ, ਦਾਦਾ-ਪੋਤੀ, ਦਾਦੀ-ਪੋਤਾ, ਚਾਚੀ, ਤਾਈ, ਮਾਸੀ, ਭੂਆ ਅਤੇ ਇਨ੍ਹਾਂ ਦੀ ਔਲਾਦ ਨਾਲ ਸੰਬੰਧਿਤ ਅਨੇਕਾਂ ਰਿਸ਼ਤੇ ਗਿਣੇ ਜਾ ਸਕਦੇ ਹਨ।

ਕੋਈ ਸਮਾਂ ਹੁੰਦਾ ਸੀ ਜਦੋਂ ਸਾਰਾ ਕੁਲੁਮਾ ਕੋੜਮਾ ਕਬੀਲਾ ਇੱਕ ਛੱਤ ਥੱਲੇ ਰਹਿੰਦਾ ਸੀ। ਉਸ ਵਿੱਚ ਪਤੀ-ਪਤਨੀ, ਬੱਚੇ, ਮਾਂ-ਬਾਪ, ਚਾਚੇ-ਚਾਚੀਆਂ, ਤਾਏ-ਤਾਈਆਂ ਉਹਨਾਂ ਦੇ ਬੱਚੇ, ਦਾਦਾ- ਦਾਦੀ, ਪੜਦਾਦਾ-ਪੜਦਾਦੀ ਆਦਿ। ਇਨ੍ਹਾਂ ਸਾਰਿਆਂ ਦੀ ਰਸੋਈ ਇੱਕ ਥਾਂ ਹੁੰਦੀ ਸੀ। ਭਾਵ ਸਾਂਝਾ ਚੁੱਲ੍ਹਾ ਹੁੰਦਾ ਸੀ। ਸਾਰੀ ਪੂੰਜੀ ਸਭ ਤੋਂ ਵੱਡੇ ਪੁਰਖ ਅਤੇ ਉਸ ਦੀ ਘਰਵਾਲੀ ਦੇ ਹੱਥ ਹੁੰਦੀ ਸੀ। ਉਹਨਾਂ ਨੇ ਹੀ ਸਾਰੇ ਪਰਿਵਾਰ ਦੇ ਜੀਆਂ ਦੇ ਰੋਟੀ ਕੱਪੜੇ ਅਤੇ ਹੋਰ ਲੋੜਾਂ ਦਾ ਪ੍ਰਬੰਧ ਕਰਨਾ ਹੁੰਦਾ ਸੀ। ਬੱਚਿਆਂ ਨੇ ਆਪ ਤੋਂ ਵੱਡਿਆਂ ਦੇ ਆਖੇ ਲੱਗਣਾ ਹੀ ਹੁੰਦਾ ਸੀ। ਅੱਜ ਕੁੱਲ ਸੰਯੁਕਤ ਪਰਿਵਾਰ ਟੁੱਟ ਰਹੇ ਹਨ। ਅੱਜ ਹਰ ਬੱਚਾ ਚਾਹੁੰਦਾ ਹੈ ਕਿ ਉਸ ਦਾ ਆਪਣਾ ਇੱਕ ਵੱਖਰਾ ਕਮਰਾ ਹੋਵੇ। ਹਰ ਬੱਚਾ ਲੋਚਦਾ ਹੈ ਕਿ ਉਸ ਦੇ ਕਮਰੇ ਵਿੱਚ ਜ਼ਰੂਰੀ ਚੀਜ਼ਾਂ, ਟੀ.ਵੀ, ਮਿਊਜਿਕ ਸਿਸਟਮ, ਕੰਪਿਊਟਰ ਅਤੇ ਖਾਸ ਕਰ ਮੋਬਾਇਲ ਫ਼ੋਨ ਆਦਿ ਮੌਜੂਦ ਹੋਣ ਜਿਸ ਵਿਚ ਕਿਸੇ ਹੋਰ ਮੈਂਬਰ ਦੀ ਦਖਲ ਅੰਜ਼ਾਦੀ ਨਾ ਹੋਵੇ।

ਰਿਸ਼ਤਿਆਂ ਦਾ ਮੋਹ ਮਨਫ਼ੀ ਹੁੰਦਾ ਜਾ ਰਿਹਾ ਹੈ ਪਹਿਲਾ ਬੱਚੇ ਰਾਤ ਨੂੰ ਦਾਦੀਆਂ ਕੋਲੋਂ ਕਹਾਣੀਆਂ ਸੁਣਦੇ ਸਨ। ਕਹਾਣੀਆਂ ਬੱਚਿਆਂ ਦੇ ਮਨਾਂ ਵਿਚ ਚੰਗੇ ਗੁਣ ਪੈਦਾ ਕਰਦੀਆਂ ਸਨ। ਬੱਚਿਆਂ ਨੂੰ ਬਾਤਾਂ ਦਾ ਐਨਾ ਚਾਅ ਹੁੰਦਾ ਸੀ ਕਿ ਰਾਤ ਪੈਂਦੀ ਸਾਰ ਹੀ ਬੱਚੇ ਦਾਦੀਆਂ ਦੁਆਲੇ ਹੋ ਜਾਂਦੇ ਸਨ। ਅੱਜ ਸਭ ਕੁਝ ਇਸ ਦੇ ਵਿਪਰੀਤ ਹੋ ਰਿਹਾ ਹੈ। ਬਚਪਨ ਅਤੇ ਜਵਾਨੀ ਦੀ ਵਿਚਕਾਰਲੀ ਕੜੀ ਟੀ.ਵੀ ਚੈਨਲਾਂ ਤੇ ਪੱਦਰਸ਼ਿਤ ਲਚਰ ਗੀਤਾਂ, ਇੰਟਰਨੈਟ ਅਤੇ ਫੈਸ਼ਨ ਦੇ ਵੱਧਦੇ ਦਬਾਅ ਕਾਰਨ ਟੁੱਟ ਚੁੱਕੀ ਹੈ। ਮੁੰਡੇ ਕੁੜੀਆਂ ਰਾਤੋਂ ਰਾਤ ਅਮੀਰ ਹੋਣ ਦੀ ਹੋੜ ਲੱਗੀ ਹੋਈ ਹੈ। ਜੋ ਅਸਫਲ ਹੋਣ ਦੀ ਸੂਰਤ ਵਿਚ ਮਾਨਸਿਕ ਤਣਾਉ ਵਿਚ ਆ ਜਾਂਦੇ ਹਨ। ਮਾਨਸਿਕ ਤਣਾਉ ਵਿਚ ਮਾਰ ਕੁਟਾਈ, ਛੜੇ-ਛਾੜ ਦੀਆਂ ਬੁਰੀਆਂ ਆਦਤਾਂ ਵਿਚ ਗ੍ਰਸਤ ਹੋ ਜਾਂਦੇ ਹਨ ਅਤੇ ਸਾਰੇ ਰਿਸ਼ਤਿਆਂ ਨੂੰ ਭੁੱਲ ਜਾਂਦਾ ਹੈ।

ਪ੍ਰਾਹੁਣਚਾਰੀ[ਸੋਧੋ]

ਕਿਸੇ ਸਮੇਂ ਪਿਆਰ ਪ੍ਰਾਹੁਣਚਾਰੀ ਪੰਜਾਬ  ਦੇ ਸੱਭਿਆਚਾਰ ਦੀ ਵਿਸ਼ੇਸ਼ਤਾ ਮੰਨੀ ਜਾਂਦੀ ਸੀ। ਉਨ੍ਹਾੰ ਸਮਿਆਂ ਵਿਚ ਪਰਿਵਾਰਾਂ ਤੇ ਰਿਸ਼ਤੇਦਾਰਾਂ ਵਿਚ ਪਿਆਰ ਤਾਂ ਹੁੰਦਾ ਹੀ ਸੀ, ਆਣ ਲੋਕਾਂ ਨਾਲ ਵੀ ਬਹੁਤ ਪਿਆਰ ਹੁੰਦਾ ਸੀ। ਇੱਕ ਪਰਿਵਰ ਦੀ ਧੀ ਨੂੰ ਸਾਰੇ ਪਿੰਡ ਦੀ ਧੀ ਸਮਝਿਆ ਜਾਂਦਾ ਸੀ। ਹੁਣ ਦੇ ਲੋਕਾਂ ਕੋਲ ਨਾ ਸਮਾਂ ਹੈ ਅਤੇ ਨਾ ਵਿਹਲ ਹੈ। ਲੋਕਾਂ ਦੀ ਇੱਕ ਦੌੜ ਲੱਗੀ ਹੋਈ ਹੈ। ਲੋੜ ਤੋਂ ਬਗੈਰ ਨਾ ਕੋਈ ਰਿਸ਼ਤੇਦਾਰ ਕਿਸੇ ਕੋਲ ਜਾਂਦਾ ਹੈ ਅਤੇ ਨਾ ਹੀ ਆਉਂਦਾ ਹੈ। ਹੁਣ ਬਹੁਤੇ ਰਿਸ਼ਤੇਦਾਰਾਂ ਦੀ  ਸੇਵਾ ਮਨੋਂ ਨਹੀਂ ਕੀਤੀ ਜਾਂਦੀ, ਸਗੋਂ ਗਲ ਪਿਆ ਢੋਲ ਵਜਾਉਂਦੇ ਹਨ। ਹੁਣ ਦੇ ਪ੍ਰਾਹੁਣੇ ਜ਼ਿਆਦਾ ਦਿਨ ਠਹਿਰ ਜਾਣ ਤਾਂ ਘਰ ਵਾਲੇ ਉਹਨਾਂ ਨੂੰ ਘਰੋਂ ਕਢੱਣ ਲਈ ਕੋਈ ਨਾ ਕੋਈ ਬਹਾਨਾ ਭਾਲਦੇ ਰਹਿੰਦੇ ਹਨ:

ਪਹਿਲੇ ਦਿਨ ਪ੍ਰਾਹਣਾ

ਦੂਜੇ ਦਿਨ ਧੁਰਾਉਣਾ

ਤੀਜੇ ਦਿਨ ਦਾਦੇ ਮਘਾਉਣਾ

ਅੱਜ ਬਹੁਤੇ ਬੱਚੇ ਆਪਣੇ ਮਾਂ ਬਾਪ ਦੀ ਸੇਵਾ ਕਰਨ  ਨੂੰ ਤਿਆਰ ਨਹੀਂ। ਮਾਂ ਬਾਪ ਨੂੰ ਵਾਧੂ ਬੇਲੋੜੇ ਸਮਝਿਆ ਜਾਂਦਾ ਹੈ। ਭਰਾਵਾਂ ਵਿਚ ਕੋਈ ਪਿਆਰ ਨਹੀਂ। ਸਾਰੇ ਰਿਸ਼ਤੇ ਪੈਸੇ ਨਾਲ ਨਾਪੇ ਜਾਂਦੇ ਹਨ।

ਵਿਆਹ ਹੋਣ ਉਪਰੰਤ ਬਣਦੇ ਰਿਸ਼ਤਿਆਂ ਵਿਚ ਤਬਦੀਲੀ[ਸੋਧੋ]

ਕੋਈ ਸਮਾਂ ਸੀ ਜਦੋਂ ਵਿਆਹ ਬੜੇ ਸਿੱਧ ਪੱਧਰੇ ਹੁੰਦੇ ਸਨ। ਇੱਕ ਉਹ ਵੀ ਸਮਾਂ ਸੀ ਜਦ ਪਿੰਡ ਦਾ ਨਾਈ ਹੀ ਮੁੰਡੇ ਕੁੜੀ ਦੇ ਰਿਸ਼ਤੇ ਦਾ ਵਿਚੋਲਾ ਹੁੰਦਾ ਸੀ। ਪਰ  ਵਿਸ਼ਵੀਕਰਨ ਦੇ ਇਸ ਦੌਰ ਵਿਚ ਸਮਾਜਿਕ ਤਾਣੇ-ਬਾਣੇ ਦਾ ਬੜਾ ਕੁਝ ਟੁੱਟ-ਭੱਜ ਕੇ ਉਸ ਦਾ ਮੁਹਾਦਰਾ ਹੀ ਬਦਲ ਗਿਆ। ਵਿਆਹ ਸ਼ਾਦੀ ਦੀਆਂ ਰਸਮਾਂ ਨੇ ਨਵਾਂ ਰੂਪ ਲੈ ਲਿਆ ਹੈ। ਅੱਜ ਜਦੋਂ ਕਿਸੇ ਪਿੰਡ ਦਾ ਮੁੰਡਾ ਚੰਗੀ ਨੌਕਰੀ ਪ੍ਰਾਪਤ ਕਰ  ਲੈਂਦਾ ਹੈ ਤਾਂ ਉਸ ਦੀ ਕੌਸ਼ਿਸ਼ ਹੁੰਦੀ ਹੈ ਕਿ ਉਸ ਦੀ ਜੀਵਨ ਸਾਥਣ ਵੀ ਪੜ੍ਹੀ ਤੇ ਉਹ ਬੇਸ਼ੱਕ ਬਠਿੰਡੇ ਦੀ ਹੋਵੇ ਜਾਂ ਦਿੱਲੀ, ਯੂ.ਪੀ ਜਾਂ ਚੰਡੀਗੜ੍ਹ ਦੀ।

ਅੱਜ ਬਰਾਬਰ ਦੀ ਯੋਗਤਾ, ਬਰਾਬਰ ਦਾ ਸੁੱਹਪਣ, ਬਰਾਬਰ ਦਾ ਕੱਦ-ਕਾਠ ਅਤੇ ਬਰਾਬਰ ਦਾ ਰੁਤਬਾ ਸੌ-ਸੌ ਮਿਣਤੀਆਂ ਗਿਣਤੀਆਂ ਕਰਕੇ ਕੀਤੇ ਰਿਸ਼ਤੇ ਵੀ ਬਹੁਤੀ ਤਲਾਕ ਲੈਣ ਵਾਲੀਆ ਦੀਆ ਕਤਾਰਾਂ ਲੱਗੀਆਂ ਹੋਈਆ ਹਨ। ਵਿਆਹ ਤੋਂ ਬਾਅਦ ਨੂੰਹ ਸੁਹਰੇ ਵਾਲੇ ਰਿਸ਼ਤੇ ਵਿਚ ਵੀ ਪਰਿਵਰਤਨ ਆਉਂਦਾ ਲੱਗ ਪਏ ਹਨ। ਪਹਿਲਾਂ ਨੂੰਹਾਂ ਆਪਣੇ ਸੁਹਰੇ ਤੋਂ ਘੁੰਡ ਕੱਢਦੀਆਂ ਸਨ ਅਤੇ ਸਿਰ ਨੰਗਾ ਨਹੀਂ ਰੱਖਦੀਆਂ ਸਨ। ਹੁਣ ਸਭ ਕੁਝ ਉਲਟ ਹੋ ਗਿਆ।  ਘੁੰਡ ਕੱਢਣਾ ਤਾਂ ਦੂਰ ਅੱਜ ਕੱਲ੍ਹ ਚੁੰਨੀਆਂ ਵੀ ਗਲ੍ਹਾਂ ਵਿੱਚ ਪਾ ਕੇ ਘੁੰਮਦੀਆਂ ਹਨ ਨੂੰਹ ਸੁਹਰੇ ਦੇ ਰਿਸ਼ਤੇ ਵਿਚ ਕਾਫੀ ਪਰਿਵਰਤਨ ਆ ਗਿਆ  ਹੈ।[3]

ਯੋਨ ਵਿਗਿਆਨ ਦੇ ਖੇਤਰ ਵਿਚ ਹੋਈਆ ਖੋਜਾਂ ਤੇ ਕਾਢਾਂ ਨੇ ਨਵੇਂ ਗਰਭ ਰੋਕੂ ਤਰੀਕਿਆਂ ਨੂੰ ਈਜਾਦ ਕੀਤਾ ਹੈ ਜਿਹਨਾਂ ਦੀ ਵਰਤੋਂ ਨਾਲ ਸੈਕਸ-ਸੰਬੰਧ ਨਿਰੋਲ ਸੈਕਸ-ਗੰਦ ਦੀ ਚਰਮ ਸੀਮਾ ਛੋਹ ਗਏ। ਇਥੇ ਹੀ  ਬਸ ਨਹੀਂ ਟੈਸਟ-ਟਿਊਬ, ਰਾਹੀਂ ਅਤੇ ਪਰਾਈ ਕੁੱਖ ਰਾਹੀਂ ਬੱਚੇ ਪੈਦਾ ਹੋਣ ਨਾਲ ਨਵੇਂ ਯੋਨ-ਸੰਬੰਧਾਂ ਦਾ ਜਨਮ ਹੋਇਆ ਜਿਹਨਾਂ ਨਾਲ ਪਿਆਰ-ਸੰਬੰਧਾਂ ਤੇ ਸੈਕਸ ਸੰਬੰਧਾਂ ਪ੍ਰਤੀ ਨਜ਼ਰੀਆਂ ਹੀ ਬਦਲ ਗਿਆ ਅਤੇ ਇਹ ਸੰਬੰਧ ਨਿਰੋਲ ਮਸ਼ੀਨੀ ਤੇ ਤਕਨੀਕੀ ਬਣ ਕੇ ਰਹਿ ਗਏ। ਇਨ੍ਹਾਂ ਸੰਬੰਧਾਂ ਨੂੰ ਕਿਸੇ ਤਰ੍ਹਾਂ ਵੀ ਮਾਨਵੀ ਸੰਬੰਧ ਨੂੰ ਨਹੀਂ ਕਿਹਾ ਜਾ ਸਕਦਾ ਹੈ।

ਮਨੁੱਖੀ ਭਾਵਾਂ ਦੇ ਰਿਸ਼ਤੇ ਵਿਚ ਤਬਦੀਲੀ- ਇਸ ਪ੍ਰਕਾਰ ਦੇ ਰਿਸ਼ਤਿਆਂ ਵਿਚ ਦੋਸਤ-ਮਿੱਤਰ, ਸਹਿ-ਕਰਮੀ, ਵਿਦਿਆਰਥੀ- ਅਧਿਆਪਕ, ਆਂਢ-ਗੁਆਂਢ ਆਦਿ ਦੇ ਲੋਕ ਸ਼ਾਮਿਲ ਹੁੰਦੇ ਹਨ। ਆਪਸੀ ਰਿਸ਼ਤਿਆਂ ਦੇ ਨਾਲ-ਨਾਲ ਮਨੁੱਖੀ ਭਾਵਾਂ ਦੇ ਆਪਸੀ ਪਿਆਰ ਵਿੱਚ ਵੀ ਬੜੀ ਤੇਜ਼ੀ ਨਾਲ ਟੁੱਟ-ਭੱਜ ਹੋ ਰਹੀ ਹੈ। ਦੋਸਤਾਂ ਮਿੱਤਰਾਂ ਵਿੱਚ ਆਪਸੀ ਪਿਆਰ ਖ਼ਤਮ ਹੋ ਰਿਹਾ ਹੈ। ਇਹ ਰਿਸ਼ਤਾ ਵੀ ਬਚਿਆ ਨਹੀਂ, ਕਹਿੰਦੇ ਹਨ ਕਿ ਦੋਸਤ ਜਿੰਨਾ ਪੁਰਾਣਾ ਹੋਵੇ ਉਹਨਾਂ ਹੀ ਚੰਗਾ ਹੁੰਦਾ ਹੈ। ਕਦੀ ਪੜ੍ਹਿਆ ਸੀ ਕਿ ਜਿਹੜੀ ਦੋਸਤੀ ਤਿੰਨ ਦਿਨ, ਤਿੰਨ ਹਫਤੇ, ਜਿੰਨ ਮਹੀਨੇ ਨਿਭ ਜਾਵੇ ਉਹ ਜ਼ਿੰਦਗੀ ਭਰ ਨਹੀਂ ਟੁੱਟਦੀ ਪਰ ਅੱਜ ਇਹ ਤੱਥ ਪੂਰੀ ਤਰ੍ਹਾਂ ਗਲਤ ਸਾਬਤ ਹੋ ਰਿਹਾ ਹੈ। ਹੁਣ ਤਾਂ ਤਿੰਨ ਤੋਂ ਤੀਹ ਸਾਲ ਤੱਕ ਵੀ ਇੱਕਠੇ ਰਹਿ ਰਹੇ ਮਿੱਤਰ ਕਿਸੇ ਨਿੱਕੇ ਜਿਹੇ ਮੁਫ਼ਾਦ ਤੇ ਟੁੱਟਦੇ ਹੀ ਨਹੀਂ ਸਗੋਂ ਇਹ ਜਿਗਰੀ ਰਿਸ਼ਤਾ, ਜਾਨੀ ਦੁਸ਼ਮਣੀਆਂ ਵਿਚ  ਬਦਲਦੇ ਦੇਖਿਆ ਜਾ ਸਕਦਾ ਹੈ।

ਅਪ੍ਰਵਾਨਿਤ ਰਿਸ਼ਤਿਆਂ ਵਿਚ ਤਬਦੀਲੀ[ਸੋਧੋ]

ਚੋਰੀ-ਯਾਰੀ ਘਰ-ਸਮਾਜ ਦੀ ਪ੍ਰਵਾਨਗੀ ਨਾ ਮਿਲਣੇ ਕਰਕੇ ਇਸ ਨੂੰ ਅਪ੍ਰਵਾਨਿਤ ਰਿਸ਼ਤੇ ਦਾ ਨਾਮ ਦਿੱਤਾ  ਗਿਆ ਹੈ।ਵਿਆਪਕ ਰੂਪ ਵਿੱਚ ਫੈਲੀ ਹੋਈ ਬੇਰੁਜ਼ਗਾਰੀ ਨੇ ਨੌਜਵਾਨ ਪੜ੍ਹੇ-ਲਿਖੇ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਿਆਰ ਨਾਲੋਂ ਰੁਜ਼ਗਾਰ ਉਹਨਾਂ ਲਈ ਅਹਿਮ ਤੇ ਚਿੰਤਾਜਨਕ ਵਿਸ਼ਾ ਬਣ ਗਿਆ ਹੈ। ਵਿਦਿਆਰਥੀ ਵਰਗ ਪਿਆਰ-ਚੇਤਨਾ ਹੀ ਖੋ ਬੈਠਾ ਹੈ। ਇਸ ਵਰਗ ਲਈ ਪਿਆਰ ਜਾਂ ਸੈਕਸ ਸੰਬੰਧ ਸਿਰਫ਼ ਵਕਤੀ ਤੌਰ 'ਤੇ ਟਾਈਮ ਪਾਸ ਕਰਨ ਦਾ ਸਾਧਨ-ਮਾਤਰ ਬਣ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਟੈਲੀਫ਼ੋਨ ਦੀ ਸਹੂਲਤ ਨੇ ਪ੍ਰੇਮ-ਮਿਲਣੀਆਂ ਨੂੰ ਹੀ ਘਟਾ ਦਿੱਤਾ ਹੈ। ਟੈਲੀਫ਼ੋਨ ਤੇ ਹੀ ਗੱਲਾਂ ਕਰਕੇ ਉਹ ਤ੍ਰਿਪਤ ਹੋ ਜਾਂਦੇ ਹਨ। ਆਰਥਕ ਮੰਦਹਾਲੀ ਨੇ ਇਸ ਵਰਗ ਦੀਆਂ ਜਵਾਨੀਆਂ ਹੀ ਖੋਹ ਲਈਆਂ ਹਨ ਅਤੇ ਜੋ ਬਚੀਆਂ ਹਨ ਉਹ ਨਸ਼ਿਆਂ ਨੇ ਗਾਲ ਦਿੱਤੀਆਂ ਹਨ। ਆਰਥਕ ਅਤੇ ਸਮਾਜਿਕ ਸਮੱਸਿਆਵਾਂ ਤੇ ਪ੍ਰੇਸ਼ਾਨੀਆਂ ਨੇ ਦੰਪਤੀ ਜੀਵਨ ਦੇ ਪਿਆਰ-ਸੰਬੰਧਾਂ ਨੂੰ ਵੀ ਦਰੜ ਕੇ ਰੱਖ ਦਿੱਤਾ ਹੈ।

ਉਪਰੋਕਤ ਸਾਰੀ ਚਰਚਾ ਤੋਂ ਸਪਸ਼ਟ ਹੈ ਕਿ ਪੰਜਾਬੀ ਰਿਸ਼ਤਾ-ਨਾਤਾ ਪ੍ਰਣਾਲੀ ਵਿਚ ਆਪਸੀ ਪਿਆਰ ਅਤੇ ਮਿਲਵਰਤਨ ਦੀ ਭਾਵਨਾ ਖ਼ਤਮ ਹੋ ਕੇ ਖ਼ੁਦਗ਼ਰਜ਼ੀ ਅਤੇ ਨਿੱਜੀ ਲਾਭ ਨੇ ਮੱਲ ਲਈ ਹੈ। ਆਪਣੀ ਨਜ਼ਦੀਕੀ ਰਿਸ਼ਤੇਦਾਰੀ ਜਿਹਨਾਂ ਨਾਲ ਖ਼ੂਨ ਦੀ ਸਾਂਝ ਹੈ ਉਹਨਾਂ ਰਿਸ਼ਤਿਆਂ ਦੇ ਨਾਂ ਵੀ ਬਦਲ ਗਏ ਹਨ ਜਿਵੇਂ ਮਾਂ-ਪਿਉ, ਦੀ ਥਾਂ ਮੰਮੀ-ਡੈਡੀ ਜਾਂ ਡੈਡ, ਚਾਚਾ, ਤਾਏ, ਮਾਮੇ, ਮਾਸੜ ਆਦਿ ਦੀ ਥਾਂ ਅੰਕਲ। ਇਸੇ ਤਰ੍ਹਾਂ ਭੂਆ, ਮਾਸੀ ਦੀ ਥਾਂ ਆਂਟੀ ਨੇ ਲੈ ਲਈ ਹੈ। ਨੌਕਰੀ ਪੇਸ਼ਾ ਮਨੁੱਖ ਦੇ ਰਿਸ਼ਤੇ ਦੀਆਂ ਨਵੀਆਂ ਤੰਦਾਂ ਸਿਰਜ ਲਈਆਂ ਹਨ। ਅੱਜ-ਕੱਲ੍ਹ ਖ਼ੂਨ ਦੇ ਰਿਸ਼ਤੇ ਨਾਲੋਂ ਹਮ-ਪੇਸ਼ਾ ਲੋਕਾਂ ਦਾ ਰਿਸ਼ਤਾ ਵਧੇਰੇ ਮਹੱਤਵ ਰੱਖਦਾ ਹੈ। ਜਾਤ, ਗੋਤ, ਬਰਾਦਰੀ ਦੀਆਂ ਦੀਵਾਰਾਂ ਢਹਿ ਚੁੱਕੀਆਂ ਹਨ। ਵਰਤਮਾਨ ਪੰਜਾਬੀ ਸਮਾਜ ਵਿੱਚ ਪੁਰਾਤਨ ਰਿਸ਼ਤਾ ਪ੍ਰਣਾਲੀ ਦਾ ਤਾਣਾ-ਬਾਣਾ ਜਰਜਰਾ ਹੋ ਗਿਆ ਜਾਪਦਾ ਹੈ।

ਹਵਾਲੇ[ਸੋਧੋ]

  1. ਸ਼ਰਮਾ, ਡਾ. ਗੁਰਦੀਪ ਕੁਮਾਰ (2011). ਪੰਜਾਬੀ ਸੱਭਿਆਚਾਰ ਦੇ ਬਦਲਦੇ ਪਰਿਪੇਖ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ. p. 46.
  2. ਸਿੰਘ, ਪ੍ਰਿਥੀਪਾਲ (2014). ਵਿਸਰ ਰਿਹਾ ਪੰਜਾਬੀ ਵਿਰਸਾ. ਅੰਮ੍ਰਿਤਸਰ: ਆਜ਼ਾਦ ਬੁੱਕ ਡੀਪੂ. p. 108.
  3. ਖੀਵਾ, ਜਲੌਰ ਸਿੰਘ (2010). ਪੰਜਾਬੀ ਸੱਭਿਆਚਾਰ ਰਿਸ਼ਤਿਆਂ ਦੀ ਸੰਬਾਦਿਕਤਾ. ਲੁਧਿਆਣਾ: ਚੇਤਨਾ ਪ੍ਰਕਾਸ਼ਨ. p. 37.