ਫਾਦਰ ਸਰਗੇਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਫਾਦਰ ਸਰਗੇਈ"
ਲੇਖਕ ਲਿਓ ਤਾਲਸਤਾਏ
1917 ਦੀ ਫ਼ਿਲਮ, ਫਾਦਰ ਸਰਗੇਈ ਵਿੱਚ ਟਾਈਟਲ ਰੋਲ ਵਿੱਚ ਇੱਕ ਰੂਸੀ ਐਕਟਰ
ਮੂਲ ਸਿਰਲੇਖОтец Сергий
ਭਾਸ਼ਾਰੂਸੀ
ਵੰਨਗੀਕਹਾਣੀ

"ਫਾਦਰ ਸਰਗੇਈ" (ਰੂਸੀ: Отец Сергий, ਗੁਰਮੁਖੀ: ਓਤੇਤਸ ਸਰਗੇਈ) ਲਿਉ ਤਾਲਸਤਾਏ ਦੀ 1890 ਵਿੱਚ ਲਿਖੀ ਅਤੇ 1898 ਵਿੱਚ ਲਿਖੀ ਕਹਾਣੀ ਹੈ ਜੋ ਉਸਦੇ ਮਰਨ ਉਪਰੰਤ 1911 ਵਿੱਚ ਪਹਿਲੀ ਵਾਰ ਛਪੀ ਸੀ।[1]

ਪਲਾਟ[ਸੋਧੋ]

ਕਹਾਣੀ ਪ੍ਰਿੰਸ ਸਤੇਪਾਨ ਕਾਸਾਤਸਕੀ ਦੇ ਬਚਪਨ ਅਤੇ ਅਸਾਧਾਰਨ ਅਤੇ ਹੋਣੀ-ਭਰਪੂਰ ਜਵਾਨੀ ਦੇ ਨਾਲ ਸ਼ੁਰੂ ਹੁੰਦੀ ਹੈ। ਉਸ ਨੂੰ ਆਪਣੇ ਵਿਆਹ ਦੀ ਪੂਰਬਲੀ ਸੰਧਿਆ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮੰਗੇਤਰ ਦਾ ਉਸ ਦੇ ਪਿਆਰੇ ਮਿੱਤਰ ਜ਼ਾਰ ਨਿਕੋਲਸ ਪਹਿਲੇ ਨਾਲ ਪ੍ਰੇਮ-ਪ੍ਰਸੰਗ ਸੀ। ਉਸ ਦੇ ਸਵੈਮਾਣ ਨੂੰ ਭਾਰੀ ਝਟਕਾ ਲੱਗਦਾ ਹੈ। ਉਹ ਮੰਗਣੀ ਤੋੜ ਦਿੰਦਾ ਹੈ ਅਤੇ ਉਹ ਰੂਸੀ ਆਰਥੋਡਾਕਸ ਚਰਚ ਦੀ ਓਟ ਵਿੱਚ ਚਲਾ ਜਾਂਦਾ ਹੈ। ਮੰਕ ਬਣ ਜਾਂਦਾ ਹੈ ਅਤੇ ਰੂਹਾਨੀ ਯਾਤਰਾ ਤੇ ਚੱਲਣ ਦਾ ਯਤਨ ਕਰਦਾ ਹੈ। ਉਹ ਸਟੀਫਨ ਸਰਗੇਈ ਦੇ ਰੂਪ ਵਿੱਚ ਉਹ ਮਸ਼ਹੂਰ ਹੋ ਜਾਂਦਾ ਹੈ। ਸੰਸਾਰ ਤੋਂ ਦੂਰੀ ਦੇ ਬਾਵਜੂਦ, ਉਹ ਚੰਗੀ ਤਰ੍ਹਾਂ ਯਾਦ ਰੱਖਦਾ ਹੈ ਕਿ ਉਸ ਦਾ ਜੀਵਨ ਅਜਿਹਾ ਕਿਉਂ ਹੈ?

ਸਨਿਆਸੀ ਹੋਣ ਦੇ ਛੇਵੇਂ ਸਾਲ, ਇੱਕ ਉਤਸਵ ਤੇ, ਇੱਕ ਲਾਗਲੇ ਸ਼ਹਿਰ ਦੀ ਔਰਤ-ਮਰਦਾਂ ਦੀ ਇੱਕ ਖੁਸ਼ਹਾਲ ਟੋਲੀ ਉਸ ਦੀ ਕੁਟੀਆ ਆਉਂਦੀ ਹੈ। ਉਹਨਾਂ ਵਿੱਚਲੀ ਇੱਕ ਔਰਤ, ਮਾਕੋਵਕਿਨਾ ਦੀ ਤਲਾਕਸ਼ੁਦਾ ਪਤਨੀ, ਨੇ ਸਰਗੇਈ ਨੂੰ ਭਰਮਾਉਣ ਦੇ ਇਰਾਦੇ ਨਾਲ ਉਸਦੀ ਕੁਟੀਆ ਵਿੱਚ ਰਾਤ ਗੁਜ਼ਾਰਦੀ ਹੈ। ਫਾਦਰ ਸਰਗੇਈ ਨੂੰ ਪਤਾ ਲੱਗਦਾ ਹੈ ਕਿ ਉਹ ਅਜੇ ਵੀ ਕਮਜ਼ੋਰ ਹੈ ਅਤੇ ਖੁਦ ਨੂੰ ਬਚਾਉਣ ਲਈ ਉਹ ਇੱਕ ਕੁਹਾੜੀ ਨਾਲ ਆਪਣੀ ਹੀ ਚੀਚੀ ਵਾਲੀ ਉਂਗਲ ਨੂੰ ਕੱਟ ਲੈਂਦਾ ਹੈ। ਮਾਕੋਵਕਿਨਾ ਇਸ ਐਕਟ ਨਾਲ ਸੁੰਨ ਹੋ ਜਾਂਦੀ ਹੈ, ਅਤੇ ਆਪਣੇ ਜੀਵਨ ਨੂੰ ਤਬਦੀਲ ਕਰਨ ਦੀ ਧਾਰ ਕੇ ਅਗਲੀ ਸਵੇਰ ਉਥੋਂ ਚਲੀ ਜਾਂਦੀ ਹੈ। ਇੱਕ ਸਾਲ ਬਾਅਦ ਉਹ ਕਾਨਵੈਂਟ ਵਿੱਚ ਸ਼ਾਮਲ ਹੋ ਜਾਂਦੀ ਹੈ। ਇੱਕ ਧਰਮੀ ਵਿਅਕਤੀ ਵਜੋਂ ਫਾਦਰ ਸਰਗੇਈ ਦੀ ਪ੍ਰਸਿੱਧੀ ਵਧ ਜਾਂਦੀ ਹੈ ਅਤੇ ਉਸ ਨੂੰ ਦੁੱਖਾਂ ਦਾ ਦਾਰੂ ਕਰਨ ਵਾਲੇ ਵਜੋਂ ਖ਼ੂਬ ਮਹਿਮਾ ਮਿਲਦੀ ਹੈ। ਅਤੇ ਹਰ ਥਾਂ ਤੋਂ ਤੀਰਥ ਯਾਤਰੀ ਉਸ ਕੋਲ ਆਉਂਦੇ ਹਨ। ਪਰ ਇਸ ਨਾਲ ਉਸਦਾ ਮਨ ਨਹੀਂ ਪਰਚਦਾ। ਇਸ ਤੋਂ ਇਲਾਵਾ, ਸ਼ਰਧਾਲੂਆਂ ਦੀ ਭਾਰੀ ਗਿਣਤੀ ਉਸ ਨੂੰ ਭਗਤੀ ਤੋਂ ਭਟਕਾਉਂਦੀ ਹੈ। ਫਾਦਰ ਸਰਗੇਈ ਅਜੇ ਵੀ ਸੱਚੇ ਵਿਸ਼ਵਾਸ ਨੂੰ ਹਾਸਲ ਕਰਨ ਦੀ ਆਪਣੀ ਨਾਕਾਮੀ ਤੋਂ ਜਾਣੂ ਹੈ। ਉਹ ਅਜੇ ਵੀ ਬੋਰੀਅਤ, ਹੰਕਾਰ ਅਤੇ ਕਾਮ ਤੋਂ ਪੀੜਿਤ ਹੈ। ਇਹ ਸਭ ਫਿਰ ਇੱਕ ਵਾਰ ਹੋਇਆ ਜਦੋਂ ਇੱਕ ਸਥਾਨਕ ਵਪਾਰੀ ਦੀ ਇੱਕ ਮਾਨਸਿਕ ਤੌਰ 'ਤੇ ਕਮਜ਼ੋਰ ਧੀ ਨੂੰ ਅਰਦਾਸ ਦੁਆਰਾ ਇਲਾਜ ਲਈ ਲਿਆਂਦਾ ਗਿਆ। ਅਗਲੀ ਸਵੇਰ ਉਹ ਮੱਠ ਛੱਡਕੇ ਚਲਾ ਜਾਂਦਾ ਹੈ ਅਤੇ ਬਚਪਨ ਦੀ ਇੱਕ ਦੋਸਤ ਪਾਸ਼ਕਾ (ਪ੍ਰਾਸਕੋਯਾ ਮੀਖੋਲੋਵਨਾ) ਦੀ ਤਲਾਸ਼ ਕਰਦਾ ਹੈ, ਜਿਸਨੂੰ ਉਸਨੇ ਕਈ ਹੋਰ ਮੁੰਡਿਆਂ ਦੀ ਢ਼ਾਣੀ ਦੇ ਨਾਲ ਮਿਲ ਕੇ ਕਈ ਸਾਲ ਪਹਿਲਾਂ ਪਰੇਸ਼ਾਨ ਕੀਤਾ ਸੀ। ਉਹ ਉਸਨੂੰ ਲੱਭ ਲੈਂਦਾ ਹੈ, ਅਤੇ ਉਸ ਦੀ ਪਨਾਹ ਚਾਹੁੰਦਾ ਹੈ। ਆਖਰ ਉਹ ਘੁੰਮਾਂਤਰੂ ਬਣ ਜਾਂਦਾ ਹੈ। ਅਠ ਮਹੀਨੇ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਉਸ ਨੂੰ ਸਾਇਬੇਰੀਆ ਭੇਜ ਦਿੱਤਾ ਜਾਂਦਾ ਹੈ। ਉੱਥੇ ਉਹ ਇੱਕ ਅਮੀਰ ਕਿਸਾਨ ਕੋਲ ਕੰਮ ਤੇ ਲੱਗ ਜਾਂਦਾ ਹੈ - ਬੱਚਿਆਂ ਨੂੰ ਪੜ੍ਹਾਉਂਦਾ ਹੈ ਅਤੇ ਖੇਤਾਂ ਵਿੱਚ ਕੰਮ ਕਰਦਾ ਹੈ।

ਹਵਾਲੇ[ਸੋਧੋ]

  1. Julian Connolly in Charles A. Moser (ed.), The Cambridge History of Russian Literature (Cambridge University Press, 1992; ISBN 0521425670), p. 344.