ਬੁੱਟਰ
ਬੁੱਟਰ (ਅੰਗਰੇਜ਼ੀ:Buttar
- ਉਰਦੂ
- ﺑﭩﺮ
) ਪੰਜਾਬ ਦੇ ਜੱਟ ਭਾਈਚਾਰੇ ਦਾ ਇਕ ਗੋਤ ਹੈ।[੧] ਇਸ ਗੋਤ ਦੇ ਜੱਟ ਖ਼ਾਸ ਕਰ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਵਿਚ ਵਸਦੇ ਨੇ, ਇਸ ਤੋਂ ਬਿਨਾਂ ਭਾਰਤ ਦੇ ਹੋਰ ਸੂਬਿਆਂ- ਰਾਜਸਥਾਨ, ਹਰਿਆਣਾ, ਬਾਹਰਲੇ ਮੁਲਕਾਂ- ਕਨੇਡਾ, ਅਮਰੀਕਾ, ਇੰਗਲੈਂਡ ਅਤੇ ਯੂਰਪ ਦੇ ਹੋਰ ਮੁਲਕਾਂ ਵਿਚ ਵੀ ਕੁਝ ਕੁ ਬੁੱਟਰ ਵਸਦੇ ਨੇ।
ਮਸ਼ਰਕੀ ਪੰਜਾਬ ਵਿਚ ਸਾਰੇ ਬੁੱਟਰ ਸਿੱਖ ਨੇ ’ਤੇ ਮਗ਼ਰਬੀ ਪੰਜਾਬ ਵਿਚ ਬੁੱਟਰ ਮੁਸਲਮਾਨ ਬਣ ਗਏ। ਸਾਰੇ ਹੀ ਬੁੱਟਰਾਂ ਦੀ ਮਾਂ ਬੋਲੀ ਪੰਜਾਬੀ ਐ।
ਮਹਾਨ ਸ਼ਹੀਦ ਭਾਈ ਤਾਰਾ ਸਿੰਘ ਵਾਂ ਮਾਝੇ ਦੇ ਪਿੰਡ ‘ਵਾਂ’ ਦੇ ਬੁੱਟਰ ਜੱਟ ਸਨ।
ਬੁੱਟਰਾਂ ਦੀ ਤਵਾਰੀਖ਼/ਇਤਿਹਾਸ[ਸੋਧ]
ਇਹ ਜੱਗਦੇਉਬੰਸੀ ‘ਪੱਵਾਰ’ ਰਾਜਪੂਤਾਂ ਵਿਚੋਂ ਹਨ। ਇਹ ਪੱਵਾਰਾਂ ਦਾ ਹੀ ਇੱਕ ਉਪਗੋਤ ਐ। ਅਸਲ ਵਿੱਚ ਬੁੱਟਰ ਗੋਤ ਦਾ ਮੁੱਢ ਲੱਖੀ ਜੰਗਲ ਦਾ ਇਲਾਕਾ ਏ। ਦਰਿਆ-ਏ-ਸਤਲੁਜ ’ਤੇ ਘੱਗਰ ਦੇ ਦਰਮਿਆਨ ਵਾਲ਼ੇ ਇਲਾਕੇ ਨੂੰ ਲੱਖੀ ਜੰਗਲ ਕਹਿੰਦੇ ਸਨ। ਲੱਖੀ ਜੰਗਲ ਫ਼ਿਰੋਜ਼ਪੁਰ ਦੇ ਸਤਲੁਜ ਦੇ ਕਿਨਾਰੇ ਤੋਂ ਲੈ ਕੇ ਬਠਿੰਡੇ ਦੇ ਰੋਹੀ-ਬੀਆਬਾਨ ਤੱਕ ੮੦ (80) ਕਿਲੋਮੀਟਰ ਲੰਬੇ ਅਤੇ ੨੫ (25) ਕਿਲੋਮੀਟਰ ਚੌੜੇ ਇਲਾਕੇ ਵਿੱਚ ਫੈਲਿਆ ਹੋਇਆ ਸੀ। ਉਸ ਵਕਤ ਇਸ ਜੰਗਲ ਵਿੱਚ ਇੱਕ ਲੱਖ ਦੇ ਕਰੀਬ ਦਰਖ਼ਤ ਸਨ। ਇਸ ਕਰਕੇ ਇਸ ਜੰਗਲ ਨੂੰ ਲੱਖੀ ਜੰਗਲ ਕਹਿੰਦੇ ਸਨ। ਇਸ ਵਿੱਚ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮੋਗਾ, ਫ਼ਰੀਦਕੋਟ ਇਤਿਆਦਿ ਇਲਾਕੇ ਸ਼ਾਮਲ ਸਨ।
ਸੰਨ ੧੮੮੧ (1881) ਦੇ ਸਾਂਝੇ ਪੰਜਾਬ ਵਿਚ ਬੁੱਟਰਾਂ ਦੀ ਗਿਣਤੀ ਸਿਰਫ਼ ੧੦੮੩੩ (10833) ਹੀ ਸੀ।[੧]
ਜੱਟਾਂ ਦੇ ‘ਬੁੱਟਰ’ ‘ਦਿਉਲ’ ‘ਦੁਹੇਲ’ ਅਤੇ ‘ਸੇਖੋਂ’ ਗੋਤ ‘ਪੱਵਾਰਾਂ’ ਦੀ ‘ਭੁੱਟੇ’ ਸ਼ਾਖਾ ਵਿਚੋਂ ਨੇ; ਇਸ ਬਾਰੇ ਇੱਕ ਲੋਕ-ਕਥਾ ਹੈ ਕਿ ਜਦੋਂ ਪੱਵਾਰਾਂ ਦੇ ਕਿਲ੍ਹੇ ‘ਜਰਗ’ ’ਤੇ ਦੁਸ਼ਮਣਾਂ ਨੇ ਕਬਜ਼ਾ ਕਰ ਲਿਆ ਤਾਂ ਉਹਨਾਂ ਨੇ ਪੱਵਾਰਾਂ ਨੂੰ ਚੁਣ-ਚੁਣ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਪੱਵਾਰ ਦੁਸ਼ਮਣ ਨੂੰ ਭੁਲੇਖਾ ਦੇਣ ਲਈ ਆਪਣੇ ਵਡੇਰਿਆਂ ਦੇ ਨਾਮ ਅਤੇ (ਨਵੇਂ) ਗੋਤ ਦਲਿਉ, ਦਿਉਲ, ਸੇਖੋਂ, ਬਲਿੰਗ ਇਤਿਆਦਿ ਦੱਸਕੇ ਕਿਲ੍ਹੇ ਤੋਂ ਬਾਹਰ ਨਿਕਲ ਆਏ। ਇਸ ਲੜਾਈ ਵਿੱਚ ਸਭ ਤੋਂ ਵੱਧ ਨੁਕਸਾਨ ‘ਭੁੱਟੇ’ ਗੋਤ ਵਾਲ਼ਿਆਂ ਦਾ ਹੋਇਆ।
ਇਸ ਵਕਤ ਛੋਟਾ ਹੋਣ ਕਾਰਨ ‘ਬੁੱਟਰ’ ਆਪਣੇ ਨਾਨਕੇ ਰਹਿ ਰਿਹਾ ਸੀ। ਉਸ ਘਟਨਾ ਤੋਂ ਬਾਅਦ ‘ਬੁੱਟਰ’ ਦੀ ਬੰਸ ਦੇ ਲੋਕਾਂ ਨੇ ਵੀ ਆਪਣਾ ਨਵਾਂ ਗੋਤ ‘ਬੁੱਟਰ’ ਹੀ ਪ੍ਰਚੱਲਤ ਕਰ ਲਿਆ। ਪਿੰਡ ‘ਬੁੱਟਰ ਬਖੂਆ’ ਦੇ ਲੋਕ ਹੁਣ ਵੀ ‘ਦਲਿਉ’ ਜੱਟਾਂ ਨੂੰ ਆਪਣਾ ਭਾਈਚਾਰਾ ਸਮਝਦੇ ਨੇ ਇਸ ਲਈ ਅਜੇ ਵੀ ਇਕ-ਦੂਜੇ ਦੇ ਮੁੰਡੇ-ਕੁੜੀਆਂ ਦੇ ਆਪਸ ਵਿਚ ਵਿਆਹ-ਸ਼ਾਦੀ ਨਹੀਂ ਕਰਦੇ।
ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ, ‘ਬੁੱਟਰਾਂ’ ਨੂੰ ‘ਸੂਰਜਬੰਸੀ’ ਰਾਜਪੂਤ ਮੰਨਦਾ ਹੈ।
ਬੁੱਟਰਾਂ ਦੇ ਪਿੰਡ[ਸੋਧ]
ਪੰਜਾਬ ਵਿਚ ਬੁੱਟਰਾਂ ਦੇ ਅਹਿਮ ਪਿੰਡ ਨੇ, ਬਹੁਤੇ ਤਾਂ ਖ਼ਾਸ ‘ਬੁੱਟਰਾਂ’ ਹੀ ਦੇ ਨੇ।
ਲਹਿੰਦੇ ਪੰਜਾਬ ਵਿਚ:
ਲੱਖੀ ਜੰਗਲ ਤੋਂ ਉਠ ਕੇ ਇਹ ਦੂਰ ਗੁਜਰਾਂਵਾਲਾ ’ਤੇ ਮਿੰਟਗੁੰਮਰੀ ਤੱਕ ਚਲੇ ਗਏ ਨੇ। ਕੁਝ ਅਹਿਮ ਪਿੰਡ:
- ਕੀਰਤੋ, ਜ਼ਿਲ੍ਹਾ ਸ਼ੇਖ਼ੂਪੁਰਾ
- ਪੰਡੋਰੀ, ਜ਼ਿਲ੍ਹਾ ਸ਼ੇਖ਼ੂਪੁਰਾ
- ਸ਼ੈਖ਼ਰਜਾਦਾ, ਜ਼ਿਲ੍ਹਾ ਗੁੱਜਰਾਂਵਾਲ਼ਾ
- ਫ਼ਿਰੋਜ਼ੇਵਾਲ਼ਾ, ਜ਼ਿਲ੍ਹਾ ਗੁੱਜਰਾਂਵਾਲ਼ਾ
- ਬੁੱਟਰਾਂ ਵਾਲ਼ਾ, ਜ਼ਿਲ੍ਹਾ ਬਹਾਵਲਨਗਰ
- ਦਿਆਲਗੜ੍ਹ, ਜ਼ਿਲ੍ਹਾ ਫ਼ੈਸਲਾਬਾਦ
- ਭਾਮਣੀਵਾਲ਼ਾ, ਜ਼ਿਲ੍ਹਾ ਫ਼ੈਸਲਾਬਾਦ
’ਤੇ ਇਹਨਾਂ ਇਲਾਕਿਆਂ ਦੇ ਹੋਰ ਕਾਫ਼ੀ ਪਿੰਡਾਂ ਵਿਚ ਬੁੱਟਰ ਵੱਡੀ ਗਿਣਤੀ ਵਿਚ ਵਸਦੇ ਨੇ। ਸਾਂਦਲਬਾਰ ਵਿੱਚ ਬੁੱਟਰ ਭਾਈਚਾਰੇ ਦਾ ਇੱਕ ਮਸ਼ਹੂਰ ਪਿੰਡ ‘ਬੁੱਟਰ’ ਵੀ ਹੈ। ਸਿਆਲਕੋਟ ’ਤੇ ਲਾਹੌਰ ਦੇ ਇਲਾਕਿਆਂ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਨੇ।
ਚੜ੍ਹਦੇ ਪੰਜਾਬ ਵਿਚ:
ਮਾਲਵੇ ਵਿਚ ਬੁੱਟਰਾਂ ਦੇ ਬਹੁਤ ਪਿੰਡ ਹਨ। ਮਾਝੇ ਵਿਚ ਵੀ ਬੁੱਟਰ ਵੱਡੀ ਗਿਣਤੀ ਵਿਚ ਵਸਦੇ ਨੇ, ਪਰ ਦੁਆਬੇ ਵਿਚ ਇਹਨਾਂ ਦੀ ਗਿਣਤੀ ਘੱਟ ਐ।
- ਬੁੱਟਰ ਸਰੀਂਹ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
- ਆਸਾ ਬੁੱਟਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
- ਬੁੱਟਰ ਬਖੂਆ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
- ਗਹਿਰੀ ਬੁੱਟਰ, ਜ਼ਿਲ੍ਹਾ ਬਠਿੰਡਾ
- ਬੁੱਟਰ ਸ਼ੇਰਾ, ਜ਼ਿਲ੍ਹਾ ਮੋਗਾ
- ਬੁੱਟਰ ਕਲਾਂ, ਜ਼ਿਲ੍ਹਾ ਮੋਗਾ
- ਕੋਕਰੀ ਬੁੱਟਰ, ਜ਼ਿਲ੍ਹਾ ਮੋਗਾ
- ਅਜੀਤਵਾਲ਼, ਜ਼ਿਲ੍ਹਾ ਮੋਗਾ
- ਚੱਕਵਾਲ਼, ਜ਼ਿਲ੍ਹਾ ਮੋਗਾ
- ਚੂਹੜਚੱਕ, ਜ਼ਿਲ੍ਹਾ ਮੋਗਾ
- ਨੱਥੋਵਾਲ਼, ਜ਼ਿਲ੍ਹਾ ਲੁਧਿਆਣਾ
- ਬੁੱਟਰ, ਜ਼ਿਲ੍ਹਾ ਫ਼ਰੀਦਕੋਟ
- ਬੁੱਟਰ, ਜ਼ਿਲ੍ਹਾ ਫ਼ਿਰੋਜ਼ਪੁਰ
- ਵਾਂ, ਜ਼ਿਲ੍ਹਾ ਅੰਮ੍ਰਿਤਸਰ
- ਬੁੱਟਰ ਸਿਵੀਆਂ, ਜ਼ਿਲ੍ਹਾ ਅੰਮ੍ਰਿਤਸਰ
- ਦਿਆਲਗੜ੍ਹ, ਜ਼ਿਲ੍ਹਾ ਗੁਰਦਾਸਪੁਰ
- ਵਡਾਲਾ ਗ੍ਰੰਥੀਆਂ, ਜ਼ਿਲ੍ਹਾ ਗੁਰਦਾਸਪੁਰ
- ਨੰਗਲ ਬੁੱਟਰ, ਜ਼ਿਲ੍ਹਾ ਗੁਰਦਾਸਪੁਰ
- ਬੁੱਟਰਾਂ, ਜ਼ਿਲ੍ਹਾ ਜਲੰਧਰ
- ਬੁੱਟਰਾਂ, ਜ਼ਿਲ੍ਹਾ ਗੰਗਾਨਗਰ
- ਬੁੱਟਰਸਰ, ਜ਼ਿਲ੍ਹਾ ਗੰਗਾਨਗਰ
ਪਟਿਆਲੇ ਜ਼ਿਲ੍ਹੇ ਵਿੱਚ ਬੁੱਟਰ (ਲੋਕ) ਮਾਝੇ ਦੇ ਪਿੰਡ ‘ਵਾਂ’ ਤੋਂ ਆ ਕੇ ‘ਮਾਝਾ’ ‘ਮਾਝੀ’ ਅਤੇ ‘ਥੂਹੀ’ ਇਤਿਆਦਿ ਪਿੰਡਾਂ ਵਿੱਚ ਆਬਾਦ ਹੋਏ ਨੇ। ਨਾਭੇ ਦੇ ਇਲਾਕੇ ਵਿੱਚ ਵੀ ਬੁੱਟਰ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਵਸਦੇ ਹਨ।
ਕੁਝ ਬੁੱਟਰ ਜੱਟ ਰੋਪੜ, ਖਰੜ, ਹਿਸਾਰ, ਸਿਰਸਾ, ’ਤੇ ਅੰਬਾਲਾ ਇਲਾਕਿਆਂ ਵਿਚ ਵੀ ਵਸਦੇ ਨੇ।