ਬੋਲੀਆਂ ਦੀ ਰੇਲ ਭਰਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਲੀਆਂ ਦੀ ਰੇਲ ਭਰਾਂ
ਲੇਖਕਡਾ.ਚਰਨਜੀਤ ਕੌਰ
ਪ੍ਰਕਾਸ਼ਕਲੋਕਗੀਤ ਪ੍ਕਾਸ਼ਨ, ਚੰਡੀਗੜ੍ਹ
ਸਫ਼ੇ608

ਲੋਕਧਾਰਾ ਸਬੰਧੀ ਸਮੱਗਰੀ ਇਕੱਤਰਿਤ ਕਰਨੀ ਨਿਰਸੰਦੇਹ ਇੱਕ ਕਠਿਨ ਕਾਰਜ ਹੈ। ਖ਼ਾਸ ਤੌਰ 'ਤੇ ਗਿੱਧੇ ਜਿਹੀਆਂ ਪ੍ਰਦਰਸ਼ਿਤ ਕਲਾਵਾਂ ਦੀ, ਜਿਹਨਾਂ ਦੀ ਲਿਖਤ ਟੈਕਸਟ ਨਾਲੋਂ ਪੇਸ਼ਕਾਰੀ ਜ਼ਿਆਦਾ ਮਹੱਤਵ ਰੱਖਦੀ ਹੈ। ਅਜਿਹੀ ਸਮੱਗਰੀ ਇਕੱਤਰਿਤ ਕਰਨ ਦੀਆਂ ਦੋ ਹੀ ਵਿਧੀਆਂ ਹਨ: ਇੱਕ ਤਾਂ ਉਹਨਾਂ ਸੁਭਾਵਿਕ ਪਰਸਥਿਤੀਆਂ ਜਿਵੇਂ ਵਿਆਹ, ਤੀਆਂ ਆਦਿ ਮੌਕੇ ' ਤੇ ਉਹਨਾਂ ਦਾਇਰਿਆਂ ਵਿੱਚ ਸ਼ਾਮਲ ਹੋ ਕੇ ਰਿਕਾਰਡਿੰਗ ਅਤੇ ਵੀਡੀਓਗਰਾਫ਼ੀ ਕੀਤੀ ਜਾਵੇ। ਦੂਸਰਾ ਸੰਬੰਧਿਤ ਖੇਤਰ ਵਿੱਚ ਮਾਹਰ ਔਰਤਾਂ ਨਾਲ ਸੰਪਰਕ ਕਰਕੇ ਲਿਖਤ ਰੂਪ ਵਿੱਚ ਸਮੱਗਰੀ ਪ੍ਰਾਪਤ ਕੀਤੀ ਜਾਵੇ। ਡਾ.ਚਰਨਜੀਤ ਕੌਰ ਨੇ ਬੋਲੀਆਂ ਦੀ ਰੇਲ ਭਰਾਂ ਪੁਸਤਕ ਵਿੱਚ ਬੋਲੀਆਂ ਨੂੰ ਲਿਖਤੀ ਰੂਪ ਪ੍ਦਾਨ ਕੀਤਾ ਹੈ।

ਤੀਆਂ ਨਾਰੀ ਅਵਚੇਤਨ ਦੀ ਪ੍ਦਰਸ਼ਨੀ[ਸੋਧੋ]

ਨਾਰੀ ਦੀਆਂ ਸਿਰਜਣਾਵਾਂ ਵਿਚੋਂ ਗਿੱਧਾ ਮਹੱਤਵਪੂਰਨ ਪਰੰਪਰਾ ਹੈ। ਇਸ ਵਿੱਚ ਕਾਵਿ ਗਾਇਨ, ਤਾਲ, ਨਾਚ ਅਤੇ ਅਭਿਨੈ ਦੇ ਨਾਲੋਂ ਨਾਲ ਸਜਣਾ-ਸੰਵਰਨਾ ਵੀ ਸ਼ਾਮਿਲ ਹੁੰਦਾ ਹੈ। ਸਮਾਂ ਬੜੀ ਬਲਵਾਨ ਸ਼ੈਅ ਹੈ।ਸਮੇਂ ਨਾਲ ਹਰ ਚੀਜ਼ ਬਦਲ ਜਾਂਦੀ ਹੈ। ਅਜੇ ਕੱਲ੍ਹ ਦੀਆਂ ਗੱਲਾਂ ਜਾਪਦੀਆਂ ਨੇ ਕਿ ਜਦੋਂ ਸਾਉਣ ਦਾ ਮਹੀਨਾ ਚੜ੍ਹਦਾ ਤਾਂ ਪੰਜਾਬ ਦੀਆਂ ਪੇਂਡੂ ਮੁਟਿਆਰਾਂ ਦੇ ਮਨਾਂ ਵਿੱਚ ਖੁਸ਼ੀ ਦੀਆਂ ਤਰੰਗਾਂ ਆਪ ਮੁਹਾਰੇ ਫੁੱਟ ਪੈਂਦੀਆਂ ਸਨ। ਸਹੁਰੇ ਘਰ ਗਈਆਂ ਮੁਟਿਆਰਾਂ ਪੇਕਿਆਂ ਦਾ ਰਾਹ ਤੱਕਦੀਆਂ ਤੇ ਵੀਰ ਭੈਣਾਂ ਨੂੰ ਸਹੁਰਿਆਂ ਤੋਂ ਪੇਕੇ ਲਿਆਉਂਦੇ ਹਨ। ਅੱਜ ਇਸ ਦਾ ਰੂਪ ਬਦਲ ਰਿਹਾ ਹੈ। ਤੀਆਂ ਕੇਵਲ ਇੱਕ ਦਿਨ ਲਈ ਹੀ ਲੱਗਦੀਆਂ ਹਨ ਜਾਂ ਵੱਧ ਤੋਂ ਵੱਧ ਤਿੰਨ ਦਿਨ ਲੱਗਦੀਆਂ ਹਨ। ਇਸ ਦਾ ਸਮਾਂ ਵੀ ਸ਼ਾਮ ਦੀ ਬਜਾਏ ਦੁਪਿਹਰ ਦਾ ਹੋ ਗਿਆ ਹੈ। ਇਹ ਕੋਈ ਅਲੋਕਾਰ ਜਾਂ ਨਾਹ-ਪੱਖੀ ਵਰਤਾਰਾ ਨਹੀਂ ਸਗੋਂ ਸਮੁੱਚੇ ਸੰਸਾਰ ਪੱਧਰ ਤੇ ਆ ਰਹੀਆਂ ਤਬਦੀਲੀਆਂ ਨਾਲ ਪੰਜਾਬੀ ਜੀਵਨ ਢੰਗ ਵਿੱਚ ਆਈ ਤਬਦੀਲੀ ਦੇ ਨਾਲ ਸਾਡੇ ਤਿਉਹਾਰਾਂ ਜਾਂ ਮੇਲਿਆਂ ਦਾ ਬਦਲ ਰਿਹਾ ਰੂਪ,ਉਹਨਾਂ ਦੇ ਜੀਵੰਤ ਹੋਣ ਦੀ ਦੱਸ ਪਾਉਂਦਾ ਹੈ। ਤੀਆਂ ਦੇ ਬੀਜ ਆਦਿ ਕਾਲ ਤੋਂ ਹੀ ਮੌਜੂਦ ਹਨ। ਨਾਰੀ ਨੇ ਜਦੋਂ ਤੋਂ ਆਪਣੀਆਂ ਭਾਵਨਾਵਾਂ ਨੂੰ ਸਮਝਣਾ ਸ਼ੁਰੂ ਕੀਤਾ, ਉਦੋਂ ਤੋਂ ਹੀ ਸਮਾਜ ਵਿੱਚ ਤੀਆਂ ਜਿਹੇ ਜਸ਼ਨਵੀ ਤਿਉਹਾਰ ਸ਼ੁਰੂ ਹੋਏ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ "ਤੀਆਂ ਸਾਵਣ ਸੁਦੀ ਤਦਾ ਤਯੋਹਾਰ, ਜਿਸਨੂੰ ਖਾਸ ਕਰਕੇ ਇਸਤਰੀਆਂ ਮਨਾਉਂਦੀਆਂ ਹਨ ਤੇ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂੰਟਦੀਆਂ ਹਨ, ਤੀਜ ਤਿਥਿ ਤੇ ਤਿੰਨ ਦਿਨ ਉਤਸਵ ਰਹਿਣ ਕਰਕੇ ਤੀਆਂ ਸੰਗਯਾ ਹੈ, ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਉ'ਗੌਰੀ ਤ੍ਤੀਯਾਰ'ਹੈ।"[1]

ਗਿੱਧਾ ਰੂਪਾਂਤਰਣ[ਸੋਧੋ]

ਗਿੱਧਾ ਭਾਵੇਂ ਪ੍ਰਾਚੀਨ ਲੋਕਨਾਚ ਹੈ ਪਰ ਇਸ ਵਿੱਚ ਨਿਰੰਤਰ ਪਰਿਵਰਤਨ ਆਉਂਦਾ ਰਿਹਾ ਹੈ। ਅੱਜ ਵੀ ਗਿੱਧਾ ਪਾਇਆ ਜਾਂਦਾ ਹੈ ਪਰ ਇਸ ਵਿੱਚ ਲਗਾਤਾਰ ਨਵੀਨਤਾ ਆ ਰਹੀ ਹੈ। ਲੋਕ ਨਾਚ ਤੋਂ ਭਾਵ ਜਿਹੜਾ ਕਿਸੇ ਸਮੂਹਿਕ ਖਿੱਤੇ ਦੇ ਲੋਕਾਂ ਵੱਲੋਂ ਖੁਸ਼ੀ ਸਮੇਂ ਨੱਚਿਆ ਜਾਂਦਾ ਹੈ।

  1. ਪੰਜਾਬ ਵਿੱਚ ਵਿਆਹ ਸਮੇਂ, ਮੁੰਡੇ ਦੇ ਜਨਮ ਜਾਂ ਤੀਆਂ ਦੇ ਪਿੜ ਵਿੱਚ ਗਿੱਧਾ ਪਾਇਆ ਜਾਂਦਾ ਹੈ। ਪਰ ਆਧੁਨਿਕ ਕਾਲ ਵਿੱਚ ਗਿੱਧਾ ਪੰਜਾਬ ਦੀਆਂ ਔਰਤਾਂ ਦਾ ਲੋਕਨਾਚ ਨਾ ਰਹਿ ਕੇ ਇੱਕ ਵਿਸ਼ੇਸ਼ ਨਾਚ ਗਿੱਧਾ ਬਣ ਕੇ ਰਹਿ ਗਿਆ ਹੈ।
  2. ਗਿੱਧਾ ਔਰਤਾਂ ਦਾ ਲੋਕਨਾਚ ਸੀ ਤੇ ਇਸ ਨੂੰ ਮਰਦਾਂ ਨੂੰ ਦੇਖਣ ਦੀ ਮਨਾਹੀ ਹੈ ਸ਼ਾਇਦ ਇਸੇ ਕਾਰਨ ਇਸ ਵਿੱਚ ਅਸ਼ਲੀਲਤਾ ਭਾਰੂ ਸੀ। ਪਰ ਆਧੁਨਿਕ ਨਾਚ ਵਿੱਚ ਮਰਦਾਂ ਦੀ ਸ਼ਮੂਲੀਅਤ ਵੀ ਹੋ ਰਹੀ ਹੈ।
  3. ਪੁਰਾਤਨ ਗਿੱਧਾ ਗੋਲ ਦਾਇਰੇ ਵਿੱਚ ਨੱਚਿਆ ਜਾਂਦਾ ਸੀ। ਇਸ ਦਾ ਕੋਈ ਵੱਖਰਾ ਦਰਸ਼ਕ ਵਰਗ ਨਾ ਹੋਣ ਕਾਰਨ ਇਸ ਲਈ ਕਿਸੇ ਸਟੇਜ ਦੀ ਜ਼ਰੂਰਤ ਨਹੀਂ ਸੀ ਪਰੰਤੂ ਆਧੁਨਿਕ ਨਾਚ ਨੇ ਗੋਲ ਘੇਰਾ ਤੋੜ ਕੇ ਪਹਿਲਾਂ ਚਾਪ ਦੀ ਸ਼ਕਲ ਅਖ਼ਤਿਆਰ ਕੀਤੀ ਸੀ ਤੇ ਹੁਣ ਬਿਲਕੁਲ ਸਿੱਧੀ ਕਤਾਰ ਦਾ ਰੂਪ ਅਖ਼ਤਿਆਰ ਕਰ ਲਿਆ ਹੈ।
  4. ਪੁਰਾਤਨ ਗਿੱਧੇ ਵਿੱਚ ਲੰਮੀਆਂ ਬੋਲੀਆਂ ਤੇ ਵੱਧ ਜ਼ੋਰ ਦਿੱਤਾ ਜਾਂਦਾ ਸੀ ਤੇ ਬੋਲੀ ਪਾਉਣ ਵਾਲੇ ਲਈ ਨੱਚਣਾ ਜ਼ਰੂਰੀ ਨਹੀਂ ਸੀ ਪਰ ਆਧੁਨਿਕ ਕਾਲ ਵਿੱਚ ਛੋਟੀਆਂ ਬੋਲੀਆਂ ਦਾ ਰੁਝਾਨ ਹੈ ਸ਼ਾਇਦ ਇਸ ਦਾ ਕਾਰਨ ਸਮੇਂ ਦੀ ਬੰਦਿਸ਼ ਹੈ।
  5. ਪੁਰਾਤਨ ਨਾਚ ਨੂੰ ਹੱਥਾਂ ਦੀਆਂ ਤਾੜੀਆਂ ਜਾਂ ਪੈਰਾਂ ਦੀ ਅੱਡੀ ਨਾਲ ਹੀ ਤਾਲਬੱਧ ਕਰ ਲਿਆ ਜਾਂਦਾ ਸੀ। ਪਰ ਆਧੁਨਿਕ ਨਾਚ ਵਿੱਚ ਘੁੰਗਰੂ ਤੇ ਢੋਲਕੀ ਆਦਿ ਨਾਲ ਤਾਲਬੱਧ ਕੀਤਾ ਜਾਂਦਾ ਹੈ। ਆਧੁਨਿਕ ਕਾਲ ਵਿੱਚ ਮੂਲ ਐਕਸ਼ਨਾ ਵਿੱਚ ਵੀ ਵੱਡਾ ਪਰਿਵਰਤਨ ਵਾਪਰਿਆ ਹੈ।
  6. ਪੁਰਾਤਨ ਨਾਚ ਵਿੱਚ ਗਿੱਧੇ ਦੀ ਮੁਰੈਲਣ(ਮੁੱਖੀ) ਪਿੰਡ ਦੀ ਸਿਆਣੀ ਔਰਤ ਬਣ ਜਾਂਦੀ ਸੀ,ਜਿਸਦਾ ਸਮਾਜਿਕ ਤੌਰ 'ਤੇ ਚੰਗਾ ਮਾਣ ਤਾਣ ਹੁੰਦਾ ਸੀ ਜਾਂ ਫਿਰ ਵਿਆਹ ਸ਼ਾਦੀਆ ਸਮੇਂ ਰਿਸ਼ਤੇ ਅਨੁਸਾਰ ਮਾਣ ਵਾਲੀ ਔਰਤ ਭਾਵ ਮਾਮੀ ਮਾਸੀ ਆਦਿ ਹੋ ਸਕਦੀ ਸੀ। ਨਾਨਕੇ ਮੇਲ ਦੇ ਗਿੱਧੇ ਵਿੱਚ ਤਾਂ ਮਾਮੀ ਦਾ ਸਥਾਨ ਹੀ ਵਿਸ਼ੇਸ਼ ਹੈ। ਆਧੁਨਿਕ ਗਿੱਧੇ ਵਿੱਚ ਮੁਰੈਲਣ ਦੀ ਥਾਂ ਨਾਚ ਵਿੱਚ ਪਰਵੀਨ ਔਰਤ ਨੂੰ ਕਮਾਂਡਰ ਵਜੋਂ ਚੁਣਿਆ ਜਾਂਦਾ ਹੈ।
  7. ਪੁਰਾਤਨ ਨਾਚ ਸਮੇਂ ਕੱਪੜੇ ਅਤੇ ਗਹਿਣੀਆਂ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਂਦਾ ਸੀ ਜਿਹੋ ਜਿਹੇ ਕਪੜੇ ਖੁਸ਼ੀ ਦੇ ਮੌਕੇ ਪਾਏ,ਉਵੇ ਹੀ ਨੱਚ ਲਿਆ ਜਾਂਦਾ ਸੀ ਪਰ ਆਧੁਨਿਕ ਨਾਚ ਵਿੱਚ ਗਿੱਧੇ ਦੀ ਡਰੈਸ,ਜੂਲਰੀ ਤੇ ਮੇਕ-ਅੱਪ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
  8. ਪੁਰਾਤਨ ਗਿੱਧੇ ਵਿੱਚ ਪੇਸ਼ ਬਿੰਬਾਂ ਨੂੰ ਐਕਸ਼ਨ ਰਾਹੀਂ ਹੀ ਸਾਕਾਰ ਕੀਤਾ ਜਾਂਦਾ ਸੀ ਪਰ ਆਧੁਨਿਕ ਨਾਚ ਵਿੱਚ ਠੋਸ ਰੂਮ ਵਿੱਚ ਇਨ੍ਹਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਜਿਵੇਂ:

ਢਾਈਆ ਢਾਈਆ ਢਾਈਆ ਲੰਬੜਾ ਦੀ ਬੰਤੋਂ ਨੇ ਹਰੀਆਂ ਐਨਕਾਂ ਲਾਈਆਂ।[2]

ਅੱਜ ਕੱਲ ਸਮਾਗਮਾਂ ਤੇ ਪੈ ਰਹੀਆਂ ਗਿੱਧੇ ਦੀਆਂ ਬੋਲੀਆਂ ਦੀ ਚੋਣ ਕਰਦੇ ਸਮੇਂ ਬਹੁਤ ਸਾਰੀਆਂ ਬੋਲੀਆਂ ਪਾਉਣ ਵਾਲੀਆਂ ਜਾਂ ਇਉਂ ਕਿਹਾ ਜਾਂ ਸਕਦਾ ਹੈ ਕਿ ਉਨ੍ਹਾਂ ਨੂੰ ਸਿਖਾਉਣ ਵਾਲਿਆਂ ਭਾਵ ਕੋਚਾ ਨੂੰ ਪਤਾ ਨਹੀਂ ਹੁੰਦਾ ਕਿ ਤੀਆਂ ਦੀਆਂ ਬੋਲੀਆਂ,ਮੁੰਡੇ ਦੇ ਵਿਆਹ ਦੀਆਂ ਬੋਲੀਆਂ ਤੇ ਕੁੜੀਆਂ ਦੇ ਵਿਆਹ ਦੀਆਂ ਬੋਲੀਆਂ ਵਿੱਚ ਢੇਰ ਅੰਤਰ ਹੈ।

ਤਮਾਸ਼ਾ[ਸੋਧੋ]

ਤਮਾਸ਼ਾ ਪੰਜਾਬੀ ਔਰਤਾਂ ਦੇ ਲੋਕ ਨਾਚ ਗਿੱਧਾ ਦਾ ਹੀ ਇੱਕ ਰੂਪ ਹੈ,ਇਹ ਆਪਣੇ ਆਪ ਵਿੱਚ ਸੁਤੰਤਰ ਨਾਚ ਨਹੀਂ।ਇਹ ਰੂਮ ਸਮੂਹਿਕ ਹੈ ਜਿਸ ਵਿੱਚ ਗਿੱਧੇ ਦਾ ਸਾਰਾ ਪਿੜ ਸ਼ਾਮਿਲ ਹੁੰਦਾ ਹੈ। ਪਰ ਮੁੱਖ ਰੂਪ ਵਿੱਚ ਅਭਿਨੈ ਕਰਨ ਵਾਲੀਆਂ ਔਰਤਾ ਦੋ ਜਾਂ ਤਿੰਨ ਦੀ ਗਿਣਤੀ ਵਿੱਚ ਹੋ ਸਕਦੀਆਂ ਹਨ। ਇੱਕ ਔਰਤ ਦੂਜੀ ਨਾਲ ਅਭਿਨੈ ਕਰਦੀ ਵਾਰਤਾਲਾਪ ਰਚਾਉਂਦੀ ਹੈ,ਦੂਜੀ ਅਭਿਨੈ ਕਰਦੀ ਹੁੰਗਾਰਾ ਭਰਦੀ ਹੈ ਪਰ ਅਖੀਰ ਤੋੜਾ ਟੁਟਣ ਤੇ ਸਾਰਾ ਪਿੜ ਸ਼ਾਮਲ ਹੋ ਜਾਂਦਾ ਹੈ। ਤਮਾਸ਼ੇ ਵਿੱਚ ਤੋੜੇ ਦਾ ਵਾਰ ਵਾਰ ਦੁਹਰਾਉ ਆਉਂਦਾ ਹੈ ਤੇ ਇਸ ਦੇ ਬਿਰਤਾਂਤ ਦੀ ਪੇਸ਼ਕਾਰੀ ਅਤੇ ਕਾਰਜ ਵਿੱਚ ਸਮੁੱਚੇ ਪਿੜ ਦੀ ਪੇਸ਼ਕਾਰੀ ਹੁੰਦੀ ਹੈ। ਤਮਾਸ਼ੇ ਵਿੱਚ ਇੱਕ ਵਿਸ਼ੇਸ਼ ਲੱਛਣ ਇਹ ਵੀ ਹੈ ਕਿ ਨਾ ਤਾਂ ਇਹ ਗਿੱਧੇ ਦੀ ਸ਼ੁਰੂਆਤ ਵਿੱਚ ਹੁੰਦਾ ਹੈ ਤੇ ਨਾ ਹੀ ਅੰਤ ਵਿੱਚ ਸਗੋਂ ਇਹ ਗਿੱਧੇ ਦੇ ਮੱਧ ਵਿੱਚ ਛੋਟੇ ਜਿਹੇ ਲੋਕ ਨਾਟ ਦੀ ਤਰਾਂ ਕੀਤੇ ਜਾਂਦੇ ਹਨ।ਗਿੱਧੇ ਵਿੱਚ ਕੀਤੇ ਜਾਂਦੇ ਤਮਾਸ਼ਿਆ ਵਿੱਚ ਪੇਸ਼ ਬਿਰਤਾਂਤ ਆਮ ਕਰਕੇ ਔਰਤਾਂ ਦੀਆਂ ਦਮਿਤ ਕਾਮੁਕ ਭਾਵਨਾਵਾਂ ਨਾਲ ਸੰਬੰਧਿਤ ਹੁੰਦੇ ਹਨ ਸ਼ਾਇਦ ਇਸ ਕਰਕੇ ਹੀ ਨਿਰੋਲ ਔਰਤਾਂ ਦੇ ਗਿੱਧੇ ਜਿਵੇਂ ਤੀਆਂ। (ਬੱਕਰਾ ਬੁਲਾਉਣਾ) ਨਾਨਕੀਆਂ: ਦਾਦਕਿਆਂ ਦੀ ਬੱਕਰੀ, ਹਰਾਮਜ਼ਾਦੀ ਖੱਚਰੀ, ਤੂੰ ਬੋਲਦੀ ਕਿਉਂ ਨਹੀਂ। (ਬੱਕਰੀ ਬਲਾਉਣਾ) ਦਾਦਕੀਆਂ: ਨਾਨਕਿਆਂ ਦਾ ਬੱਕਰਾ, ਹਰਾਮਜ਼ਾਦਾ ਖੱਚਰਾ, ਤੂੰ ਬੋਲਦਾ ਕਿਉਂ ਨਹੀਂ। (ਨਾਨਕੀਆਂ ਵਿਚੋਂ ਇੱਕ ਮੇਲਣ ਬੱਕਰੇ ਦੀ ਅਵਾਜ਼ ਕੱਢਦੀ ਹੈ।)[3]

ਬਾਰਾਂਮਾਂਹ[ਸੋਧੋ]

ਗਿੱਧੇ ਦੇ ਕੁਝ ਰੂਪ ਅਜਿਹੇ ਹਨ ਜਿਹੜੇ ਅਜੇ ਵਿਗਿਆਨੀਆਂ ਦੀ ਬਹੁਤੀ ਨਜ਼ਰ ਨਹੀਂ ਚੜੇ,ਉਹਨਾਂ ਵਿਚੋਂ ਬਾਰਾਂਮਾਂਹ ਇੱਕ ਹੈ।ਬਾਰਾਂਮਾਂਹ ਗੀਤ ਰੂਪ ਹੈ।ਇਸ ਵਿੱਚ ਹਰ ਮਹੀਨੇ ਨਾਲ ਸੰਬਧਿਤ ਅੰਤਰਾ ਹੁੰਦਾ ਹੈ ਪਰ ਹਰ ਅੰਤਰੇ ਦਾ ਤੋੜਾ ਤਮਾਸ਼ੇ ਦੀ ਤਰ੍ਹਾਂ ਕੋਰਮ ਵਜੋਂ ਸਮੁੱਚੇ ਪਿੜ ਵੱਲੋਂ ਤਾੜੀਆਂ ਦੀ ਤਾਲ ਤੇ ਗਾਇਆ ਤੇ ਦੁਹਰਾਇਆ ਜਾਂਦਾ ਹੈ।ਇਸ ਵਿੱਚ ਬਿਰਹਾ ਦਾ ਭਾਵ ਪ੍ਧਾਨ ਹੁੰਦਾ ਹੈ।[4]

ਹਵਾਲੇ[ਸੋਧੋ]

  1. ਬੋਲੀਆਂ ਦੀ ਰੇਲ ਭਰਾਂ,ਡਾ.ਚਰਨਜੀਤ ਕੌਰ,ਪੰਨਾ-32,ਲੋਕਗੀਤ ਪ੍ਕਾਸ਼ਨ ਚੰਡੀਗੜ੍ਹ
  2. ਬੋਲੀਆਂ ਦੀ ਰੇਲ ਭਰਾਂ,ਡਾ.ਚਰਨਜੀਤ ਕੌਰ,ਲੋਕਗੀਤ ਪ੍ਕਾਸ਼ਨ ਚੰਡੀਗੜ੍ਹ
  3. ਬੋਲੀਆਂ ਦੀ ਰੇਲ ਭਰਾਂ,ਡਾ.ਚਰਨਜੀਤ ਕੌਰ,ਪੰਨਾ-349,ਲੋਕਗੀਤ ਪ੍ਕਾਸ਼ਨ ਚੰਡੀਗੜ੍ਹ
  4. ਬੋਲੀਆਂ ਦੀ ਰੇਲ ਭਰਾਂ,ਡਾ.ਚਰਨਜੀਤ ਕੌਰ,ਪੰਨਾ-64,ਲੋਕਗੀਤ ਪ੍ਕਾਸ਼ਨ ਚੰਡੀਗੜ੍ਹ