ਭਾਈ ਮਹਾਰਾਜ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਈ ਮਹਾਰਾਜ ਸਿੰਘ[ਸੋਧੋ]

ਜਨਮ13 ਜਨਵਰੀ 1780- ਪਿੰਡ ਰੱਬੋਂ ਉੱਚੀ ਸ਼ਹੀਦੀ 5 ਜੁਲਾਈ 1856- ਸਿੰਘਾਪੁਰ ਪਹਿਲੀ ਐਂਗਲੋ-ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਦੇ ਖ਼ਿਲਾਫ਼ ਇੱਕ ਲਹਿਰ ਦੇ ਮੋਹਰੀ ਸਨ।[1] ਉਹਨਾਂ ਦਾ ਜਨਮ ਸਾਂਝੇ ਪੰਜਾਬ ਦੇ ਪਿੰਡ ਰੱਬੋਂ ਉੱਚੀ ਤਹਿਸੀਲ ਪਾਇਲ (ਅੱਜ-ਕੱਲ੍ਹ ਲੁਧਿਆਣਾ ਜ਼ਿਲਾ) ਵਿਖੇ ਬਤੌਰ ਨਿਹਾਲ ਸਿੰਘ ਹੋਇਆ। ਨੌਰੰਗਾਬਾਦ ਦੇ ਬਾਬਾ ਬੀਰ ਸਿੰਘ ਦੀ ਮਹਿਮਾ ਸੁਣ ਕੇ ਉਹ ਵੀ ਉਹਨਾਂ ਦੇ ਸ਼ਰਧਾਲੂ ਬਣ ਗਏ ਅਤੇ ਡੇਰੇ ਦੇ ਲੰਗਰ-ਖ਼ਾਨੇ ਵਿੱਚ ਸੇਵਾ ਕਰਨ ਲੱਗੇ। ਆਈ ਹੋਈ ਸੰਗਤ ਦੀ ਪ੍ਰੇਮ ਭਾਵ ਨਾਲ ਸੇਵਾ ਕਰਦੇ ਅਤੇ ਅੰਨ-ਜਲ ਦੇਣ ਸਮੇਂ 'ਲਓ ਮਹਾਰਾਜ, ਲਓ ਮਹਾਰਾਜ' ਬੋਲਦੇ ਸਨ, ਜਿਸ ਕਾਰਨ ਉਹਨਾਂ ਦਾ ਨਾਂਅ ਮਹਾਰਾਜ ਸਿੰਘ ਪ੍ਰਸਿੱਧ ਹੋਇਆ। ਬੀਰ ਸਿੰਘ ਦੀ ਸ਼ਹੀਦੀ ਉੱਪਰੰਤ ਸੰਗਤ ਨੇ ਉਹਨਾਂ ਨੂੰ ਨੌਰੰਗਾਬਾਦ ਦੇ ਡੇਰੇ ਦਾ ਮਹੰਤ ਥਾਪ ਦਿੱਤਾ। ਲਾਹੌਰ ਵਿਖੇ ਬਰਤਾਨਵੀ ਰੈਜ਼ੀਡੈਂਟ ਹੈਨਰੀ ਲਾਰੈਂਸ ਅਤੇ ਅੰਗਰੇਜ਼ ਸਰਕਾਰ ਨਾਲ਼ ਮਿਲੇ ਦਰਬਾਰੀਆਂ ਅਤੇ ਅਧਿਕਾਰੀਆਂ ਨੂੰ ਕਤਲ ਕਰਨ ਦੀ ਯੋਜਨਾ ਨਾਲ ਸਬੰਧਤ 'ਪ੍ਰੇਮਾ ਸਾਜ਼ਿਸ਼' ਦੇ ਮਾਮਲੇ ਵਿੱਚ ਮਹਾਰਾਜ ਸਿੰਘ ਨੂੰ ਵੀ ਫਸਾ ਲਿਆ ਗਿਆ ਅਤੇ ਉਹਨਾਂ ਦੇ ਨੌਰੰਗਾਬਾਦ ਤੋਂ ਬਾਹਰ ਜਾਣ ਉੱਤੇ ਪਾਬੰਦੀ ਲਗਾ ਦਿੱਤੀ ਗਈ। ਇਸ ਘਟਨਾ ਨਾਲ ਮਹਾਰਾਜ ਸਿੰਘ ਦੀ ਕ੍ਰਾਂਤੀਕਾਰੀ ਸਫ਼ਰ ਸ਼ੁਰੂ ਹੋਇਆ ਅਤੇ ਉਸ ਨੇ ਰੂਪੋਸ਼ ਹੋ ਕੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਵਾਲ਼ਿਆਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਇਸ ਕੰਮ ਵਿੱਚ ਉਹਨਾ ਮੁਲਤਾਨ ਦੇ ਮੂਲਰਾਜ ਨੂੰ ਸਹਿਯੋਗ ਦਿੱਤਾ ਅਤੇ ਰਾਮਨਗਰ ਅਤੇ ਚਿੱਲੀਆਂ ਵਾਲਾ ਦੀਆਂ ਲੜਾਈਆਂ ਵਿੱਚ ਸਿੱਖ ਫੌਜਾਂ ਦੀ ਡਟ ਕੇ ਹਰ ਪੱਖੋਂ ਸਹਾਇਤਾ ਕੀਤੀ। ਸਿੱਖ ਰਾਜ ਦੀ ਸਮਾਪਤੀ ਤੋਂ ਬਾਅਦ ਉਸ ਨੇ ਇਕੱਲਿਆਂ ਹੀ ਅੰਗਰੇਜ਼ਾਂ ਵਿਰੁੱਧ ਬਗਾਵਤ ਦੀ ਕਾਰਵਾਈ ਜਾਰੀ ਰੱਖਣ ਲਈ ਜੰਮੂ ਨੇੜੇ ਦੇਵ ਬਟਾਲਾ ਨੂੰ ਆਪਣਾ ਗੁਪਤ ਟਿਕਾਣਾ ਬਣਾ ਲਿਆ। ਹਕੂਮਤ ਨੇ ਉਹਨਾਂ ਦੀ ਜਾਇਦਾਦ ਜ਼ਬਤ ਕਰ ਲਈ ਅਤੇ ਗਿਰਫ਼ਤਾਰੀ ’ਤੇ ਇਨਾਮ ਰੱਖ ਦਿੱਤਾ। ਦਸੰਬਰ, 1849 ਵਿੱਚ ਕਿਸੇ ਸੂਹ ਦੇਣ ਵਾਲ਼ੇ ਨੇ ਜਲੰਧਰ ਕੋਲੋਂ ਉਹਨਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਅੰਗਰੇਜ਼ਾਂ ਨੇ ਜਲਾਵਤਨ ਕਰ ਕੇ ਸਿੰਗਾਪੁਰ ਭੇਜ ਦਿੱਤਾ, ਜਿੱਥੇ 5 ਜੁਲਾਈ, 1856 ਨੂੰ ਉਹ ਅਕਾਲ ਚਲਾਣਾ ਕਰ ਗਏ।

ਹਵਾਲੇ[ਸੋਧੋ]

  1. ਆਹਲੂਵਾਲੀਆ, ਐੱਮ.ਐੱਲ. (1972). ਭਾਈ ਮਹਾਰਾਜ ਸਿੰਘ. ਪਟਿਆਲਾ.