ਮਹਾਰਾਜਾ ਰਣਜੀਤ ਸਿੰਘ ਪੈਨੋਰਮਾ
ਕੁਰੂਕਸ਼ੇਤਰ (ਹਰਿਆਣਾ) ਵਿਚ ਬਣੇ ਮਹਾਭਾਰਤ ਦੀ ਗਾਥਾ ਸਬੰਧੀ ਪੈਨੋਰਮਾ ਤੋਂ ਬਾਅਦ ਦੇਸ਼ ਵਿਚ ਇਹ ਆਪਣੀ ਕਿਸਮ ਦਾ ਦੂਜਾ ਪੈਨੋਰਮਾ ਹੈ। ਕੁਰੂਕਸ਼ੇਤਰ ਵਿਚ ਬਣੇ ਪੈਨੋਰਮਾ ਨਾਲੋਂ ਇਹ ਵੱਡਾ ਵੀ ਹੈ ਤੇ ਤਕਨੀਕ ਪੱਖੋਂ ਵਧੀਆ ਤੇ ਖੂਬਸੂਰਤ ਵੀ। ਇਸ ਦੀ ਉਸਾਰੀ ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮ ਕੋਲਕਾਤਾ ਵਲੋਂ ਪੰਜ ਕਰੋੜ ਦੀ ਲਾਗਤ ਨਾਲ ਕੀਤੀ ਗਈ ਹੈ। ਇਹ ਪੈਨੋਰਮਾ ਵੀਹ ਕਨਾਲ ਵਿਚ ਫੈਲਿਆ ਹੋਇਆ ਹੈ ਅਤੇ ਮੁੱਖ ਇਮਾਰਤ 2500 ਵਰਗ ਮੀਟਰ ਵਿਚ ਉਸਾਰੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਵਲੋਂ ਚਾਲ੍ਹੀ ਸਾਲਾਂ ਦੇ ਰਾਜ ਕਾਲ ਦੌਰਾਨ ਲੜੀਆਂ ਗਈਆਂ ਲੜਾਈਆਂ 'ਤੇ ਇਹ ਪੈਨੋਰਮਾ ਝਾਤ ਪੁਆਉਂਦਾ ਹੈ। ਪੈਨੋਰਮਾ ਵਿਚ ਦਾਖਲ ਹੁੰਦਿਆਂ ਹੀ ਸਾਹਮਣੇ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਫਾਰਸੀ ਭਾਸ਼ਾ ਵਿਚ ਲਿਖੀਆਂ ਪੰਕਤੀਆਂ ਰਾਹੀਂ ਮਹਾਰਾਜੇ ਦੀ ਮਹਾਨ ਸ਼ਖ਼ਸੀਅਤ ਨੂੰ ਸੰਖੇਪ ਵਿਚ ਬਿਆਨਿਆ ਹੈ, ਮਹਾਰਾਜਾ ਦੀ ਇਕ ਹਦਾਇਤ ਹਮੇਸ਼ਾ ਲਾਗੂ ਰਹਿੰਦੀ ਸੀ। ਅਵਾਮ ਦਾ ਭਲਾ ਹਮੇਸ਼ਾ ਹੀ ਸਭ ਤੋਂ ਉੱਤੇ ਹੈ, ਖਾਲਸਾ ਰਾਜ ਦੇ ਮਾਲੀਏ ਨੂੰ ਵਧਾਉਣ ਅਤੇ ਉਸ ਦੀ ਉਚਿਤ ਵਰਤੋਂ ਦਾ ਖਾਸ ਖਿਆਲ ਰੱਖਿਆ ਜਾਵੇ, ਰਾਜ ਦੀ ਖੁਸ਼ਹਾਲੀ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ ਅਤੇ ਰਾਜ ਦੀ ਜਨਤਾ ਦੀਆਂ ਸੁੱਖ ਸਹੂਲਤਾਂ ਤੇ ਖੁਸ਼ੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਪੈਨੋਰਮਾ ਹਾਲ ਵਿਚ 400 ਫੁੱਟ ਖੇਤਰ ਵਿਚ ਮਹਾਰਾਜਾ ਵਲੋਂ ਜਿੱਤੀਆਂ ਛੇ ਵੱਡੀਆਂ ਲੜਾਈਆਂ ਨੂੰ ਬਿਆਨਿਆ ਗਿਆ ਹੈ। ਇਸ ਵਿਚ ਮਹਾਰਾਜਾ ਵਲੋਂ 1799 ਵਿਚ ਲਾਹੌਰ 'ਤੇ ਕੀਤੀ ਗਈ ਜਿੱਤ ਵੀ ਵਿਖਾਈ ਗਈ ਹੈ। ਕਾਂਗੜਾ ਦੇ ਹਾਕਮ ਸੰਸਾਰ ਚੰਦ 1809 ਵਿਚ ਹਰਾ ਕੇ ਕਾਂਗੜੇ 'ਤੇ ਜਿੱਤ ਦੇ ਦ੍ਰਿਸ਼ ਨੂੰ ਉਭਾਰਿਆ ਗਿਆ ਹੈ। 1819 ਵਿਚ ਅਫਗਾਨ ਹਾਕਮ ਜ਼ੱਬਰ ਖਾਨ ਨੂੰ ਸਿੱਖ ਫੌਜ ਵਲੋਂ ਹਰਾ ਕੇ ਕਸ਼ਮੀਰ 'ਤੇ ਕਬਜ਼ਾ ਕਰਨ ਦਾ ਦ੍ਰਿਸ਼ ਵੀ ਬਹੁਤ ਖੂਬਸੂਰਤ ਤਰੀਕੇ ਨਾਲ ਉਭਾਰਿਆ ਗਿਆ ਹੈ। ਹਾਲ ਵਿਚ ਲਾਹੌਰ ਦਰਬਾਰ ਵੀ ਦਰਸਾਇਆ ਗਿਆ ਹੈ। ਆਵਾਜ਼ ਅਤੇ ਰੌਸ਼ਨੀ ਨਾਲ ਇਹ ਜੰਗਾਂ ਦੇ ਦ੍ਰਿਸ਼ ਇੰਜ ਜਾਪਦੇ ਹਨ ਜਿਵੇਂ ਹੁਣ ਲੜਾਈ ਹੋ ਰਹੀ ਹੋਵੇ। ਹੇਠਾਂ ਇਕ ਹਾਲ ਵਿਚ ਬੁੱਤ ਕਲਾ ਰਾਹੀਂ ਮਹਾਰਾਜਾ ਰਣਜੀਤ ਸਿੰਘ ਦਾ ਬਚਪਨ, ਵਿਆਹ ਅਤੇ ਹੋਰ ਲੜਾਈਆਂ ਵੀ ਦਿਖਾਈਆਂ ਗਈਆਂ ਹਨ। ਰੋਪੜ ਵਿਖੇ ਸਤਲੁਜ ਦਰਿਆ ਦੇ ਕੰਢੇ 'ਤੇ ਪਿੱਪਲ ਦੇ ਦਰੱਖਤ ਹੇਠਾਂ 26 ਅਕਤੂਬਰ 1831 ਨੂੰ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਮਹਾਰਾਜਾ ਰਣਜੀਤ ਸਿੰਘ ਵਲੋਂ ਕੀਤੀ ਗਈ ਇਤਿਹਾਸਕ ਸੰਧੀ ਦਾ ਦ੍ਰਿਸ਼ ਵੀ ਬੁੱਤ ਕਲਾ ਵਿਚ ਉਭਾਰਿਆ ਗਿਆ ਹੈ। ਇੱਥੇ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਈ ਗਈ ਸੋਨੇ ਦੀ ਸੇਵਾ ਨੂੰ ਦਰਸਾਇਆ ਗਿਆ ਹੈ। ਸਮਰ ਪੈਲੇਸ ਦੀ ਚਲ ਰਹੀ ਨਵ-ਉਸਾਰੀ ਕਾਰਨ ਅਜਾਇਬ ਘਰ ਦਾ ਬਹੁਮੁੱਲਾ ਸਮਾਨ ਵੀ ਇਸ ਵੇਲੇ ਪੈਨੋਰਮਾ ਵਿਚ ਰੱਖਿਆ ਗਿਆ ਹੈ। ਇਸ ਵਿਚ ਮਹਾਰਾਜਾ ਦੀ ਉਹ ਕੁਰਸੀ ਜਿਸ 'ਤੇ ਬਹਿ ਕੇ ਉਹ ਨਿਆਂ ਕਰਦਾ ਸੀ ਅਤੇ ਸੋਨੇ ਦੀ ਉਹ ਕੁਰਸੀ ਜਿਸ ਉੱਤੇ ਉਹ ਅਰਾਮ ਫਰਮਾਇਆ ਕਰਦਾ ਸੀ, ਵੀ ਪਈਆਂ ਹਨ।