ਮਾਲਵੇ ਦੇ ਇਲਾਕੇ ਨੂੰ ਪੁਰਾਣੇ ਜ਼ਮਾਨੇ ਵਿਚ, ਪੰਜਾਬ ਦੇ ਦੂਸਰੇ ਇਲਾਕਿਆਂ ਦੇ ਲੋਕ ‘ਜੰਗਲ’ ਕਹਿੰਦੇ ਸਨ। ਇਸ ਦੇ ਕੁਝ ਪ੍ਰਮਾਣ ਵੀ ਮਿਲਦੇ ਹਨ। ਜਦੋਂ ਗੁਰੂ ਗੋਬਿੰਦ ਸਿੰਘ, ਖਦਰਾਣੇ ਦੀ ਢਾਬ (ਮੁਕਤਸਰ) ਤੋਂ ਤਲਵੰਡੀ ਸਾਬੋ ਵੱਲ ਜਾ ਰਹੇ ਸਨ ਤਾਂ ਗੋਨਿਆਣਾ ਮੰਡੀ ਦੇ ਨਜ਼ਦੀਕ ਜਿੱਥੇ ਕੁਝ ਸਮਾਂ ਰੁਕੇ, ਉਥੇ ਜੋ ਗੁਰਦੁਆਰਾ ਬਣਿਆ ਹੈ ਉਸ ਦਾ ਨਾਂ ‘ਲੱਖੀ-ਜੰਗਲ’ ਹੈ। ਦੂਸਰੀ ਤਲਵੰਡੀ ਸਾਬੋ ਦੇ ਭਾਈ ਡੱਲੇ ਦੀ ਕਥਾ ਵੀ ਪ੍ਰਸਿਧ ਹੈ ਕਿ ਉਹਨੂੰ ਗੁਰੂ ਸਾਹਿਬ ਨੇ ਕਿਹਾ, ‘ਭਾਈ ਡੱਲੇ ਦੇਖ ਕਿੰਨੇ ਅੰਬਾਂ ਦੇ ਰੁੱਖ ਤੇ ਕਣਕ ਦੇ ਬੂਟੇ ਕਿੰਝ ਲਹਿਲਹਾ ਰਹੇ ਨੇ।’ ਤਾਂ ਡੱਲੇ ਨੇ ਉੱਤਰ ਦਿੱਤਾ, ‘ਸੱਚੇ ਪਾਤਸ਼ਾਹ ਇਹ ਅੰਬ ਨਹੀਂ ਅੱਕਾਂ ਦੀਆਂ ਕੁਕੜੀਐਂ। ਜਿਸ ਨੂੰ ਆਪ ਕਣਕ ਕਹਿੰਦੇ ਹੋ ਉਹ ਤਾਂ ਸਰਕੜਾ ਹੈ।’ ਲੋਕਾਂ ਦਾ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਦੇ ਬਚਨ ਤਿੰਨ ਸਦੀਆਂ ਮਗਰੋਂ ਸੱਚ ਹੋਏ। ਹੁਣ ਸਿਰਫ ਤਲਵੰਡੀ ਸਾਬੋ ਹੀ ਨਹੀਂ, ਮਾਲਵੇ ਦੇ ਬਹੁਤ ਇਲਾਕੇ ਵਿਚ, ਕਣਕ, ਝੋਨਾ, ਕਪਾਹ-ਨਰਮਾ ਆਦਿ ਫਸਲਾਂ ਦੀ ਉਪਜ ਦੁਆਬੇ ਤੇ ਮਾਝੇ ਤੋਂ ਹੀ ਨਹੀਂ। ਪੂਰੇ ਦੇਸ਼ ਦੇ ਕਿਸੇ ਵੀ ਏਨੇ ਇਲਾਕੇ ਦੀ ਪੈਦਾਵਾਰ ਤੋਂ ਕਈ ਗੁਣਾਂ ਵਧੇਰੇ ਹੋ ਰਹੀ ਹੈ। ਇਸ ਇਲਾਕੇ ਦਾ ਪ੍ਰਸਿਧ ਕੇਂਦਰੀ ਸ਼ਹਿਰ ਬਠਿੰਡਾ, ਜੋ ਚਾਰ ਪੰਜ ਦਹਾਕੇ ਪਹਿਲਾਂ ਸਿਰਫ ਉੱਤਰੀ ਭਾਰਤ ਦਾ ਰੇਲਾਂ ਦਾ ਜੰਕਸ਼ਨ ਜਾਂ ਹਜ਼ਾਰ ਸਾਲ ਪੁਰਾਣੇ ਕਿਲੇ ਕਰਕੇ ਹੀ ਪ੍ਰਸਿੱਧ ਸੀ, (ਉਂਜ ਬਹੁਤ ਹੀ ਮਾਮੂਲੀ ਪਿੰਡ ਵਰਗਾ ਕਸਬਾ ਸੀ) ਅੱਜ ਪੰਜਾਬ ਦੇ ਮੁੱਖ ਸ਼ਹਿਰਾਂ ਵਿਚ ਸ਼ਾਮਲ ਹੈ।