ਯੁਆਨ ਮੇਈ
ਯੁਆਨ ਮੇਈ (袁枚 pinyin: Yuán Méi, 1716–1797) ਚੀਨੀ ਭਾਸ਼ਾ ਦਾ ਇੱਕ ਮਹਾਨ ਜ਼ੈੰਨ ਕਵੀ ਸੀ। ਕਵੀ ਹੋਣ ਦੇ ਨਾਲ-ਨਾਲ ਉਸਨੇ ਹੋਰ ਵੋ ਕਈ ਖੇਤਰਾਂ ਵਿੱਚ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਤੇ ਇੱਕ ਲੇਖਕ, ਅਧਿਆਪਕ ਅਤੇ ਪੇਂਟਰ ਦੇ ਤੌਰ ’ਤੇ ਆਪਣੀ ਪਛਾਣ ਬਣਾਈ। ਕੁਝ ਸਮੇਂ ਤੀਕ ਉਸਨੇ ਇੱਕ ਸਰਕਾਰੀ ਅਧਿਕਾਰੀ ਦੇ ਰੂਪ ਵਿੱਚ ਵੀ ਕੰਮ ਕੀਤਾ।
ਮੁੱਢਲਾ ਜੀਵਨ
[ਸੋਧੋ]ਯੁਆਨ ਮੇਈ ਦਾ ਜਨਮ ਕੁਇੰਗ ਵੰਸ਼ ਦੀ ਹਕੂਮਤ ਦੇ ਸਮੇਂ ਹਾਂਗਚਾਓ ਵਿੱਚ ਹੋਇਆ ਸੀ। ਬਚਪਨ ਤੋਂ ਹੀ ਮੇਈ ਇੱਕ ਹੋਨਹਾਰ ਵਿਦਿਆਰਥੀ ਸੀ। ਉਸਨੇ ਗਿਆਰ੍ਹਾਂ ਸਾਲ ਦੀ ਉਮਰ ਵਿੱਚ ਹੀ ਆਪਣੀ ਮੁਢਲੀ ਡਿਗਰੀ ਹਾਸਿਲ ਕਰ ਲਈ ਸੀ। ਤੇਈ ਸਾਲ ਦੀ ਉਮਰ ਵਿੱਚ ਉਸਨੇ ਸਭ ਤੋਂ ਵੱਡੀ ਅਕਾਦਮਿਕ ਡਿਗ੍ਰੀ ਹਾਸਿਲ ਕਰ ਲਈ। ਪਰ ਉਹ ਮਾਂਚੂ ਭਾਸ਼ਾ ਵਿੱਚ ਉਚੇਰੀ ਸਿੱਖਿਆ ਨਾ ਹਾਸਿਲ ਕਰ ਸਕਿਆ। ਜਿਸ ਕਾਰਨ ਉਸ ਦਾ ਦਰਬਾਰੀ ਕੈਰੀਅਰ ਬਹੁਤਾ ਪ੍ਰਫ਼ੁੱਲਿਤ ਨਾ ਹੋ ਸਕਿਆ। 1742 ਤੋਂ 1748 ਤੱਕ, ਯੁਆਨ ਮੇਈ ਜਿਆਂਗਸੂ ਸੂਬੇ ਦੇ ਚਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੈਜਿਸਟਰੇਟ ਦੇ ਤੌਰ 'ਤੇ ਸੇਵਾ ਕੀਤੀ। ਪਰ, 1748 'ਚ ਸਾਰਵਜਨਿਕ ਜੀਵਨ ਤੋਂ ਵਿਦਾ ਲੈ ਕੇ ਉਹ ਆਪਣੇ ਪਰਵਾਰ ਸਮੇਤ ਇੱਕ ਨਿਜੀ ਅਸਟੇਟ ਵਿੱਚ ਰਹਿਣ ਲਗਿਆ, ਜਿਸਦਾ ਨਾਂ ਉਸਨੇ "ਸ਼ਬਦ-ਸੰਤੋਖ ਵਾਲੀ ਬਗ਼ੀਚੀ" ਰਖਿਆ ਸੀ। ਇੱਥੇ ਉਸਨੇ ਆਪਣੇ ਸਾਹਿਤਕ ਸਰੋਕਾਰਾਂ ਵੱਲ ਧਿਆਨ ਕੇਂਦਰਿਤ ਕੀਤਾ।[1] ਇੱਥੇ ਉਹ ਪੜਾਉਣ ਦੇ ਨਾਲ-ਨਾਲ ਕਬਰਾਂ ਦੇ ਪੱਥਰ ਉੱਪਰ ਲਿਖੇ ਜਾਣ ਵਾਲੇ ਲੇਖ ਲਿਖਣ ਦਾ ਵੀ ਕੰਮ ਕਰਦਾ ਸੀ, ਜਿਹੜਾ ਉਸ ਦੀ ਕਮਾਈ ਦਾ ਸਾਧਨ ਸੀ। ਉਸਨੇ ਆਲੇ-ਦੁਆਲੇ ਦੇ ਇਲਾਕੇ ਵਿੱਚ ਫੈਲੀਆਂ ਭੂਤੀਆ ਕਹਾਣੀਆ ਇਕੱਠੀਆਂ ਕਰ ਕੇ ਉਨ੍ਹਾ ਨੂੰ ਕਿਤਾਬ ਦੇ ਰੂਪ ’ਚ ਛਪਵਾਇਆ। ਯੁਆਨ ਮੇਈ ਔਰਤਾਂ ਦੀ ਸਿੱਖਿਆ ਦਾ ਇੱਕ ਵੱਡਾ ਮੁਦਈ ਸੀ।
ਹਵਾਲੇ
[ਸੋਧੋ]- ↑ Nienhauser, William H. (1985). The Indiana Companion to Traditional Chinese Literature. Indiana University Press. pp. 956–957. ISBN 978-0-253-32983-7.