ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ

ਲੋਕਧਾਰਾ ਦਾ ਖੇਤਰ ਬਹੁਤ ਵਿਸ਼ਾਲ ਹੈ। ਇਸ ਦੇ ਖੇਤਰ ਨੂੰ ਕਿਸੇ ਨਿਸਚਿਤ ਸੀਮਾਂ ਜਾਂ ਹੱਦ-ਬੰਨੇ ਵਿੱਚ ਨਹੀਂ ਬੰਨਿਆ ਜਾ ਸਕਦਾ। ਇਸ ਕਾਰਨ ਲੋਕਧਾਰਾ ਦੇ ਵਿਸ਼ੇ ਖੇਤਰ ਅਤੇ ਲੋਕਧਾਰਾਈ ਸਮੱਗਰੀ ਦੇ ਸੀਮਾਂ ਖੇਤਰ ਨੂੰ ਸਾਰੇ ਲੋਕਧਾਰਾਈ ਸ਼ਾਸਤਰੀਆਂ ਜਾਂ ਲੋਕਧਾਰਾਈ ਵਿਦਵਾਨਾਂ ਨੇ ਅਨੰਤ,ਅਸੀਮ ਮੰਨਿਆ ਹੈ। ਲੋਕਧਾਰਾ ਮਨੁੱਖੀ ਮਨ ਦਾ ਸਹਿਜ ਪ੍ਗਟਾਵਾ ਹੈ ਇਸ ਦਾ ਆਰੰਭ ਮਾਨਵੀ ਚੇਤਨਾ ਦੇ ਮੁੱਢ ਤੋਂ ਹੀ ਹੋ ਗਿਆ ਸੀ। ਇਸ ਵਿੱਚ ਸਮੇਂ ਦੇ ਪ੍ਰਭਾਵ ਨਾਲ ਬਹੁਤ ਕੁੱਝ ਨਵਾਂ ਜੁੜਦਾ ਤੇ ਪੁਰਾਣਾ ਮਿਟਦਾ ਰਹਿੰਦਾ ਹੈ।

ਰੂਸੀ ਲੋਕਧਾਰਾ ਸ਼ਾਸਤਰੀ ਪੂਰੀ ਸੈਕੋਲੋਵ ਲੋਕਧਾਰਾ ਦੇ ਵਿਸ਼ਾਲ ਵਰਤਾਰੇ ਬਾਰੇ ਕਹਿੰਦੇ ਸਨ।ਕਿ ਲੋਕਧਾਰਾ ਸਾਡੇ ਭੂਤ ਦੀ ਹੀ ਗੂੰਜ ਨਹੀਂ ਸਗੋਂ ਇਹ ਸਾਡੇ ਵਰਤਮਾਨ ਦੀ ਜੋਰਦਾਰ ਆਵਾਜ ਹੈ।

ਲੋਕਧਾਰਾ ਅਤੇ ਲੋਕਧਰਾਈ ਸਮੱਗਰੀ ਨੂੰ ਜਾਨਣ ਲਈ ਮਨੁੱਖੀ ਸੂਝ ਦੇ ਤਿੰਨ ਪੜਾਅ ਮੰਨੇ ਜਾਂਦੇ ਹਨ ਉਹ ਪੜਾਅ ਹਨ ਮਿਥਿਹਾਸ ,ਧਰਮ, ਅਤੇ ਵਿਗਿਆਨ

ਲੋਕਧਾਰਾ ਦੀ ਸਮੱਗਰੀ ਵੰਨ ਸੁਵੰਨੀ ਅਤੇ ਅਨੇਕ ਵੰਨਗੀਆਂ ਵਿੱਚ ਹੈ।ਲੋਕਧਾਰਾ ਦਾ ਗਹਿਰਾਈ ਨਾਲ ਅਧਿਐਨ ਤੇ ਵਿਸ਼ਲੇਸ਼ਣ ਕਰਨ ਵਾਲੇ ਪੱਛਮੀ ਅਤੇ ਭਾਰਤੀ ਵਿਦਵਾਨਾਂ ਨੇ ਲੋਕਧਾਰਾ ਦੀ ਸਮੱਗਰੀ ਨੂੰ ਅਲੱਗ ਅਲੱਗ ਪੱਖਾ ਤੋਂ ਵਿਚਾਰਿਆ ਅਤੇ ਵਰਗੀਕਰਨ ਕਰਿਆ ਹੈ। ਪੱਛਮੀ ਵਿਦਵਾਨ ਭਾਵੇਂ ਲੋਕਧਾਰਾ ਦੀ ਸਰਵ ਸਾਂਝੀ ਪਰਿਭਾਸ਼ਾ ਤਾਂ ਨਹੀਂ ਘੜ ਸਕੇ, ਪਰ ਉਹ ਲੋਕਧਾਰਾ ਦੀ ਸਮੱਗਰੀ, ਇਸ ਦੀਆਂ ਵੰਨਗੀਆਂ, ਸੀਮਾ ਖੇਤਰ ਅਤੇ ਵਰਗੀਕਰਨ ਬਾਰੇ ਇੱਕ ਮਤ ਹਨ। ਲੋਕਧਾਰਾ ਦੀ ਸਮੱਗਰੀ ਵਿੱਚ ਵੰਨ ਸੁਵੰਨੇ ਵਿਚਾਰ, ਲੋਕ ਵਿਸ਼ਵਾਸ, ਵਹਿਮਾਂ-ਭਰਮਾਂ, ਜਾਦੂ ਟੂਣੇ ਅਤੇ ਮੰਤਰ ਆਦਿ ਆ ਜਾਂਦੇ ਹਨ। ਵੱਖ-ਵੱਖ ਵਿਦਵਾਨਾਂ ਨੇ ਜਾਦੂ ਟੂਣੇ ਆਦਿ ਨੂੰ ਲੋਕ ਚਿਕਿਤਸਾ ਦਾ ਨਾਂ ਦਿੱਤਾ ਹੈ, ਪਰ ਲੋਕਧਾਰਾ ਦਾ ਵਰਗੀਕਰਨ ਕੁੱਝ ਨਿਸਚਿਤ ਅਧਾਰਾਂ ਤੇ ਹੀ ਕੀਤਾ ਜਾ ਸਕਦਾ ਹੈ। ਲੋਕਧਾਰਾ ਦੇ ਵਰਗੀਕਰਨ ਦੇ ਲਈ ਤਿੰਨ ਆਧਾਰ ਵਰਤੇ ਜਾਂਦੇ ਹਨ:-

  1. ਸੰਰਚਨਾਤਮਿਕ ਆਧਾਰ
  2. ਕਾਰਜਾਤਮਿਕ ਆਧਾਰ
  3. ਸੰਚਾਰਾਤਮਿਕ ਆਧਾਰ

ਵੱਖ-ਵੱਖ ਵਿਦਵਾਨਾਂ ਅਨੁਸਾਰ ਕੀਤੀ ਵੰਡ -[ਸੋਧੋ]

ਇੱਥੇ ਅਸੀਂ ਪਹਿਲਾਂ ਪੱਛਮੀ ਵਿਦਵਾਨਾਂ ਦੁਆਰਾ ਲੋਕਧਾਰਾ ਦੀ ਪੇਸ਼ ਕੀਤੀ ਵਰਗ ਵੰਡ ਨੂੰ ਵਿਚਾਰਾਂਗੇ।ਇਹਨਾਂ ਵਿੱਚ ਸਭ ਤੋਂ ਪਹਿਲਾਂ ਰੀਵਰ ਅਤੇ ਬੋਸਵੈਲ ਨਾਂ ਦੇ ਵਿਦਵਾਨਾਂ ਨੇ ਲੋਕਧਾਰਾਈ ਸਮੱਗਰੀ ਨੂੰ ਵਿਸ਼ੇ ਅਤੇ ਰੂਪ ਦੋਹਾਂ ਪੱਖਾਂ ਤੋਂ ਵਿਚਾਰਦਿਆਂ ਵਰਗੀਕਰਨ ਕੀਤਾ ਹੈ। ਜਿਵੇਂ ਕਿ

ਲੋਕਧਾਰਾ

ੳ)ਕਾਰਜ ਖੇਤਰ~ਖੇਡਾਂ, ਨ੍ਰਿਤ, ਸਮਾਜਿਕ ਰਸਮਾਂ।

ਅ)ਵਿਗਿਆਨਿਕ ਖੇਤਰ~ ਵਿਸ਼ਵਾਸ, ਵਿਚਾਰ, ਮਿੱਥ।

ੲ)ਭਾਸ਼ਾ ਦਾ ਖੇਤਰ~ਮੁਹਾਵਰੇ ,ਅਖੌਤਾਂ, ਪ੍ਰਗਟਾ ਰੂਪ।

ਸ)ਸਾਹਿਤ ਖੇਤਰ~ ਕਹਾਣੀਆ ,ਅਵਦਾਨ ਤੇ ਗੀਤ।

ਵਣਜਾਰਾ ਬੇਦੀ ਜੀ ਇਸ ਵਰਗੀਕਰਨ ਵਿੱਚ ਇਕ ਤਰੁਟੀ ਮੰਨਦੇ ਹਨ।ਕਿ ਇਸ ਵਰਗੀਕਰਨ ਵਿੱਚ ਸਾਹਿਤ ਖੇਤਰ ਅਤੇ ਭਾਸ਼ਾ ਖੇਤਰ ਵਿੱਚ ਹੱਦ ਮਿੱਥਣੀ ਔਖੀ ਹੈ।[1]

ਇਸ ਵਰਗੀਕਰਨ ਤੋਂ ਬਾਅਦ ਅਗਲੇਰਾ ਪੱਛਮੀ ਵਿਦਵਾਨ ਸੋਫ਼ੀਆ ਬਰਨ ਹਨ।ਜਿਨ੍ਹਾਂ ਨੇ ਲੋਕਧਰਾਈ ਸਮੱਗਰੀ ਦਾ ਵਰਗੀਕਰਨ ਕੀਤਾ ਹੈ।

ੳ)ਵਿਸ਼ਵਾਸ~ਇਸ ਵਿੱਚ ਧਰਤੀ, ਆਕਾਸ਼,ਬਨਸਪਤੀ, ਮਨੁੱਖ, ਪਸ਼ੂ,ਆਤਮਾ,ਦੇਵੀ-ਦੇਵਤੇ, ਸ਼ਗਨ-ਅਪਸ਼ਗਨ, ਭਵਿੱਖਬਾਣੀ, ਆਕਾਸ਼ ਬਾਣੀ, ਜਾਦੂ-ਟੂਣੇ, ਟੋਟਕੇ, ਆਦਿ ਸਬੰਧੀ ਲੋਕ ਵਿਸ਼ਵਾਸ ਆ ਜਾਂਦੇ ਹਨ।

ਅ)ਰੀਤੀ-ਰਿਵਾਜ਼~ਇਸ ਵਿੱਚ ਸਮਾਜਿਕ ਤੇ ਵਿਅਕਤੀਗਤ ਰਸਮਾਂ, ਸੰਸਕਾਰ, ਧੰਦੇ, ਉਦਯੋਗ, ਤਿੱਥਾਂ, ਰੁੱਤਾਂ, ਬਰਤ, ਤਿਉਹਾਰ ,ਖੇਡਾਂ ਮਨੋਰੰਜਨ ਆਦਿ ਸ਼ਾਮਲ ਹੁੰਦੇ ਹਨ।

ੲ)ਲੋਕ-ਸਾਹਿਤ~ਇਸ ਵਿੱਚ ਗੀਤ, ਕਹਾਵਤਾਂ ,ਬਾਤਾਂ ਤੇ ਹੋਰ ਸਮੱਗਰੀ ਗਿਆਤ ਕੀਤੀ ਗਈ ਹੁੰਦੀ ਹੈ।

ਵਣਜਾਰਾ ਬੇਦੀ ਜੀ ਇਸ ਵਰਗੀਕਰਨ ਵਿੱਚ ਵੀ ਬਹੁਤ ਸਾਰੀਆਂ ਤਰੁੱਟੀਆਂ ਮੰਨੀਆਂ ਹਨ। ਇਹ ਤਿੰਨੇ ਖੇਤਰ ਇਕ ਦੂਜੇ ਨਾਲ਼ ਅੰਤਰ ਸਬੰਧਿਤ ਹਨ। ਇਸੇ ਕਾਰਨ ਲੋਕਧਾਰਾ ਕਲਾਤਮਿਕ, ਸਭਿਆਚਾਰਕ ,ਸਮਾਜਿਕ, ਰਾਜਨੀਤਕ, ਆਦਿ ਸਰਗਰਮੀਆਂ ਨੂੰ ਘੇਰੇ ਵਿਚ ਲੈਂਦੀ ਹੈ।[2]

ਸੰਰਚਨਾਤਮਿਕ ਆਧਾਰ[ਸੋਧੋ]

ਪੰਜਾਬੀ ਦੇ ਪ੍ਸਿਧ ਲੋਕਧਾਰਾਈ ਵਿਦਵਾਨ ਡਾ.ਕਰਨੈਲ ਸਿੰਘ ਥਿੰਦ ਅਨੁਸਾਰ ਕੀਤੀ ਗਈ ਵੰਡ ਨੂੰ ਸੰਰਚਨਾਤਮਿਕ ਆਧਾਰ ਤੇ ਕੀਤੀ ਗਈ ਵੰਡ ਮੰਨਿਆ ਗਿਆ ਹੈ। ਇਸ ਆਧਾਰ ਤੇ ਕੀਤੀ ਜਾਣ ਵਾਲੀ ਵੰਡ ਵਿਚ ਲੋਕਧਾਰਾ ਦੀ ਵੰਨਗੀ ਦੇ ਰੂਪ / ਸੰਰਚਨਾ ਨੂੰ ਪ੍ਰਮੁੱਖ ਰੱਖਿਆ ਜਾਂਦਾ ਹੈ। ਲੋਕਧਾਰਾ ਦੇ ਵਿਭਿੰਨ ਰੂਪ ਵਿਭਿੰਨ ਵਰਗਾ ਵਿਚ ਰੱਖੇ ਜਾਂਦੇ ਹਨ। ਇਸੇ ਆਧਾਰ ਤੇ ਡਾ ਕਰਨੈਲ ਸਿੰਘ ਥਿੰਦ ਨੇ ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ ਇਸ ਤਰ੍ਹਾਂ ਕੀਤਾ ਹੈ:- ਕੀਤਾ ਹੈ:- [3]

ਸੰਰਚਨਾਤਮਿਕ ਆਧਾਰ-

ਲੋਕਧਾਰਾਈ ਸਮੱਗਰੀ

ਲੋਕ-ਸਾਹਿਤ, ਲੋਕ ਕਲਾ,ਅਨੁਸ਼ਠਾਨ, ਲੋਕ-ਵਿਸ਼ਵਾਸ, ਲੋਕ ਨਿਰਮਾਣ ਅਤੇ ਬੋਲੀ, ਲੋਕ ਧੰਦੇ, ਫੁਟਕਲ

ੳ)ਲੋਕ ਸਾਹਿਤ[ਸੋਧੋ]

ਲੋਕ ਸਾਹਿਤ ਵਿੱਚ ਕਿਸੇ ਜਾਤੀ ਦਾ ਸਭਿਆਚਾਰ ਮੂਲ ਪ੍ਰਵਿਰਤੀਆਂ ਸਮਾਜਕ ਪਰਪੰਚ ਤੇ ਜਾਤੀ ਚਰਿੱਤਰ ਪੂਰੀ ਤਰ੍ਹਾਂ ਰੂਪਮਾਨ ਹੁੰਦਾ ਹੈ। ਲੋਕ ਸਾਹਿਤ ਦਾ ਅੱਗੇ ਵਰਗੀਕਰਨ ਕੀਤਾ ਜਾਂਦਾ ਹੈ:[4]

ਲੋਕ ਸਾਹਿਤ~ਲੋਕ-ਗੀਤ, ਲੋਕ ਕਹਾਣੀਆਂ,ਲੋਕ-ਸਾਹਿਤ ਦੇ ਵਿਵਿਧ ਰੂਪ।

(1) ਲੋਕ ਕਾਵਿ - ਰੂਪ - ਇਸ ਵਿੱਚ ਲੋਕ ਗੀਤਾਂ ਦੇ ਵਿਸ਼ੇ ਅਤੇ ਰੂਪ ਦੇ ਪੱਖ ਤੋਂ ਸੁਵੰਨਤਾ ਹੁੰਦੀ ਹੈ। ਇਸ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ।

1 ਖੁੱਲ੍ਹੇ ਕਾਵਿ-ਰੂਪ - ਜਿਨ੍ਹਾਂ ਵਿੱਚ ਸਮੇਂ ਸਥਿਤੀ ਮੁਤਾਬਕ ਅਦਲ ਬਦਲ ਕੀਤਾ ਜਾ ਸਕਦਾ ਹੈ।

2. ਬੰਦ ਕਾਵਿ - ਰੂਪ - ਜਿਨ੍ਹਾਂ ਵਿੱਚ ਕੋਈ ਤਬਦੀਲੀ ਸੰਭਵ ਨਹੀਂ ਹੋ ਸਕਦੀ ਹੈ (ਇਸ ਦਾ ਵਿਸਥਾਰ ਨਾਲ ਵਰਣਨ ਲੋਕ ਕਾਵਿ ਦੇ ਅਧਿਆਏ ਵਿੱਚ ਕੀਤਾ ਜਾਵੇਗਾ)

(2) ਲੋਕ ਬਾਤਾਂ - ਇਸ ਵਿੱਚ ਦੇਵ ਕਥਾ, ਰੀਤ ਕਥਾ, ਨੀਤੀ ਕਥਾ, ਪਰੀ ਕਥਾ, ਪਸ਼ੂ ਕਹਾਣੀਆਂ, ਭੂਤਾਂ ਪ੍ਰੇਤਾਂ ਆਦਿ ਸੰਬੰਧੀ ਬਾਤਾਂ ਆਦਿ।

(ੲ) ਇਸ ਤੋਂ ਇਲਾਵਾ ਲੋਕ ਸਾਹਿਤ ਦੇ ਹੋਰ ਰੂਪ ਜਿਵੇਂ ਲੋਕ ਗਾਥਾ, ਮੁਹਾਵਰੇ ਤੇ ਅਖਾਣ,ਪਹੇਲੀਆਂ ਆਦਿ ਹਨ।

ਅ)ਲੋਕ ਕਲਾ~ਲੋਕ ਸੰਗੀਤ, ਲੋਕ ਨਾਟ, ਲੋਕ ਨਾਚ, ਮੂਰਤੀ ਕਲਾ ਤੇ ਲੋਕ-ਕਲਾ।[ਸੋਧੋ]

ੲ)ਅਨੁਸਠਾਨ~ਲੋਕ ਰੀਤੀ ਰਿਵਾਜ, ਮੇਲੇ ਤੇ ਤਿਉਹਾਰ, ਪੂਜਾ ਵਿਧੀਆਂ, ਲੋਕ ਧਰਮ।[ਸੋਧੋ]

ਸ)ਲੋਕ ਵਿਸ਼ਵਾਸ ਅਤੇ ਵਹਿਮ ਭਰਮ~ਲੋਕ ਵਿਸ਼ਵਾਸ ~ਜਾਦੂ-ਟੂਣੇ, ਜੰਤਰ-ਮੰਤਰ, ਤਾਵੀਜ਼।[ਸੋਧੋ]

ਜਦੋਂ ਵਿਅਕਤੀ ਵੱਖ-ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸ ਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਅਨੇਕਾਂ ਪੂਜਾ ਵਿਧੀਆਂ ਨੂੰ ਅਪਨਾਉਣਾ ਸ਼ੁਰੂ ਕੀਤਾ। ਜਿਸ ਨਾਲ ਵੱਖੋ-ਵੱਖਰੇ ਵਹਿਮ ਭਰਮ ਅਤੇ ਲੋਕ ਵਿਸ਼ਵਾਸ ਪ੍ਰਚਲਿਤ ਹੋ ਗਏ ਜਿਵੇਂ ਜਨਮ, ਵਿਆਹ ਅਤੇ ਮੌਤ ਸੰਬੰਧੀ, ਗ੍ਰਹਿ ਸੰਬੰਧੀ, ਸੂਰਜ ਚੰਦ ਅਤੇ ਤਾਰਿਆਂ, ਦਿਸ਼ਾਵਾਂ, ਦਿਨ ਮਹੀਨੇ,ਜੀਵ ਜੰਤੂ ਤੇ ਪਸ਼ੂਆਂ ਸੰਬੰਧੀ, ਸਰੀਰਕ ਅੰਗਾਂ ਸੰਬੰਧੀ, ਨਜ਼ਰ ਸੰਬੰਧੀ,ਜਾਦੂ ਟੂਣੇ,ਮੰਤਰ, ਜੰਤਰ, ਤਾਵੀਜ਼, ਸ਼ਗਨ ਤੇ ਅਪਸ਼ਗਨ ਸੰਬੰਧੀ ਅਨੇਕਾਂ ਲੋਕ ਵਿਸ਼ਵਾਸ ਹਨ ਜੋਂ ਅੱਜ ਤੱਕ ਲੋਕ ਮਾਨਸ ਦੇ ਸੰਸਕਾਰਾਂ ਵਿੱਚ ਰਚੇ ਹੋਏ ਹਨ ਅਤੇ ਉਹ ਲੋਕ ਮਾਨਸ ਵਿੱਚ ਅਚੇਤ/ਸੁਚੇਤ ਰੂਪ ਵਿੱਚ ਗਤੀਮਾਨ ਹਨ।[5]

ਹ)ਲੋਕ ਸ਼ਬਦ-ਵਿਉਤਂਪਤੀ ਤੇ ਲੋਕ ਭਾਸ਼ਾ~ਲੋਕਧਾਰਾ ਲੋਕ ਸ਼ਬਦ-ਵਿਉਤਂਪਤੀ ਵਿੱਚ ਨਿੱਗਰ ਵਾਧਾ ਕਰਦੀ ਹੈ। ਵੱਖੋ-ਵੱਖ ਕਿੱਤਿਆਂ ਦੇ ਲੋਕ ਵੱਖੋ-ਵੱਖਰੀ ਭਾਸ਼ਾ ਦੀ ਵਰਤੋਂ ਕਰਦੇ ਹਨ। ਇਨ੍ਹਾਂ ਦੇ ਹੱਡਾਂ ਉਪ-ਭਾਸ਼ਾ ਸਮਾਈ ਹੁੰਦੀ ਹੈ ਜਿਸ ਦੀ ਉਹ ਅਚੇਤ ਰੂਪ ਵਿੱਚ ਹੀ ਵਰਤੋਂ ਕਰਦੇ ਹਨ। ਜਿਵੇਂ ਲੋਕ ਕਥਨ ਤੇ ਬੋਲੀ,ਧੰਦਿਆਂ ਦੀ ਬੋਲੀ, ਨਿਹੰਗਾਂ ਸਿੰਘਾਂ ਦੇ ਬੋਲੇ, ਟਿੱਚਰ, ਵਿਸ਼ੇਸ਼ ਆਵਾਜ਼ਾਂ ਤੇ ਚੀਕਾਂ ਜੋ ਪਸ਼ੂ ਪੰਛੀਆਂ ਦੇ ਬੁਲਾਉਣ ਤੇ ਸਿਖਾਉਣ ਲਈ ਵਰਤੀਆਂ ਜਾਂਦੀਆਂ ਹਨ। ਜਿਵੇਂ ਕਿਸਾਨ ਆਪਣੇ ਪਸ਼ੂ ਨੂੰ ਪਾਣੀ ਪਿਲਾਉਣ ਲਈ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦਾ ਹੈ 'ਛੀੳ,ਛੀੳ' ਜੇਕਰ ਪਸ਼ੂ ਨੂੰ ਪਿੱਛੇ ਮੋੜਨਾ ਹੋਵੇ ਤਾਂ ਉਹ 'ਡੀੳ,ਡੀੳ' ਬੋਲਦਾ ਹੈ।[6][ਸੋਧੋ]

ਕ)ਲੋਕ ਧੰਦੇ~ਲੋਕ ਲੋਹਾਰਾ ਤਰਖਾਣਾਂ ਕੰਮ, ਠਠਿਆਰ, ਸੁਨਿਆਰਾਂ,ਸਿਲਾਈ ਕਢਾਈ ਰੰਗ ਸਾਜ਼ ਬਾਜ਼ੀਗਰ, ਟੱਪਰੀਵਾਸ ਆਦਿ ਆਪਣੇ ਪਰੰਪਰਾਗਤ ਕਿੱਤਿਆਂ ਨੂੰ ਅਪਣਾਉਂਦੇ ਹਨ। ਇਸ ਸਮੱਗਰੀ ਤੋਂ ਬਿਨਾਂ ਲੋਕ ਮਨੋਰੰਜਨ, ਲੋਕ ਸਾਜ਼ ਆਦਿ ਲੋਕਧਾਰਾ ਦੀ ਸਮੱਗਰੀ ਹੈ।[ਸੋਧੋ]

ਖ)ਫੁਟਕਲ~ਲੋਕ ਖੇਡਾਂ, ਲੋਕ ਸਾਜ, ਚਿੰਨ੍ਹ ਇਸ਼ਾਰੇ ਆਦਿ[ਸੋਧੋ]

ਕਰਨੈਲ ਸਿੰਘ ਥਿੰਦ ਦੁਆਰਾ ਕੀਤੀ ਲੋਕਧਾਰਾਈ ਸਮੱਗਰੀ ਦੀ ਸੰਗਠਨਾਤਮਿਕ ਆਧਾਰ ਤੇ ਕੀਤੀ ਵਰਗ ਵੰਡ ਬਾਰੇ ਭੁਪਿੰਦਰ ਸਿੰਘ ਖਹਿਰਾ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਵਰਗ ਵੰਡ ਬਹੁਤ ਵਿਸਤ੍ਰਿਤ ਤੇ ਪਸਰੀ ਹੋਈ ਹੈ। ਕਈ ਵਾਰ ਇੱਕੋ ਰੂਪ ਹੇਠ ਵਿਭਿੰਨ ਵੰਨਗੀਆ ਸ਼ਾਮਲ ਕੀਤੀਆਂ ਗਈਆਂ ਹਨ।ਇਸ ਲਈ ਇਹ ਵਰਗੀਕਰਨ ਵਿਗਿਆਨਕ ਤੇ ਸਾਰਥਕ ਨਹੀਂ ਅਖਵਾ ਸਕਦੀ।[7]

ਕਾਰਜਾਤਮਿਕ ਆਧਾਰ[ਸੋਧੋ]

ਕੁਝ ਕੁ ਪੱਛਮੀ ਵਿਦਵਾਨਾਂ ਨੇ ਲੋਕਧਾਰਾ ਦੀ ਸਮੱਗਰੀ ਨੂੰ ਕਾਰਜ ਖੇਤਰ ਦੇ ਆਧਾਰ ਤੇ ਵੰਡਿਆ ਹੈ। ਰੀਵਰ ਇਸ ਨੂੰ ਚਾਰ ਖੇਤਰਾਂ ਵਿਚ ਵੰਡਦਾ ਹੈ :-[8]

  1. ਕਿਰਿਆ ਖੇਤਰ
  2. ਭਾਸ਼ਾ ਖੇਤਰ
  3. ਵਿਗਿਆਨਕ ਖੇਤਰ
  4. ਸਾਹਿਤਕ ਖੇਤਰ

ਲੋਕਧਾਰਾ ਵਿਚ ਇਹਨਾਂ ਖੇਤਰਾਂ ਦਾ ਨਿਖੇੜਾ ਕਰਨਾ ਕਠਿਨ ਹੈ। ਲੋਕਧਾਰਾ ਦਾ ਨਿਰੋਲ ਵਿਗਿਆਨਕ ਖੇਤਰ ਦਾ ਨਿਖੇੜਾ ਕਰਨਾ ਸੰਭਵ ਨਹੀਂ, ਇਸੇ ਤਰ੍ਹਾਂ ਭਾਸ਼ਾ ਤੇ ਸਾਹਿਤਕ ਖੇਤਰ ਵੀ ਆਪਸ ਵਿਚ ਰਲਗੱਡ ਹਨ। ਇੱਕ ਸਾਧਾਰਨ ਵਿਅਕਤੀ ਲਈ ਇਸ ਆਧਾਰ ਤੇ ਲੋਕਧਾਰਾ ਦੀ ਸਮੱਗਰੀ ਨੂੰ ਵੰਡ ਸਕਣਾ ਸੰਭਵ ਨਹੀਂ। ਇਹ ਆਧਾਰ ਲੋਕਧਾਰਾ ਦੀ ਵਰਗ ਵੰਡ ਦਾ ਪ੍ਰਚਲਿਤ ਆਧਾਰ ਨਹੀਂ ਬਣ ਸਕਦਾ।[9]

ਸੰਚਾਰਾਤਮਿਕ ਆਧਾਰ[ਸੋਧੋ]

ਇਹ ਆਧਾਰ ਸੰਚਾਰ ਵਿਗਿਆਨ ਦੀ ਧਾਰਨਾ ਤੇ ਆਧਾਰਿਤ ਹੈ ਲੋਕਧਾਰਾ ਦੀ ਅਭਿਵਿਅਕਤੀ ਪਰਟਾਅ ਨਿਰੋਲ ਉਚਾਰ ਦੁਆਰਾ ਹੀ ਨਹੀਂ ਹੁੰਦੀ ਇਹ ਆਪਣੀ ਅਭਿਵਿਅਕਤੀ ਲਈ ਚਿੰਨ੍ਹ ਕਿਰਿਆਵਾਂ, ਰੰਗ, ਵਸਤਾਂ ਦਾ ਪ੍ਰਯੋਗ ਵੀ ਕਰਦੀ ਹੈ। ਲੋਕਧਾਰਾ ਦੀ ਸਮੱਗਰੀ ਦਾ ਸਹੀ ਵਰਗੀਕਰਨ, ਸਬੰਧਤ ਵੰਨਗੀ ਦੀ ਅਭਿਵਿਅਕਤੀ ਲਈ ਵਰਤੇ ਜਾਂਦੇ ਮਾਧਿਅਮ ਦੀ ਕਿਸਮ ਨੂੰ ਆਧਾਰ ਬਣਾ ਕੇ ਕੀਤਾ ਗਿਆ ਵਰਗੀਕਰਨ ਹੀ ਸੰਚਾਰਾਤਮਿਕ ਆਧਾਰ ਤੇ ਕੀਤਾ ਗਿਆ ਵਰਗੀਕਰਨ ਹੈ। ਲੋਕਧਾਰਾ ਤੇ ਪ੍ਰਗਟਾਵੇ ਲਈ ਚਾਰ ਮਾਧਿਅਮ ਵਰਤੇ ਜਾਂਦੇ ਹਨ। ਇਸ ਲਈ ਇਸ ਨੂੰ 4 ਵਰਗਾਂ ਵਿਚ ਵੰਡਿਆ ਜਾ ਸਕਦਾ ਹੈ।

1. ਮੌਖਿਕ ਰੂਪ

2. ਕਿਰਿਆਤਮਕ ਰੂਪ

3. ਪ੍ਰਦਰਸ਼ਤ

4. ਅਖੰਡੀ

(ੳ)ਮੌਖਿਕ ਰੂੂਪ

ਇਸ ਵਰਗ ਵਿਚ ਲੋਕਧਾਰਾ ਦੀਆਂ ਉਹ ਸਾਰੀਆਂ ਵੰਨਗੀਆਂ ਆ ਸਕਦੀਆਂ ਹਨ। ਜਿਹੜੀਆਂ ਭਾਸ਼ਾ ਦੇ ਉਚਾਰ ਦਾ ਸਹਾਰਾ ਲੈ ਕੇ ਵਿਅਕਤ ਹੁੰਦੀਆਂ ਹਨ ।ਇਹਨਾਂ ਵੰਨਗੀਆਂ ਦੀ ਖੂਬੀ ਅਤੇ ਖਾਸੀਅਤ ਇਹਨਾਂ ਦੇ ਵਿਸ਼ੇਸ਼ ਉਚਾਰਨ ਵਿਚ ਸਮਾਈ ਹੁੰਦੀ ਹੈ। ਇਸ ਵਰਗ ਵਿਚ ਲੋਕ ਸਾਹਿਤ ਦੇ ਵਿਭਿੰਨ ਰੂਪ ਸ਼ਾਮਲ ਕੀਤੇ ਜਾ ਸਕਦੇ ਹਨ। ਮੌਖਿਕ ਪਰੰਪਰਾ ਲੋਕ ਸਾਹਿਤ ਨੂੰ ਜਨਮ ਦਿੰਦੀ ਹੈ। ਇਸ ਵੰਨਗੀ ਦੀ ਸਮੱਗਰੀ ਦਾ ਉਚਾਰ ਪ੍ਰਵਚਨ ਤੋ ਪ੍ਰਵਚਨ ਦਾ ਹੁੰਦਾ ਹੈ। ਮੌਖਿਕਤਾ ਇਸ ਵਰਗ ਦਾ ਲੋਕਧਾਰਾ ਸਮੱਗਰੀ ਦੀ ਬੁਨਿਆਦੀ ਤੱਤ ਹੈ। ਇਸ ਸਮੱਗਰੀ ਨੂੰ ਸ਼ਬਦਾਂ ਦਾ ਕਠੋਰ ਜਾਮਾ ਨਹੀਂ ਪਹਿਨਾਇਆ ਜਾ ਸਕਦਾ ਇਸ ਵੰਨਗੀ ਦੀ ਸਮੱਗਰੀ ਉਪਭਾਖਾ ਦੇ ਨਿਯਮ ਦੀ ਪਾਲਣਾ ਕਰਦੀ ਹੈ। ਇਸ ਦੇ ਉਚਾਰਨ ਵਿਚ ਪਰਿਵਰਤਨ ਆਉਣਾ ਸੁਭਾਵਿਕ ਹੈ।

(ਅ)ਕਿਰਿਆਤਮਕ ਰੂਪ[ਸੋਧੋ]

ਲੋਕਧਾਰਾ ਦੇ ਇਸ ਰੂਪ ਵਿਚ, ਕਿਰਿਆ ਪ੍ਰਧਾਨ ਹੁੰਦੀ ਹੈ। ਅਰਥਾਤ ਕੇਂਦਰ ਵਿਚ ਇਕ ਕਿਰਿਆ ਹੁੰਦੀ ਹੈ ਤੇ ਉਸ ਦੇ ਦੁਆਲੇ ਲੋਕਧਾਰਾ ਦੇ ਹੋਰ ਰੂਪ ਪੇਸ਼ ਹੁੰਦੇ ਹਨ। ਇਸ ਵਿਚ ਰੀਤਾਂ,ਰਸ਼ਮਾਂ ਅਤੇ ਰਿਵਾਜਾਂ ਤੋਂ ਇਲਾਵਾਂ ਤਿੱਥ ਤਿਉਹਾਰ, ਲੋਕ ਵਿਸ਼ਵਾਸ਼ ਆਉਂਦੇ ਹਨ।

ਰੀਤਾਂ [ਸੋਧੋ]

ਇਹ ਕਿਸੇ ਖਾਸ ਸਮੇਂ ਅਤੇ ਕਿਸੇ ਖਾਸ ਫਲ ਦੀ ਪ੍ਰਾਪਤੀ ਲਈ ਕੀਤੀਆਂ  ਜਾਂਦੀਆਂ  ਹਨ। ਇਹਨਾਂ ਦਾ ਜਿਆਦਾਤਰ ਸਬੰਧ ਸਮਾਜ ਅਤੇ ਕੁਦਰਤ ਵਿਚਕਾਰ ਰਿਸ਼ਤੇ ਨਾਲ ਹੁੰਦਾ ਹੈ । ਦੇਵੀ ਦੇਵਤਿਆਂ ਨੂੰ ਖੁਸ ਕਰਨ ਲਈ, ਸੰਕਟ ਟਾਲਣ ਲਈ , ਬਿਮਾਰੀ ਦੁਰ ਕਰਨ ਲਈ ਰੀਤਾਂ ਆਦਿ ਕੀਤੀਆਂ ਜਾਂਦੀਆਂ ਹਨ। ਇਹਨਾਂ ਵਿਚ ਪੂਜਨ ਵਿਧੀ ਵੀ ਸ਼ਾਮਿਲ ਹਨ।[ਸੋਧੋ]

ਰਸ਼ਮਾਂ[ਸੋਧੋ]

ਰ੍ਸ਼ਮਾਂ ਸਭਿਆਚਾਰਕ ਪ੍ਰਥਾ ਦੁਆਰਾ ਨਿਦੇਸ਼ਿਤ ਕੀਤੀਆਂ ਜਾਂਦੀਆਂ ਹਨ । ਇਹਨਾਂ ਦਾ ਸਬੰਧ ਸਭਿਆਚਾਰਕ ਪਰੰਪਰਾ ਨਾਲ ਹੁੰਦਾ ਹੈ। ਸਮਜਿਕ ਪ੍ਰਵਾਨਗੀ ਹਿਤ ਅਤ ਸਭਿਆਚਾਰਕ ਸੰਕਲਪਾਂ ਦੇ ਨਿਦੇਸ਼ਨ ਹੇਠ ਇਹਨਾਂ ਦੀ ਪਾਲਣਾ ਜਰੂਰੀ ਸਮਜੀ ਜਾਂਦੀ ਹੈ । ਇਸ ਵਿਚ ਵਿਆਹ ਸਮੇਂ ਦੀਆਂ ਰਸ਼ਮ, ਮਰਨ ਸਮੇਂ ਦੀਆਂ,ਮਕਾਨ ਦੀ ਨੀਹ ਧਰਨ ਵੇਲੇ ਆਦਿ ਰਸ਼ਮ ਕੀਤੀਆਂ ਜਾਂਦੀਆਂ ਹਨ।[10]

ਰਿਵਾਜ[ਸੋਧੋ]

ਰਿਵਾਜ ਸਮਾਜ ਪ੍ਰਬੰਧ ਦੁਆਰਾ ਨਿਰਦੇਸ਼ਿਤ ਕੀਤਾ ਜਾਂਦਾ ਹੈ। ਇਹ ਸਮਾਜਕ ਪ੍ਰਥਾ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ ਜਿਵੇ ਸਤੀ ਹੋਣਾ ਇਕ ਰਿਵਾਜ ਹੈ।

ਤਿੱਥ ਤਿਉਹਾਰ[ਸੋਧੋ]

ਆਮ ਤੋਰ ਤੇ ਕਿਸੇ ਰੀਤ ਦੇ ਅੰਤ ਜਾਂ ਮਿਥਕ ਕਥਾ ਦੀ ਸਮਾਪਤੀ ਤੇ ਫਲਦੇਸ਼ ਦੇ ਦੁਹਰਾਉਣ ਹਿਤ ਮਨਾਏ ਜਾਂਦੇ ਹਨ। ਲੋਕ ਗੀਤ ਅਤੇ ਇਸ ਦੀਆਂ ਵਿਭਿਨ ਵਨਗੀਆਂ ਕਿਰਿਆਤਮਕ ਰੂਪ ਵਿਚ ਸ਼ਾਮਿਲ ਹਨ ਕਿਉਕਿ ਇਹ ਕਿਰੀਆ ਦੇ ਨਾਲ ਹੀ ਗਏ ਜਾਂਦੇ ਹਨ। ਲੋਕ ਵਿਸ਼ਵਾਸ਼ ਵੀ ਇਸ ਵਿਚ ਸ਼ਾਮਿਲ ਹਨ ਇਹ ਸਭਿਆਚਾਰ ਦੇ ਕਈ ਯੰਤਕੀ ਨਿਯਮਾਂ ਤੇ ਅਧਾਰਿਤ ਹੁੰਦੇ ਹਨ ਜਾਦੂ ਟੂਣੇ ਸ਼ਗਨ ਆਦਿ ਇਸ ਵਨਗੀ ਵਿਚ ਸ਼ਾਮਿਲ ਹਨ।[11]

(ੲ)ਪ੍ਰਦਰਸ਼ਿਤ ਰੂਪ[ਸੋਧੋ]

ਲੋਕਧਾਰਾ ਦੇ ਇਸ ਵਰਗ ਵਿਚ ਮੁਖ ਤੋਰ ਤੇ ਲੋਕਧਾਰਾ ਦੀਆਂ ਉਹ ਵਨਗੀਆਂ ਆ ਜਾਂਦੀਆਂ ਹਨ। ਜਿਨਾਂ ਨੂੰ ਅਖਾਂ ਨਾਲ ਵੇਖੀਆ ਜਾ ਸਕਦਾ ਹੈ।

ਸ਼ਿਲਪ ਕਲਾ[ਸੋਧੋ]

ਇਸ ਵਿਚ ਦਸਤਕਾਰੀ, ਕਢਾਈ, ਮੂਰਤੀ ਕਲਾ, ਚਿਤਰ ਕਲਾ, ਭਾਂਡੇ ਬਣਾਉਣਾ,ਜੁਤੀਆਂ ਬਣਾਉਣਾ ਆਦਿ ਸ਼ਾਮਿਲ ਹੈ।

ਲੋਕ ਨਾਚ[ਸੋਧੋ]

ਇਸ ਵਿਚ ਗਿਧਾ ਝੂਮਰ,ਆਦਿ ਨਾਚਾਂ ਦੀਆਂ ਵਨਗੀਆਂ ਸ਼ਾਮਿਲ ਹਨ ।

ਲੋਕ ਨਾਟ[ਸੋਧੋ]

ਇਸ ਵਿਚ ਰਾਸ਼ਾ, ਸ੍ਵਾਂਗਾ,ਨਕਲਾਂ ਆਦਿ ਸ਼ਾਮਿਲ ਹਨ

(ਸ)ਅਖੰਡੀ ਰੂਪ[ਸੋਧੋ]

ਇਹ ਲੋਕਧਾਰਾ ਦੀ ਵਿਆਪਕ ਪਰੰਪਰਾ ਦਾ ਅੰਗ ਹੁੰਦੇ ਹਨ ਅਤੇ ਅਖੰਡ ਰੂਪ ਵਿਚ ਸਮਾਏ ਹੁੰਦੇ ਹਨ। ਇਹ ਲੋਕਧਾਰਾ ਵਿਚ ਵਖਰੇ ਅਤੇ ਸੁਤੰਤਰ ਰੂਪਾਂ ਵਿਚ ਉਪਲਬਧ ਨਹੀ ਹੁੰਦੇ ਹਨ। ਲੋਕਧਾਰਾ ਦੇ ਇਹ ਦੋ ਰੂਪ ਹਨ ਜਿਹੜੇ ਇਸ ਵਰਗ ਵਿਚ ਸ਼ਾਮਿਲ ਕੀਤੇ ਜਾ ਸਕਦੇ ਹਨ।    

ਉਪਭਾਖਾ[ਸੋਧੋ]

ਉਪਭਾਖਾ ਲੋਕਧਾਰਾ ਦੇ ਸਾਰੇ ਉਚਰਤ ਰੂਪਾਂ ਵਿਚ ਸਮਾਈ ਹੁੰਦੀ ਹੈ | ਸਾਰੇ ਉਚਰਤ ਰੂਪ ਉਪਭਾਖਾ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ | ਇਸ ਲਈ ਉਪਭਾਖਾ ਨੂੰ ਲੋਕਧਾਰਾ ਦਾ ਅਖੰਡੀ ਰੂਪ ਸਵੀਕਾਰਿਆ ਜਾ ਸਕਦਾ ਹੈ | ਉਪਭਾਖਾ ਲੋਕਧਾਰਾ ਦੇ ਉਚਰਤ ਰੂਪ ਦਾ ਕਾਰਨ ਵੀ ਹੈ ਅਤੇ ਅਭਿਵਿਅਕਤੀ ਦਾ ਸਾਧਨ ਵੀ | ਇਸ ਲਈ ਇਸ ਰੂਪ ਦੀ ਵਿਸ਼ੇਸ਼ ਮਹੱਤਤਾ ਹੈ |

ਲੋਕ ਸੰਗੀਤ[ਸੋਧੋ]

ਪਰੰਪਰਾਗਤ ਰਾਗ, ਲੋਕ ਧੁਨਾਂ, ਤਰਜ ਅਤੇ ਲੋਕ ਸੰਗੀਤ ਦੀਆਂ ਸਮੁੱਚੀਆਂ ਵਿਧੀਆਂ ਵੀ ਲੋਕਧਾਰਾ ਦੇ ਅਖੰਡੀ ਰੂਪ ਵਿਚ ਸ਼ਾਮਿਲ ਹਨ | ਇਹ ਵਿਧੀਆਂ ਤੇ ਧੁਨਾਂ ਇਕ ਪਰੰਪਰਾ ਦੇ ਸੁਹਜ ਨੂੰ ਜਨਮ ਦਿੰਦੀਆਂ ਹਨ |ਇਹ ਧੁਨਾਂ ਲੋਕ ਸਾਹਿਤ ਦਾ ਅਖੰਡੀ ਰੂਪ ਹੁੰਦੇ ਹੋਏ ਵੀ ਸਾਕਾਰ ਹੁੰਦੀਆਂ ਹਨ |ਇਸ ਲਈ ਇਹਨਾਂ ਨੂੰ ਲੋਕਧਾਰਾ ਦੇ ਅਖੰਡੀ ਰੂਪ ਵਿਚ ਸ਼ਾਮਿਲ ਕਰਨਾ ਬਣਦਾ ਹੈ |

ਕਰਨੈਲ ਸਿੰਘ ਥਿੰਦ ਦੁਆਰਾ ਕੀਤੀ ਲੋਕਧਾਰਾਈ ਸਮੱਗਰੀ ਦੀ ਵਰਗਵੰਡ ਬਾਰੇ ਕੁਝ ਇਸ ਤਰ੍ਹਾਂ ਦੀ ਵਿਚਾਰ ਚਰਚਾ ਹੋਈ ਹੈ ਕਿ ਬੇਸ਼ੱਕ ਕਰਨੈਲ ਸਿੰਘ ਥਿੰਦ ਵਰਗੇ ਵਿਦਵਾਨਾਂ ਨੇ ਲੋਕਧਾਰਾਈ ਸਮੱਗਰੀ ਦਾ ਵਰਗੀਕਰਨ ਕੀਤਾ ਹੈ। ਉਹ ਉਸ ਸਮੇਂ ਬੜਾ ਮਹੱਤਵ ਰੱਖਦਾ ਸੀ। ਪਰ ਅਜੋਕੇ ਸਮੇਂ ਤੱਕ ਪਹੁੰਚਦਿਆਂ ਵਿਸ਼ਾਲ ਆਕਾਸ਼ ਵਾਂਗ ਲੋਕਧਾਰਾ ਦਾ ਕੋਈ ਅੰਤ ਨਹੀਂ। ਅਜ ਮਨੁੱਖੀ ਜੀਵਨ ਨਾਲ ਜੁੜੀ ਹਰ ਵਸਤੂ ਲੋਕਧਾਰਾ ਦਾ ਹਿੱਸਾ ਬਣ ਗਈ ਹੈ। ਇਸ ਵਿਚਾਰ ਦਾ ਸਮਰਥਨ ਵੱਖ-ਵੱਖ ਅਧਿਐਨ ਵਿਧੀਆਂ,ਵਖ ਵਖ ਵਾਦਾਂ, ਵਖ ਵਖ ਵਿਚਾਰਧਾਰਾਵਾਂ, ਕੀਤਾ ਗਿਆ ਵਿਸ਼ਲੇਸ਼ਣ ਹੈ [12]

ਡਾ.ਜੋੋਗਿੰਦ ਸਿੰਘ ਕੈੈਰੋਂ ਨੇ ਆਪਣੀ ਪੁਸਤਕ ਪੰਜਾਬੀ ਲੋਕਧਾਰਾ ਅਧਿਐਨ ਵਿੱਚ ਲੋਕਧਾਰਾਈ ਸਮੱਗਰੀ ਨੂੰ ਪੰਜ ਭਾਗਾਂ ਵਿੱਚ ਪੇਸ਼ ਕੀਤਾ ਹੈ।

ਲੋਕਧਰਾਈ ਸਮੱਗਰੀ

ਲੋਕ ਸਾਹਿਤ,ਲੋਕ ਵਸਤੂ, ਲੋਕ ਮਨੋਵਿਗਿਆਨ, ਲੋਕ ਕਲਾਵਾਂ ਲੋਕ ਵਾਤਾਵਰਨ

ੳ)ਲੋਕ ਸਾਹਿਤ ~ਇਸ ਵਿੱਚ ਲੋਕ ਗੀਤ, ਲੋਕ ਵਾਰਤਕ,ਬਿਰਤਾਂਤ ਰੂਪ,ਬੁਝਾਰਤਾਂ, ਆਖਾਣਾ,ਮੁਹਾਵਰੇ ਅਤੇ ਹੋਰ ਸ਼ਾਬਦਿਕ ਰੂਪ ਆਉਂਦੇ ਹਨ।

ਅ)ਲੋਕ ਵਸਤੂ ਸਮੱਗਰੀ~ਇਸ ਵਿੱਚ ਉਹ ਸਾਰੇ ਸੰਦ,ਔਜਾਰ, ਹਥਿਆਰ ,ਬਰਤਨ, ਤੇ ਹੋਰ ਲੋਕ ਵਰਤੋਂ ਦੀਆਂ ਵਸਤੂਆਂ ਆਉਦੀਆ ਹਨ। ਜਿਹੜੀਆਂ ਲੋਕਾਂ ਨੇ ਬਿਨਾਂ ਕਿਸੇ ਮਸ਼ੀਨ ਦੀ ਸਹਾਇਤਾ ਆਪਣੀ ਸੁਹਜ ਕਲਾ ਨਾਲ ਆਪਣੇ ਹੱਥੀ ਤਿਆਰ ਕੀਤੀਆ ਹਨ।

ੲ)ਲੋਕ ਮਨੋਵਿਗਿਆਨ~ਇਸ ਵਿੱਚ ਉਹ ਸਾਰੇ ਵਹਿਮ- ਭਰਮ, ਰਹੁ- ਰੀਤਾਂ, ਰਸਮੋ -ਰਿਵਾਜ ਅਤੇ ਵਿਸ਼ਵਾਸ ਆਉਂਦੇ ਹਨ। ਜਿਸ ਨੂੰ ਆਮ ਲੋਕ ਆਪਣੇ ਕਾਰਜਾਂ ਦੀ ਪੂਰਤੀ ਲਈ ਜਾਂ ਦੁਸ਼ਮਣ ਦੇ ਨਾਸ਼ ਲਈ ਵਰਤੋਂ ਵਿੱਚ ਲਿਉਦੇ ਹਨ। ਇਸ ਵਿੱਚ ਜੰਤਰ,ਮੰਤਰ, ਤੰਤਰ ਅਤੇ ਲੋਕ ਚਿਕਿਤਸ਼ਾ ਦੇ ਸਾਰੇ ਦਾਰੂ ਦਰਮਣ ਅਤੇ ਉਹੜ ਪੋਹੜ ਆਉਣਗੇ ।ਜਿਸ ਰਾਹੀਂ ਪੰਜਾਬੀ ਸਭਿਆਚਾਰ ਨਾਲ ਸਬੰਧਤ ਲੋਕ ਸਮੂਹ ਆਪਣੇ ਦੁੱਖਾਂ ਦਰਦਾਂ ਅਤੇ ਰੋਗਾਂ ਦੇ ਨਿਵਾਰਨ ਲਈ ਘਰੇਲੂ ਜਾਂ ਸਥਾਨਕ ਪੱਧਰ ਤੇ ਕਰਦਾ ਹੈ।

ਸ)ਲੋਕ ਕਲਾਵਾਂ~ ਇਸ ਵਿੱਚ ਉਹ ਸਾਰੀਆਂ ਲੋਕ ਕਲਾਵਾਂ ਆ ਜਾਂਦੀਆਂ ਹਨ ਜੋ ਲੋਕ ਆਪਣੇ ਤੇ ਦੂਸਰਿਆਂ ਦੇ ਮਨੋਰੰਜਨ ਲਈ ਸਿਰਜਦੇ ਤੇ ਨਿਭਾਉਂਦੇ ਹਨ। ਇਸ ਵਿੱਚ ਲੋਕ ਨਾਚਾਂ ਤੋਂ ਲੈ ਕੇ ਲੋਕ-ਨਾਟ,ਚਿੱਤਰ- ਕਲਾ, ਮੂਰਤੀ- ਕਲਾ, ਸਲਾਈ- ਕਢਾਈ ਦੇ ਨਮੂਨੇ ਅਤੇ ਸੰਦਾਂ, ਹਥਿਆਰਾਂ ਅਤੇ ਬਰਤਨਾਂ ਦੇ ਸ਼ਿੰਗਾਰ ਦੇ ਨਮੂਨਿਆ ਦੇ ਨਾਲ ਨਾਲ ਗਹਿਣਿਆਂ ਅਤੇ ਹੋਰ ਹਾਰ ਸ਼ਿੰਗਾਰ ਦੀ ਮੀਨਾਕਾਰੀ ਦੇ ਨਮੂਨੇ ਸ਼ਾਮਲ ਕੀਤੇ ਜਾਂਦੇ ਹਨ।

ਹ)ਲੋਕ ਵਾਤਾਵਰਨ ਪੰਜਵੀਂ ਵੰਨਗੀ ਲੋਕ ਵਾਤਾਵਰਨ ਦੀ ਜੋੜੀ ਗਈ ਹੈ।ਕਿਉਂਕਿ ਪੰਜਾਬੀ ਲੋਕਧਾਰਾ ਵਿੱਚ ਵਾਤਾਵਰਨ ਦੀ ਭੂਮਿਕਾ ਬੜੀ ਅਹਿਮ ਰਹੀ ਹੈ।ਸਾਡੇ ਲੋਕ ਸਾਹਿਤ ਵਿੱਚ ਵਾਤਾਵਰਨ ਦੀ ਬਹੁਤਾਤ ਮਿਲਦੀ ਹੈ। ਭਾਵੇਂ ਉਹ ਜੰਗਲ, ਬੇਲੇ, ਟੋਭੇ, ਰੋਹੀਆ, ਦਰਿਆ, ਪਹਾੜ,ਨਦੀਆਂ ਜੋ ਪੰਜਾਬੀ ਲੋਕਧਾਰਾ ਵਿੱਚ ਅਹਿਮ ਭੂਮਿਕਾ ਨਿਭਾਉਂਦ ਹਨ।ਪਰ ਪ੍ਰਸਿਧ ਲੋੋਕਧਾਰਾ ਸ਼ਾਾਸਤਰੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਇਸ ਤਰ੍ਹਾਂ ਦੀ ਸਮੱਗਰੀ ਦੇ ਹਕ ਵਿੱਚ ਨਹੀਂ ਹਨ ।ਉਹਨਾਂ ਦਾ ਵਿਚਾਰ ਹੈ ਕਿ ਲੋਕਧਾਰਾ ਲੋਕਾਂ ਦੀ ਸਮੱਗਰੀ ਹੈ, ਲੋੋਕ ਮਨ ਦੀ ਅਭਿਵਿਆਕਤੀ ਹੈ, ਇਸ ਦਾ ਨਿਰਮਾਣ ਲੋੋੋਕਾਂ ਦੀ ਸਮੂੂਹਿਕਤਾ ਚੇਤਨਾ ਤੋਂ ਹੋੋਇਆ ਹੈ। ਵਣਜਾਰਾ ਬੇਦੀ ਲੋਕਧਾਰਾ ਦੇ ਖੇਤਰ ਵਿੱਚ ਅਜਿਹੀ ਸਮੱਗਰੀ ਸ਼ਾਮਲ ਕਰਨ ਦੇ ਹਕ ਵਿੱਚ ਹਨ ਜਿਹੜੀ ਲੋਕ ਸਮੂਹ ਨਾਲ ਸਬੰਧਿਤ ਹੋਵੇ।[13]

ਸੋਹਿੰਦਰ ਸਿੰਘ ਵਣਜਾਰਾ ਬੇਦੀ ਨੇ ਪੰਜਾਬ ਦੀ ਲੋਕ ਧਾਰਾ ਨੂੰ ਵੱਖ-ਵੱਖ ਇਕਾਈਆਂ ਵਿੱਚ ਵੰਡ ਕੇ ਅਗੋਂ ਨਿਮਨ ਉਪ ਇਕਾਈਆਂ ਵਿੱਚ ਵੰਡਿਆ ਹੈ।

ੳ)ਦੇਸ਼ ਦੇ ਲੋਕ

ਅ)ਪੁਰਾਤਨ ਕਥਾਵਾਂ

ੲ)ਜਾਦੂ ਟੂਣੇ ਤੇ ਧਰਮ

ਸ)ਲੋਕਾਚਾਰ ਤੇ ਰੀਤੀ ਰਿਵਾਜ

ਹ)ਮੇਲੇ ਤੇ ਤਿਉਹਾਰ

ਕ)ਮੋਖਿਕ ਸਾਹਿਤ

ਖ)ਪੰਜਾਬ ਦੇ ਲੋਕ ਨਾਚ

ਗ)ਲੋਕ ਸੰਗੀਤ

ਘ)ਲੋਕ ਕਲਾ

ਙ)ਲੋਕ ਨਾਟ[14]

ਬਲਵੀਰ ਸਿੰਘ ਪੁੰਨੀ ਨੇ ਲੋਕਧਾਰਾ ਸਮੱਗਰੀ ਨੂੰ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਹੈ

ੳ)ਲੋਕ ਸਾਹਿਤ

ਅ)ਲੋਕ ਧਰਮ ਅਤੇ ਉਪਾਸਨਾ ਵਿਧੀਆਂ

ੲ)ਲੋਕ ਵਿਸ਼ਵਾਸ ਤੇ ਰਹੁ ਰੀਤਾਂ

ਸ)ਪੰਜਾਬੀ ਲੋਕ ਕਲਾਵਾਂ

ਹ)ਮੇਲੇ ਤੇ ਤਿਉਹਾਰ

ਲੋਕਧਾਰਾ ਦੇ ਅੰਤਰਗਤ ਲੋਕ ਵਿਸ਼ਵਾਸ, ਰਸਮ ਰਿਵਾਜ਼, ਵਹਿਮ ਭਰਮ, ਜਾਦੂ ਟੂਣੇ, ਸ਼ਗਨ ਅਪਸ਼ਗਨ, ਲੋਕ ਗੀਤ, ਲੋਕ ਕਲਾਵਾਂ, ਲੋਕ ਨਾਟ, ਮੇਲੇ,ਤਿਉਹਾਰ,ਬੁਝਾਰਤਾਂ, ਅਖਾਣ, ਮੁਹਾਵਰੇ, ਲੋਕ ਚਿਕਿਤਸਾ, ਲੋਕ ਸੰਗੀਤ, ਲੋਕ ਨ੍ਰਿਤ, ਲੋਕ ਚਿੱਤਰਕਾਰੀ, ਲੋਕ ਸ਼ਿਲਪ ਕਲਾ, ਕਸੀਦਾ ਕਾਰੀ,ਹਾਰ ਸ਼ਿੰਗਾਰ ਅਤੇ ਪਹਿਰਾਵਾ ਆਦਿ ਵਿਭਿੰਨ ਪੱਖ ਆ ਜਾਂਦੇ ਹਨ ਕਿਉਂਕਿ ਲੋਕਧਾਰਾ ਲੋਕ ਸਮੂਹ ਦੇ ਬਾਲ ਅਵਸਥਾ ਤੋਂ ਸ਼ੁਰੂ ਹੋ ਕੇ ਅੰਤਿਮ ਅਵਸਥਾ ਤਕ ਦੇ ਜੀਵਨ ਦੀ ਪੁਨਰ ਸਿਰਜਣਾ ਕਰਦੀ ਹੋਈ ਨਵੇਂ ਰਾਹ ਤਲਾਸ਼ਦੀ ਹੈ[15]

ਡਾ ਕ੍ਰਿਸ਼ਨ ਦੇਵ ਉਪਾਧਿਆਇ ਨੇ ਲੋਕ ਸੰਸਕ੍ਰਿਤੀ ਕੀ ਰੂਪ- ਰੇਖਾ ਪੁਸਤਕ ਵਿੱਚ ਲੋਕਧਾਰਾ ਦੀ ਸਮੱਗਰੀ ਨੂੰ ਪੰਜ ਭਾਗਾਂ ਵਿੱਚ ਵੰਡਿਆ ਹੈ।

ੳ)ਲੋਕ ਵਿਸ਼ਵਾਸ ਤੇ ਹੋਰ ਪਰੰਪਰਾਵਾ

ਅ)ਸੰਸਕਾਰ, ਅਚਾਰ ਵਿਹਾਰ, ਵਿਧੀ-ਵਿਧਾਨ

ੲ)ਸਮਾਜਿਕ, ਰਾਜਨੀਤਕ ਤੇ ਆਰਥਿਕ ਸੰਸਥਾਵਾਂ

ਸ)ਧਾਰਮਿਕ ਤੇ ਅਧਿਆਤਮਕ ਮਾਨਤਾਵਾਂ

ਹ)ਲੋਕ-ਸਾਹਿਤ[16]

ਸਿੱਟਾ

ਉਪਰੋਕਤ ਪੇਸ਼ ਹੋਏ ਲੋਕਧਾਰਾ ਸਮੱਗਰੀ ਦੇ ਵਰਗੀਕਰਨ ਅਧਿਐਨ ਕਰਦਿਆਂ ਕਿਹਾ ਜਾ ਸਕਦਾ ਹੈ।ਕਿ ਲੋਕਧਾਰਾ ਲੋਕ-ਸਮੂਹ ਦੀ ਉਹ ਪਰੰਪਰਕ ਅਤੇ ਵਰਤਮਾਨ ਦੀ ਸਾਂਝੀ ਸਮੱਗਰੀ ਹੈ।ਜਿਹੜੀ ਮੋਖਿਕ, ਲਿਖਤ, ਵਿਹਾਰ, ਅਤੇ ਕਾਰੋਬਾਰ ਰਾਹੀਂ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਹੁੰਚਦੀ ਹੈ। ਇਸ ਵਿੱਚ ਲੋਕ ਸਮੂਹ ਦੀਆਂ ਭਾਵਨਾਵਾਂ, ਲੋੜਾਂ, ਕਾਰਨਾਮੇ,ਦੁੱਖ-ਪੀੜ, ਖੁਸ਼ੀਆ, ਨਾਚ,ਵਹਿਮ ਭਰਮ ,ਵਿਸ਼ਵਾਸ ਅਤੇ ਵਰਤੋਂ ਦੇ ਸੰਦ ਸ਼ਾਮਲ ਹੁੰਦੇ ਹਨ ।ਜਿਸ ਵਿੱਚ ਕੋਈ ਵੀ ਸਮਾਜਿਕ ਜੀਵ ਆਪਣੇ ਸਭਿਆਚਾਰ ਦੀਆਂ ਮਨੋਤਾਂ ਤੇ ਵਰਜਨਾਵਾਂ ਸਿੱਖਦਾ ਹੋਇਆ ਆਪਣੇ ਸੱਭਿਆਚਾਰਕ ਮੰਨਤਾਂ ਤੇ ਸਮੂਹ ਨਾਲ ਇਕਸੁਰਤਾ ਬਿਠਾਉਂਦਾ ਹੈ।ਜਿਸ ਵਿੱਚ ਉਹ ਜੀਵਨ ਜਾਂਚ ਸਿੱਖਦਾ, ਮਨੋਰੰਜਨ ਅਤੇ ਆਪਣੇ ਭਾਵਾਂ ਦਾ ਵਿਵੇਚਨ ਵੀ ਕਰਦਾ ਹੈ।

ਹਵਾਲੇ[ਸੋਧੋ]

  1. ਵਣਜਾਰਾ ਬੇਦੀ, ਸੋਹਿੰਦਰ ਸਿੰਘ (1986). ਲੋਕਧਾਰਾ ਅਤੇ ਸਾਹਿਤ. ਲੁਧਿਆਣਾ: ਲਹੌਰ ਬੁੱਕ ਸ਼ਾਪ. p. 513.
  2. ਸਿੰਘ, ਰਾਮਪਾਲ (2018). ਲੋਕਧਾਰਾ ਅਤੇ ਲੋਕਧਰਾਈ ਅਧਿਐਨ. ਪਟਿਆਲਾ: ਗਲੇਸ਼ੀਅਰ. p. 3. ISBN 978-93-87276-34-5.
  3. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ ,ਪੰਨਾ- 24
  4. ਬਲਵੀਰ ਸਿੰਘ ਪੂਨੀ, ਲੋਕਧਾਰਾ , ਪੰਨਾ - 18
  5. ਬਲਵੀਰ ਸਿੰਘ ਪੂਨੀ, ਲੋਕਧਾਰਾ , ਪੰਨਾ - 18
  6. ਬਲਵੀਰ ਸਿੰਘ ਪੂਨੀ, ਲੋਕਧਾਰਾ , ਪੰਨਾ - 19
  7. ਖਹਿਰਾ, ਭੁਪਿੰਦਰ ਸਿੰਘ (2004). ਲੋਕਧਾਰਾ ਭਾਸ਼ਾ ਅਤੇ ਸਭਿਆਚਾਰ. ਪਟਿਆਲਾ: ਪੈਪਸੂ ਬੁੱਕ ਡੀਪੂ. pp. 24, 25.
  8. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ , ਪੰਨਾ - 25
  9. ਖਹਿਰਾ, ਭੁਪਿੰਦਰ ਸਿੰਘ (2004). ਲੋਕਧਾਰਾ ਭਾਸ਼ਾ ਅਤੇ ਸਭਿਆਚਾਰ. ਪਟਿਆਲਾ: ਪੈਪਸੂ ਬੁੱਕ ਡੀਪੂ. p. 25.
  10. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ , ਪੰਨਾ - 26
  11. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ , ਪੰਨਾ - 27
  12. ਸਿੰਘ, ਰਾਮਪਾਲ (2018). ਲੋਕਧਾਰਾ ਅਤੇ ਲੋਕਧਰਾਈ ਅਧਿਐਨ. ਪਟਿਆਲਾ: ਗਲੇਸ਼ੀਅਰ. p. 5. ISBN 978-93-87276-34-5.
  13. ਸਿੰਘ, ਰਾਮਪਾਲ (2018). ਲੋਕਧਾਰਾ ਅਤੇ ਲੋਕਧਰਾਈ ਅਧਿਐਨ. ਪਟਿਆਲਾ: ਗਲੇਸ਼ੀਅਰ. p. 5. ISBN 978-93-87276-34-5.
  14. ਵਣਜਾਰਾ ਬੇਦੀ, ਸੋਹਿੰਦਰ ਸਿੰਘ (1986). ਉਧਰਤ. ਲੁਧਿਆਣਾ: ਲਹੌਰ ਬੁੱਕ ਸ਼ਾਪ. p. 29.
  15. ਪੂਨੀ, ਬਲਬੀਰ ਸਿੰਘ (1998). ਪੰਜਾਬੀ ਲੋਕਧਾਰਾ ਤੇ ਸਭਿਆਚਾਰ. ਅੰਮ੍ਰਿਤਸਰ: ਵਾਰਿਸ਼ ਸ਼ਾਹ ਫਾਊਂਡੇਸ਼ਨ. pp. 122–123.
  16. ਉਪਾਧਿਆਇ, ਕ੍ਰਿਸ਼ਨ ਦੇਵ (1957). ਲੋਕ ਸੰਸਕ੍ਰਿਤ ਕੀ ਰੂਪ ਰੇਖਾ. ਇਲਾਹਾਬਾਦ: ਸਾਹਿਤ ਭਵਨ ਪ੍ਰਾਈਵੇਟ ਲਿਮਟਿਡ. p. 13.