ਵਰਤੋਂਕਾਰ ਗੱਲ-ਬਾਤ:Gurdeepss.2010

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਸਭਿਆਚਾਰ ਦੇ ਨਿੱਖੜਵੇਂ ਲੱਛਣ[ਸੋਧੋ]

ਪੰਜਾਬੀ ਸਭਿਆਚਾਰ ਦੇ ਨਿੱਖੜਵੇਂ ਲੱਛਣ ਪੰਜਾਬੀ ਸਭਿਆਚਾਰ ਦੀ ਨਿਖੜਵੀਂ ਅਤੇ ਵਿਲੱਖਣ ਹੋਂਦ ਸਾਕਾਰ ਕਰਨ ਵਿੱਚ ਇਸ ਦੀਆਂ ਭੂਗੋਲਿਕ ਹੱਦਾਂ ਹਾਲਤਾਂ ਅਤੇ ਇਸ ਦੇ ਇਤਿਹਾਸਕ ਪਿਛੋਕੜ ਦਾ ਵਡੇਰਾ ਯੋਗਦਾਨ ਹੈ। ਪੰਜਾਬ ਦਾ ਨਾਮਕਰਨ, ਇਸ ਦੇ ਲੋਕਾਂ ਦਾ ਚਰਿੱਤਰ, ਪਹਿਰਾਵਾ, ਖਾਣ-ਪੀਣ ਅਤੇ ਉਪਜੀਵਕਾ ਦੇ ਉੱਨਤ ਲੱਛਣਾਂ ਕਾਰਨ ਹੀ ਪੰਜਾਬ ਵਿਲੱਖਣਤਾ ਧਾਰਨ ਕਰ ਸਕਿਆ ਹੈ ਪਰ ਇਨ੍ਹਾਂ ਸਾਰੇ ਪੱਖਾਂ ਤੋਂ ਬਿਨਾਂ ਵੀ ਪੰਜਾਬੀ ਸਮਾਜ ਦੇ ਆਪਣੇ ਮੌਲਿਕ ਅਤੇ ਵਿਲੱਖਣ ਲੱਛਣਾਂ ਨੂੰ ਪਹਿਚਾਣਿਆ ਜਾ ਸਕਦਾ ਹੈ। ਇਹ ਵਿਲੱਖਣਤਾ ਇਸਦੀ ਸਮਾਜਕ ਬਣਤਰ ਨਾਲ ਸੰਬੰਧ ਰੱਖਦੀ ਹੈ। ਪੰਜਾਬੀ ਸਮਾਜ ਨਾ ਕੇਵਲ ਆਪਣੀਆਂ ਵਿਲੱਖਣ ਕਦਰਾਂ-ਕੀਮਤਾਂ ਹੀ ਰੱਖਦਾ ਹੈ ਸਗੋਂ ਸੰਰਚਨਾਤਮਿਕ ਪੱਖ ਤੋਂ ਵੀ ਇਸਦੀ ਵਿਲੱਖਣਤਾ ਵਿਚਾਰਨਯੋਗ ਹੈ। ਪੰਜਾਬੀ ਸਮਾਜ ਵੱਖ-ਵੱਖ ਜਾਤਾਂ, ਉਪ-ਜਾਤਾਂ, ਗੋਤਾਂ ਅਤੇ ਕਬੀਲਿਆਂ ਨਾਲ ਸੰਬੰਧ ਰੱਖਦਾ ਹੈ। ਕਿਤੇ ਕਿਤੇ ਤਾਂ ਇੱਕ ਜਾਤੀ ਦੀ ਰਸਮ ਦਾ ਕਿਸੇ ਹੋਰ ਜਾਤੀ ਦੀ ਰਸਮ ਨਾਲ ਕੱਟੜ ਹੱਦ ਤੱਕ ਦਾ ਵਿਰੋਧ ਮਿਲਦਾ ਹੈ। ਇੱਕੋ ਸਮਾਜ ਵਿੱਚ ਪਰਸਪਰ ਸਮਾਨਤਾ ਅਤੇ ਵਿਰੋਧਤਾ ਦੇ ਜਿਹੜੇ ਲੱਛਣ ਪੰਜਾਬੀ ਸਭਿਆਚਾਰ ਵਿੱਚ ਮਿਲਦੇ ਹਨ, ਉਹ ਸ਼ਾਇਦ ਹੀ ਕਿਸੇ ਹੋਰ ਸਮਾਜ ਦੇ ਸਭਿਆਚਾਰ ਵਿੱਚ ਪਾਏ ਜਾਂਦੇ ਹੋਣਗੇ। ਪੰਜਾਬੀ ਸਭਿਆਚਾਰ ਦੇ ਲੱਛਣ। 1. ਪੰਜਾਬੀ ਸਭਿਆਚਾਰ ਵੰਨ-ਸਵੰਨਤਾ ਦਾ ਮੁਜੱਸਮਾ ਹੈ ਪੰਜਾਬੀ ਸਮਾਜ ਵੱਖ-ਵੱਖ ਜਾਤਾਂ, ਉਪਜਾਤਾਂ, ਗੋਤਾਂ, ਕਬੀਲਿਆਂ ਅਤੇ ਫਿਰਕਿਆਂ ਨਾਲ ਸੰਬੰਧ ਰੱਖਦਾ ਹੈ। ਇਨ੍ਹਾਂ ਜਾਤਾਂ ਦੇ ਰਸਮ-ਰਿਵਾਜ, ਖਾਣ-ਪੀਣ, ਤਿਉਹਾਰ ਤੇ ਕਿਸੇ ਹੱਦ ਤੱਕ ਪਹਿਰਾਵੇ ਵਿੱਚ ਵੀ ਅੰਤਰ ਮਿਲਦਾ ਹੈ। ਕਿਤੇ-ਕਿਤੇ ਤਾ ਇੱਕ ਜਾਤੀ ਦੀ ਰਸਮ ਦਾ ਕਿਸੇ ਦੂਸਰੀ ਜਾਤੀ ਦੀ ਰਸਮ ਨਾਲ ਕਰੜਾ ਵਿਰੋਧ ਵੀ ਮਿਲਦਾ ਹੈ। ਹਿੰਦੂ-ਬਰਾਬਰੀ ਵਿੱਚ ਚਿਲਮ ਤੰਬਾਕੂ ਪੀਣਾ ਮਹਿਮਾਨ ਨਿਵਾਜੀ ਦਾ ਲੱਛਣ ਰਿਹਾ ਹੈ। ਪਰ ਸਿੱਖ-ਬਰਾਦਰੀ ਲਈ ਇਸ ਦੀ ਮਨਾਹੀ ਹੈ। ਇਸੇ ਤਰ੍ਹਾਂ ਸੂਰ ਦਾ ਮਾਸ ਹਿੰਦੂ ਸਿੱਖ ਅਕਸਰ, ਪ੍ਰਯੋਗ ਕਰ ਲੈਂਦੇ ਹਨ ਪਰ ਮੁਸਲਮਾਨ ਲਈ ਇਹ ਵਰਜਿਤ ਹੈ, ਜਿਵੇਂ ਮੁਸਲਮਾਨ ਗਊ ਦਾ ਮਾਸ ਪ੍ਰਯੋਗ ਕਰ ਲੈਂਦੇ ਹਨ ਪਰ ਹਿੰਦੂ ਸਿੱਖਾਂ ਲਈ ਇਹ ਨਿਸ਼ੇਧ ਹੈ। ਇਸੇ ਤਰ੍ਹਾਂ ਵਿਆਹ ਸ਼ਾਦੀ ਦੀ ਰਸਮ ਦੇ ਪੱਖ ਤੋਂ ਹਿੰਦੂ ‘ਨਿਕਾਹ` ਦੀ ਰਸਮ। ਪੂਜਾ ਵਿਧੀ ਅਤੇ ਸਮੱਗਰੀ ਦੇ ਪੱਖ ਤੋਂ ਹਿੰਦੂ-ਸਿੱਖ ਟੱਲੀਆਂ, ਢੋਲਕ, ਛੈਣੇ ਆਦਿ ਰਾਹੀਂ ਆਪਣੇ ਇਸ਼ਟ ਦੀ ਪੂਜਾ ਕਰਦੇ ਹਨ ਜਦੋਂ ਕਿ ਮੁਸਲਮਾਨ ਖਾਮੋਸ ‘ਇਬਾਦਤ` ਕਰਦੇ ਹਨ। ਮੁਸਲਮਾਨਾ ਦਾ ਧਰਮ ਅਸਥਾਨ ‘ਮਸਜਿਦ` ਹੁੰਦਾ ਹੈ, ਹਿੰਦੂਆਂ ਦਾ ਮੰਦਰ ਅਤੇ ਸਿੱਖ ਗੁਰਦੁਆਰੇ ਪ੍ਰਤਿ ਸ਼ਰਧਾ ਭਾਵਨਾ ਰੱਖਦੇ ਹਨ। ਇਸ ਕਿਸਮ ਦੀ ਵੰਨ-ਸੁਵੰਨਤਾ ਦੇ ਬਾਵਜੂਦ ਪੰਜਾਬੀ ਲੋਕਾਂ ਵਿੱਚ ਇੱਕ ਅਨਿਖੱੜ ਸਾਂਝ ਹੈ। ਇਹ ਸਾਂਝ ਸਾਝੇ ਜਨਤਕ ਸੰਮੇਲਨਾਂ ਉੱਤੇ ਸਾਝੇ ਭਲਾਈ ਦੇ ਕੰਮਾਂ ਵੇਲੇ ਸਾਹਮਣੇ ਆਉਂਦੀ ਹੈ। 2. ਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀ ਵਿੱਚ ਸਤੰੁਤਰਤਾ ਦੀ ਭਾਵਨਾ ਨੂੰ ਪ੍ਰਾਥਮਿਕਤਾ ਪ੍ਰਾਪਤ ਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀ ਵਿੱਚ ਕੇਂਦਰੀ ਮਹੱਤਤਾ ਹਾਸਲ ਕਰਨ ਵਾਲੀ ਕਦਰ ਪੰਜਾਬੀ ਲੋਕਾਂ ਦੀ ਆਜ਼ਾਦ ਪ੍ਰਵਿਰਤੀ ਹੈ। ਦੂਜੇ ਸਹਾਰੇ ਜੀਊਣ ਨਾਲੋਂ ਪੰਜਾਬੀ ਨਾ ਜੀਊਣਾ ਬਿਹਤਰ ਸਮਝਦਾ ਹੈ। ਡਾ. ਫਰੈਂਕ ਨੇ ਬਾਬਾ ਫ਼ਰੀਦ ਦੀ ਇਸ ਤੁਕ ਨੂੰ ਆਧਾਰ ਬਣਾ ਕੇ ਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀ ਦਾ ਜੋ ਨਕਸ਼ਾ ਤਿਆਰ ਕੀਤਾ ਹੈ ਉਹ ਪੰਜਾਬੀਆਂ ਦੀ ਸੁਤੰਤਰ ਭਾਵਨਾ ਦਾ ਹੀ ਪ੍ਰਗਟਾਵਾ ਕਰਦੀ ਹੈ। “ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨਾ ਦੇਹਿ॥ ਜੇ ਤੂੰ ਏਵੇਂ ਰਖਸੀ ਜੀਉ ਸਰੀਰਰੁ ਲੇਹਿ”॥ ਫ਼ਰੀਦ ਜੀ ਨੇ ਹੀ ਨਹੀਂ ਸਾਹਿਤ ਅਤੇ ਲੋਕ ਸਾਹਿਤ ਦੀਆਂ ਅਨੇਕਾਂ ਟੂਕਾਂ ਇਸ ਸਚਾਈ ਦਾ ਸਮਰਥਨ ਕਰਦੀਆਂ ਹਨ ਕਿ ਪੰਜਾਬੀ ਲੋਕ ਪਰਾਧੀਨ ਜੀਉਣ ਨਾਲੋਂ ਨਾ ਜੀਉਣਾ ਚੰਗਾ ਸਮਝਦੇ ਹਨ। ਪ੍ਰੋ. ਪੂਰਨ ਸਿੰਘ ਵੀ ਪੰਜਾਬੀਆਂ ਦੇ ਇਸ ਕਿਰਦਾਰ ਵੱਲ ਸੰਕੇਤ ਕਰਦਾ ਹੈ: “ਪਿਆਰ ਨਾਲ ਉਹ ਕਰਨ ਗੁਲਾਮੀ ਜਾਨ ਕੋਹ ਆਪਣੀ ਵਾਰ ਦਿੰਦੇ ਪਰ ਟੈਂ ਨਾ ਮੰਨਣ ਕਿਸੇ ਦੀ।” ਪੰਜਾਬੀ ਲੋਕ- ਗੀਤ ਦੀ ਟੂਕ ਵੀ ਵੇਖੀ ਜਾ ਸਕਦੀ ਹੈ। “ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ।” 3. ਪੰਜਾਬੀ ਸਭਿਆਚਾਰ ਕਿਰਤ ਪੱਖੀ ਹੈ ਪੰਜਾਬੀ ਸਭਿਆਚਾਰ ਕਿਰਤ ਪ੍ਰਧਾਨ ਹੈ। ਇਸਦੀ ਜਾਤ/ਜਮਾਤੀ ਬਣਤਰ ਹੀ ਇਸ ਪ੍ਰਕਾਰ ਦੀ ਹੈ ਕਿ ਇਸ ਵਿਹਲੜ, ਕਮਚੋਰ ਅਤੇ ਦੇਹਰੱਖ ਵਿਅਕਤੀ ਲਈ ਕੋਈ ਸਥਾਨ ਨਹੀਂ ਹੈ। ਪ੍ਰਾਚੀਨ ਜਾਤੀ ਬਣਤਰ ਦੇ ਪੱਖ ਤੋਂ ਦੇਖੀਏ ਤਾਂ ਉਹ ਵੀ ਅਸਲ ਵਿੱਚ ਪਰੰਪਰਾਗਤ ਢੰਗ ਦੀ ਕਿਰਤ ਵੰਡ ਸੀ। ਜਿਸਦੇ ਅਨੁਸਾਰ ਬ੍ਰਾਹਮਣ ਦਾ ਕਾਰਜ ਵਿਦਿਅਕ ਯੋਗਤਾ ਦੇਣਾ ਸੀ, ਕੱਸ਼ਤਰੀ ਦਾ ਕਾਰਜ ਸਮਾਜ ਦੀ ਰੱਖਿਆ ਕਰਨਾ, ਵੈਸ਼ ਦਾ ਕਾਰਜ, ਸਮਾਜ ਲਈ ‘ਆਹਾਰ` ਪੈਦਾ ਕਰਨਾ ਤੇ ਸੂਦਰ ਦਾ ਕਾਰਜ ਸਮੁੱਚੇ ਸਮਾਜਿਕ ਢਾਂਚੇ ਨੂੰ ਗਤੀਸ਼ੀਲ ਰੱਖਣਾ ਸੀ। ਇਹ ਵੰਡ ਰੁਚੀ ਅਤੇ ਯੋਗਤਾ ਅਨੁਸਾਰ ਹੁੰਦੀ ਸੀ। ਮਗਰੋਂ ਭਾਵੇਂ ਇਸ ਵੰਡ ਨੂੰ ਬ੍ਰਾਹਮਣੀ ਸਮਾਜ ਨੇ ਜਨਮ ਨਾਲ ਜੋੜ ਕੇ ਇਸਨੂੰ ਬੰਦ ਸਿਸਟਮ ਬਣਾ ਦਿੱਤਾ ਸੀ ਪਰ ਪੰਜਾਬ ਦਾ ਪੇਂਡੂ ਸਮਾਜਿਕ ਅਰਥਚਾਰਾ ਵਧੇਰੇ ਕਿਰਤ ਮੁਖ ਹੀ ਰਿਹਾ ਹੈ। ਪੰਜਾਬੀ ਲੋਕ ਮਾਨਸਿਕਤਾ ਵਿੱਚ ਇਹ ਗੱਲ ਸ਼ਾਮਿਲ ਹੈ ਕਿ ਉਤਮ ਖੇਤੀ, ਮੱਧਮ ਵਾਪਾਰ, ਨਖਿਧ ਚਾਕਰੀ ਭੀਖ ਮੁਰਦਾਰ, ਮੰਗਣ ਗਿਆ ਸੌ ਮਰ ਗਿਆ। ਮੰਗਣ ਮੂਲ ਨਾ ਜਾਇ। ਪੰਜਾਬ ਦੇ ਮਹਾਨ ਦਾਰਸ਼ਨਿਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫੇ ਵਿੱਚ ‘ਕਿਰਤ ਕਰਨਾ ਅਤੇ ਵੰਡ ਛਕਣਾ` ਨਾਮ ਜਪਣ ਨਾਲੋਂ ਵੀ ਵਧੇਰੇ ਮਹਾਨਤਾ ਰੱਖਦਾ ਹੈ। 4. ਪੰਜਾਬੀ ਸਭਿਆਚਾਰ ਲੋਕ ਮੁਖ ਹੈ: ਦੇਵ-ਮੁੱਖ ਨਹੀਂ ਪੰਜਾਬੀ ਸਭਿਆਚਾਰ ਮੂਲ ਰੂਪ ਵਿੱਚ ‘ਇਹ ਲੋਕਵਾਦੀ` ਹੈ। ਇਹ ਮੋਹ-ਮਾਇਆ ਨੂੰ ਨਕਾਰਦਾ ਨਹੀਂ ਸਵੀਕਾਰਦਾ ਹੈ। ਪੰਜਾਬੀ ‘ਚੰਗੇ ਅਮਲਾਂ` ਨੂੰ ਹੀ ਪਰਮਾਰਥ ਦਾ ਸਹੀ ਮਾਰਗ ਮਿਥਦਾ ਹੈ। ਇਹ ਪੰਜਾਬੀ ਸਭਿਆਚਾਰ ਹੀ ਹੈ ਜਿਸ ਵਿੱਚ ‘ਰੱਬ` ਨਾਲੋਂ ਰਾਂਝਣ ਦੀ ਪਦਵੀ ਵੱਡੀ ਹੈ, ਜਿੱਥੇ ‘ਮੱਕੇ` ਨਾਲੋਂ ‘ਤਖ਼ਤ ਹਜ਼ਾਰੇ` ਵਲ ਜਾਣ ਦੀ ਤਾਂਘ ਵਧੇਰੇ ਪ੍ਰਬਲ ਰਹੀ ਹੈ। ਇੱਥੇ ਗੋਬਿੰਦ ਦੀ ਪ੍ਰਾਪਤੀ ਲਈ ਵੀ ‘ਮਨੁੱਖੀ ਦੇਹੁਰੀ` ਧਾਰਨ ਕਰਨ ਦੀ ਗੱਲ ਕੀਤੀ ਗਈ ਹੈ। ਇਸ ਦੀ ਲੋਕਧਾਰਾ ਦਾ ਨਾਇਕ ਜਾਂ ਤਾਂ ਸੂਰਬੀਰ ਬਹਾਦਰ ਯੋਧਾ ਰਿਹਾ ਹੈ, ਜਾਂ ਫੇਰ ‘ਪਰਮ ਮਨੁੱਖ`। ਦੇਵਤਾ ਇਸ ਦੀ ਲੋਕਧਾਰਾ ਵਿੱਚ ਕੋਈ ਸਥਾਨ ਨਹੀਂ ਰੱਖਦਾ। ਪੰਜਾਬੀ ਸਭਿਆਚਾਰ ਵਿੱਚ ਈਸ਼ਵਰ ਵੀ ‘ਕਰਤਾ-ਪੁਰਖ` ਹੈ ਕੋਈ ਦੇਵ-ਸ਼ਕਤੀ ਨਹੀਂ। 5. ਪੰਜਾਬੀ ਸਭਿਆਚਾਰ ਦੀ ਪ੍ਰਥਮ ਇਕਾਈ ਟੱਬਰ ਹੈ ਪੰਜਾਬੀ ਸਮਾਜ ਦੀ ਪ੍ਰਥਮ ਇਕਾਈ ਟੱਬਰ ਹੈ। ਟੱਬਰ ਦੇ ਅਰਥ ਖੇਤਰ ਵਿੱਚ ਮੂਲ ਪਰਿਵਾਰ, ਜਟਿਲ ਪਰਿਵਾਰ ਅਤੇ ਸਯੁੰਕਤ ਪਰਿਵਾਰ ਆਦਿ ਸਾਰੇ ਰੂਪ ਸਮਾਏ ਹੁੰਦੇ ਹਨ। ਟੱਬਰ ਦੇ ਮੁਖੀ ਨੂੰ ਮਲਵਈ ਸ਼ਬਦਾਵਲੀ ਵਿੱਚ ‘ਲਾਣੇਦਾਰ` ਕਿਹਾ ਜਾਂਦਾ ਹੈ। ਅਜਿਹਾ ਮੁਖੀ ਉਮਰੋਂ ਵਡੇਰਾ ਹੁੰਦਾ ਹੈ। ਉਸਦੇ ਦੇਹਾਂਤ ਮਗਰੋਂ ਇਹ ਜਿੰਮੇਵਾਰੀ ਪੁੱਤਰ ਨੂੰ ਸੌਪੀ ਜਾਂਦੀ ਹੈ। ਲਾਣੇਦਾਰ ਟੱਬਰ ਦਾ ਸ਼ਹਿਨਸ਼ਾਹ ਹੁੰਦਾ ਹੈ। ਚੀਜ਼ ਲੈਣ-ਦੇਣ, ਰਿਸ਼ਤੇ, ਸੌਦੇ ਤੈਅ ਕਰਨ ਸਮੇਂ ਉਸ ਦੀ ਰਜ਼ਾ-ਮੰਦੀ ਲਾਜ਼ਮੀ ਹੁੰਦੀ ਹੈ। ਘਰ ਵਿੱਚ ਉਸ ਦਾ ਵਿਸ਼ੇਸ਼ ਆਦਰ ਸਤਿਕਾਰ ਹੁੰਦਾ ਹੈ। 6. ਪੰਜਾਬੀ ਸਭਿਆਚਾਰ ਦੀ ਵਿਲੱਖਣ ਰਿਸ਼ਤਾ-ਪ੍ਰਣਾਲੀ ਹੈ ਪੰਜਾਬੀ ਸਭਿਆਚਾਰਕ ਵਿੱਚ ਰਿਸ਼ਤਾ-ਪ੍ਰਣਾਲੀ ਦੇ ਦੋ ਪ੍ਰਮੁੱਖ ਆਧਾਰ ਹਨ। ਨਾਨਕੇ ਅਤੇ ਦਾਦਕੇ, ਇਨ੍ਹਾਂ ਦੋਹਾਂ ਧਿਰਾਂ ਦੇ ‘ਹੱਕ` ਅਤੇ ‘ਫਰਜ਼` ਵੱਖਰੇ-ਵੱਖਰੇ ਹਨ। ਨਾਨਕੇ ਧੀ ਵਾਲੀ ਧਿਰ ਹੋਣ ਕਰਕੇ ਸਮਾਜਿਕ ਆਰਥਿਕ ਪੱਖ ਤੋਂ ਵਧੇਰੇ ਕਾਰਜ ਭੁਗਤਾਉਂਦੇ ਹਨ। ਦਾਜ, ਸ਼ਗਨ, ਛੂਛਕ ਅਤੇ ਛੱਕ ਆਦਿ ਨਾਨਕਿਆ ਦੁਆਰਾ ਭੁਗਤਾਏ ਜਾਂਦੇ ਹਨ। ਨਾਨਕੇ ਪਿਆਰ ਵਿੱਚ ਮਾਂ ਦੀ ਆਦਰ ਦਾ ਨਿੱਘ ਹੁੰਦਾ ਹੈ। ਬੱਚੇ ਦੇ ਮਨ ਵਿੱਚ ਹਮੇਸ਼ਾਂ ਨਾਨਕਿਆਂ ਲਈ ਤਾਂਘ ਰਹਿੰਦੀ ਹੈ। ‘ਨਾਨੀ ਚੇਤੇ ਆਉਣੀ` ਜਾਂ ‘ਨਾਨਕ ਯਾਦ ਆਉਣਾ` ਵਰਗੇ ਅਖਾਣ ਇਸੇ ਰਿਸ਼ਤੇ ਦੀ ਮਹੱਤਤਾ ਦਰਸਾਉਂਦਾ ਹਨ। ਨਾਨਕੇ ਪੱਖ ਤੋਂ ਮਾਤਾ ਦਾ ਭਰਾ ਭਾਵੇਂ ਉਹ ਛੋਟਾ ਹੋਵੇ ਜਾਂ ਵੱਡਾ ਹਮੇਸ਼ਾਂ ਮਾਮਾ ਹੀ ਹੁੰਦਾ ਹੈ। ਜਦੋਂ ਕਿ ਪਿਤਾ ਦਾ ਛੋਟਾ ਭਰਾ ਚਾਚਾ ਅਤੇ ਵੱਡਾ ਭਰਾ ਤਾਇਆ ਹੁੰਦਾ ਹੈ। ਪੰਜਾਬੀ ਸਭਿਆਚਾਰ ਵਿੱਚ ਮਿਲਦੇ ਇਹ ਰਿਸ਼ਤੇ ਜਿੱਥੇ ਲਿੰਗ-ਮਨਾਹੀ ਅਤੇ ਲਿੰਗ ਖੁੱਲ੍ਹ ਦਾ ਬੋਧ ਕਰਾਉਂਦੇ ਹਨ। ਉਥੇ ਇਨ੍ਹਾਂ ਰਿਸ਼ਤਿਆਂ ਨਾਲ ਸੰਬੰਧਿਤ ਆਰਥਿਕ ਪਹਿਲੂ ਵੀ ਵਿਚਾਰਯੋਗ ਹੈ। ‘ਚਾਚਾ` ਜੇ ‘ਦੇਵਰ` ਹੋਣ ਦੇ ਨਾਤੇ ਵਧੇਰੇ ਖੁਲ੍ਹ ਮਾਣ ਸਕਦਾ ਹੈ ਤਾਂ ਉਸ ਵਲੋਂ ਵਧੇਰੇ ਫਰਜ਼ ਦੀ ਪੂਰਤੀ ਦਾ ਵੀ ਉਮੀਦ ਰੱਖੀ ਜਾਂਦੀ ਹੈ। ਜੇ ਕਿਸੇ ਕਾਰਨ ਚਾਦਰ ਪਾਉਣ ਦੀ ਨੌਬਤ ਆ ਵੀ ਜਾਵੇ ਤਾਂ ਵੀ ਜੇਠ ਨਾਲੋਂ ਦੇਵਰ ਦੀ ਪਹਿਲ ਹੁੰਦੀ ਹੈ। ਇਹ ਸਾਰੇ ਰਿਸ਼ਤੇ ਬੱਚੇ ਦੇ ਦਾਦਕੇ ਪੱਖ ਦੇ ਰਿਸ਼ਤੇ ਹਨ। ਪੰਜਾਬੀ ਸਭਿਆਚਾਰ ਵਿੱਚ ਹਰ ਰਿਸ਼ਤੇ ਦਾ ਮਾਨਸਿਕ, ਆਰਥਿਕ, ਲਿੰਗਾਤਮਕ, ਸਮਾਜਿਕ ਜਾਂ ਧਾਰਮਿਕ ਮਹੱਤਵ ਹੁੰਦਾ ਹੈ।

ਸਿੱਟਾ ਅਸੀਂ ਜਾਣਦੇ ਹਾਂ ਕਿ ਸਭਿਆਚਾਰ ਵਿੱਚ ਹਮੇਸ਼ਾ ਰੂਪਾਂਤਰਨ ਦੀ ਪ੍ਰਕਿਰਿਆ ਚਲਦੀ ਰਹਿੰਦੀ ਹੈ। ਕਿਸੇ ਵੀ ਸਭਿਆਚਾਰ ਦੇ ਨਿਖੜਵੇਂ ਲੱਛਣ ਜ਼ਿਆਦਾਤਰ ਉਸਦੇ ਅਤੀਤ ਤੇ ਨਿਰਭਰ ਕਰਦੇ ਹਨ। ਇਸ ਤਰ੍ਹਾਂ ਪੰਜਾਬੀ ਸਭਿਆਚਾਰ ਦੇ ਉਪਰੋਕਤ ਨਿਖੜਵੇਂ ਲੱਛਣ ਵੀ ਇਸਦੇ ਅਤੀਤ ਤੇ ਅਧਾਰਿਤ ਹਨ। ਵਿਸ਼ਵੀਕਰਨ ਦੇ ਅਜੋਕੇ ਦੌਰ ਵਿੱਚ ਜਦੋਂ ਵਿਸ਼ਵ ਦੇ ਇਕ ਪਿੰਡ ਬਣ ਜਾਣ ਦੀਆਂ ਗੱਲਾਂ ਤੁਰ ਰਹੀਆਂ ਹਨ। ਉਦੋਂ ਕਿਸੇ ਵੀ ਸਭਿਆਚਾਰ ਦੇ ਨਿਖੜਵੇਂ ਲੱਛਣਾਂ ਦੀ ਹੋਂਦ ਧੁੰਦਲੀ ਪੈ ਜਾਂਦੀ ਹੈ। ਵਿਦੇਸ਼ੀ ਪ੍ਰਭਾਵ, ਗਿਆਨ-ਵਿਗਿਆਨ ਦੀ ਤਰੱਕੀ, ਤਕਨਾਲੋਜੀ ਦੀਆਂ ਕਾਢਾਂ, ਨੇ ਪੰਜਾਬੀ ਸਭਿਆਚਾਰ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਫਿਰ ਵੀ ਪੰਜਾਬੀ ਸਭਿਆਚਾਰ ਉਪਰੋਕਤ ਦਰਸਾਏ ਗਏ ਨਿਖੜਵੇਂ ਲੱਛਣਾਂ ਦੇ ਆਧਾਰ `ਤੇ ਆਪਣੀ ਵਿਲੱਖਣ-ਪਹਿਚਾਣ ਰੱਖਦਾ ਹੈ। ਸਹਾਇਕ ਪੁਸਤਕਾਂ 1. ਡਾ. ਜੀਤ ਸਿੰਘ ਜੋਸ਼ੀ, ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਤ। 2. ਡਾ. ਟੀ.ਆਰ. ਵਿਨੋਦ, ਸੰਸਕ੍ਰਿਤੀ ਸਿਧਾਂਤ ਅਤੇ ਵਿਹਾਰ। 3. ਅਜੀਤ ਸਿੰਘ ਕੱਕੜ (ਸੰਪਾ.), ਪੰਜਾਬੀ ਸਭਿਆਚਾਰ, ਭਾਸ਼ਾ ਵਿਭਾਗ ਪੰਜਾਬ।