ਸਿੱਧ ਬੀਬੀ ਪਾਰੋ ਮੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿੱਧ ਬੀਬੀ ਪਾਰੋ ਮੇਲਾ ਹਰ ਸਾਲ 2 ਅਤੇ 3 ਹਾੜ (16 ਅਤੇ 17 ਜੂਨ) ਨੂੰ ਫੂਲ ਟਾਉਨ ਜ਼ਿਲ੍ਹਾ ਬਠਿੰਡਾ ਵਿੱਖੇ ਬੀਬੀ ਪਾਰੋ ਦੀ ਯਾਦ ਵਿੱਚ ਲੱਗਦਾ ਹੈ। ਜਿੱਥੇ ਪੰਜਾਬ ਅਤੇ ਨਾਲ ਲੱਗਦੇ ਰਾਜਾਂ ’ਚੋਂ ਹਜ਼ਾਰਾਂ ਸ਼ਰਧਾਲੂ ਆਪਣੀਆਂ ਮੁਰਾਦਾਂ ਅਤੇ ਸ਼ਰਧਾ ਦੇ ਫੁੱਲ ਭੇਟ ਕਰਨ ਆਉਂਦੇ ਹਨ। ਇਹ ਮੇਲਾ ਮਾਲਵੇ ਦੇ ਪ੍ਰਸਿੱਧ ਮੇਲਿਆਂ ਦੀ ਕਤਾਰ ਵਿੱਚ ਆਉਂਦਾ ਹੈ।

ਇਤਿਹਾਸ[ਸੋਧੋ]

ਸਿੱਧ ਬੀਬੀ ਪਾਰੋ[1] ਪ੍ਰਮਾਤਮਾ ਦੇ ਰੰਗ ਵਿੱਚ ਲੀਨ ਪੂਰਨ ਤੇ ਸ਼ੁੱਧ ਆਤਮਾ ਇਸਤਰੀ ਜਾਮੇ ਅੰਦਰ ਇੱਕ ਬੀਬੀ ਹੋਈ ਜਿਸਨੂੰ ਦੁਨੀਆ ਤੋਂ ਬੇਲਾਗ ਰਹਿ ਕੇ ਸਮਾਜ ਦੇ ਭਲੇ ਲਈ ਕੰਮ ਕੀਤਾ। ਆਪ ਦਾ ਜਨਮ ਕਸਬਾ ਫੂਲ (ਬਠਿੰਡਾ ਜ਼ਿਲ੍ਹਾ) ਵਿੱਚ ਸ੍ਰੀ ਨਰਾਇਣ ਸਿੰਘ ਦੇ ਘਰ ਮਾਤਾ ਪ੍ਰ੍ਰੇਮ ਕੌਰ ਦੀ ਕੁੱਖੋਂ ਸੰਨ 1913 ਨੂੰ ਹੋਇਆ। ਬਚਪਨ ਤੋਂ ਹੀ ਆਪ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਸਨ। ਕੁਝ ਵਿਲੱਖਣ ਘਟਨਾਵਾਂ ਵਾਪਰੀਆਂ ਜਿਸ ਤੋਂ ਲੋਕਾਂ ਨੂੰ ਆਪ ਦੇ ਸਿੱਧ ਆਤਮਾ ਹੋਣ ਬਾਰੇ ਪਤਾ ਲੱਗਿਆ। ਜਿਵੇਂ ਇੱਕ ਵਾਰ ਆਪ ਨੇ ਕਿਲ੍ਹੇ ਅੱਗੇ ਖੜ੍ਹ ਕੇ ਕੂਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਦਾ ਪਿੰਡ ਵਾਸੀਆਂ ਨੂੰ ਸੰਕੇਤ ਉਸ ਵੇਲੇ ਮਿਲਿਆ ਜਦੋਂ ਪਿੰਡ ਵਿੱਚ ਹੈਜ਼ਾ ਫੈਲ ਗਿਆ। ਸਿੱਧ ਬੀਬੀ ਪਾਰੋ ਘਰ ਵਿੱਚ ਘੱਟ ਹੀ ਠਹਿਰਦੇ ਸਨ ਅਤੇ ਪਿੰਡ ਦੀਆਂ ਗਲੀਆਂ ਵਿੱਚ ਇਧਰ ਉਧਰ ਫਿਰਦੇ ਦਿਖਾਈ ਦਿੰਦੇ ਸਨ। ਆਪ ਦੇ ਸਿਰ ਉਪਰ ਟੋਪਾ ਅਤੇ ਗਲ ਲੰਬਾ ਚੋਲਾ ਪਾਇਆ ਹੁੰਦਾ ਸੀ। ਚੋਲੇ ਦੀ ਖੁੱਲ੍ਹੀ ਜੇਬ ਵਿੱਚ ਰੋਟੀ, ਰਿਉੜੀਆਂ, ਪਤਾਸੇ, ਭੂਜੀਆ-ਬਦਾਣਾ ਅਤੇ ਹੋਰ ਖਾਣ ਵਾਲੀਆਂ ਵਸਤੂਆਂ ਪਾ ਕੇ ਰੱਖਦੀ। ਬੀਬੀ ਹਰ ਵੇਲੇ ਹੀ ‘ਓ-ਪੂ-ਰੂ’ ਸ਼ਬਦ ਦੀ ਵਰਤੋਂ ਕਰਦੀ ਰਹਿੰਦੀ ਜਿਸਦਾ ਅਰਥ ਉਹ ਪਾਰਬ੍ਰਹਮ ਪੂਰਨ ਪ੍ਰਕਾਸ਼ ਦੇਣ ਵਾਲਾ ਹੈ। 16 ਜੂਨ 1955 (2 ਹਾੜ) ਦਿਨ ਵੀਰਵਾਰ ਨੂੰ ਅਚਾਨਕ ਬੁਖਾਰ ਹੋਣ ਨਾਲ ਆਪ ਗੁਰਪੁਰੀ ਸਿਧਾਰ ਗਏ। ਜਿਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਥੇ ਕਮੇਟੀ ਨੇ ਮੰਦਰ ਬਣਾਇਆ ਹੋਇਆ ਹੈ। ਕਮੇਟੀ ਦੁਆਰਾ ਪਿੰਡ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਗਊਸ਼ਾਲਾ ਵੀ ਚਲਾਈ ਜਾ ਰਹੀ ਹੈ।

  1. ਪੰਜਾਬ ਦੇ ਮੇਲੇ ਜਨ ਸਾਹਿਤ, ਭਾਸ਼ਾ ਵਿਭਾਗ ਪੰਜਾਬ