ਸੁਹਰਾਵਰਦੀ ਸਿਲਸਿਲਾ
ਸਹੁਰਾਵਰਦੀ ਸਿਲਸਿਲਾ ਇਸਲਾਮੀ ਸੂਫ਼ੀਵਾਦ ਦੇ ਇਤਹਾਸਿਕ ਵਿਕਾਸ ਕ੍ਰਮ ਵਿੱਚ ਚਿਸ਼ਤੀ ਸਿਲਸਿਲੇ ਤੋਂ ਬਾਅਦ ਦੂਜਾ ਪ੍ਰਸਿੱਧ ਸਿਲਸਿਲਾ ਹੋਈ ਹੈ। ਡਾ. ਹਰਜਿੰਦਰ ਸਿੰਘ ਢਿੱਲੋਂ ਵੱਖ-ਵੱਖ ਵਿਦਵਾਨਾ ਦੇ ਵਿਚਾਰਾਂ ਦਾ ਅਧਿਐਨ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚਦਾ ਹੈ ਕਿ ਸਹੁਰਾਵਰਦੀ ਸਿਲਸਿਲੇ ਦਾ ਮੋਢੀ ਆਪਣੇ ਸਮੇਂ ਦਾ ਮਹਾਨ ਵਿਦਵਾਨ ਦਿਆਉੱਦੀਨ ਅਬੂ ਨਜੀਬ ਸਹੁਰਵਰਦੀ (1067-1168) ਸੀ। ਸਯੱਦ ਅਲੀ ਅਬਾਸ ਜਲਾਲਪੁਰੀ ਦੇ ਵਿਚਾਰ ਅਨੁਸਾਰ ਸਹੁਰਾਵਰਦੀ ਸਿਲਸਿਲੇ ਦਾ ਮੋਢੀ ਸ਼ੇਖ ਸ਼ਹਾਬ- ਉਦ - ਦੀਨ ਸਹੁਰਾਵਰਦੀ (1145-1234 ਈ.) ਸੀ। ਇਸ ਤਰ੍ਹਾਂ ਡਾ. ਨਰੇਸ਼ ਦਾ ਕਹਿਣਾ ਹੈ ਕਿ ਸਹੁਰਾਵਰਦੀ ਸਿਲਸਿਲੇ ਦਾ ਬਾਨੀ ਹਜ਼ਰਤ ਸ਼ੇਖ ਸ਼ਹਾਬ - ਉਦ - ਦੀਨ ਸਹੁਰਵਰਦੀ (1145-1234 ਈ.) ਸੀ। ਇਸ ਤਰ੍ਹਾਂ ਅਸੀਂ ਵੇਖ ਸਕਦੇ ਹਾਂ ਕਿ ਸਹੁਰਾਵਰਦੀ ਸੰਪਰਦਾ ਦੇ ਮੋਢੀ ਦਾ ਸਹੀ ਪਤਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਇਸ ਵਿੱਚ ਵੱਖ-ਵੱਖ ਵਿਦਵਾਨਾ ਦੇ ਮਤਭੇਦ ਹਨ। ਬਾਰਵੀਂ ਸਦੀ ਈ: ਦੇ ਜਿਹਨਾ ਸੂਫ਼ੀ ਵਿਦਵਾਨਾ ਨੇ ਸੂਫ਼ੀਵਾਦ ਅਤੇ ਇਸਲਾਮੀ ਧਾਰਮਿਕ ਸੰਬੰਧ ਵਿਚਕਾਰ ਪੈਦਾ ਹੋਏ ਵਿਰੋਧਾਤਮਿਕ ਅੰਤਰ ਸੰਬੰਧਾਂ ਨੂੰ ਮਿਟਾਉਣ ਵਿੱਚ ਯੋਗਦਾਨ ਪਾਇਆ, ਉਹਨਾ ਵਿੱਚ ਸਹੁਰਾਵਰਦੀ ਸੰਪਰਦਾ ਦਾ ਸੰਸਥਾਪਿਕ ਹਜ਼ਰਤ ਸ਼ੇਖ ਸ਼ਹਾਬ - ਉਦ - ਦੀਨ ਸਹੁਰਵਰਦੀ ਵਿਸ਼ੇਸ਼ ਮਹੱਤਵ ਰੱਖਦਾ ਹੈ।ਹਜ਼ਰਤ ਸ਼ੇਖ ਸ਼ਹਾਬ - ਉਦ - ਦੀਨ ਸਹੁਰਵਰਦੀ ਨੇ “ਅਵਾਰਿਫ਼-ਉਲ-ਮੁਆਰਿਫ਼” ਦੀ ਵੱਡ-ਆਕਾਰੀ ਕਿਤਾਬ ਲਿਖੀ। ਜਿਸ ਵਿੱਚ ਉਸਨੇ ਤਸੱਵੁਫ਼ ਦੇ ਤਿੰਨ ਮੂਲ ਆਧਾਰ ਦੱਸੇ ਹਨ: ਫ਼ਕਰ, ਸੇਵਾ ਤੇ ਤਿਆਗ।ਹਜ਼ਰਤ ਸਹੁਰਾਵਰਦੀ ਅਨੁਸਾਰ ਫ਼ਕਰ ਦੀ ਉਤਮਤਾ ਫ਼ਕੀਰ ਦੀ ਸ਼ਖਸ਼ੀਅਤ ਉਪਰ ਨਿਰਭਰ ਕਰਦੀ ਹੈ। ਸੂਫ਼ੀ ਦੀ ਦ੍ਰਿਸ਼ਟੀ ਵਿੱਚ ਉਤਮਤਾ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ ਵਿੱਚ ਹੈ।ਸੂਫ਼ੀ ਸਾਧਕ ਨਿੱਜੀ ਇਲਮ ਦੇ ਮੁਕਾਬਲੇ ‘ਤੇ ਇਲਮ ਨੂੰ ਅਤੇ ਨਿੱਜੀ ਮਰਜੀ ਦੇ ਮੁਕਾਬਲੇ ‘ਤੇ ਇਲਾਹੀ ਇੱਛਾ ਨੂੰ ਪ੍ਰਮੁੱਖਤਾ ਦਿੰਦਾ ਹੈ। ਇਸ ਆਤਮ ਤਿਆਗ ਦੇ ਫਲਸਰੂਪ ਹੀ ਫ਼ਕੀਰ ਨੂੰ ਅਧਿਆਤਮਕ ਨਿਅਮਤ /ਮਾਰਫ਼ਤ ਪ੍ਰਾਪਤ ਹੁੰਦੀ ਹੈ।
ਸਹੁਰਾਵਰਦੀ ਪ੍ਰੰਪਰਾ ਨੂੰ ਹਰਮਨ ਪਿਆਰਾ ਬਣਾਊਣ ਲਈ ਸ਼ੇਖ ਸ਼ਹਾਬ - ਉਦ - ਦੀਨ ਸਹੁਰਵਰਦੀ ਦੇ ਦੋ ਮੁਰੀਦਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਨ੍ਹਾਂ ਵਿੱਚ ਇੱਕ ਫ਼ਾਰਸੀ ਦਾ ਜਗਤ ਪ੍ਰਸਿੱਧ ਸੂਫ਼ੀ ਕਵੀ ਸ਼ੇਖ ਸਾਅਦੀ ਅਤੇ ਦੂਜਾ ਸੂਫ਼ੀ ਕਵੀ ਉਮਰ ਬਿਨ ਫ਼ਰਾਜ਼ ਸੀ।
ਭਾਰਤ ਵਿੱਚ ਸਹੁਰਾਵਰਦੀ ਸੰਪਰਦਾ ਦਾ ਆਰੰਭ ਹਜ਼ਰਤ ਸ਼ੇਖ ਸ਼ਹਾਬ - ਉਦ - ਦੀਨ ਸਹੁਰਵਰਦੀ ਦੇ ਪਿਆਰੇ ਮੁਰੀਦ - ਬਹਾ - ਉਦ - ਦੀਨ ਜ਼ਕਰੀਆ ਨੇ ਮੁਲਤਾਨ ਵਿੱਚ ਖ਼ਾਨਕਾਹ ਸਥਾਪਿਤ ਕਰਕੇ ਕੀਤਾ।ਸ਼ੇਖ ਬਹਾ - ਉਦ - ਦੀਨ ਜ਼ਕਰੀਆ ਦੇ ਬਜ਼ੁਰਗ ਮੱਕੇ ਤੋਂ ਚੱਲ ਕੇ ਮੁਲਤਾਨ ਵਿਖੇ ਆ ਵਸੇ ਸਨ। ਬਚਪਨ ਵਿੱਚ ਹੀ ਆਪ ਮੱਕਾ ਸ਼ਰੀਫ਼ ਦੀ ਯਾਤਰਾ ਲਈ ਗਏ ਤੇ ਕਿੰਨਾ ਹੀ ਸਮਾਂ ਉੱਥੇ ਰਹੇ। ਉਸ ਤੋਂ ਬਾਅਦ ਆਪ ਬਗਦਾਦ ਪਹੁੰਚ ਗਏ ਅਤੇ ਸ਼ਿਹਾਬੁੱਦੀਨ ਸਹੁਰਾਵਰਦੀ ਦੇ ਮੁਰੀਦ ਬਣ ਗਏ ਅਤੇ ਸੂਫ਼ੀਆਨਾ ਜੀਵਨ ਜਾਂਚ ਵਿੱਚ ਪ੍ਰਪੱਕ ਹੋਣ ਉਪਰੰਤ ਭਾਰਤ ਆ ਕੇ ਸੂਫ਼ੀਵਾਦ ਦੇ ਸਿਧਾਤਾਂ ਦਾ ਪ੍ਰਚਾਰ ਅਤੇ ਪਾਸਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।ਸ਼ੇਖ ਬਹਾ - ਉਦ - ਦੀਨ ਜ਼ਕਰੀਆ ਦੀ ਨੇਕ - ਸੀਰਤੀ ਸਦਕਾ ਪੰਜਾਬ, ਮੁਲਤਾਨ, ਸਿੰਧ ਆਦਿ ਇਲਾਕਿਆਂ ਵਿੱਚ ਭਾਰੀ ਗਿਣਤੀ ਵਿੱਚ ਲੋਕ ਸਹੁਰਾਵਰਦੀ ਸੰਪਰਦਾ ਦੇ ਅਨੁਯਾਈ ਹੋ ਗਏ। ‘ਦੀਨ’(ਧਰਮ) ਦੀ ‘ਬਹਾ’ (ਸ਼ਾਨ) ਕਰਕੇ ਆਪ ਨੂੰ ਬਹਾ - ਉਦ - ਦੀਨ ਕਿਹਾ ਜਾਂਦਾ ਸੀ।ਸ਼ੇਖ ਬਹਾ - ਉਦ - ਦੀਨ ਜ਼ਕਰੀਆਦੀ ਵਫ਼ਾਤ ਤੋਂ ਬਾਅਦ ਉਨ੍ਹਾਂ ਦੇ ਵੱਡੇ ਪੁੱਤਰ ਸ਼ੇਖ ਸਦਰੁੱਦੀਨ ਜ਼ਕਰੀਆ ਨੂੰ ਮੁਲਤਾਨ ਦੀ ਸਹੁਰਾਵਰਦੀ ਖ਼ਾਨਕਾਹ ਦਾ ਸੰਚਾਲਕ ਬਣਾਇਆ ਗਿਆ।ਸ਼ੇਖ ਸਦਰੁੱਦੀਨ ਜ਼ਕਰੀਆ ਦੀ ਵਫ਼ਾਤ (1286ਈ.) ਤੋਂ ਬਾਅਦ ਮੁਲਤਾਨ ਦੀ ਖ਼ਾਨਕਾਹ ਉਸਦੇ ਮੁਰੀਦ ਸ਼ੇਖ ਰੁਕਨੁੱਦੀਨ ਜ਼ਕਰੀਆ (ਵਫ਼ਾਤ 1335 ਈ.) ਨੂੰ ਸੌਂਪੀ ਗਈ। ਸ਼ੇਖ ਬਹਾ - ਉਦ - ਦੀਨ ਜ਼ਕਰੀਆ ਦੇ ਕੁੱਝ ਹੋਰ ਮੁਰੀਦਾਂ - ਅਮੀਰ ਹੁਸੈਨੀ ਸਾਦਤ (ਵਫ਼ਾਤ 1328 ਈ.) ਨੇ ਹੇਰਾਤ ਵਿੱਚ, ਸੱਯਦ ਜਲਾਲੁੱਦੀਨ ਸ਼ਾਹ ਮੀਰ ‘ਸੁਰਖ ਪੋਸ਼’ (ਵਫ਼ਾਤ 1291 ਈ.) ਨੇ ਉੱਚ ਵਿੱਚ ਅਤੇ ਸ਼ੇਖ ਫ਼ਖ਼ਰੁੱਦੀਨ ਇਰਾਕੀ (ਵਫ਼ਾਤ 1289 ਈ.) ਨੇ ਸਰੀਆ ਦੇਸ਼ ਦੀ ਰਾਜਧਾਨੀ ਦਮਿਸ਼ਕ ਵਿੱਚ ਸਹੁਰਾਵਰਦੀ ਸੰਪਰਦਾ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ।
ਉਪਰੋਕਤ ਅਧਿਐਨ ਤੋਂ ਬਾਅਦ ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਸੂਫ਼ੀਵਾਦ ਇਸਲਾਮੀ ਚਿੰਤਨ ਦਾ ਅਧਿਆਤਮਕ ਅੰਗ ਹੈ।ਇਸਲਾਮੀ ਜਗਤਵਿਚ ਸੂਫ਼ੀ ਦਾ ਸਥਾਨ ਅਤਿ ਉਚੱਤਮ ਅਤੇ ਸਤਿਕਾਰ ਭਰਿਆ ਹੈ। ਸੂਫ਼ੀ ਸ਼ਬਦ ਆਪਣੀ ਅੰਦਰੂਨੀ ਭਾਵਨਾ ਅਨੁਸਾਰ ਸ਼ਬਦ ਪਵਿੱਤਰਤਾ ਦੇ ਅਧਿਕ ਨੇੜੇ ਹੈ। ਸੂਫ਼ੀ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਸਦਾ ਦਿਲ ਤਮਾਮ ਬੇਰਾਈਆਂ ਤੋਂ ਦੂਰ ਹੋਵੇ ਉਸਨੂੰ ਰੱਬ ਦੀ ਹੋਂਦ ਅਤੇ ਉਸਦੀ ਪ੍ਰਾਪਤੀ ਹੋਵੇ। ਇਸ ਤਰ੍ਹਾਂ ਤਸੱਵੁਫ਼ ਦਾ ਮੁੱਖ ਮੰਤਵਦਿਲ ਨੂੰ ਗ਼ੈਰ ਅੱਲਾਹ ਤੋਂ ਦੂਰ ਕਰਕੇ ਰੱਬੀ ਨੇੜਤਾ ਪ੍ਰਾਪਤ ਕਰਨਾ ਹੈ।
ਸੂਫ਼ੀਵਾਦ ਦਾ ਨਿਕਾਸ ਤੇ ਵਿਕਾਸ ਪੂਰਨ ਰੂਪ ਵਿੱਚ ਇਸਲਾਮੀ ਚਿੰਤਨ ‘ਤੇ ਅਧਾਰਿਤ ਹੈ। ਅਤਿਅੰਤ ਇਬਾਦਤ, ਰਜ਼ਾ - ਏ - ਇਲਾਹੀ ਵਿੱਚ ਰਾਜ਼ੀ ਰਹਿਣਾ, ਨਫ਼ਸਾਨੀ ਖ਼ਾਹਿਸ਼ਾਂ ਦਾ ਤਿਆਗ, ਆਤਮਿਕ ਸ਼ੁੱਧਤਾ, ਤਰਕ - ਦੁਨੀਆ ਅਰਥਾਤ ਦੁਨਿਆਵੀ ਬੁਰਾਈਆਂ ਦਾ ਤਿਆਗ ਸੂਫ਼ੀਆਨਾ ਜੀਵਨ ਜਾਂਚ ਦੇ ਮੂਲ - ਪਛਾਣ ਚਿੰਨ੍ਹ ਹਨ। ਮੁੱਢਲੇ ਦੌਰ ਦੇ ਸੂਫ਼ੀ ਲੋਕ ਸ਼ਰੀਅਤ ਦੀ ਪੈਰਵੀ ਅਧੀਨ ਕਠਿਨ ਤਪੱਸਿਆ ਭਰਿਆ ਜੀਵਨ ਬਤੀਤ ਕਰਦੇ ਸਨ। ਸਮਾਂ ਬੀਤਣ ਦੇ ਨਾਲ - ਨਾਲ ਸੂਫ਼ੀਵਾਦ ਨਵੀਨ ਸਿਧਾਂਤਕ ਅਤੇ ਵਿਵਹਾਰਕ ਪਾਸਾਰ ਗ੍ਰਹਿਣ ਕਰਦਾ ਗਿਆ।
ਇਸ ਸੰਪ੍ਰਦਾ ਵਿੱਚ ਪ੍ਰਵੇਸ਼ ਕਰਨ ਵਾਲੇ ਸਾਧਕ ਨੂੰ ਸਭ ਤੋਂ ਪਹਿਲਾਂ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰਨਾ ਪੈਂਦਾ ਹੈ। ਇਸ ਪਿੱਛੋਂ ਉਸਨੂੰ ਕਲਮਾਂ ਪੜ੍ਹਨਾ ਪੈਂਦਾ ਅਤੇ ਧਰਮ ਉੱਤੇ ਪੂਰਾ ਈਮਾਨ ਲਿਆਉਣ ਲਈ ਕਿਹਾ ਜਾਂਦਾ ਹੈ। ਨਮਾਜ਼ ਅਤੇ ਰੋਜ਼ਾ ਰੱਖਣ ਉੱਤੇ ਪੂਰਾ ਜ਼ੋਰ ਦਿੱਤਾ ਜਾਂਦਾ ਹੈ।
ਹਵਾਲੇ
[ਸੋਧੋ]1. ਸੂਫ਼ੀਅਤ ਅਤੇ ਪੰਜਾਬੀ ਸੂਫ਼ੀ ਕਾਵਿ - ਪੋ੍ਰ. ਬਿਕਰਮ ਸਿੰਘ ਘੁੰਮਣ
2. ਪੰਜਾਬੀ ਸੂਫ਼ੀ ਕਾਵਿ ਦਾ ਸੰਚਾਰ - ਵਿਧਾਨ - ਡਾ. ਹਰਪ੍ਰੀਤ ਰੂਬੀ
3. ਇਸਲਾਮੀ ਚਿੰਤਨ ਅਤੇ ਪੰਜਾਬੀ ਸੂਫ਼ੀ ਕਵਿਤਾ - ਡਾ. ਅਨਵਰ ਚਿਰਾਗ
4. ਸੂਫ਼ੀਵਾਦ ਅਤੇ ਪੰਜਾਬੀ ਸੂਫ਼ੀ ਕਾਵਿ ਪ੍ਰਵਚਨ - ਡਾ. ਭਲਿੰਦਰ ਸਿੰਘ