ਸੱਭਿਆਚਾਰ ਅਤੇ ਭੂਗੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੂਗੋਲ ਸਭਿਆਚਾਰ ਦਾ ਅਜਿਹਾ ਤੱਤ ਹੈ, ਜੋ ਹਰ ਸਭਿਆਚਾਰ ਦੀ ਵੱਖਰੀ ਨੁਹਾਰ ਨੂੰ ਨਿਰਧਾਰਿਤ ਕਰਦਾ ਹੈ। ਇਸ ਗੱਲ ਨੂੰ ਸਪਸ਼ਟ ਕਰਦੇ ਹੋਏ ਡਾ. ਜਸਵਿੰਦਰ ਸਿੰਘ ਆਪਣੀ ਪੁਸਤਕ ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ ਵਿੱਚ ਲਿਖਦੇ ਹਨ ਕਿ ਸਭਿਆਚਾਰ ਦਾ ਪ੍ਰਾਥਮਿਕ ਪਛਾਣ ਚਿੰਨ੍ਹ ਭੂਗੋਲ ਹੈ। ਪ੍ਰੰਤੂ ਇਸ ਸਬੰਧੀ ਵਿਦਵਾਨਾਂ ਵਿੱਚ ਮਤਭੇਦ ਪਾਏ ਜਾਂਦੇ ਹਨ, ਕੁਝ ਵਿਦਵਾਨ ਮੰਨਦੇ ਹਨ ਕਿ ਸਭਿਆਚਾਰ ਦੀ ਰੂਪ-ਰੇਖਾ ਭੂਗੋਲਿਕ ਹਾਲਾਤ ਨਿਰਧਾਰਿਤ ਕਰਦੇ ਹਨ। ਜਿਵੇਂ ਕਿ ਸਾਡਾ ਖਾਣ ਪੀਣ,ਪਹਿਰਾਵਾ, ਭਾਸ਼ਾ, ਹਾਰ ਸਿੰਗਾਰ, ਕਦਰਾਂ-ਕੀਮਤਾਂ ਆਦਿ। ਪਰ ਕੁਝ ਵਿਦਵਾਨਾਂ ਅਨੁਸਾਰ ਇਤਿਹਾਸ ਸਭਿਆਚਾਰ ਦੇ ਸਰੂਪ ਨੂੰ ਨਿਰਧਾਰਿਤ ਕਰਦਾ ਹੈ। ਜਿਵੇਂ ਕਿ ਪੰਜਾਬੀ ਔਰਤਾਂ ਦਾ ਪਹਿਰਾਵਾ ਸਲਵਾਰ ਸੂਟ ਮੱਧ ਏਸੀਆ ਦੀ ਦੇਣ ਹੈ ਅਤੇ ਮਰਦਾਂ ਦਾ ਪਹਿਰਾਵਾ ਪਛਮੀ ਦੇਸ਼ਾ ਦੀ ਦੇਣ ਹੈ। ਪੰਜਾਬ ਵਿੱਚ ਮੱਕੀ ਸਾਡੇ ਇਤਿਹਾਸ ਵਿਚੋਂ ਆਈ ਹੈ, ਇਸ ਤਰ੍ਹਾਂ ਇਹ ਇੱਕ ਵਿਵਾਦ ਦਾ ਵਿਸ਼ਾ ਹੈ। ਇਸ ਵਿਵਾਦ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਅਸੀਂ ਭੂਗੋਲ ਤੇ ਸਭਿਆਚਾਰ ਦੇ ਆਪਸੀ ਸੰਬੰਧਾਂ ਬਾਰੇ ਵਿਚਾਰ ਚਰਚਾ ਕਰਾਂਗੇ, ਪਰ ਇਸ ਵਿਚਾਰ ਚਰਚਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਭੂਗੋਲ ਨੂੰ ਸਭਿਆਚਾਰ ਰੂਪ ਵਿੱਚ ਕੀ ਮੰਨਦੇ ਹਾਂ। ਇਸ ਗੱਲ ਨੂੰ ਸਪਸ਼ਟ ਕਰਦੇ ਹੋਏ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਖਿਤੇ ਦੇ ਭੂਗੋਲ ਵਿੱਚ ਉਸ ਇਲਾਕੇ ਜਾਂ ਦੇਸ਼ ਦੇ ਚੌਗਿਰਦੇ ਦੀ ਹੱਦਬੰਦੀ ਅਤੇ ਧਰਤੀ ਨਾਲ ਸਬੰਧਿਤ ਸਾਰੇ ਤੱਤ ਸ਼ਾਮਿਲ ਹੁੰਦੇ ਹਨ।[1] ਉਪਰੋਕਤ ਦੋਨਾਂ ਵਿਦਵਾਨਾਂ ਦੇ ਅਧਾਰ ਤੇ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਹਰ ਇੱਕ ਸਭਿਆਚਾਰ ਵਿੱਚ ਸ਼ਾਮਿਲ ਭਾਸ਼ਾ, ਕਦਰਾਂ ਕੀਮਤਾਂ, ਰਹਿਣ ਸਹਿਣ, ਖਾਣ ਪੀਣ, ਪਹਿਰਾਵਾ, ਹਾਰ ਸਿੰਗਾਰ, ਆਦਿ ਦੀ ਸ਼ੁਰੂਆਤ ਤਾਂ ਭੂਗੋਲ ਤੋਂ ਹੋਈ ਹੈ ਤੇ ਫਿਰ ਓਹੀ ਭੂਗੋਲ ਦੂਸਰੀਆਂ ਥਾਵਾਂ ਲਈ ਇਤਿਹਾਸ ਬਣ ਕੇ ਸਾਡੇ ਸਾਹਮਣੇ ਪੇਸ਼ ਹੋਇਆ ਹੈ | ਭੂਗੋਲ ਦੀ ਸਭਿਆਚਾਰ ਦੇ ਪ੍ਰਸੰਗ ਵਿੱਚ ਆਦਿ ਕਾਲ ਤੋਂ ਅਜੋਕੇ ਯੁੱਗ ਤੱਕ ਲਗਾਤਾਰ ਬੁਨਿਆਦੀ ਮਹੱਤਤਾ ਰਹੀ ਹੈ। ਇਸ ਸਬੰਧੀ ਦੋ ਮਤ ਸਾਡੇ ਸਾਹਮਣੇ ਆਉਂਦੇ ਹਨ:-

ਪਹਿਲਾ ਮਤ:- ਪਹਿਲਾ ਮਤ ਭੂਗੋਲਿਕ ਸਥਿਤੀ ਨੂੰ ਸਭਿਆਚਾਰਕ ਰੂਪ ਰੇਖਾ ਨਿਸ਼ਚਿਤ ਕਰਨ ਵਾਲੀ ਮੁੱਢਲੀ ਚੀਜ਼ ਮੰਨਦਾ ਹੈ। ਇਥੋਂ ਤੱਕ ਕਿ ਬਹੁਤੀ ਵਾਰੀ ਵਿਸ਼ੇਸ਼ ਸਭਿਆਚਾਰ ਦਾ ਨਾਮਕਰਣ ਵੀ ਭੂਗੋਲ ਜਾਂ ਖਿਤੇ ਤੋਂ ਹੀ ਹੁੰਦਾ ਹੈ, ਜਿਵੇਂ ਪੰਜਾਬ ਤੋਂ ਪੰਜਾਬੀ ਸਭਿਆਚਾਰ, ਬੰਗਾਲ ਤੋਂ ਬੰਗਾਲੀ ਸਭਿਆਚਾਰ ਇਸ ਵਿਚਾਰਧਾਰਾ ਦੇ ਸਮਰਥਕ ਕੁੱਝ ਅਜਿਹੇ ਪੱਖਾਂ ਤੇ ਜੋਰ ਦਿੰਦੇ ਹਨ, ਜੋ ਮਨੁੱਖੀ ਸ਼ਕਤੀ ਤੋਂ ਪਰ੍ਹੇ ਹਨ, ਜਿਵੇਂ ਕਿ ਭੂਮੀ ਦਾ ਚੰਨ ਨਾਲ ਤੇ ਸੂਰਜ ਨਾਲ ਸੰਬੰਧ, ਭੂਮੀ ਦੀਆਂ ਕਿਸਮਾਂ, ਦਰਿਆਵਾਂ ਦੀ ਹੋਂਦ, ਸਮੁੰਦਰੀ ਖੇਤਰ, ਮੈਦਾਨੀ ਪਹਾੜੀ ਇਲਾਕੇ ਆਦਿ।ਬਕਲ ਨੇ ਹਿਸਟਰੀ ਆਫ਼ ਸਿਵਿਲਾਈਜੇਸ਼ਨ ਇੰਨ ਇੰਗਲਿਸ਼ ਵਿੱਚ ਲਿਖਦਿਆਂ ਇਸ ਗੱਲ ਤੇ ਜੋਰ ਦਿਤਾ ਹੈ ਕਿ ਸਭਿਆਚਾਰ ਤੇ ਭੂਗੋਲਿਕ ਤੱਥਾਂ ਦਾ ਪ੍ਰਭਾਵ ਸਭ ਤੋਂ ਵਧੇਰੇ ਪੈਂਦਾ ਹੈ। ਡਾ. ਮੁਹਿੰਦਰਜੀਤ ਸਿੰਘ ਅਨੁਸਾਰ ਕਿਸੇ ਇਲਾਕੇ ਨੂੰ ਪ੍ਰਭਾਸ਼ਿਤ ਕਰਨ ਲਈ ਜਿੱਥੇ ਭੂਗੋਲਿਕ ਤੱਤ ਆਪਣਾ ਮਹੱਤਵ ਰੱਖਦੇ ਹਨ, ਉੱਥੇ ਸਭਿਆਚਾਰਕ (ਸਮਾਜਿਕ, ਆਰਥਿਕ, ਰਾਜਨੀਤਿਕ) ਤੱਤਾਂ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਇਹ ਠੀਕ ਹੈ ਕਿ ਕਿਸੇ ਵੀ ਸਭਿਆਚਾਰ ਦੇ ਨਿਰਮਾਣ ਵਿੱਚ ਉਸ ਇਲਾਕੇ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਖਾਸ ਮਹੱਤਵ ਹੈ। ਪਰ ਇਸ ਦੇ ਉਲਟ ਉਸ ਇਲਾਕੇ ਦਾ ਸਭਿਆਚਾਰ ਵੀ ਉਥੋਂ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਨੂੰ ਨਿਰਧਾਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਦੂਸਰਾ ਮਤ:- ਇਹ ਮਤ ਭੂਗੋਲਿਕ ਸਥਿਤੀ ਤੇ ਸਭਿਆਚਾਰ ਵਿਚਕਾਰ ਕਿਸੇ ਵੀ ਤਰਾਂ ਦੇ ਸੰਬੰਧ ਮੰਨਣ ਤੋਂ ਇੰਨਕਾਰੀ ਹਨ। ਸਭਿਆਚਾਰ ਇੱਕ ਸੁਤੰਤਰ ਗਤੀਸ਼ੀਲ ਵਰਤਾਰਾ ਹੈ, ਜਦੋਂ ਕਿ ਭੂਗੋਲਿਕ ਹਾਲਾਤਾਂ ਵਿੱਚ ਪਰਿਵਰਤਨ ਬਹੁਤ ਘੱਟ ਹੁੰਦਾ ਹੈ। ਨਵੀਨ ਯੁੱਗ 'ਚ ਵਿਸ਼ਵ ਪੱਧਰ ਤੇ ਹੋ ਰਹੇ ਸਭਿਆਚਾਰ ਸੁਮੇਲ ਦੇ ਯਤਨ ਕਾਰਨ ਭੂਗੋਲਿਕ ਸਥਿਤੀ ਦਾ ਪ੍ਰਭਾਵ ਹੋਰ ਵੀ ਘੱਟ ਗਿਆ ਹੈ। ਭੂਗੋਲਿਕ ਖਿਤੇ ਦੇ ਜਲਵਾਯੂ ਤੇ ਮੋਸਮ ਦਾ ਵਿਸ਼ੇਸ਼ ਸਭਿਆਚਾਰ ਦੇ ਮਨੁੱਖੀ ਸਰੀਰਕ ਬਣਤਰ, ਨੈਣ-ਨਕਸ਼, ਰੰਗ ਆਦਿ ਸਿਰਜਣ 'ਚ ਅਸਧਾਰਨ ਮਹੱਤਵ ਹੈ। ਬਹੁਤੇ ਰੂੜੀਵਾਦੀ ਵਿਦਵਾਨ ਮਨੁੱਖੀ ਸਭਿਆਚਾਰ ਪਚਾਣ ਚਿੰਨ੍ਹ ਨੂੰ ਸਿਰਫ ਨਸਲੀ ਮੰਨਦੇ ਹਨ। ਇਸ ਕਰਕੇ ਓਹ ਭੂਗੋਲਿਕ ਖਿਤੇ ਦੇ ਮੋਸਮ ਤੇ ਜਲਵਾਯੂ ਦਾ ਚੋਗਿਰਦੇ ਤੇ ਪੈਂਦਾ ਸਿੱਧਾ ਤੇ ਅਸਿੱਧਾ ਪ੍ਰਭਾਵ ਪਛਾਨਣ ਤੋਂ ਅਸਮਰਥ ਹਨ, ਨੱਕ ਦੀ ਬਨਾਵਟ, ਵਾਲਾਂ ਦਾ ਰੰਗ, ਅੱਖਾਂ ਦੀ ਬਨਾਵਟ ਤੋਂ ਲੈ ਕੇ ਕੱਦ ਕਾਠ ਆਦਿ ਵਿਸ਼ੇਸ਼ ਭੂਗੋਲਿਕ ਚੋਗਿਰਦੇ ਵਿੱਚ ਵਿਚਰਦੇ ਲੋਕਾਂ ਦੀ ਲੰਮੀ ਮੋਸਮ ਅਨੁਕੂਲਤਾ ਦਾ ਲਾਜ਼ਮੀ ਪ੍ਰਤੀਫਲ ਹੈ। ਜਿਵੇਂ ਕਿ ਜੇਕਰ ਕਿਤੇ ਜ਼ਿਆਦਾ ਗਰਮੀ ਪੈਂਦੀ ਹੈ ਤਾਂ ਉਥੋਂ ਦੇ ਲੋਕ ਕਾਲੇ ਹਨ ਅਤੇ ਜਿਉਂ ਜਿਉਂ ਭੂ-ਮੱਧ ਰੇਖਾ ਤੋਂ ਉਪਰ ਜਾਈਏ ਤਾਂ ਲੋਕ ਗੋਰੇ ਹੁੰਦੇ ਜਾਂਦੇ ਹਨ। ਇਹ ਰੰਗ ਲੰਮੇ ਸਮੇਂ ਦੇ ਭੂਗੋਲਿਕ ਹਾਲਾਤ ਕਾਰਨ ਹੈ।

ਭੂਗੋਲ ਸਭਿਆਚਾਰ ਦਾ ਮੂਲ ਘਰ ਹੈ, ਜਿਥੇ ਸਭਿਆਚਾਰ ਪਨਪਦਾ ਹੈ। ਜੇਕਰ ਕੋਈ ਮਾਨਵੀ ਸਮੂਹ ਆਪਣਾ ਘਰ ਛੱਡ ਕੇ ਕਿਸੇ ਹੋਰ ਥਾਂ ਚਲਾ ਜਾਵੇ ਤਾਂ ਹੌਲੀ ਹੌਲੀ ਓਹ ਨਵੇਂ ਚੌਗਿਰਦੇ ਅਨੁਸਾਰ ਪਰਿਵਰਤਿਤ ਹੋਣੋ ਬਚ ਨਹੀਂ ਸਕਦਾ ਇਹ ਅਸਰ ਪਹਿਰਾਵੇ, ਖਾਣ-ਪੀਣ, ਰਹਿਣ-ਸਹਿਣ ਆਦਿ 'ਚ ਦੇਖਣ ਨੂੰ ਮਿਲਦੇ ਹਨ। ਭੂਗੋਲ ਮਨੁੱਖ ਲਈ ਕੱਚਾ ਪਦਾਰਥ ਮੁਹੱਇਆ ਕਰਦਾ ਹੈ, ਪਰ ਇਹ ਜਰੂਰੀ ਨਹੀਂ ਕਿ ਓਹ ਕੱਚਾ ਪਦਾਰਥ ਵਰਤਿਆ ਹੀ ਜਾਵੇ। ਉਸਨੂੰ ਵਰਤਣਾ ਹੈ ਜਾਂ ਨਹੀਂ ਜਾਂ ਕਿਵੇਂ ਵਰਤਣਾ ਹੈ ਇਹ ਭੂਗੋਲ ਤੇ ਨਹੀ, ਸਭਿਆਚਾਰ ਤੇ ਨਿਰਭਰ ਕਰਦਾ ਹੈ। ਇੱਕੋ ਚੀਜ਼ ਵੱਖੋ ਵੱਖਰੇ ਸਭਿਆਚਾਰ ਵਿੱਚ ਵੱਖੋ ਵੱਖ ਮੰਤਵ ਪੇਸ਼ ਕਰਦੀ ਹੈ, ਜਿਵੇਂ ਗਾਂ ਕਿਤੇ ਮਾਸ ਲਈ, ਕਿਤੇ ਦੁੱਧ ਲਈ ਅਤੇ ਕਿਤੇ ਪੂਜਣ ਲਈ ਪਾਲੀ ਜਾਂਦੀ ਹੈ।[2] ਇਸੇ ਤਰਾਂ ਇੱਕ ਹੀ ਮਾਹੋਲ ਵਿੱਚ ਦੋ ਵੱਖ ਵੱਖ ਸਭਿਆਚਾਰ ਵੀ ਪਲ ਸਕਦੇ ਹਨ ਜਿਵੇਂ ਕਿ ਅਸਟਰੇਲੀਆ ਵਿੱਚ ਆਦਿ ਮਾਨਵ ਦਾ ਸਭਿਆਚਾਰ ਵੀ ਪਲ ਰਿਹਾ ਹੈ ਤੇ ਗੋਰੇ ਆਦਿ ਵਾਸੀਆਂ ਦਾ ਵੀ। ਇਸ ਦੇ ਉਲਟ ਇੱਕੋ ਸਭਿਆਚਾਰ ਦੋ ਵੱਖ ਵੱਖ ਮਹੋਲਾਂ ਵਿੱਚ ਵੀ ਰਹਿ ਸਕਦਾ ਹੈ, ਜਿਵੇਂ ਨੀਗਰੋ ਸਭਿਆਚਾਰ ਅਫਰੀਕੀ ਤੇ ਅਮਰੀਕੀ ਭੂਗੋਲਿਕ ਹਾਲਾਤਾਂ 'ਚ ਹੈ।[3]

ਉਪਰੋਕਤ ਤੋਂ ਸਪਸ਼ਟ ਹੁੰਦਾ ਹੈ ਕਿ ਸਭਿਆਚਾਰ ਤੇ ਭੂਗੋਲ ਦਾ ਰਿਸ਼ਤਾ ਬਹੁਤ ਡੂੰਘਾ ਹੈ। ਇਸ ਕਰਕੇ ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ। ਭੂਗੋਲ ਮਨੁੱਖ ਦੇ ਖਾਣ ਪੀਣ, ਪਹਿਰਾਵਾ, ਹਾਰ-ਸਿੰਗਾਰ, ਰਹਿਣ-ਸਹਿਣ, ਭਾਸ਼ਾ ਤੇ ਕਦਰਾਂ-ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੈ। ਜਿਸਦਾ ਵੇਰਵਾ ਇਸ ਪ੍ਰਕਾਰ ਹੈ:-

ਖਾਣ-ਪੀਣ  [ਸੋਧੋ]

ਭੋਜਨ ਮਨੁੱਖ ਦੀ ਜੀਵ ਵਿਗਿਆਨਿਕ ਲੋੜ ਹੈ, ਜਿਸ ਤੋਂ ਬਿਨਾ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਵਿਸ਼ੇਸ਼ ਭੂਗੋਲਿਕ ਚੌਗਿਰਦੇ ਅਨੁਕੂਲ ਪ੍ਰਾਪਤ ਖਾਣ ਯੋਗ ਵਸਤਾਂ ਵਿਭਿੰਨ ਸਭਿਆਚਾਰ ਦੀ ਸਥਿਤੀ ਅਨੁਕੂਲ ਵੱਖੋ ਵੱਖਰੀਆਂ ਹੋ ਸਕਦੀਆਂ ਹਨ। ਹਰੇਕ ਸਭਿਆਚਾਰ ਵਿੱਚ ਭੋਜਨ ਪਕਾਉਣ, ਪਰੋਸਣ ਤੇ ਖਾਣ ਦੀ ਵੱਖਰੀ ਵਿਉਂਤ ਹੁੰਦੀ ਹੈ, ਜਿਵੇਂ ਕਿ ਪੱਛਮੀ ਸਭਿਆਚਾਰ ਵਿੱਚ ਕਾਂਟੇ ਛੁਰੀ ਦੀ ਵਰਤੋਂ ਆਮ ਹੈ, ਪਰ ਪੰਜਾਬ ਵਿੱਚ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸੇ ਤਰਾਂ ਭੋਜਨ ਕਿੱਥੇ ਬੈਠ ਕਿ ਖਾਣਾ ਹੈ, ਕਿਵੇਂ ਖਾਣਾ ਹੈ, ਕਿਸ ਨਾਲ ਬੈਠ ਕਿ ਖਾਣਾ ਹੈ, ਇਹ ਸਭ ਕੁਝ ਸਭਿਆਚਾਰ ਵਿੱਚ ਸ਼ਾਮਿਲ ਹੁੰਦਾ ਹੈ, ਜਿਵੇਂ  ਕਿ ਪਿੰਡਾ ਵਿੱਚ ਰਹਿੰਦੇ ਲੋਕਾਂ ਦਾ ਖਾਣ ਪੀਣ ਦਾ ਤਰੀਕਾ ਸ਼ਹਿਰ ਵਿੱਚ ਰਹਿੰਦੇ ਲੋਕਾਂ ਤੋਂ ਬਿਲਕੁਲ ਭਿੰਨ ਹੈ। ਕਿਸੇ ਵੀ ਸਭਿਆਚਾਰ ਵਿੱਚ ਭੋਜਨ ਦੀ ਕਿਸਮ ਭੂਗੋਲ ਰਾਹੀ ਨਿਰਧਾਰਿਤ ਕੀਤੀ ਜਾਂਦੀ ਹੈ। ਭਾਵ ਕਿ ਜੋ ਭੂਗੋਲ ਪੈਦਾ ਕਰਦਾ ਹੈ, ਓਹੀ ਖਾਧਾ ਜਾਂਦਾ ਹੈ, ਜਿਵੇਂ ਕਿ ਮੈਦਾਨੀ ਇਲਾਕੇ ਵਿੱਚ ਅਨਾਜ ਵੱਧ ਮਾਤਰਾ ਵਿੱਚ ਹੁੰਦਾ ਹੈ ਤੇ ਸਮੁੰਦਰ ਦੇ ਨੇੜੇ ਰਹਿੰਦੇ ਲੋਕ ਮੱਛੀ ਕੇਕੜੇ ਆਦਿ ਨੂੰ ਭੋਜਨ ਵਜੋਂ ਵਰਤਦੇ ਹਨ। 

ਪਹਿਰਾਵਾ[ਸੋਧੋ]

ਹਰ ਸਭਿਆਚਾਰ ਵਿੱਚ ਉਥੋਂ ਦੇ ਭੂਗੋਲਿਕ ਖਿਤੇ ਅਨੁਸਾਰ ਕੱਪੜਿਆਂ ਦੀ ਵਰਤੋਂ ਸ਼ੁਰੂ ਹੋਈ ਤੇ ਇਸ ਤਰਾਂ ਪਹਿਰਾਵਾ ਕਿਸੇ ਵੀ ਸੱਭਿਆਚਾਰ ਨੂੰ ਦੂਜੇ ਸਭਿਆਚਾਰ ਤੋਂ ਨਿਖੇੜਨ ਵਾਲਾ ਬਾਹਰੀ ਪਛਾਣ ਚਿੰਨ੍ਹ ਬਣ ਗਿਆ। ਪਹਿਰਾਵਾ ਮਨੁੱਖ ਦੇ ਜੀਵ ਸੰਸਾਰ ਨਾਲੋ ਨਿਖੇੜੇ ਤੋਂ ਸੁਰੂ ਹੋ ਕੇ ਲਿੰਗ, ਉਮਰ, ਰੁਤਬੇ ਤੇ ਰਿਸ਼ਤਿਆਂ ਦੇ ਨਿਖੇੜੇ ਤੱਕ ਵਿਭਿੰਨ ਪੜਾਅ ਤੇ ਪਰਤਾਂ ਗ੍ਰਹਿਣ ਕਰਦਾ ਹੈ। ਹਰੇਕ ਸਭਿਆਚਾਰ ਸਮੂਹ ਨੇ ਆਪਣੇ ਭੂਗੋਲਿਕ ਚੌਗਿਰਦੇ, ਮੋਸਮ, ਪ੍ਰਾਪਤ ਕੱਚੀ ਸਮੱਗਰੀ ਅਤੇ ਕੀਤੇ ਪਦਾਰਥ ਵਿਕਾਸ ਦੇ ਅਧਾਰ ਤੇ ਪਹਿਰਾਵਾ ਸਿਰਜਿਆ ਹੈ, ਜਿਵੇਂ ਗਰਮ ਇਲਾਕਿਆਂ ਤੇ ਸਰਦ ਇਲਾਕਿਆਂ ਦੇ ਪਹਿਰਾਵੇ ਵਿੱਚ ਮੂਲ ਅੰਤਰ ਹੁੰਦਾ ਹੈ। ਪਹਿਰਾਵੇ ਵਿੱਚ ਕੱਪੜੇ ਦੀ ਕਿਸਮ, ਬੁਨਣ ਸੀਣ ਦੇ ਸੰਦ ਤੇ ਢੰਗ ਪਹਿਨਣ ਦੇ ਸਲੀਕੇ ਵੱਖੋ ਵੱਖਰੇ ਸਭਿਆਚਾਰ ਵਿੱਚ ਵੱਖੋ ਵੱਖਰੇ ਹੁੰਦੇ ਹਨ, ਜਿਵੇਂ ਕਿ ਗਰਮ ਮੁਲਕਾਂ ਵਿੱਚ ਖੁੱਲੇ, ਸੂਤੀ ਤੇ  ਪਤਲੇ ਲਿਬਾਸ ਪਹਿਨੇ ਜਾਂਦੇ ਹਨ ਅਤੇ ਸਰਦ ਮੁਲਕਾਂ ਵਿੱਚ ਤੰਗ, ਮੋਟੇ ਤੇ ਪਰਤਦਾਰ ਲਿਬਾਸ ਪਹਿਨੇ ਜਾਂਦੇ ਹਨ। ਅੱਜ ਭਾਵੇਂ ਵਿਸ਼ਵੀਕਰਨ ਤੇ ਸਭਿਆਚਾਰੀਕਰਨ ਕਰਕੇ  ਪਹਿਰਾਵਾ ਬਦਲ ਰਿਹਾ ਹੈ। ਪਰ ਫਿਰ ਵੀ ਇਹ ਭੂਗੋਲਿਕ ਸਥਿਤੀ ਅਨੁਸਾਰ ਹੀ ਪਾਇਆ ਜਾਂਦਾ ਹੈ, ਜਿਵੇਂ ਕਿ ਭਾਰਤੀ ਲੋਕ ਪੱਛਮੀ ਪਹਿਰਾਵੇ ਨੂੰ ਆਪਣੀ ਭੂਗੋਲਿਕ ਸਥਿਤੀ ਅਨੁਸਾਰ ਪਾਉਂਦੇ ਹਨ। ਪਹਿਰਾਵੇ ਵਿੱਚ ਸ਼ਾਮਿਲ ਬੁਰਕੇ ਦੀ ਵਰਤੋਂ ਵੀ ਭੂਗੋਲਿਕ ਸਥਿਤੀਆਂ ਤੋਂ ਪ੍ਰਭਾਵਿਤ ਹੋ ਕਿ ਕੀਤੀ ਜਾਣ ਲੱਗੀ ਜਿਵੇਂ ਅਰਬ ਇਲਾਕੇ ਮਾਰੂਥਲ ਸਨ ਤੇ ਉੱਥੇ ਰੇਤ ਬਹੁਤ ਉੱਡਦੀ ਸੀ, ਇਸ ਰੇਤ ਤੋਂ ਬਚਣ ਲਈ ਬੁਰਕੇ ਦੀ ਵਰਤੋਂ ਕੀਤੀ ਗਈ।[4]

ਹਾਰ-ਸਿੰਗਾਰ[ਸੋਧੋ]

ਹਾਰ-ਸਿੰਗਾਰ ਨੂੰ ਸਭਿਆਚਾਰ ਤੇ ਭੂਗੋਲ ਬਹੁਤ ਪ੍ਰਭਾਵਿਤ ਕਰਦਾ ਹੈ, ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਠੰਡੇ ਇਲਾਕਿਆਂ ਵਿੱਚ ਹਰ ਔਰਤ ਵਾਲ ਖੁੱਲੇ ਰੱਖਦੀ ਹੈ, ਪਰ ਇਸ ਦੇ ਉਲਟ ਜਿੱਥੇ ਗਰਮੀ ਪੈਂਦੀ ਹੈ, ਉੱਥੇ ਔਰਤਾਂ ਵਾਲ ਬੰਨ ਕੇ ਰੱਖਦੀਆਂ ਹਨ। ਇਹ ਭੂਗੋਲਿਕ ਹਲਾਤਾਂ ਦੇ ਕਾਰਨ ਹੀ ਹੈ। ਇਸ ਤਰਾਂ ਦੂਜੇ ਪਾਸੇ ਪੰਜਾਬੀ ਲੋਕ ਹਾਰ-ਸਿੰਗਾਰ ਲਈ ਪੰਜਾਬੀ ਵਸਤਾਂ ਜਿਵੇਂ ਟਿੱਕਾ, ਹਾਰ, ਕਾਂਟਿਆਂ ਆਦਿ ਦੀ ਵਰਤੋਂ ਕਰਦੇ ਹਨ, ਪਰ ਪਹਾੜੀ ਇਲਾਕਿਆਂ ਵਿੱਚ ਫੁੱਲਾਂ ਦੀ ਬਹੁਤਾਂਤ ਹੋਣ ਕਰਕੇ ਫੁੱਲਾਂ ਨਾਲ ਸਿੰਗਾਰ ਕੀਤਾ ਜਾਂਦਾ ਹੈ। 

ਰਹਿਣ-ਸਹਿਣ[ਸੋਧੋ]

ਮਨੁੱਖ ਦੇ ਰਹਿਣ ਸਹਿਣ ਦਾ ਪ੍ਰਬੰਧ ਵੀ ਭੂਗੋਲਿਕ ਅਤੇ ਇਤਿਹਾਸਿਕ ਵਾਤਾਵਰਣ ਕਰਕੇ ਹੀ ਹੁੰਦਾ ਹੈ। ਜਿਸ ਤਰਾਂ ਦਾ ਭੂਗੋਲਿਕ ਚੌਗਿਰਦਾ ਕਿਸੇ ਜਗਾਂ ਤੇ ਹੁੰਦਾ ਹੈ, ਉਸੇ ਤਰਾਂ ਦਾ ਰਹਿਣ ਦਾ ਢੰਗ ਤਰੀਕਾ ਹੁੰਦਾ ਹੈ, ਜਿਵੇਂ ਕਿ ਮੈਦਾਨੀ ਇਲਾਕਿਆਂ ਵਿੱਚ ਮਕਾਨ ਚੋਰਸ ਜਾਂ ਆਇਤਾਕਾਰ ਅਕਾਰ ਦੇ ਬਣੇ ਹੁੰਦੇ ਹਨ। ਪਰ ਪਹਾੜੀ ਇਲਾਕਿਆਂ ਵਿੱਚ ਜ਼ਮੀਨ ਪੱਧਰੀ ਨਾ ਹੋਣ ਕਰਕੇ ਉੱਥੇ ਮਕਾਨ ਟੇਡੇ ਮੇਡੇ ਅਕਾਰ ਵਿੱਚ ਨਜ਼ਰ ਆਉਂਦੇ ਹਨ। ਇਸ ਵਿੱਚ ਕੋਈ ਸ਼ਕ ਨਹੀਂ ਹੈ, ਕਿ ਮਨੁੱਖ ਆਪਣੇ ਰਹਿਣ ਸਹਿਣ ਲਈ ਮਕਾਨ ਭੂਗੋਲਿਕ ਹਾਲਤਾਂ ਅਨੁਸਾਰ ਬਣਾਉਂਦਾ ਹੈ, ਕਿਉਂਕਿ ਮਕਾਨਾਂ ਦੀ ਬਣਾਵਟ ਭੂਗੋਲਿਕ ਹਾਲਾਤਾਂ ਤੇ ਨਿਰਭਰ ਕਰਦੀ ਹੈ, ਜਿਵੇਂ ਕਿ ਅਸਾਮ ਵਿੱਚ ਬਹੁਤ ਜਿਆਦਾ ਵਰਖਾ ਹੋਣ ਕਰਕੇ ਉੱਥੇ ਮਕਾਨ ਧਰਤੀ ਤੋਂ 12 ਫੁੱਟ ਦੀ ਉਚਾਈ ਤੇ ਬੰਬੂ ਪਿਲਰ ਦੀ ਸਹਾਇਤਾ ਨਾਲ ਬਣਾਏ ਜਾਂਦੇ ਹਨ ਤੇ ਉਨ੍ਹਾਂ ਦੀਆਂ ਛੱਤਾਂ ਢਲਾਣਨੂਮਾਂ ਹੁੰਦੀਆਂ ਹਨ ਤਾਂ ਜੋ ਬਾਰਿਸ਼ ਦਾ ਪਾਣੀ ਉੱਪਰ ਨਾ ਰੁਕ ਸਕੇ। ਇਸ ਤਰਾਂ ਜਿੱਥੇ ਬਰਫ਼ ਜਿਆਦਾ ਪੈਂਦੀ ਹੈ, ਉੱਥੇ ਅਸਥਾਈ ਤੇ ਲੱਕੜ ਦੇ ਮਕਾਨ ਬਣਾਏ ਜਾਂਦੇ ਹਨ, ਦੂਜੇ ਪਾਸੇ ਸਮਤਲ ਥਾਵਾਂ ਤੇ ਮਕਾਨ ਸਥਾਈ ਤੇ ਸਮਤਲ ਹੁੰਦੇ ਹਨ। 

ਭਾਸ਼ਾ[ਸੋਧੋ]

ਭਾਸ਼ਾ ਤੇ  ਸਭਿਆਚਾਰ ਦਾ ਸਬੰਧ ਇਨਾ ਡੂੰਘਾ ਹੈ, ਕਿ ਵਿਭਿੰਨ ਸਭਿਆਚਾਰਾਂ ਦੀ ਨਿਵੇਕਲੀ ਪਛਾਣ ਦਾ ਮੂਲ ਅਧਾਰ ਚਿੰਨ੍ਹ ਭਾਸ਼ਾ ਨੂੰ ਹੀ ਪ੍ਰਵਾਨ ਕੀਤਾ ਜਾਂਦਾ ਹੈ। ਇੱਕ ਭਾਸ਼ਾ ਹੀ ਹੈ ਜਿਹੜੀ ਮਨੁੱਖ ਨੂੰ ਪਸ਼ੂ ਜਗਤ ਤੋਂ ਵੱਖ ਕਰਦੀ ਹੈ। ਵਿਸ਼ੇਸ਼ ਭੂਗੋਲਿਕ ਤੇ ਇਤਿਹਾਸਿਕ ਅਨੁਭਵ ਅਨੁਕੂਲ ਸ਼ਬਦਾਵਲੀ ਦੀ ਘਾੜਤ ਪੱਖੋਂ ਭਾਸ਼ਾ ਅਤੇ ਸਭਿਆਚਾਰ ਪੱਖੀ ਹੈਰਾਨੀਜਨਕ ਪਹਿਲੂ ਉਭਰਦੇ ਹਨ, ਜਿਵੇਂ ਕਿ ਪੰਜਾਬੀ ਸਭਿਆਚਾਰ ਵਿੱਚ ਹਰੇਕ ਰਿਸ਼ਤੇ ਲਈ ਵੱਖਰੇ ਵੱਖਰੇ ਸ਼ਬਦ ਹਨ, ਜਿਵੇਂ ਚਾਚਾ, ਤਾਇਆ, ਮਾਸੜ, ਫੁੱਫੜ ਆਦਿ। ਜਦਕਿ ਅੰਗਰੇਜੀ ਸਭਿਆਚਾਰ ਵਿੱਚ ਇੰਨਾ ਸਭ ਲਈ ਇਕੋ ਹੀ ਸ਼ਬਦ ਅੰਕਲ ਵਰਤਿਆ ਜਾਂਦਾ ਹੈ। ਹਰ ਇੱਕ ਭਾਸ਼ਾ ਆਪਣੇ ਆਪ ਵਿੱਚ ਸਾਰਥਕ ਹੁੰਦੀ ਹੈ। ਸਾਨੂੰ ਸਭ ਨੂੰ ਇੱਕ ਤੋਂ ਵਧੇਰੇ ਭਾਸ਼ਾਵਾਂ ਦਾ ਗਿਆਨ ਹੁੰਦਾ ਹੈ। ਇਸ ਤਰਾਂ ਅਸੀਂ ਕਿਸੇ ਵੀ ਮਨੁੱਖ ਦੀ ਭਾਸ਼ਾ ਸੁਣ ਕਿ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਕਿਹੜੇ ਸਭਿਆਚਾਰ ਨਾਲ ਸਬੰਧ ਰਖਦਾ ਹੈ। ਇਹ ਵੀ ਜਰੂਰੀ ਨਹੀਂ ਕਿ ਇੱਕ ਸਭਿਆਚਾਰ ਵਿੱਚ ਸਿਰਫ ਇੱਕ ਹੀ ਭਾਸ਼ਾ ਬੋਲੀ ਜਾਵੇ, ਕਿਉਂਕਿ ਭਾਸ਼ਾ ਦਾ ਰੂਪ ਸਮੇਂ ਤੇ ਦੂਰੀ ਨਾਲ ਬਦਲਦਾ ਜਾਂਦਾ ਹੈ। ਜਿਵੇਂ ਕਿ ਪੰਜਾਬ ਵਿੱਚ ਵੀ ਇੱਕ ਅਖਾਣ ਹੈ ਕਿ ਬਾਰਾਂ ਕੋਹ ਤੇ ਭਾਸ਼ਾ ਬਦਲ ਜਾਂਦੀ ਹੈ, ਭਾਵ ਕਿ ਬਾਰਾਂ ਕੋਹ ਤੇ ਭੂਗੋਲਿਕ ਹਾਲਤ ਬਦਲ ਜਾਂਦੇ ਹਨ। ਇਸ ਤਰਾਂ ਭੂਗੋਲਿਕ ਹਾਲਾਤ ਕਿਸੇ ਮਨੁੱਖ ਦੁਆਰਾ ਬੋਲੀ ਜਾਂਦੀ ਭਾਸ਼ਾ ਬੋਲਣ ਦੇ ਢੰਗ ਤੇ ਵੀ ਅਸਰ ਪਾਉਂਦੇ ਹਨ, ਜਿਵੇਂ ਕਿ ਗਰਮ ਇਲਾਕਿਆਂ 'ਚ ਮਨੁਖ ਦੇ ਬੋਲਣ ਦਾ ਢੰਗ ਖਰਵਾ ਹੈ ਤੇ ਠੰਡੇ ਇਲਾਕਿਆਂ 'ਚ ਰਹਿਣ ਵਾਲਾ ਵਿਅਕਤੀ ਸੋਫਟ ਬੋਲਦਾ ਹੈ।

ਕਦਰਾਂ-ਕੀਮਤਾਂ[ਸੋਧੋ]

ਕਦਰਾਂ ਕੀਮਤਾਂ ਮਨੁੱਖੀ ਜਗਤ ਵਾਂਗ ਮਨੁੱਖੀ ਕੀਮਤਾਂ ਦਾ ਸੰਸਾਰ ਵੀ ਬੜਾ ਵਿਸ਼ਾਲ ਹੈ। ਇੱਕ ਮਨੁੱਖ ਲਈ ਆਪਣੇ ਸਭਿਆਚਾਰ ਵਿੱਚ ਹੋਂਦਸ਼ੀਲ  ਕੁਝ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਜਾਣ ਸਕਣਾ ਅਤਿ ਮੁਸ਼ਕਿਲ ਹੀ ਨਹੀਂ ਅਸੰਭਵ ਹੈ। ਸਭਿਆਚਾਰ ਵਿੱਚ ਕਦਰਾਂ ਕੀਮਤਾਂ ਇਤਿਹਾਸ ਤੇ ਭੂਗੋਲ ਦੋਨੋਂ ਕਾਰਨ ਹੀ ਬਣਦੀਆਂ ਹਨ। ਮਨੁੱਖ ਜਦੋਂ ਇਸ ਸੰਸਾਰ ਵਿੱਚ ਅਣਜਾਣ ਸੀ ਤਾਂ ਉਹ ਹਰ ਚੀਜ਼ ਤੋਂ ਡਰਦਾ ਸੀ। ਇਸ ਡਰ ਵਿਚੋਂ ਹੀ ਰੱਬ ਦਾ ਸੰਕਲਪ ਪੈਦਾ ਹੋਇਆ। ਇਸ ਤਰਾਂ ਹੋਲੀ ਹੋਲੀ ਕਦਰਾਂ ਕੀਮਤਾਂ ਬਦਲਦੀਆਂ ਗਈਆਂ। ਇਸ ਤਰਾਂ ਹੀ ਮਰਨ ਸਬੰਧੀ ਵੀ ਕਈ ਕਦਰਾਂ ਕੀਮਤਾਂ ਹਨ, ਜੋ ਕਿ ਸਾਡੇ ਭੂਗੋਲ ਨਾਲ ਜੁੜੀਆਂ ਹਨ, ਜਿਵੇਂ ਕਿ ਜਿੰਨਾਂ ਥਾਵਾਂ ਤੇ ਲੱਕੜ ਦੀ ਘਾਟ ਸੀ ਉਥੇ ਮੁਰਦਿਆਂ ਨੂੰ ਦਫਨਾਇਆ ਜਾਂਦਾ ਸੀ ਤੇ ਦੂਜੀਆਂ ਥਾਵਾਂ ਤੇ ਮੁਰਦੇ ਨੂੰ ਜਲਾਇਆ ਜਾਣ ਲੱਗ ਪਿਆ, ਕਿਉਂਕਿ ਉੱਥੇ ਸੁੱਕੀ ਲੱਕੜ ਦੀ ਬਹੁਤਾਤ ਸੀ। ਪਰ ਬਾਅਦ ਵਿੱਚ ਇਹ ਗੱਲ ਧਰਮ ਨਾਲ ਜੁੜ ਕਿ ਸਭਿਆਚਾਰ ਦਾ ਹਿੱਸਾ ਬਣ ਗਈ।ਅਸੀਂ ਸਭਿਆਚਾਰਕ ਕਦਰਾਂ ਕੀਮਤਾਂ ਰਾਹੀ ਹੀ ਪਛਾਣੇ ਜਾਂਦੇ ਹਾਂ। ਕਦਰਾਂ ਕੀਮਤਾਂ ਉਹ ਧੁਰਾ ਹਨ, ਜਿੰਨਾ ਦੁਆਲੇ ਮਨੁੱਖੀ ਲੋੜਾਂ, ਆਦਰਸ਼ਾ, ਉਦੇਸ਼ਾ,ਇਛਾਵਾਂ ਨਾਲ ਜਿੰਦਗੀ ਦੇ ਸਾਰੇ ਪੱਖਾਂ ਦਾ ਵਿਸ਼ਾਲ ਤਾਣਾ ਬਾਣਾ ਉਣਿਆਂ ਹੋਇਆ ਹੈ। ਕਦਰਾਂ ਕੀਮਤਾਂ ਤੋ ਵਿਹੂਣੇ ਮਨੁੱਖੀ ਜੀਵਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਹ ਕਦਰਾਂ ਕੀਮਤਾਂ ਹੀ ਹੁੰਦੀਆਂ ਹਨ, ਜੋ ਮਨੁੱਖੀ ਜੀਵਨ ਨੂੰ ਅਰਥ ਤੇ ਸਾਰਥਕਤਾ ਪ੍ਰਧਾਨ ਕਰਦੀਆ ਹਨ। ਆਮ ਲੋਕਾਈ ਇੰਨਾ ਦਾ ਮਹੱਤਵ ਸਹਿਜ ਰੂਪ ਵਿੱਚ ਅਨੁਭਵ ਕਰਦਿਆਂ ਇਸ ਦੇ ਅਨੁਕੂਲ ਹੀ ਜੀਵਨ ਬਸਰ ਕਰਦੀ ਹੈ।[5]

ਹਵਾਲੇ[ਸੋਧੋ]

  1. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ,ਪ੍ਰੋ. ਗੁਰਬਖਸ਼ ਸਿੰਘ ਫਰੈਂਕ,ਵਾਰਿਸ਼ ਸ਼ਾਹ ਫਾਉਡੇਸ਼ਨ ਅਂਮਿ੍ਤਸਰ,2015,ਪੰਨਾ 70
  2. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ,ਪ੍ਰੋ. ਗੁਰਬਖਸ਼ ਸਿੰਘ ਫਰੈਂਕ,ਵਾਰਿਸ਼ ਸ਼ਾਹ ਫਾਉਡੇਸ਼ਨ ਅਂਮਿ੍ਤਸਰ,2015,ਪੰਨਾ 72
  3. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ,ਪ੍ਰੋ. ਗੁਰਬਖਸ਼ ਸਿੰਘ ਫਰੈਂਕ,ਵਾਰਿਸ਼ ਸ਼ਾਹ ਫਾਉਡੇਸ਼ਨ ਅਂਮਿ੍ਤਸਰ,2015,ਪੰਨਾ 72,73
  4. ਪੰਜਾਬੀ ਸਭਿਆਚਾਰ ਪਛਾਣ ਚਿੰਨ,ਡਾ ਜਸਵਿੰਦਰ ਸਿੰਘ,ਗ੍ਰੇਸੀਅਸ ਬੂਕਸ ਪਟਿਆਲਾ,2014 ਪੰਨਾ ਨੰ 57
  5. ਪੰਜਾਬੀ ਸਭਿਆਚਾਰ ਪਛਾਣ ਚਿੰਨ,ਡਾ ਜਸਵਿੰਦਰ ਸਿੰਘ,ਗ੍ਰੇਸੀਅਸ ਬੂਕਸ ਪਟਿਆਲਾ,2014 ਪੰਨਾ ਨੰ 58