ਸੱਸੀ ਪੁਨੂੰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਸੱਸੀ ਪੁਨੂੰ (ਸਿੰਧੀ:سَسُئيِ پُنهوُن, ਸੱਸੀ ਪੁਨ੍ਹੂੰ}}, ਉਰਦੂ: سسی پنوں, ਸੱਸੀ ਪੁਨੂੰ‎), ਸਿੰਧ, ਪਾਕਿਸਤਾਨ ਦੇ ਸ਼ਹਿਰ ਭੰਬੋਰ ਨਾਲ ਜੁੜੀ ਦੱਖਣੀ ਏਸ਼ੀਆ ਦੀ ਇੱਕ ਮਸ਼ਹੂਰ ਇਸ਼ਕ ਦੀ ਲੋਕ ਗਾਥਾ ਹੈ। ਇਹ ਵਫ਼ਾ ਦੀ ਸੁਦੈਣ ਅਜਿਹੀ ਪ੍ਰੇਮਿਕਾ ਦੀ ਕਹਾਣੀ ਹੈ ਜਿਹੜੀ ਦੋਖੀਆਂ ਵਲੋਂ ਜੁਦਾ ਕਰ ਦਿੱਤੇ ਗਏ ਆਪਣੇ ਪ੍ਰੇਮੀ ਨੂੰ ਮੁੜ ਪਾਉਣ ਲਈ ਕੋਈ ਵੀ ਮੁਸੀਬਤ ਭੁਗਤਣ ਲਈ ਤੱਤਪਰ ਹੈ। [੧]

ਇਤਿਹਾਸ[ਸੋਧੋ]

ਪਾਕਿਸਤਾਨ ਸਥਿਤ ਭੰਬੋਰ ਸ਼ਹਿਰ ਵਿੱਚ ਸਿੰਧ ਦਾ ਆਦਮ ਖਾਨ ਨਾਮੀਂ ਰਾਜਾ ਰਾਜ ਕਰਦਾ ਸੀ। ਰਾਜੇ ਨੇ ਪਰਜਾ ਸਮੇਤ ਸੱਚੇ ਰੱਬ ਅੱਗੇ ਅਰਦਾਸਾਂ ਕੀਤੀਆਂ। ਰਾਜੇ ਦੇ ਘਰ ਪਿਆਰੀ ਬਾਲੜੀ ਨੇ ਜਨਮ ਲਿਆ। ਜੋਤਸ਼ੀਆ ਨੇ ਰਾਜੇ ਨੂੰ ਕਿਹਾ ਇਹ ਬਾਲੜੀ ਉਸ ਨੂੰ ਮੱਥੇ ਕਾਲਖ਼ ਦਾ ਟਿੱਕਾ ਲਾਵੇਗੀ। ਰਾਜੇ ਨੇ ਇਕ ਅਤਿ ਸੁੰਦਰ ਸੰਦੂਕ ਵਿੱਚ ਬੱਚੀ ਨੂੰ ਪਾ ਕੇ ਸਿੰਧ ਦਰਿਆ ਵਿੱਚ ਰੋੜ੍ਹ ਦਿੱਤੀ। ਜਿਸ ਨੂੰ ਧੋਬੀ ਅਤੇ ਧੋਬਣ ਨੇ ਫੜ ਲਿਆ ਤੇ ਬੱਚੀ ਨੂੰ ਪਾਲ ਲਿਆ। ਮਹਿਲਾਂ ਦੀ ਦੌਲਤ ਸੱਸੀ ਧੋਬੀਆਂ ਦੇ ਘਰ ਜਵਾਨ ਹੋਣ ਲੱਗੀ। ਸਿੰਧ ਦੇ ਪਾਣੀਆਂ ਨੇ ਮੁਟਿਆਰ ਸੱਸੀ ‘ਤੇ ਲੋਹੜੇ ਦਾ ਰੂਪ ਚਾੜ੍ਹ ਦਿੱਤਾ। ਸੱਸੀ ਦੇ ਰੂਪ ਦੀਆਂ ਧੁੰਮਾਂ ਪੈ ਗਈਆਂ। ਭੰਬੋਰ ਸ਼ਹਿਰ ਦੇ ਇਕ ਰਸੀਏ ਸੌਦਾਗਰ ਦੇ ਨਵੇਂ ਬਣੇ ਮਹਿਲ ਦੀ ਬੜੀ ਚਰਚਾ ਸੀ। ਇਸ ਮਹਿਲ ਵਿੱਚ ਸੰਸਾਰ ਭਰ ਦੇ ਸ਼ਹਿਜ਼ਾਦਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਸੱਸੀ ਵੀ ਆਪਣੀਆਂ ਸਹੇਲੀਆਂ ਨਾਲ ਇਹ ਮਹਿਲ ਵੇਖਣ ਗਈ। ਇਕ ਤਸਵੀਰ ਨੇ ਤਾਂ ਜਾਣੋਂ ਸੱਸੀ ਨੂੰ ਕੀਲ ਹੀ ਦਿੱਤਾ। ਇਹ ਕੀਚਮ ਦੇ ਸ਼ਹਿਜ਼ਾਦੇ ਪੁੰਨੂੰ ਦੀ ਤਸਵੀਰ ਸੀ। ਸੱਸੀ ਨੇ ਦਿਲ ਫੜ ਕੇ ਠੰਢਾ ਹਾਉਕਾ ਭਰਿਆ। ਸੱਸੀ ਹੁਣ ਪੁੰਨੂੰ ਦੀ ਹੋ ਚੁੱਕੀ ਸੀ। ਸੱਸੀ ਦੇ ਸ਼ਹਿਰ ਭੰਬੋਰ ਕੀਚਮ ਦੇ ਸੌਦਾਗਰ ਆਂਦੇ ਜਾਂਦੇ ਰਹਿੰਦੇ ਸਨ। ਉਹ ਸੱਸੀ ਦੇ ਹੁਸਨ ਦੀ ਚਰਚਾ ਆਪਣੇ ਦੇਸ਼ ਜਾ ਕੇ ਕਰਦੇ। ਸ਼ਹਿਜ਼ਾਦਾ ਪੁੰਨੂੰ,ਸੱਸੀ ਨੂੰ ਤੱਕਣ ਲਈ ਬੇਤਾਬ ਹੋ ਗਿਆ। ਉਹ ਕਾਫਲੇ ਨਾਲ ਭੰਬੋਰ ਪੁੱਜ ਗਿਆ। ਸੱਸੀ ਪੁੰਨੂੰ ਇਕ-ਦੂਜੇ ਨੂੰ ਇਸ ਤਰ੍ਹਾਂ ਮਿਲੇ ਤੇ ਦੋਵੇਂ ਪਿਆਰੇ ਇਕ ਦੂਜੇ ਵਿੱਚ ਲੀਨ ਹੋ ਗਏ। ਦੁਨੀਆਂ ਭਰ ਦੀਆਂ ਸਾਰੀਆਂ ਨਿਆਮਤਾਂ ਉਨ੍ਹਾਂ ਦੀ ਝੋਲੀ ਆਣ ਪਈਆਂ। ਸੁਦਾਗਰਾਂ ਨੇ ਪੁੰਨੂੰ ਦੇ ਪਿਤਾ ਅਲੀ ਹੈਤ ਨੂੰ ਪੁੰਨੂੰ ਦੇ ਇਸ਼ਕ ਦੀ ਸਾਰੀ ਵਾਰਤਾ ਜਾ ਸੁਣਾਈ। ਉਹਨੇ ਪੁੰਨੂੰ ਦੇ ਭਰਾ, ਪੁੰਨੂੰ ਨੂੰ ਵਾਪਸ ਕੀਚਮ ਲਿਆਉਣ ਲਈ ਭੰਬੋਰ ਭੇਜ ਦਿੱਤੇ। ਉਹ ਕਈ ਦਿਨਾਂ ਦੀ ਮੰਜ਼ਲ ਮਾਰ ਕੇ ਭੰਬੋਰ ਸ਼ਹਿਰ ਸੱਸੀ ਦੇ ਘਰ ਪੁੱਜ ਗਏ। ਪੁੰਨੂੰ ਹੁਣ ਸੱਸੀ ਦੇ ਘਰ ਹੀ ਰਹਿ ਰਿਹਾ ਸੀ। ਸੱਸੀ ਨੇ ਪੁੰਨੂੰ ਦੇ ਭਰਾਵਾਂ ਦੀ ਖੂਬ ਖਾਤਰਦਾਰੀ ਕੀਤੀ। ਪੁੰਨੂੰ ਦੇ ਭਰਾ ਪੁੰਨੂੰ ਨੂੰ ਸ਼ਰਾਬ ਦੇ ਜਾਮਾਂ ਦੇ ਜਾਮ ਭਰ-ਭਰ ਪਿਆਂਦੇ ਰਹੇ। ਪੁੰਨੂੰ ਬੇਹੋਸ਼ ਹੋ ਗਿਆ। ਸੱਸੀ ਮਦਹੋਸ਼ ਹੋਏ ਪੁੰਨੂੰ ਦੇ ਗਲ ਆਪਣੀ ਬਾਂਹ ਵਲੀ ਘੂਕ ਸੁੱਤੀ ਪਈ ਸੀ। ਪੰਨੂ ਦੇ ਭਰਾ ਉੱਠੇ, ਉਨ੍ਹਾਂ ਹੌਲੇ ਜਹੇ ਸੱਸੀ ਦੀ ਬਾਂਹ ਪਰ੍ਹੇ ਹਟਾਈ ਤੇ ਪੁੰਨੂੰ ਨੂੰ ਇਕ ਊਠ ਉਤੇ ਲੱਦ ਲਿਆ। ਉਹ ਜਾਣਦੇ ਸਨ ਕਿ ਪੁੰਨੂੰ ਆਪਣੇ ਆਪ ਸੌਖਿਆਂ ਵਾਪਸ ਮੁੜਨ ਵਾਲਾ ਨਹੀਂ। ਸੱਸੀ ਬੇਖਬਰ ਸੁੱਤੀ ਸੀ। ਉਹ ਬੇਹੋਸ਼ ਪੁੰਨੂੰ ਨੂੰ ਲੈ ਤੁਰੇ! ਸੱਸੀ ਦੀ ਜਾਗ ਖੁੱਲ੍ਹੀ। ਪੁੰਨੂੰ ਉਹਦੇ ਕੋਲ ਨਹੀਂ ਸੀ। ਪੁੰਨੂੰ ਦੇ ਭਰਾ ਤੱਕੇ, ਉਨ੍ਹਾਂ ਦੀਆਂ ਡਾਚੀਆਂ ਵੇਖੀਆਂ, ਕੋਈ ਵੀ ਕਿਧਰੇ ਨਹੀਂ ਸੀ। ਉਸ ਆਲਾ-ਦੁਆਲਾ ਛਾਣ ਮਾਰਿਆ! ਪ੍ਰੰਤੂ ਪੁੰਨੂੰ ਤਾਂ ਕਾਫੀ ਦੂਰ ਜਾ ਚੁੱਕਿਆ ਸੀ! ਸੱਸੀ ਕੁਰਲਾ ਰਹੀ ਸੀ।

ਮੈਂ ਪੁੰਨੂੰ ਦੀ ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਵੇ ਰੱਬਾ, ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ।
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ।

ਸੱਸੀ ਪੰਨੂ ਪੁੰਨੂੰ ਕੂਕਦੀ ਡਾਚੀ ਦੀਆ ਪੈੜਾਂ ਮਗਰ ਨਸ ਟੁਰੀ। ਸੂਰਜ ਲੋਹੜੇ ਦੀ ਅੱਗ ਵਰ੍ਹਾ ਰਿਹਾ ਸੀ। ਸੱਸੀ ਦੇ ਫੁੱਲਾਂ ਜਹੇ ਪੈਰ ਤਪਦੀ ਰੇਤ ‘ਤੇ ਭੁਜਦੇ ਪਏ ਸਨ ਪ੍ਰੰਤੂ ਉਹ ਪੁੰਨੂੰ ਪੁੰਨੂੰ ਜਾਪ ਕਰੇਂਦੀ ਹਾਲੋਂ ਬੇਹਾਲ ਹੋਈ ਨੱਸੀ ਜਾ ਰਹੀ ਸੀ:

ਨਾਜ਼ੁਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ ਸ਼ਿੰਗਾਰੇ
ਬਾਲੂ ਰੇਤ ਤਪੇ ਵਿਚ ਥਲ ਦੇ
ਜਿਊਂ ਜੌਂ ਭੁੰਨਣ ਭਨਿਆਰੇ
ਸੂਰਜ ਭੱਜ ਵੜਿਆ ਵਿਚ ਬੱਦਲੀਂ
ਡਰਦਾ ਲਿਸ਼ਕ ਨਾ ਮਾਰੇ
ਹਾਸ਼ਮ ਵੇਖ ਯਕੀਨ ਸੱਸੀ ਦਾ
ਸਿਦਕੋਂ ਮੂਲ ਨਾ ਹਾਰੇ।

ਸੱਸੀ ਅੱਗੋਂ ਆਉਂਦੇ ਰਾਹੀਆਂ ਪਾਸੋਂ ਆਪਣੇ ਪੁੰਨੂੰ ਦਾ ਪਤਾ ਪੁੱਛਦੀ ਪ੍ਰੰਤੂ ਸਾਰੇ ਨਾਂਹ ਵਿਚ ਸਿਰ ਹਿਲਾ ਦੇਂਦੇ। ਉਸ ਥਲ ਅੱਗ ਵਾਸਤੇ ਪਾਏ ਸੱਸੀ ਭੁਜਦੇ ਥਲਾਂ ‘ਤੇ ਡਾਚੀ ਦਾ ਖੁਰਾ ਲੱਭਦੀ ਰਹੀ। ਅੰਤ ਸਿੰਧ ਦੇ ਮਾਰੂਥਲਾਂ ਵਿਚਕਾਰ ਭੁੱਖੀ ਭਾਣੀ ਉਹ ਬੇਹੋਸ਼ ਹੋ ਕੇ ਡਿੱਗ ਪਈ ਤੇ ਪੁੰਨੂੰ ਪੁੰਨੂੰ ਕੂਕਦੀ ਨੇ ਪਰਾਣ ਤਿਆਗ ਦਿੱਤੇ।

ਪੁੰਨੂੰ ਨੂੰ ਹੋਸ਼ ਪਰਤੀ, ਉਹਦੀ ਜਿੰਦ ਸੱਸੀ ਉਹਦੇ ਪਾਸ ਨਹੀਂ ਸੀ। ਨਾ ਹੀ ਕਿਧਰੇ ਭੰਬੋਰ ਸ਼ਹਿਰ ਸੀ-ਚਾਰੇ ਬੰਨੇ ਮਾਰੂ ਰੇਤ ਨਜ਼ਰੀਂ ਆ ਰਿਹਾ ਸੀ। ਉਸ ਵਾਪਸ ਪਰਤਣ ਦੀ ਜ਼ਿੱਦ ਕੀਤੀ। ਉਹਦੇ ਭਰਾਵਾਂ ਉਹਨੂੰ ਲੱਖ ਸਮਝਾਇਆ। ਉਹ ਉਨ੍ਹੀਂ ਰਾਹੀਂ ਆਪਣੀ ਡਾਚੀ ਸਮੇਤ ਮੁੜ ਪਿਆ। ਸੱਸੀ ਦਾ ਪਿਆਰਾ ਮੁਖੜਾ ਉਹਨੂੰ ਨਜ਼ਰੀਂ ਆਉਂਦਾ ਪਿਆ ਸੀ। ਡਾਚੀ ਤੇਜ਼ ਕਦਮੀਂ ਭੰਬੋਰ ਸ਼ਹਿਰ ਵੱਲ ਨੱਸੀ ਆ ਰਹੀ ਸੀ। ਰਾਹ ਵਿਚ ਪੁੰਨੂੰ ਨੂੰ ਆਵਾਜ਼ ਪਈ ਇਕ ਪਲ ਰੁਕ ਜਾਵੀਂ। ਆ ਆਪਾਂ ਰਲ ਕੇ ਇਕ ਰੱਬੀ ਜਿਊੜੇ ਦੀ ਕਬਰ ਪੁੱਟ ਦੇਵੀਏ। ਪੁੰਨੂੰ ਨੇ ਪਰਤ ਕੇ ਵੇਖਿਆ ਇਕ ਆਜੜੀ ਕਬਰ ਪੁੱਟੀ ਜਾ ਰਿਹਾ ਸੀ। ਆਜੜੀ ਪੁੰਨੂੰ ਨੂੰ ਦਰੱਖਤਾਂ ਦੇ ਇਕ ਝੁੰਡ ਕੋਲ ਮੁਟਿਆਰ ਦੇ ਕੁਮਲਾਏ ਮੁਖੜੇ ਤੋਂ ਪੱਲਾ ਸਰਕਾਇਆ-ਪੰਨੂ ਦੇ ਹੋਸ਼ ਉੱਡ ਗਏ! ”ਸੱਸੀ!” ਪੁੰਨੂੰ ਨੇ ਧਾਹ ਮਾਰੀ ਤੇ ਉਹਦੇ ‘ਤੇ ਉਲਰ ਪਿਆ! ਆਜੜੀ ਦੇ ਵੇਖਦੇ ਵੇਖਦੇ ਦੋ ਜਿੰਦਾਂ ਇਕ-ਦੂਜੇ ਲਈ ਕੁਰਬਾਨ ਹੋ ਗਈਆਂ! ਆਜੜੀ ਨੇ ਕੱਲਿਆਂ ਖਬਰ ਖੋਦੀ ਤੇ ਦੋਵੇਂ ਉਸ ਵਿਚ ਦਫਨਾ ਦਿੱਤੇ ਤੇ ਆਜੜੀ ਦੇ ਜੀਵਨ ਨੇ ਅਜਿਹਾ ਪਲਟਾ ਖਾਧਾ ਕਿ ਉਹ ਸੱਸੀ ਪੁੰਨੂੰ ਦੀ ਕਬਰ ‘ਤੇ ਫਕੀਰ ਬਣ ਕੇ ਬੈਠ ਗਿਆ।
ਸ਼ਾਹ ਜੋ ਰਸਾਲੋ ਵਿੱਚ ਵੀ ਇਹ ਕਹਾਣੀ ਸ਼ਾਮਲ ਹੈ ਅਤੇ ਸਿੰਧ ਦੀਆਂ ਸੱਤ ਹਰਮਨ ਪਿਆਰੀਆਂ ਪ੍ਰੇਮ ਕਹਾਣੀਆਂ ਵਿੱਚੋਂ ਇੱਕ ਹੈ। ਬਾਕੀ ਛੇ ਹਨ: ਉਮਰ ਮਾਰੁਈ, ਸੋਹਣੀ ਮੇਹਰ, ਲੀਲਾਂ ਚਾਨੇਸਰ, ਨੂਰੀ ਜਾਮ ਤਮਾਚੀ, ਸੋਰਥ ਰਾਏ ਤਮਾਚ ਅਤੇ ਮੂਮਲ ਰਾਣੋ। ਇਨ੍ਹਾਂ ਦਾ ਆਮ ਪ੍ਰਚਲਿਤ ਨਾਮ ਸ਼ਾਹ ਅਬਦੁਲ ਲਤੀਫ ਭਟਾਈ ਦੀਆਂ ਸੱਤ ਸੂਰਮੀਆਂ (ਸਿੰਧੀ:ست سورميون }}) ਹੈ।

ਹਵਾਲੇ[ਸੋਧੋ]

  1. (1976) Popular Folk Stories:Sassui Punhun.