ਅਫਾਨਾਸਈ ਨਿਕਿਤੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਿਓਦੋਸੀਆ ਵਿੱਚ ਅਫਾਨਾਸਈ ਨਿਕਿਤੀਨ ਦਾ ਬੁੱਤ

ਅਫਾਨਾਸਈ ਨਿਕੀਤੀਨ (ਰੂਸੀАфана́сий Ники́тин ) (ਮੌਤ 1472) ਇੱਕ ਰੂਸੀ ਵਪਾਰੀ ਸੀ ਅਤੇ (ਨਿਕੋਲੋ ਦੇ' ਕੋਂਟੀ) ਤੋਂ ਬਾਅਦ ਭਾਰਤ ਦੀ ਯਾਤਰਾ ਕਰਨ ਵਾਲੇ ਪਹਿਲੇ ਯਾਤਰੀਆਂ ਵਿੱਚੋਂ ਇੱਕ ਸੀ। 15ਵੀਂ ਸਦੀ ਵਿੱਚ ਹਿੰਦੁਸਤਾਨ ਆਉਣ ਵਾਲਾ ਇਹ ਰੂਸੀ ਯਾਤਰੀ ਰੂਸ ਤੋਂ ਹਿੰਦੁਸਤਾਨ ਆਉਣ ਵਾਲਾ ਸ਼ਾਇਦ ਪਹਿਲਾ ਵਿਅਕਤੀ ਸੀ। ਖਵਾਜਾ ਅਹਿਮਦ ਅੱਬਾਸ ਅਤੇ ਵਾਸਿਲੀ ਪ੍ਰੋਨਿਨ ਦੀ ਬਣਾਈ ਫ਼ਿਲਮ ‘ਪਰਦੇਸੀ (1957 ਫ਼ਿਲਮ)’ ਇਸੇ ਯਾਤਰੀ ਦੇ ਜੀਵਨ ਨੂੰ ਅਧਾਰ ਬਣਾ ਕੇ ਬਣਾਈ ਗਈ ਜਿਸਦਾ ਅੰਗਰੇਜ਼ੀ ਵਿੱਚ ਨਾਮ ਨਿਕੀਤੀਨ ਦੇ ਯਾਤਰਾ ਬਿਰਤਾਂਤ ਦੇ ਨਾਮ ਦੇ ਅਧਾਰ ਤੇ ‘ਏ ਜਰਨੀ ਬਿਆਂਡ ਥਰੀ ਸੀਜ’ (ਰੂਸੀ:ਖੋਜ਼ੇਨੀਏ ਜ਼ਾ ਤ੍ਰੀ ਮੋਰਿਆ) ਰੱਖਿਆ ਗਿਆ ਸੀ।

ਉਸਦਾ ਸਫ਼ਰਨਾਮਾ ਤਿੰਨ ਸਮੁੰਦਰ ਪਾਰ ਇਹ ਭਾਰਤ ਦੇ ਇਤਹਾਸ ਦਾ ਅਹਿਮ ਦਸਤਾਵੇਜ਼ ਹੈ। 1466 ਵਿੱਚ ਨਿਕੀਤੀਨ ਆਪਣੇ ਨਗਰ ਤਵੇਰ ਤੋਂ ਵਪਾਰੀ ਯਾਤਰਾ ਲਈ ਨਿਕਲਿਆ। ਉਥੋਂ ਮਾਸਕੋ ਦੇ ਰਾਜਕੁਮਾਰ ਇਵਾਨ ਤੀਸਰੇ ਦੇ ਬੇੜੇ ਦੇ ਨਾਲ ਹੋ ਲਿਆ। ਅਸਤਰਖਾਨ ਦੇ ਨਜ਼ਦੀਕ ਕੁੱਝ ਲੁਟੇਰਿਆਂ ਨੇ ਨਿਕੀਤੀਨ ਦੇ ਮਾਲ ਅਤੇ ਪੂਰੇ ਜਹਾਜ਼ ਉੱਤੇ ਕਬਜ਼ਾ ਕਰ ਲਿਆ। ਫਿਰ ਵੀ ਨਿਕੀਤੀਨ ਨੇ ਵਿਦੇਸ਼ ਦੀ ਯਾਤਰਾ ਰੱਦ ਨਹੀਂ ਕੀਤੀ। ਉਹ ਪੂਰੇ ਈਰਾਨ ਦੀ ਯਾਤਰਾ ਕਰਦੇ ਹੋਏ ਉਸਦੇ ਤਟੀ ਸ਼ਹਿਰ ਹੋਰਮੁਜ਼ ਪੁੱਜਿਆ। ਉਸ ਨੇ ਉੱਥੇ ਇੱਕ ਖਾਲਸ ਨਸਲ ਦਾ ਘੋੜਾ ਖਰੀਦਿਆ ਅਤੇ ਭਾਰਤ ਵੱਲ ਰਵਾਨਾ ਹੋ ਗਿਆ। ਉਸਨੂੰ ਪਤਾ ਚੱਲ ਗਿਆ ਸੀ ਕਿ ਅਰਬ ਵਪਾਰੀ ਹੀ ਭਾਰਤ ਵਿੱਚ ਘੋੜੇ ਵੇਚਦੇ ਹਨ, ਉਸ ਨੇ ਵੀ ਆਪਣੀ ਕਿਸਮਤ ਆਜ਼ਮਾਉਣ ਦੀ ਸੋਚੀ। 1469 ਦੀ ਬਸੰਤ ਰੁੱਤ ਵਿੱਚ ਨਿਕੀਤੀਨ ਵਰਤਮਾਨ ਮੁੰਬਈ ਦੇ ਨਜਦੀਕ ਚੌਪਾ ਨਾਮਕ ਭਾਰਤੀ ਤਟ ਤੇ ਪੁੱਜਿਆ। ਇਹ ਬਹਿਮਨੀ ਸਲਤਨਤ ਦਾ ਖੇਤਰ ਸੀ ਅਤੇ ਉਹ 3 ਸਾਲ ਇਥੇ ਰਿਹਾ। ਵਾਪਸੀ ਤੇ, ਉਹ ਮਸਕਟ, ਫ੍ਰਤਕ ਦੀ ਅਰਬ ਸਲਤਨਤ, ਸੋਮਾਲੀਆ ਅਤੇ ਟਰਬਜ਼ੋਨ, ਵਿੱਚੀਂ ਹੁੰਦਾ ਹੋਇਆ 1472 ਵਿੱਚ ਕਾਲਾ ਸਾਗਰ ਪਾਰ ਕਰਕੇ ਫ਼ੇਦੋਸੀਆ ਪੁੱਜ ਗਿਆ। ਤਵੇਰ ਪਰਤਦੇ ਹੋਏ, ਨਿਕੀਤੀਨ ਦੀ ਉਸੇ ਸਾਲ ਦੀ ਬਸੰਤ ਰੁੱਤੇ ਸਮੋਲੇਂਸਕ ਦੇ ਨੇੜੇ ਤੇੜੇ ਮੌਤ ਹੋ ਗਈ। ਆਪਣੀ ਲਿਖਤ ਵਿੱਚ ਭਾਰਤ ਬਾਰੇ ਆਪਣੇ ਵਿਚਾਰ ਉਸ ਨੇ ਅਤਿਅੰਤ ਰੌਚਿਕ, ਗਤੀਸ਼ੀਲ ਅਤੇ ਬਾਹਰਮੁਖੀ ਨਜ਼ਰੀਏ ਤੋਂ ਪੇਸ਼ ਕੀਤੇ ਹਨ।

ਹਵਾਲੇ[ਸੋਧੋ]