ਟੋਕਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤੂਤ ਦੀਆਂ ਛਟੀਆਂ ਦੇ ਬਣੇ ਬੜੇ ਮੂੰਹ ਵਾਲੇ ਗੋਲ ਛਾਬੇ ਨੂੰ ਟੋਕਰਾ ਕਹਿੰਦੇ ਹਨ। ਟੋਕਰੇ ਖੇਤੀ ਵਿਚ ਕੰਮ ਆਉਂਦੇ ਹਨ। ਟੋਕਰੇ ਨਾਲ ਪਸ਼ੂਆਂ ਨੂੰ ਪੱਠੇ ਤੇ ਤੂੜੀ ਪਾਈ ਜਾਂਦੀ ਹੈ। ਪਹਿਲੇ ਸਮਿਆਂ ਵਿਚ ਟੋਕਰੇ ਵਿਚ ਲੱਸੀ ਦੀ ਬਲ੍ਹਣੀ ਤੇ ਰੋਟੀਆਂ ਰੱਖ ਕੇ ਸਵੇਰ ਦੀ ਹਾਜਰੀ ਰੋਟੀ ਜਨਾਨੀਆਂ ਖੇਤ ਲੈ ਕੇ ਜਾਂਦੀਆਂ ਸਨ। ਵਿਆਹਾਂ ਦੀਆਂ ਕਈ ਕਿਸਮਾਂ ਦੀਆਂ ਮਠਿਆਈਆਂ ਵੀ ਟੋਕਰੇ ਵਿਚ ਰੱਖੀਆਂ ਜਾਂਦੀਆਂ ਸਨ/ਹਨ। ਬੜੇ ਟੋਕਰੇ ਥੱਲੇ ਮੁਰਗੀਆਂ ਨੂੰ ਰਾਤ ਨੂੰ ਤਾੜਿਆ ਜਾਂਦਾ ਸੀ। ਟੋਕਰੇ ਨਾਲ ਪਸ਼ੂਆਂ ਦਾ ਗੋਹਾ ਕੂੜਾ ਬਾਹਰ ਰੂੜੀ ਉਪਰ ਸਿੱਟਿਆ ਜਾਂਦਾ ਹੈ। ਇਸ ਤਰ੍ਹਾਂ ਟੋਕਰਾ ਬਹੁ-ਮੰਤਵੀ ਕੰਮ ਦਿੰਦਾ ਸੀ/ਹੈ।

ਟੋਕਰਾ ਬਣਾਉਣ ਲਈ ਤੂਤ ਦੀਆਂ ਛਟੀਆਂ ਵੱਢੀਆਂ ਜਾਂਦੀਆਂ ਸਨ। ਜਿਹੜੀਆਂ ਛਟੀਆਂ ਜ਼ਿਆਦਾ ਮੋਟੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਦੋਫਾੜ ਕਰ ਲੈਂਦੇ ਹਨ। ਪਤਲੀਆਂ ਛਟੀਆਂ ਉਸ ਤਰ੍ਹਾਂ ਹੀ ਵਰਤ ਲੈਂਦੇ ਹਨ। ਦੋਫਾੜ ਤੇ ਮੋਟੀਆਂ ਛੁਟੀਆਂ ਦੇ ਟੋਕਰੇ ਬਣਾਏ ਜਾਂਦੇ ਹਨ। ਆਮ ਤੌਰ 'ਤੇ ਟੋਕਰਾ 3 ਕੁ ਫੁੱਟ ਵਿਆਸ ਦਾ ਹੁੰਦਾ ਹੈ। ਟੋਕਰੇ ਦਾ ਤਾਣਾ ਪਾਉਣ ਲਈ 6 ਕੁ ਫੁੱਟ ਲੰਮੀਆਂ ਦੋਫਾੜ ਛਟੀਆਂ ਲਈਆਂ ਜਾਂਦੀਆਂ ਹਨ। ਇਨ੍ਹਾਂ ਛਟੀਆਂ ਨੂੰ ਚਾਰ-ਚਾਰ ਦੀ ਗਿਣਤੀ ਵਿਚ ਇਕ ਥਾਂ ਇਕੱਠਾ ਕਰਕੇ ਵਿਚਾਲੇ ਤੋਂ ਇਕ ਦੂਜੀ ਦੇ ਉਪਰ ਰੱਖ ਕੇ ਧਰਤੀ 'ਤੇ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਰੱਖਣ ਨਾਲ ਇਨ੍ਹਾਂ ਛਟੀਆਂ ਦੇ ਵਿਚਾਲੇ ਤਾਂ ਕੋਈ ਦੂਰੀ ਨਹੀਂ ਰਹਿੰਦੀ, ਪਰ ਜਿਉਂ ਜਿਉਂ ਇਹ ਛਟੀਆਂ ਪਿਛੇ ਵੱਲ ਨੂੰ ਹੁੰਦੀਆਂ ਜਾਂਦੀਆਂ ਹਨ ਤਾਂ ਇਨ੍ਹਾਂ ਵਿਚਾਲੇ ਦੂਰੀ ਹੌਲੀ-ਹੌਲੀ ਵਧਦੀ ਜਾਂਦੀ ਹੈ। ਸਿਰੇ 'ਤੇ ਆ ਕੇ ਇਨ੍ਹਾਂ ਛਟੀਆਂ ਦੀ ਦੂਰੀ 4 ਕੁ ਇੰਚ ਤੱਕ ਬਣ ਜਾਂਦੀ ਹੈ। ਤਾਣੇ ਵਿਚ ਚਾਰ-ਚਾਰ ਛਟੀਆਂ ਦੇ ਇਹ ਸੈੱਟ ਆਮ ਤੌਰ 'ਤੇ 7 ਤੋਂ 8 ਤੱਕ ਪੈ ਜਾਂਦੇ ਹਨ।

ਫੇਰ ਟੋਕਰੇ ਦੀ ਬੁਣਤੀ ਹੇਠਾਂ ਤੋਂ ਸ਼ੁਰੂ ਕੀਤੀ ਜਾਂਦੀ ਹੈ। ਬੁਣਤੀ ਲਈ ਇਕ ਛਟੀ ਲੈ ਕੇ ਉਸ ਨੂੰ ਤਾਣੇ ਦੀਆਂ ਚਾਰ ਚਾਰ ਛਟੀਆਂ ਦੇ ਸੈੱਟ ਦੇ ਇਕ ਦੇ ਹੇਠ ਦੀ ਤੇ ਇਕ ਦੇ ਉਪਰ ਦੀ ਲੰਘਾ ਕੇ ਬੁਣਤੀ ਸ਼ੁਰੂ ਕੀਤੀ ਜਾਂਦੀ ਹੈ।ਜਦ ਇਕ ਛਟੀ ਖਤਮ ਹੋ ਜਾਂਦੀ ਹੈ ਤਾਂ ਉਸੇ ਥਾਂ ਦੂਸਰੀ ਛਟੀ ਲਾ ਕੇ ਬੁਣਤੀ ਅੱਗੇ ਤੋਰ ਲਈ ਜਾਂਦੀ ਹੈ। ਇਸ ਤਰ੍ਹਾਂ ਛਟੀਆਂ ਲਾ ਲਾ ਕੇ ਪੂਰਾ ਟੋਕਰਾ ਬੁਣ ਲਿਆ ਜਾਂਦਾ ਹੈ। ਪੂਰਾ ਟੋਕਰਾ ਬੁਣਨ ਤੋਂ ਪਿਛੋਂ ਵੀ ਤਾਣੇ ਦੀਆਂ ਛੁੱਟੀਆਂ ਦਾ ਕੁਝ ਹਿੱਸਾ ਬਾਕੀ ਰਹਿ ਜਾਂਦਾ ਹੈ। ਤਾਣੇ ਦੀਆਂ ਬਾਕੀ ਰਹੀਆਂ ਛੁਟੀਆਂ ਦੇ ਹਰ ਸੈੱਟ ਵਿਚੋਂ 2 ਛਟੀਆਂ ਇਕ ਪਾਸੇ ਨੂੰ ਤੇ 2 ਛਟੀਆਂ ਦੂਸਰੇ ਪਾਸੇ ਨੂੰ ਕਰ ਕੇ ਟੋਕਰੇ ਦਾ ਉਪਰਲਾ ਹਿੱਸਾ ਬੁਣਿਆ ਜਾਂਦਾ ਹੈ। ਏਸੇ ਢੰਗ ਨਾਲ ਤਾਣੇ ਦੀਆਂ ਸਾਰੀਆਂ ਛਟੀਆਂ ਨਾਲ ਟੋਕਰੇ ਦੇ ਉਪਰਲੇ ਹਿੱਸੇ ਦੇ ਗੇੜ ਦੇ ਕੇ ਟੋਕਰਾ ਪੂਰਾ ਕਰ ਲਿਆ ਜਾਂਦਾ ਹੈ। ਇਹ ਹੈ ਟੋਕਰਾ ਬਣਾਉਣ ਦਾ ਤਰੀਕਾ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.