ਰੱਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਣ, ਸਣਕੁੱਕੜਾ ਤੇ ਸੂਤ ਦੀ ਮੋਟੀ ਵੱਟੀ ਹੋਈ ਤੇ ਮੇਲੀ ਹੋਈ ਵਸਤ ਨੂੰ ਰੱਸਾ/ਰੱਸੀ ਕਹਿੰਦੇ ਹਨ। ਪਹਿਲਾਂ ਮੁੰਜ ਦੇ ਰੱਸੇ ਬਣਾਏ ਜਾਂਦੇ ਸਨ। ਫੇਰ ਸਾਰੇ ਸੇ ਸੁਣ ਤੇ ਸਣਕੁੱਕੜੇ ਦੇ ਬਣਾਏ ਜਾਣ ਲੱਗੇ। ਰੱਸਾ ਬਹੁ-ਮੰਤਵੀ ਕੰਮ ਦਿੰਦਾ ਹੈ। ਪਸ਼ੂਆਂ ਨੂੰ ਰੱਸਿਆਂ ਨਾਲ ਬੰਨ੍ਹਿਆ ਜਾਂਦਾ ਹੈ। ਖੇਤੋਂ ਹਰੇ ਚਾਰੇ ਦੀਆਂ ਭਰੀਆਂ ਰੱਸੇ ਨਾਲ ਬੰਨ੍ਹ ਕੇ ਘਰੀਂ ਢੋਇਆ ਜਾਂਦਾ ਹੈ। ਖੂਹੀਆਂ ਵਿਚੋਂ ਪਾਣੀ ਰੱਸੇ ਨਾਲ ਡੋਲ੍ਹ ਬੰਨ੍ਹ ਕੇ ਕੱਢਿਆ ਜਾਂਦਾ ਹੈ। ਹੋਰ ਬਹੁਤ ਸਾਰੇ ਖੇਤੀ ਅਤੇ ਘਰੇਲੂ ਕੰਮਾਂ ਵਿਚ ਰੱਸੇ ਦੀ ਵਰਤੋਂ ਕੀਤੀ ਜਾਂਦੀ ਹੈ। ਕੁੜੀਆਂ ਦੀ ਰੱਸੀ-ਟੱਪਣਾ ਖੇਡ ਵੀ ਰੱਸੇ ਨਾਲ ਖੇਡੀ ਜਾਂਦੀ ਹੈ।

ਰੱਸਾ ਤਿੰਨ ਰੱਸੀਆਂ ਨੂੰ ਮੇਲ ਕੇ ਬਣਦਾ ਹੈ। ਜਿੰਨੀ ਮੁਟਾਈ ਤੇ ਲੰਬਾਈ ਦਾ ਰੱਸਾ ਬਣਾਉਣਾ ਹੁੰਦਾ ਹੈ, ਪਹਿਲਾਂ ਉਸ ਮੁਟਾਈ ਦੇ ਤੀਜੇ ਹਿੱਸੇ ਦੀ ਮੁਟਾਈ ਜਿੰਨੀਆਂ ਸਣ, ਸੁਣਕੱਕੜਾ ਜਾਂ ਸੂਤ ਦੀਆਂ ਤਿੰਨ ਰੱਸੀਆਂ ਜਾਂ ਇਕ ਵੱਡੀ ਰੱਸੀ ਤੇ ਇਕ ਛੋਟੀ ਰੱਸੀ ਜਾਂ ਇਕ ਹੀ ਵੱਡੀ ਰੱਸੀ ਵੱਟੀ ਜਾਂਦੀ ਹੈ। ਵੱਟੀਆਂ ਰੱਸੀਆਂ ਪਾਣੀ ਵਿਚ ਭਿਉਂ ਕੇ, ਥਾਪੀ ਨਾਲ ਚੰਗੀ ਤਰ੍ਹਾਂ ਕੁੱਟ ਕੇ/ਚਿੱਪ ਕੇ, ਵੱਟ ਚਾੜ੍ਹ ਕੇ ਸੁਕਾਇਆ ਜਾਂਦਾ ਹੈ।ਫੇਰ ਸੁੱਕੀਆਂ ਹੋਈਆਂ ਦੋ ਰੱਸੀਆਂ ਨੂੰ ਦੋ ਬੰਦੇ ਦੋਵੇਂ ਕਿਨਾਰਿਆਂ ਤੋਂ ਫੜ੍ਹ ਕੇ ਵੱਟ ਦਿੰਦੇ ਹਨ। ਤੀਜਾ ਬੰਦਾ ਦੋਵੇਂ ਰੱਸੀਆਂ ਨੂੰ ਫੜ੍ਹ ਕੇ ਇਕ ਥਾਂ ਮੇਲਦਾ ਹੈ। ਇਸੇ ਤਰ੍ਹਾਂ ਹੀ ਫੇਰ ਤੀਜੀ ਰੱਸੀ ਨੂੰ ਪਹਿਲਾਂ ਮੇਲੀਆਂ ਦੋ ਰੱਸੀਆਂ ਦੇ ਉਪਰ ਮੇਲ ਦਿੱਤਾ ਜਾਂਦਾ ਹੈ। ਇਸ ਵਿਧੀ ਅਨੁਸਾਰ ਰੱਸਾ ਬਣਦਾ ਹੈ।

ਹੁਣ ਕੋਈ ਵੀ ਜਿਮੀਂਦਾਰ ਸਣ, ਸੁਣਕੁੱਕੜਾ ਨਹੀਂ ਬੀਜਦਾ। ਇਸ ਲਈ ਰੱਸੇ ਹੁਣ ਬਾਜ਼ਾਰ ਵਿਚੋਂ ਖਰੀਦੇ ਜਾਂਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.