ਵਿਕੀਪੀਡੀਆ:ਚੁਣਿਆ ਹੋਇਆ ਲੇਖ/1 ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਲਤਾਨ ਦੀ ਲੜਾਈ ਦੁਰਾਨੀ ਬਾਦਸ਼ਾਹੀ ਦੇ ਵਜ਼ੀਰ ਅਤੇ ਸਿੱਖਾਂ ਦੇ ਵਿਚਕਾਰ ਹੋਈ। ਸਤੰਬਰ, 1844 ਵਿਚ ਅਪਣੇ ਪਿਤਾ ਦੀ ਮੌਤ ਮਗਰੋਂ, ਦੀਵਾਨ ਮੂਲ ਰਾਜ ਨੂੰ ਮੁਲਤਾਨ ਦਾ ਗਵਰਨਰ ਬਣਾਇਆ ਗਿਆ ਸੀ। 1846 ਵਿਚ ਅੰਗਰੇਜ਼ਾਂ ਦੇ ਲਾਹੌਰ ਦਰਬਾਰ ਉਤੇ ਕਬਜ਼ੇ ਮਗਰੋਂ, ਲਾਲ ਸਿੰਘ ਦੀਆਂ ਸਾਜ਼ਸ਼ਾਂ ਹੇਠ, ਉਸ ਦਾ ਮਾਮਲਾ 25% ਵਧਾ ਦਿਤਾ ਗਿਆ। ਉਸ ਨੇ ਬਿਨਾਂ ਕਿਸੇ ਸ਼ਿਕਾਇਤ ਤੋਂ ਇਸ ਨੂੰ ਮਨਜ਼ੂਰ ਕਰ ਲਿਆ। ਇਹ ਗੱਲ 29 ਅਕਤੂਬਰ, 1846 ਦੀ ਹੈ। ਲਾਲ ਸਿੰਘ ਨੇ ਏਥੇ ਹੀ ਬਸ ਨਹੀਂ ਕੀਤੀ | ਹੁਣ ਉਸ ਨੇ ਮੂਲ ਰਾਜ ਦੇ ਕਈ ਹੱਕ ਖੋਹ ਲਏ ਪਰ ਉਸ ਦਾ ਇਜਾਰਾ ਨਾ ਘਟਾਇਆ। ਮੂਲ ਰਾਜ ਦੀਆਂ ਅਦਾਲਤੀ ਤਾਕਤਾਂ ਵੀ ਘਟਾ ਦਿਤੀਆਂ ਗਈਆਂ। ਇਸ ਦਾ ਨਤੀਜਾ ਇਹ ਨਿਕਲਿਆ ਕਿ ਉਹ ਮਾਮਲਾ ਨਾ ਦੇਣ ਵਾਲਿਆਂ ਦੇ ਖ਼ਿਲਾਫ਼ ਕੋਈ ਐਕਸ਼ਨ ਨਹੀਂ ਸੀ ਲੈ ਸਕਦਾ। ਅਖ਼ੀਰ, ਤੰਗ ਆ ਕੇ ਉਸ ਨੇ ਦਸੰਬਰ, 1847 ਵਿਚ ਅਸਤੀਫ਼ਾ ਦੇ ਦਿਤਾ। ਰੈਜ਼ੀਡੈਂਟ ਨੇ ਉਸ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਅਤੇ ਨਵੇਂ ਸੂਬੇਦਾਰ ਦੇ ਆਉਣ ਤਕ ਸੇਵਾ ਨਿਭਾਉਣ ਅਤੇ ਮਾਰਚ, 1848 ਤਕ ਮੁਲਤਾਨ ਰੁਕਣ ਵਾਸਤੇ ਆਖ ਦਿਤਾ। ਹੁਣ ਫ਼ਰੈਡਰਿਕ ਕੱਰੀ ਲਾਹੌਰ ਵਿਚ ਨਵਾਂ ਰੈਜ਼ੀਡੈਂਟ ਬਣ ਕੇ ਆ ਗਿਆ ਸੀ। ਉਸ ਨੇ ਕਾਹਨ ਸਿੰਘ ਮਾਨ ਨੂੰ ਮੁਲਤਾਨ ਦਾ ਨਵਾਂ ਸੂਬੇਦਾਰ ਲਾ ਦਿਤਾ ਅਤੇ ਵੈਨਸ ਐਗਨਿਊ ਨੂੰ ਉਸ ਦਾ ਸਿਆਸੀ ਸਲਾਹਕਾਰ ਤੇ ਲੈਫ਼ਟੀਨੈਂਟ ਐਾਡਰਸਨ ਨੂੰ ਉਸ ਦਾ ਅਸਿਸਟੈਂਟ ਬਣਾ ਦਿਤਾ | 19 ਅਪਰੈਲ, 1848 ਦੇ ਦਿਨ ਕਾਹਨ ਸਿੰਘ ਮਾਨ ਮੁਲਤਾਨ ਪੁੱਜਾ। ਦੀਵਾਨ ਮੂਲਰਾਜ ਨੇ ਸੂਬੇਦਾਰੀ ਦਾ ਚਾਰਜ ਉਸ ਨੂੰ ਸੰਭਾਲ ਦਿਤਾ।