ਸਮੱਗਰੀ 'ਤੇ ਜਾਓ

ਪੰਜਾਬੀ ਸੱਭਿਆਚਾਰ ਤੇ ਸ਼ੋਸ਼ਲ ਮੀਡੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

[1][2] ਭੂਮਿਕਾ

[ਸੋਧੋ]

ਸ਼ੋਸ਼ਲ ਮੀਡੀਆ ਫੇਸ ਬੁੱਕ-ਟਵਿਟਰ,ਵੱਟਸ-ਅੱਪ ਦੇ ਰੂਪ ਵਿੱਚ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਤੋਂ ਮੁਕਤ ਸਰਹੱਦਾਂ ਦੇ ਆਰ-ਪਾਰ,ਸਮਾਜ ਦੀਆਂ ਅਨੇਕਾਂ ਪਰਤਾਂ ਅਮੀਰ/ਗਰੀਬ, ਪੇਂਡੂ/ਸ਼ਹਿਰੀ, ਪੜੇ-ਲਿਖੇ /ਅਨਪੜ੍ਹ, ਮਰਦ/ਔਰਤਾਂ, ਬੱਚੇ/ਬੁੱਢੇ/ਜਵਾਨ ਅਤੇ ਸਾਡੇ ਸਿਸਟਮ ਰਾਜਨੀਤੀ, ਧਰਮ ਅਤੇ ਸੱਭਿਆਚਾਰ ਵਿੱਚ ਸੰਚਾਰ ਦਾ ਆਧੁਨਿਕ ਤੇ ਸਸ਼ਕਤ ਮਾਧਿਅਮ ਹੈ। ਇਹਨਾਂ ਮਾਧਿਅਮਾਂ ਨੇ ਇੱਕ ਅਜਿਹਾ ਤਾਣਾ-ਬਾਣਾ ਬੁਣ ਦਿੱਤਾ ਹੈ ਕਿ ਜੀਵਨ ਦਾ ਕੋਈ ਪੱਖ ਵੀ ਇਸ ਤੋਂ ਨਿਰਲੇਪ ਨਹੀਂ ਰਿਹਾ, ਇਸ ਉੱਤੇ ਕੋਈ ਪਾਬੰਦੀ ਲਾਗੂ ਨਹੀਂ ਹੁੰਦੀ ਸਿਵਾਏ ਸੰਜਮ ਅਤੇ ਸਵੈ-ਵਿਵੇਕ ਦੇ।ਭਾਰਤ ਵਰਗੇ ਅਣਗਿਣਤ ਧਰਮਾਂ, ਜੁਬਾਨਾਂ ਅਤੇ ਸੱਭਿਆਚਾਰਕ ਵਿੰਭਿੰਨਤਾਵਾਂ ਵਾਲੇ ਦੇਸ਼ ਵਿੱਚ ਸ਼ੋਸ਼ਲ ਮੀਡੀਆ ਅਨੇਕਤਾ ਵਿੱਚ ਏਕਤਾ ਦੀ ਕੜੀ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਨ,ਪਰ ਇਹ ਹੀ ਪਲੇਟਫਾਰਮ ਵਿਪਰੀਤ ਅਤੇ ਭਟਕੇ ਹੋਏ ਹਾਲਾਤ ਨੂੰ ਪਲਾਂ ਵਿੱਚ ਬਦਤਰ ਵੀ ਬਣਾ ਸਕਦੇ ਹਨ।ਨਵੀ ਤਕਨਾਲੌਜੀ ਨੇ ਫੋਟੋਸ਼ਾਪ ਰਾਹੀਂ ਅਸਲੀ ਤਸਵੀਰਾਂ ਨੂੰ ਬਦਲਣ ਦੀ ਜੋ ਤਕਨੀਕ ਦਿੱਤੀ ਹੈ ਉਸ ਰਾਹੀਂ ਕਿਸੇ ਸਮੇਂ ਵੀ ਵੱਖ-ਵੱਖ ਫਿਰਕਿਆਂ ਨੂੰ ਇੱਕ-ਦੂਜੇ ਦੇ ਵਿਰੁੱਧ ਭੜਕਾਇਆ ਜਾ ਸਕਦਾ ਹੈ।ਇੱਕ ਨਿੱਕੀ ਜਿਹੀ ਚਿੰਗਾੜੀ ਭਾਂਬੜ ਬਾਲ ਸਕਦੀ ਹੈ।ਇੱਕ ਬਟਨ ਦੇ ਦੱਬਣ ਨਾਲ ਇੰਝ ਸੁਨੇਹਾ ਬੇ-ਹਿਸਾਬ ਲੋਕਾਂ ਤੱਕ ਪਹੁੰਚ ਜਾਂਦਾ ਹੈ। ਕਈ ਵਾਰੀ ਗ਼ਲਤ ਤੇ ਸ਼ਰਾਰਤੀ ਸੁਨੇਹਾ ਵਿਸਫੋਟਕ ਸਥਿਤੀ ਪੈਦਾ ਕਰ ਸਕਦਾ ਹੈ।

ਸੱਭਿਆਚਾਰ ਤੇ ਸ਼ੋਸ਼ਲ ਮੀਡੀਆ

[ਸੋਧੋ]

ਸੱਭਿਆਚਾਰ ਕੀ ਹੈ?

[ਸੋਧੋ]

ਪੰਜਾਬੀ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਂਚ ਸੱਭਿਆਚਰ ਹੈ। ਜਿਸ ਵਿੱਚ ਉਹਨਾਂ ਲੋਕਾਂ ਦਾ ਰਹਿਣ-ਸਿਹਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ, ਕੀਮਤਾਂ, ਮੰਨੋਰੰਜਨ ਦੇ ਸਾਧਨ, ਭਾਸ਼ਾ ਤੇ ਲੋਕ-ਸਾਹਿਤ ਆਦਿ ਸ਼ਾਮਲ ਹੁੰਦੇ ਹਨ। ਸੱਭਿਆਚਾਰ ਆਪਣੇ-ਆਪ ਵਿੱਚ ਇੱਕ ਜਟਿਲ-ਵਰਤਾਰਾ ਹੈ।

ਪਰਿਭਾਸ਼ਾ

[ਸੋਧੋ]

ਪ੍ਰੋ.ਗੁਰਬਖਸ਼ ਸਿੰਘ ਫ਼ਰੈਂਕ ਅਨੁਸਾਰ: ਸੱਭਿਆਚਾਰ ਇੱਕਜੁੱਟ ਅਤੇ ਜਟਿਲ ਸਿਸਟਮ ਹੈ,ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਿਕ ਪੜਾਅ ਉੱਤੇ ਪ੍ਰਚੱਲਿਤ ਕਦਰਾਂ-ਕੀਮਤਾਂ ਅਤੇ ਓਹਨਾ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ ਅਤੇ ਪਦਾਰਥਕ ਅਤੇ ਬੌਧਿਕ ਵਰਤਾਰੇ ਸ਼ਾਮਿਲ ਹੁੰਦੇ ਨੇ।

ਸ਼ੋਸ਼ਲ ਮੀਡੀਆ ਕੀ ਹੈ?

[ਸੋਧੋ]

ਸ਼ੋਸ਼ਲ ਮੀਡੀਆ ਸੰਚਾਰ ਕਰਨ ਵਿੱਚ ਸਹਾਇਕ ਇੱਕ ਮਾਧਿਅਮ ਹੈ। ਜਿਹੜਾ ਲੋਕਾਕਂ ਨੂੰ ਜਾਣਕਾਰੀ ਸਾਂਝੀ ਕਰਨ ਵਿੱਚ ਸਹਾਇਕ ਹੈ। ਇਸ ਨਾਲ ਦੂਰ ਦੇਸਾਂ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦੀ ਸਾਂਝਦਾਰੀ ਵੱਧਦੀ ਹੈ। ਉਹ ਕੋਈ ਵੀ ਜਾਣਕਾਰੀ ਆਪਸ ਵਿੱਚ ਸਾਂਝੀ ਕਰਦੇ ਹਨ। ਸੋਸ਼ਲ ਮੀਡੀਆ ਦੀਆਂ ਬੁਹਤ ਸਾਰੀਆਂ ਕਿਸਮਾਂ ਹਨ।

ਪੰਜਾਬੀ ਸੱਭਿਆਚਾਰ ਤੇ ਸੋਸ਼ਲ ਮੀਡੀਆ ਵਿੱਚਕਾਰ ਸੰਬੰਧ

[ਸੋਧੋ]

                                                                       ਸਮਾਜ ਅਤੇ ਸੋਸ਼ਲ ਮੀਡੀਏ ਦਾ ਆਪਸ ਵਿੱਚ ਡੂੰਘਾ ਸੰਬੰਧ ਹੈ। ਸੋਸ਼ਲ ਮੀਡੀਏ ਨੇ ਸਾਡੇ ਸਮਾਜ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ। ਸੋਸ਼ਲ ਮੀਡੀਆ ਦੀਆਂ ਬਹੁਤ ਸਰੀਆਂ ਸਾਈਟਾਂ ਪ੍ਰਫੁੱਲਿਤ ਹੋ ਰਹੀਆਂ ਹਨ। ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ 90% ਵਿਦਿਆਰਥੀ ਸੋਸ਼ਲ ਮੀਡੀਆਂ ਦੀ ਵਰਤੋਂ ਕਰਦੇ ਨਜ਼ਰ ਆਉਂਦੇ ਹਨ। 21ਵੀਂ ਸਦੀ ਵਿੱਚ ਟੈਕਨਾਲੌਜੀ ਯੁੱਗ ਵਿੱਚ ਸੋਸ਼ਲ ਮੀਡੀਆ ਨੈਟਵਰਕ ਨੇ ਬਹੁਤ ਤੇਜ਼ੀ ਨਾਲ ਵਿਕਾਸ ਕੀਤਾ ਹੈ। ਸੋਸ਼ਲ ਮੀਡੀਆ ਰਾਹੀਂ ਮਿੱਤਰਾਂ, ਕੁਲੀਗਾਂ ਅਤੇ ਪੁਰਾਣੇ ਕਲਾਸ ਸਹਿਪਾਠੀਆਂ ਨਾਲ ਦੁਆਰਾ ਮਿਲਣ ਦਾ ਮੌਕਾ ਪ੍ਰਾਪਤ ਹੁੰਦਾ ਹੈ। ਇਹ ਲੋਕਾਂ ਨੂੰ ਆਪਣੇ ਨਵੇਂ ਮਿੱਤਰ ਬਣਾਉਣ, ਤਸਵੀਰਾਂ ਦਾ ਆਦਾਨ-ਪ੍ਰਦਾਨ ਕਰਨ, ਆਡੀਓ-ਵੀਡੀਓ ਭੇਜਣ ਅਤੇ ਆਪਣੀ ਜਾਣਕਾਰੀ ਨੂੰ ਸਭ ਨਾਲ ਵੰਡਣ ਦਾ ਮੌਕਾ ਪ੍ਰਦਾਨ ਕਰਕੇ ਸ਼ੋਸਲ ਮੀਡੀਆ ਲੋਕਾਂ ਦੇ ਸਮਾਜ ਵਿੱਚ ਰਹਿਣ-ਸਹਿਣ ਦੇ ਤੌਰ ਤਰੀਕੇ ਬਦਲ ਰਿਹਾ ਹੈ। ਸੋਸ਼ਲ ਨੈਟਵਰਕਿੰਗ ਦੀ ਸਹਾਇਤਾ ਨਾਲ ਲੋਕ ਕਿਸੇ ਵੀ ਮੁੱਦੇ ਪ੍ਰਤੀ ਆਪਣੇ ਮਿੱਥੇ ਆਦੇਸ਼ ਨੂੰ ਆਪਣੀ ਸਾਂਝ ਦੁਆਰਾ ਪ੍ਰਾਪਤ ਕਰ ਸਕਦੇ ਹਨ ਅਤੇ ਸਮਾਜ ਵਿੱਚ ਹਾਂ-ਪੱਖੀ ਬਦਲਾਅ ਲਿਆਇਆ ਜਾ ਸਕਦੇ ਹਨ।

ਸੋਸ਼ਲ ਮੀਡੀਆ ਦੇ ਸੱਭਿਆਚਾਰ 'ਤੇ ਪ੍ਰਭਾਵ

[ਸੋਧੋ]

ਸਕਾਰਾਤਮਕ ਪ੍ਰਭਾਵ

[ਸੋਧੋ]

ਸਮਾਜ ਵਿੱਚ ਹਰੇਕ ਪਹਿਲ ਦੇ ਦੋ ਪ੍ਰਭਾਵ ਹੁੰਦੇ ਹਨ, ਚੰਗੇ ਅਤੇ ਮਾੜੇ। ਇਸ ਤਰ੍ਹਾਂ ਸੋਸ਼ਲ ਮੀਡੀਆਂ ਵੀ ਇੱਕ ਅਜਿਹਾ ਪਹਿਲੂ ਹੈ ਜੋ ਸਮਾਜ ਦੇ ਲੋਕਾਂ ਲਈ ਲਾਭਕਾਰੀ ਹੋਣ ਦੇ ਨਾਲ-ਨਾਲ ਵਿਨਾਸ਼ਕਾਰੀ ਵੀ ਸਿੱਧ ਹੁੰਦਾ ਹੈ। ਸੋਸ਼ਲ ਮੀਡੀਆ 'ਤੇ ਪੇਸ਼ ਕੀਤੀਆਂ ਜਾਂਦੀਆਂ ਵੀਡੀਓਜ਼ ਵੱਖ-ਵੱਖ ਰਿਸ਼ਤਿਆਂ ਨੂੰ ਉਜਾਗਰ ਕਰਦੀਆਂ ਹਨ।ਕਈ ਲੋਕਾਂ ਲਈ ਇਹ ਸਬਕ ਸਿੱਖਣ ਦਾ ਜ਼ਰੀਆਂ ਵੀ ਬਣਦੀਆਂ ਹਨ। ਸੋਸ਼ਲ ਮੀਡੀਆ ਬਹੁਤ ਸਾਰੀਆਂ ਧੁੰਦਲੀਆਂ ਤੇ ਖ਼ਤਮ ਹੋ ਚੁੱਕੀਆਂ ਸੱਭਿਆਚਾਰਕ ਵੰਨਗੀਆਂ ਨੂੰ ਮੁੜ ਸੁਰਜੀਤ ਕਰਨ ਵਿੱਚ ਇੱਕ ਅਹਿਮ ਭੂਮਿਕਾ ਅਦਾ ਕਰਦਾ ਹੈ। ਸੋਸ਼ਲ ਮੀਡੀਆ 'ਤੇ ਸੂਝਵਾਨ ਲੋਕਾਂ ਵੱਲੋਂ ਪ੍ਰਚਾਰੀ ਜਾਂਦੀ ਸਮੱਗਰੀ ਸਮਾਜ ਵਿੱਚ ਭਰੂਣ-ਹੱਤਿਆ, ਨਸ਼ਾ ਅਤੇ ਦਾਜ-ਦਹੇਜ ਵਰਗੀਆਂ ਕਈ ਸਮਾਜਿਕ ਕੁਰੀਤੀਆਂ ਤੇ ਅੰਧ-ਵਿਸ਼ਵਾਸਾਂ ਤੋਂ ਲੋਕਾਂ ਨੂੰ ਸੁਚੇਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸੋਸ਼ਲ ਮੀਡੀਆ ਸਮਾਜ ਨੰ ਕਰਮ-ਕਾਂਡਾ ਵਿੱਚੋ ਕੱਢ ਕੇ ਨਵੀਂ ਸੇਧ ਵੀ ਪ੍ਰਦਾਨ ਕਰਦਾ ਹੈ। ਸੋਸ਼ਲ ਮੀਡੀਆਂ ਦੇਸ਼ ਭਰ ਵਿੱਚ ਮਨਾਏ ਜਾਂਦੇ ਤਿੱਥਾਂ-ਤਿਉਹਾਰਾਂ ਨਾਲ ਜੋੜਦਾ ਹੈ। ਉਹਨਾਂ ਨਾਲ ਸੰਬੰਧਿਤ ਇਤਿਹਾਸ ਤੋਂ ਜਾਣੂ ਕਰਵਾਉਂਦਾ ਹੈ। ਸੋਸ਼ਲ ਮੀਡੀਆ ਪੁਰਾਤਨ ਇਤਿਹਾਸ ਤੇ ਸੱਭਿਆਚਾਰਕ ਵਿਰਾਸਤ ਨਾਲ ਵੀ ਜੋੜਦਾ ਹੈ। ਹਰ ਕਿਸੇ ਲਈ ਹਰ ਥਾਂ ਜਾਣਾ ਸੰਭਵ ਨਹੀਂ ਹੁੰਦਾ ਪਰ ਸੋਸ਼ਲ ਮੀਡੀਆ ਘਰ ਬੈਠੇ ਹੀ ਪੁਰਾਤਨ ਵਿਰਾਸਤ ਤੇ ਉਸ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਾ ਹੈ। ਸੋਸ਼ਲ ਮੀਡੀਆ ਕਈ ਵਾਰੀ ਸਾਂਝੇ ਮਨਾਂ ਵਿੱਚ ਚੱਲਦੇ ਸਵਾਲਾਂ ਦੀ ਅਚਨਚੇਤ ਪੂਰਤੀ ਕਰਦਾ ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਵੀਡੀਓਜ਼ ਤੇ ਤਸਵੀਰਾਂ ਆਦਿ ਮਨੁੱਖੀ ਮਨਾਂ ਨੂੰ ਓਤ-ਪੋਤ ਕਰਦੀਆਂ ਹਨ। ਵਿਰਾਸਤੀ ਮੇਲਿਆਂ ਦੇ ਦ੍ਰਿਸ਼, ਖੂਹਾਂ ਦੇ ਦ੍ਰਿਸ਼, ਗੱਭਰੂ ਮੁਟਿਆਰਾਂ ਦੇ ਲੋਕ-ਨਾਚ, ਬੱਚਿਆਂ ਦੀਆਂ ਖੇਡਾਂ, ਤਿੰਞਣ ਆਦਿ ਸੱਭਿਆਚਾਰਕ ਤੇ ਵਿਰਾਸਤੀ ਦ੍ਰਿਸ਼ਾਂ ਨੂੰ ਪੇਸ਼ ਕਰਕੇ ਸੋਸ਼ਲ ਮੀਡੀਆਂ ਲੋਕ ਮਨਾਂ ਦੀ ਤਰਜਮਾਨੀ ਕਰਦਾ ਹੈ। ਸੋਸ਼ਲ ਮੀਡੀਆ 'ਤੇ ਉਹ ਤਸਵੀਰਾਂ, ਵਿਚਾਰ, ਵੀਡਿਓ, ਕਹਾਣੀਆਂ ਆਦਿ ਵੀ ਉਜਾਗਰ ਹੁੰਦੀਆਂ ਹਨ, ਜਿਹਨਾਂ ਨੂੰ ਵਿਦਵਾਨ ਜਾਂ ਪ੍ਰਿੰਟ ਮੀਡੀਆਂ ਪੇਸ਼ ਕਰਨ ਵਿੱਚ ਪੱਛੜ ਜਾਂਦਾ ਹੈ ਪਰ ਇਹ ਸਮਾਜ ਵਿੱਚ ਵਿਚਰ ਰਹੇ ਨੌਜਵਾਨਾਂ ਨੂੰ ਹਿੰਮਤ, ਹੌਸਲੇ ਨਾਲ ਅੱਗੇ ਵੱਧਣ ਅਤੇ ਸਦਾਚਾਰਕ ਗੁਣਾਂ ਨਾਲ ਓਤ-ਪੋਤ ਕਰਨ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਸੋਸ਼ਲ ਮੀਡੀਆ ਲੋਕਾਂ ਨੂੰ ਉਹਨਾਂ ਲੁਕੀਆਂ ਹੋਈਆਂ ਸਖ਼ਸੀਅਤਾਂ ਤੋਂ ਵੀ ਜਾਣੂ ਕਰਵਾਉਂਦਾ ਹੈ, ਜਿਹਨਾਂ ਦੀ ਸਮਾਜ ਨੂੰ ਸੇਧ ਦੇਣ ਲਈ ਲੋੜ ਹੁੰਦੀ ਹੈ। ਸੋਸ਼ਲ ਮੀਡੀਆ ਵੱਲੋਂ ਅਜਿਹੀਆਂ ਸਖ਼ਸੀਅਤਾਂ ਦਾ ਆਗਮਨ ਕੁਰਾਹੇ ਪੈ ਰਹੀ ਨਵੀਂ ਪੀੜ੍ਹੀ ਨੂੰ ਸੁਚੇਤ ਕਰਨ ਅਤੇ ਉਹਨਾਂ ਵਿੱਚ ਨੈਤਿਕ ਕਦਰਾਂ-ਕੀਮਤਾਂ ਭਰਨ ਵਿੱਚ ਸਹਾਈ ਹੁੰਦਾ ਹੈ।

ਨਕਾਰਾਤਮਕ ਪ੍ਰਭਾਵ

[ਸੋਧੋ]

ਜਿੱਥੇ ਸੋਸ਼ਲ ਮੀਡੀਆਂ ਦੇ ਸੱਭਿਆਚਾਰ 'ਤੇ ਚੰਗੇ ਪ੍ਰਭਾਵ ਪਏ ਹਨ। ਉਸੇ ਤਰ੍ਹਾਂ ਸੋਸ਼ਲ ਮੀਡੀਆਂ ਦੇ ਬਹੁਤ ਸਾਰੇ ਨੁਕਸਾਨ ਵੀ ਹਨ। ਸੋਸ਼ਲ ਮੀਡੀਆਂ ਤੇ ਅਪਲੋਡ ਕੀਤੀਆਂ ਜਾਣ ਵਾਲੀਆਂ ਵੀਡੀਓ ਜਿਹਨਾਂ ਦਾ ਸਿੱਧਾ ਅਸਰ ਮਨੁੱਖ ਦੀ ਮਾਨਸਿਕਤਾ ਤੇ ਹੁੰਦਾ ਹੈ ਤੇ ਮਨੁੱਖ ਉਸ ਵਿੱਚ ਹੀ ਉਲਝ ਕੇ ਰਹਿ ਜਾਂਦਾ ਹੈ। ਸੋਸ਼ਲ ਮੀਡੀਆਂ ਤੇ ਕਈ ਵੀਡੀਓ ਧਰਮ ਨਾਲ ਸੰਬੰਧਿਤ ਹੁੰਦੀਆਂ ਹਨ ਜੋ ਧਰਮ ਦਾ ਪ੍ਰਚਾਰ ਅਤੇ ਇਹ ਮਨੁੱਖ ਦੀ ਮਾਨਸਿਕਤਾ ਨਾਲ ਖੇਡ ਖੇਡਦੀਆਂ ਹਨ। ਸੋਸ਼ਲ ਮੀਡੀਆਂ ਤੇ ਪੇਸ਼ ਕੀਤੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਸਰਮਸਾਰ ਕਰ ਦਿੰਦੀਆਂ ਹਨ। ਜਰੂਰਤ ਤੋਂ ਜ਼ਿਆਦਾ ਚੀਜ਼ ਮਨੁੱਖ ਲਈ ਘਾਤਕ ਹੁੰਦੀ ਹੈ। ਸੋਸ਼ਲ ਮੀਡੀਆ ਨੇ ਮਨੁੱਖ ਅੰਦਰ ਇੱਕਲਤਾ ਪੈਦਾ ਕੀਤੀ ਹੈ। ਸੋਸ਼ਲ ਮੀਡੀਆਂ ਦਾ ਵਰਤੋਕਾਰ ਇਸ ਵਿੱਚ ਇੰਨਾ ਰੁੱਝ ਜਾਂਦਾ ਹੈ ਕਿ ਉਸਨੂੰ ਆਪਣੇ ਆਲੇ-ਦੁਆਲੇ ਜੋ ਵਾਪਰ ਰਿਹਾ ਹੈ ਕੁੱਝ ਪਤਾ ਨਹੀਂ ਲੱਗਦਾ। ਸੋਸ਼ਲ ਮੀਡੀਆਂ ਜਿੱਥੇ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਦਾ ਹੈ ਉੱਥੇ ਇਹ ਖ਼ਤਰਨਾਕ ਵੀ ਬਣਿਆ ਹੋਇਆ ਹੈ ਕਿ ਇਹ ਨਵੀਂ ਪੀੜ੍ਹੀ ਨੂੰ ਅੰਦਰੋਂ ਖੋਖ਼ਲਾ ਹੀ ਨਾ ਕਰ ਦੇਵੇ। ਅਜੋਕੇ ਸਮੇਂ ਦੇ ਬੱਚੇ ਸਰੀਰਕ ਖੇਡਾਂ ਨੂੰ ਭੁੱਲ ਕੇ ਘੰਟਿਆਂ ਤੱਕ ਬੱਚੇ ਫੋਨਾਂ ਨੂੰ ਖੇਡਦੇ ਰਹਿੰਦੇ ਹਨ। ਸੋਸ਼ਲ ਮੀਡੀਆ ਤੇ ਕਈ ਅਜਿਹਾ ਕੁੱਝ ਸ਼ੇਅਰ ਕੀਤਾ ਜਾਂਦਾ ਹੈ ਜਿੰਨਾ ਨੂੰ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਉਸ ਨੂੰ ਸ਼ੇਅਰ ਕਰਨ ਵਾਲਾ ਇਨਸਾਨ ਕਿੰਨ੍ਹਾ ਘਟੀਆ ਹੋਵੇਗਾ ਕਿਉਂਕਿ ਕਈ ਚੀਜ਼ਾਂ ਸਮਾਜ ਵਿੱਚ ਪਰਦੇ ਅੰਦਰ ਰੱਖਣ ਵਾਲੀਆਂ ਹੁੰਦੀਆਂ ਹਨ। ਸੋਸ਼ਲ ਮੀਡੀਆ ਤੇ ਅਜਿਹਾ ਪ੍ਰਚਾਰ ਕਈ ਵਾਰ ਇਨਸਾਨੀ ਮਾਨਸਿਕਤਾ ਦਾ ਮਨੁੱਖ ਦੇ ਅਚੇਤ ਤੇ ਚੇਤ ਮਨ ਦੋਹਾਂ ਤੇ ਅਸਰ ਹੁੰਦਾ ਹੈ। ਸੋਸ਼ਲ ਮੀਡੀਆ ਦਾ ਲੋੜ ਤੋਂ ਵੱਧ ਪ੍ਰਚਾਰ ਤੇ ਪ੍ਰਸਾਰ ਵੀ ਮਾਨਸਿਕ ਤਣਾਅ ਦਾ ਕਾਰਨ ਬਣਦਾ ਹੈ।

ਸੱਭਿਆਚਾਰ ਅਤੇ ਸ਼ੋਸ਼ਲ ਮੀਡੀਆ ਦੀ ਅਹਿਮੀਅਤ

[ਸੋਧੋ]

ਅਸਲ ਵਿੱਚ ਮੀਡੀਆ ਦਾ ਮੁੱਖ ਪ੍ਰੋਜੈਕਟ ਇੱਕ ਅਜਿਹੇ ਅਜਿਹੇ ਮਨੁੱਖ ਦੀ ਸਿਰਜਣਾ ਕਰਨਾ ਹੈ ਜਿਹੜਾ ਸੱਭਿਆਚਾਰਕ ਮਨੁੱਖ ਦੀ ਬਜਾਏ ਪਦਾਰਥਕ ਮਨੁੱਖ ਦੀਆਂ ਵਿਸ਼ੇਸ਼ਤਾਵਾਂ ਦਾ ਧਾਰਨੀ ਹੋਵੇ। ਇੱਕ ਪੰਜਾਬੀ ਦੇ ਮਾਮਲੇ ਵਿੱਚ ਇਹ ਮਨੋਰਥ ਤਾਂ ਸਿੱਧ ਹੁੰਦਾ ਹੈ ਜੋ ਉਹ ਆਪਣੀ ਜ਼ਮੀਨ ਅਤੇ ਆਪਣੀ ਭਾਸ਼ਾਈ ਵਿਰਸੇ ਤੋਂ ਟੁੱਟਦਾ ਹੈ। ਇਸ ਮਨੋਰਥ ਲਈ ਮੀਡੀਏ ਰਾਹੀਂ ਉਸ ਅੰਦਰ ਇੱਕ ਅਜਿਹੀ ਜੀਵਨ ਜਾਂਚ ਦਾ ਪ੍ਰਵੇਸ਼ ਕਰਵਾਇਆ ਜਾਂਦਾ ਹੈ ਜਿਹੜੀ ਹੱਕ, ਮਿਹਨਤ ਤੇ ਸਬਰ ਦੀ ਥਾਂ ਬਦਮਾਸ਼ੀ, ਦਿਸ਼ਾਹੀਨ, ਸ਼ਰਮਗਤੀ, ਸੈਕਸ, ਦਾਰੂ ਨੂੰ ਆਪਣਾ ਮਨੋਰਥ ਮਿੱਥ ਰਹੀ ਹੈ।ਅਜੋਕੇ ਸਮੇਂ ਵਿੱਚ ਮੀਡੀਆ ਸਾਡੀ ਲੋੜ ਵੀ ਹੈ ਅਤੇ ਆਦਤ ਵੀ।ਸਾਡੇ ਸੱਭਿਆਚਾਰ ਨੂੰ ਸਮਝਣ, ਸੰਭਾਲਣ ਤੇ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਧਾਉਣ ਵਿੱਚ ਮੀਡੀਆਂ ਅਹਿਮ ਰੋਲ ਨਿਭਾ ਸਕਦਾ ਹੈ। ਮੁਲਕ ਦੀ ਤਰੱਕੀ ਲਈ ਵਿਸ਼ਵ ਪੱਧਰ ਤੇ ਸਾਨੂੰ ਅੰਤਰ-ਰਾਸ਼ਟਰੀ ਮਸਲਿਆਂ ਅਤੇ ਘਟਨਾਵਾਂ ਨਾਲ ਜੋੜਨ ਵਾਲਾ ਸੋਸ਼ਲ ਮੀਡੀਆ ਹੈ। ਕੁਝ-ਕੁ ਕਮੀਆਂ ਜਾ ਖ਼ਾਮੀਆਂ ਹਨ ਜਿੰਨ੍ਹਾਂ ਨੂੰ ਦੂਰ ਕਰਕੇ ਸੋਸ਼ਲ ਮੀਡੀਆਂ ਨੂੰ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਬਣਦੇ ਦੇਖਿਆ ਜਾ ਸਕਦਾ ਹੈ ਫਿਰ ਮੀਡੀਆ ਸੱਭਿਆਚਾਰ ਨੂੰ ਦਿਸ਼ਾਹੀਣ ਬਣਾਉਣ ਵਾਲਾ ਨਹੀਂ ਬਲਕਿ ਸਕਰਾਤਮਕ ਲੀਹਾਂ ਤੇ ਤੋਰਦਾ ਦਿਖਾਈ ਦੇਵੇਗਾ।

ਹਵਾਲੇ

[ਸੋਧੋ]
  1. ਕੌਰ, ਡਾ.ਪਲਵਿੰਦਰ (2016). ਪੰਜਾਬੀ ਭਾਸ਼ਾ,ਸੱਭਿਆਚਾਰ ਅਤੇ ਮੀਡੀਆ: ਅੰਤਰ ਮੀਡੀਆ. ਚੰਡੀਗੜ: ਤਰਲੋਚਨ ਪਬਲਿਸ਼ਰਜ਼,ਚੰਡੀਗੜ.
  2. ਸਿੰਘ, ਗੁਰਜਿੰਦਰ. ਸ਼ੋਸ਼ਲ ਮੀਡੀਆ: ਬਹੁਪੱਖੀ ਦ੍ਰਿਸ਼ਟੀਕੋਣ. pp. 1, 5.