ਪੱਤਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੱਤਲ ਦੇਣਾ ਵਿਆਹ ਨਾਲ ਸਬੰਧਤ ਇੱਕ ਅਹਿਮ ਰਿਵਾਜ ਹੈ। ਖ਼ਾਸ ਕਰਕੇ ਇਹ ਰਿਵਾਜ ਪੰਜਾਬ ਦੇ ਮਾਲਵਾ ਖਿੱਤੇ ਦੇ ਵਿਆਹਾਂ ਵਿੱਚ ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਤਕ ਪ੍ਰਚੱਲਿਤ ਰਿਹਾ ਹੈ। ਪਹਿਲਾਂ ਪੱਤਲ ਦੇਣ ਦਾ ਰਿਵਾਜ ਵਿਆਹ ਦਾ ਜ਼ਰੂਰੀ ਹਿੱਸਾ ਹੁੰਦਾ ਸੀ। ਕੁੜੀ ਦੇ ਵਿਆਹ ਲਈ ਪੁੱਜੀ ਬਰਾਤ ਵਿਚਲੇ ਬਰਾਤੀ ਉਸ ਪਿੰਡ ਵਿਚਲੀਆਂ ਆਪਣੀਆਂ ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ, ਆਪਣੇ ਪਿੰਡ ਦੀਆਂ ਉਸ ਪਿੰਡ ਵਿੱਚ ਵਿਆਹੀਆਂ ਕੁੜੀਆਂ ਅਤੇ ਹੋਰ ਜਾਣ ਪਛਾਣ ਵਾਲੇ ਘਰਾਂ ਵਿੱਚ ਪੱਤਲ ਦੇਣ ਜਾਂਦੇ ਸਨ। ਇਨ੍ਹਾਂ ਪੱਤਲਾਂ ਵਿੱਚ ਆਮ ਕਰਕੇ ਚਾਰ ਲੱਡੂ ਤੇ ਦੋ ਜਲੇਬੀਆਂ ਹੁੰਦੀਆਂ ਸਨ। ਪੱਤਲ ਦੇਣ ਜਾਂਦੇ ਸਮੇਂ ਜਾਨੀ ਪੂਰੀ ਸ਼ਾਨੋ ਸ਼ੌਕਤ ਨਾਲ ਪੱਤਲਾਂ ਵਾਲੇ ਲਿਫ਼ਾਫ਼ੇ ਲੈ ਕੇ ਪੱਤਲਾਂ ਦੇਣ ਵਾਲਿਆਂ ਦੇ ਘਰ ਪਹੁੰਚਦੇ ਸਨ।[1]

ਜੇਕਰ ਮੁੰਡੇ/ਲਾੜੇ ਦੇ ਪਿੰਡ ਦੀ ਕੋਈ ਧੀ, ਜਾਂ ਦੋਹਤੀ ਉਸ ਦੇ ਸਹੁਰੇ ਪਿੰਡ ਵਿਆਹੀ ਹੁੰਦੀ ਸੀ ਉਸ ਨੂੰ ਵੀ ਲਾੜੇ ਦਾ ਪਿਤਾ ਪੱਤਲ ਭੇਜਦਾ ਸੀ। ਇਹ ਪੱਤਲ ਆਪਣੇ ਪਿੰਡ ਦੀ ਧੀ, ਪੋਤੀ ਤੇ ਦੋਹਤੀ ਲਈ ਪਿਆਰ ਦੀ ਸਾਂਝ ਦੀ ਨਿਸ਼ਾਨੀ ਹੁੰਦੀ ਸੀ। ਕਈ ਵੇਰ ਲਾੜੇ ਦੇ ਗੋਤ ਦੀ ਜੇਕਰ ਕੋਈ ਲੜਕੀ ਵੀ ਉਸ ਪਿੰਡ ਵਿਆਹੀ ਹੁੰਦੀ ਸੀ ਤਾਂ ਉਸ ਨੂੰ ਪੱਤਲ ਭੇਜੀ ਜਾਂਦੀ ਸੀ।

ਜਦ ਬਰਾਤ ਨੂੰ ਰੋਟੀ ਪਰੋਸੀ ਜਾਂਦੀ ਸੀ ਤਾਂ ਸਹੁਰਾ ਆਪਣੀ ਨਵੀਂ ਨੂੰਹ ਲਈ ਰੋਟੀ ਦਾ ਪਰੋਸਿਆ ਹੋਇਆ ਥਾਲ ਮੰਗਾਉਂਦਾ ਸੀ। ਉਸ ਉੱਪਰ ਰੇਸ਼ਮੀ ਰੁਮਾਲ ਦੇ ਕੇ ਆਪਣੀ ਵਿੱਤ ਅਨੁਸਾਰ 31/51 ਰੁਪੈ ਰੱਖ ਕੇ ਲਾਗੀ ਹੱਥ ਆਪਣੀ ਨੂੰਹ ਨੂੰ ਖਾਣ ਲਈ ਭੇਜ ਦਿੰਦਾ ਸੀ। ਇਸ ਤਰ੍ਹਾਂ ਹੀ ਆਪਣੇ ਪਿੰਡ ਦੀ ਧੀ, ਪੋਤੀ ਤੇ ਦੋਹਤੀ ਨੂੰ ਵੀ ਪੱਤਲ ਵਿਚ ਰੁਪੈ ਰੱਖ ਕੇ ਭੇਜੇ ਜਾਂਦੇ ਸਨ।

ਹੁਣ ਬਹੁਤੇ ਵਿਆਹ, ਵਿਆਹ ਭਵਨਾਂ ਵਿਚ ਹੁੰਦੇ ਹਨ। ਹੁਣ ਵਿਆਹ ਤੋਂ ਬਾਅਦ ਲਾੜੇ ਲਾੜੀ ਦੇ ਪਰਿਵਾਰ ਵਾਲਿਆਂ ਦਾ ਤੇ ਨਜ਼ਦੀਕੀ ਰਿਸ਼ਤੇ ਵਾਲਿਆਂ ਦਾ ਇਕ ਟੇਬਲ ਤੇ ਬੈਠ ਕੇ ਭੋਜਨ ਖਾਣ ਦਾ ਰਿਵਾਜ਼ ਚੱਲ ਪਿਆ ਹੈ।ਹੁਣ ਲਾੜਾ ਤੇ ਲਾੜੀ ਸ਼ਰੇਆਮ ਇਕ ਦੂਜੇ ਦੇ ਮੂੰਹ ਵਿਚ ਬੁਰਕੀਆਂ ਪਾਉਂਦੇ ਹਨ। ਹੁਣ ਨਾ ਸਹੁਰਾ ਆਪਣੀ ਨੂੰਹ ਨੂੰ ਪੱਤਲ ਭੇਜਦਾ ਹੈ ਅਤੇ ਨਾ ਆਪਣੇ ਪਿੰਡ ਦੀ ਧੀ, ਪੋਤੀ ਤੇ ਦੋਹਤੀ ਨੂੰ ਪੱਤਲ ਭੇਜੀ ਜਾਂਦੀ ਹੈ। ਹੁਣ ਪੱਤਲ ਦੇਣ ਦੀ ਰਸਮ ਬਿਲਕੁਲ ਖਤਮ ਹੋ ਗਈ ਹੈ।[2]

ਹਵਾਲੇ[ਸੋਧੋ]

  1. ਜੱਗਾ ਸਿੰਘ ਆਦਮਕੇ (2019-05-11). "ਹੁਣ ਨਹੀਂ ਆਉਂਦੀ 'ਪੱਤਲ'". Punjabi Tribune Online. Retrieved 2019-05-11.[permanent dead link]
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.