ਮਸੂਦ ਹੁਸੈਨ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਸੂਦ ਹੁਸੈਨ ਖ਼ਾਨ (28 ਜਨਵਰੀ 1919 - 16 ਅਕਤੂਬਰ 2010) ਇੱਕ ਭਾਸ਼ਈ ਵਿਗਿਆਨੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਸੋਸ਼ਲ ਸਾਇੰਸ ਵਿੱਚ ਪਹਿਲਾ ਪ੍ਰੋਫੈਸਰ ਅਤੇ ਨਵੀਂ ਦਿੱਲੀ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ ਜਾਮੀਆ ਮਿਲੀਆ ਇਸਲਾਮੀਆ ਦਾ ਪੰਜਵਾਂ ਵਾਈਸ-ਚਾਂਸਲਰ ਸੀ।

16 ਅਕਤੂਬਰ 2010 ਨੂੰ ਮਸੂਦ ਹੁਸੈਨ ਖ਼ਾਨ ਦੀ ਪਾਰਕਿੰਸਨ ਰੋਗ ਨਾਲ ਅਲੀਗੜ ਵਿੱਚ ਮੌਤ ਹੋ ਗਈ।[1]

ਪਰਿਵਾਰ[ਸੋਧੋ]

ਮਸੂਦ ਹੁਸੈਨ ਖ਼ਾਨ ਦਾ ਜਨਮ ਉੱਤਰ ਪ੍ਰਦੇਸ਼ ਦੇ ਇੱਕ ਅਫਰੀਦੀ ਪਸ਼ਤੂਨ ਪਰਿਵਾਰ ਵਿੱਚ ਕਾਇਮਗੰਜ, ਜ਼ਿਲ੍ਹਾ ਫਰੂਖਾਬਾਦ ਵਿੱਚ ਹੋਇਆ ਸੀ। ਉਸ ਦੇ ਪਰਿਵਾਰ ਨੂੰ ਕਈ ਵਾਰ ਉਪ-ਕੁਲਪਤੀ ਦੇ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ, ਜਿਸ ਨੇ ਉਪ ਮਹਾਂਦੀਪ ਦੀ ਚਾਰ ਵੱਖ-ਵੱਖ ਯੂਨੀਵਰਸਿਟੀਆਂ ਨੂੰ ਉਪ ਕੁਲਪਤੀ ਪ੍ਰਦਾਨ ਕੀਤੇ ਹਨ।

ਮਸੂਦ ਹੁਸੈਨ ਦੇ ਪਿਤਾ ਮੁਜ਼ੱਫਰ ਹੁਸੈਨ ਖ਼ਾਨ (1893–1921) ਨੇ ਆਪਣੀ ਪੜ੍ਹਾਈ ਇਸਲਾਮੀਆ ਹਾਈ ਸਕੂਲ ਇਟਾਵਾ ਅਤੇ ਮੁਹੰਮਦਾਨ ਐਂਗਲੋ ਓਰੀਐਂਟਲ (ਐਮ.ਏ.ਓ.) ਕਾਲਜ ਅਲੀਗੜ ਤੋਂ ਪੂਰੀ ਕੀਤੀ। ਉਸਨੇ ਹੈਦਰਾਬਾਦ ਵਿੱਚ ਆਪਣਾ ਨਿਆਇਕ ਜੀਵਨ ਸ਼ੁਰੂ ਕੀਤਾ ਸੀ ਪਰ ਅਠਾਈ ਸਾਲ ਦੀ ਛੋਟੀ ਉਮਰ ਵਿੱਚ ਹੀ ਤਪਦਿਕ ਨਾਲ ਮੌਤ ਹੋ ਗਈ। ਮਸੂਦ ਹੁਸੈਨ ਅਜੇ ਸਿਰਫ ਦੋ ਸਾਲਾਂ ਦਾ ਸੀ। ਮੁਜ਼ੱਫਰ ਹੁਸੈਨ ਖ਼ਾਨ[2] ਭਾਰਤ ਦੇ ਤੀਜੇ ਰਾਸ਼ਟਰਪਤੀ, ਜ਼ਾਕਿਰ ਹੁਸੈਨ, ਯੂਸਫ ਹੁਸੈਨ ਖ਼ਾਨ(ਓਸਮਾਨਿਆ ਯੂਨੀਵਰਸਿਟੀ ਹੈਦਰਾਬਾਦ ਦੇ ਪ੍ਰੋਫੈਸਰ ਅਤੇ ਉਰਦੂ ਦੇ ਆਲੋਚਕ ਜੋ ਬਾਅਦ ਵਿੱਚ ਅਲੀਗੜ ਮੁਸਲਿਮ ਯੂਨੀਵਰਸਿਟੀ ਵਿੱਚ ਪ੍ਰੋ-ਵਾਈਸ-ਚਾਂਸਲਰ ਬਣਿਆ) ਅਤੇ ਮਹਿਮੂਦ ਹੁਸੈਨ ਖ਼ਾਨ (ਪਾਕਿਸਤਾਨ ਦੇ ਮਸ਼ਹੂਰ ਸਿਆਸਤਦਾਨ) ਦਾ ਸਭ ਤੋਂ ਵੱਡਾ ਭਰਾ ਸੀ।

ਸਿੱਖਿਆ[ਸੋਧੋ]

ਜਾਮੀਆ ਮਿਲੀਆ ਇਸਲਾਮੀਆ ਤੋਂ ਪ੍ਰਾਇਮਰੀ ਸਿੱਖਿਆ ਖ਼ਤਮ ਕਰਨ ਦੇ ਬਾਅਦ ਹੁਸੈਨ ਨੇ ਥੋੜੀ ਦੇਰ ਢਾਕਾ ਵਿੱਚ ਪੜ੍ਹਾਈ ਕੀਤੀ। ਉਸਨੇ ਜ਼ਾਕਿਰ ਹੁਸੈਨ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਬੀ.ਏ. ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਐਮ.ਏ. ਉਸਨੇ ਪ੍ਰੋਫੈਸਰ ਰਸ਼ੀਦ ਅਹਿਮਦ ਸਿਦੀਕੀ ਦੀ ਰਹਿਨੁਮਾਈ ਹੇਠ ਆਪਣੀ ਪੀਐਚਡੀ ਕੀਤੀ ਅਤੇ ਆਪਣਾ ਸ਼ਾਹਕਾਰ ਮੁੱਕਦਦਮਾ-ਏ-ਤਾਰੀਖ-ਏ-ਜ਼ਬਾਨ-ਏ-ਉਰਦੂ ਲਿਖਿਆ ਜੋ ਬਾਅਦ ਵਿੱਚ ਇੱਕ ਕਿਤਾਬ ਦੇ ਤੌਰ ਤੇ ਪ੍ਰਕਾਸ਼ਤ ਹੋਇਆ ਅਤੇ ਇੱਕ ਮਹੱਤਵਪੂਰਨ ਲਿਖਤ ਸਾਬਤ ਹੋਇਆ। ਉਸਨੇ ਹਿੰਦੀ ਅਤੇ ਸੰਸਕ੍ਰਿਤ ਸਾਹਿਤ ਦਾ ਵੀ ਅਧਿਐਨ ਕੀਤਾ ਅਤੇ ਬੰਗਾਲੀ, ਫ਼ਾਰਸੀ ਅਤੇ ਫ੍ਰੈਂਚ ਤੋਂ ਵੀ ਜਾਣੂ ਸੀ। ਬਾਅਦ ਵਿਚ, 1953 ਵਿੱਚ ਉਸਨੇ ਭਾਸ਼ਾ ਵਿਗਿਆਨ ਵਿੱਚ ਪੈਰਿਸ ਯੂਨੀਵਰਸਿਟੀ ਤੋਂ ਆਪਣੀ ਡੀਲਿਟ ਪੂਰੀ ਕੀਤੀ।

ਕੈਰੀਅਰ[ਸੋਧੋ]

ਹੁਸੈਨ ਨੇ ਸਾਊਥ ਏਸ਼ੀਅਨ ਸਟੱਡੀਜ਼ ਵਿਭਾਗ, ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ, ਯੂਐਸਏ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਸੇਵਾ ਨਿਭਾਈ। 1962 ਵਿਚ, ਉਹ ਓਸਮਾਨਿਆ ਯੂਨੀਵਰਸਿਟੀ ਦੇ ਉਰਦੂ ਵਿਭਾਗ ਦਾ ਚੇਅਰਮੈਨ ਬਣਿਆ, ਜਿਥੇ ਉਸਨੇ 1968 ਤਕ ਸੇਵਾ ਨਿਭਾਈ, ਜਦੋਂ ਉਸ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਭਾਸ਼ਾਈ ਵਿਭਾਗ ਦਾ ਮੁਖੀ ਬਣਾਇਆ ਗਿਆ। ਉਹ 1969–1970 ਦੌਰਾਨ ਅੰਜੁਮਨ-ਤਰਕੀ-ਉਰਦੂ ਹਿੰਦ ਦਾ ਕਾਰਜਕਾਰੀ ਜਨਰਲ ਸਕੱਤਰ ਸੀ। 3 ਨਵੰਬਰ 1973 ਤੋਂ 15 ਅਗਸਤ 1978 ਤੱਕ ਉਸਨੇ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਵਿੱਚ ਉਪ-ਕੁਲਪਤੀ ਦੇ ਤੌਰ ਤੇ ਸੇਵਾ ਕੀਤੀ। ਆਪਣੀ ਸੇਵਾਮੁਕਤੀ ਤੋਂ ਬਾਅਦ, ਹੁਸੈਨ ਨੂੰ ਇਕਬਾਲ ਇੰਸਟੀਚਿਊਟ, ਕਸ਼ਮੀਰ ਯੂਨੀਵਰਸਿਟੀ, ਸ਼੍ਰੀਨਗਰ ਵਿਖੇ ਵਿਜ਼ਿਟਿੰਗ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਸੀ ਜਿਥੇ ਖੋਜ ਵਿਧੀ ਦੀ ਸਿਖਲਾਈ ਦਿੰਦਾ ਸੀ। ਮਸੂਦ ਹੁਸੈਨ 1990 ਦੇ ਅੱਧ ਤੱਕ ਜਾਮੀਆ ਉਰਦੂ ਅਲੀਗੜ ਦਾ ਉਪ ਕੁਲਪਤੀ ਵੀ ਰਿਹਾ। ਜਾਮੀਆ ਉਰਦੂ, ਅਲੀਗੜ ਦੀ ਸਥਾਪਨਾ ਉਰਦੂ ਸਿੱਖਿਆ ਦੇਣ ਲਈ 1939 ਵਿੱਚ ਇੱਕ ਦੂਰ ਸਿੱਖਿਆ ਸੰਸਥਾ ਵਜੋਂ ਕੀਤੀ ਗਈ ਸੀ। ਉਹ 2010 ਵਿੱਚ ਆਪਣੀ ਮੌਤ ਤਕ ਆਲ ਇੰਡੀਆ ਮੁਸਲਿਮ ਵਿਦਿਅਕ ਕਾਨਫਰੰਸ ਦਾ ਪ੍ਰਧਾਨ ਰਿਹਾ। ਉਹ ਖੁਦਾ ਬਖ਼ਸ਼ ਓਰੀਐਂਟਲ ਲਾਇਬ੍ਰੇਰੀ ਦੇ ਕਾਰਜਕਾਰੀ ਬੋਰਡ ਦਾ ਮੈਂਬਰ ਸੀ।

ਹਵਾਲੇ[ਸੋਧੋ]

  1. TwoCircles.net. "Ex-Jamia VC Prof. Masood Husain Khan passes away - TwoCircles.net".
  2. Zia-ul-Hasan Faruqi (1999) Dr. Zakir Hussain: Quest for Truth APH Publishing, India