ਆਧੁਨਿਕ ਪੰਜਾਬੀ ਕਵਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਧੁਨਿਕ ਪੰਜਾਬੀ ਕਵਿਤਾ ਦਾ ਜਨਮ ਵੀਹਵੀਂ ਸਦੀ ਦੇ ਆਰੰਭ ਨਾਲ ਹੋਇਆ।

ਵਰਗੀਕਰਨ ਦਾ ਮੁੱਖ ਅਧਾਰ[ਸੋਧੋ]

ਆਧੁਨਿਕ ਕਾਲ ਦੀ ਪੰਜਾਬੀ ਕਵਿਤਾ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਕਵੀਆਂ ਦੀ ਉਹ ਸ਼੍ਰੇਣੀ ਜਿਹਨਾਂ ਦੀ ਕਵਿਤਾ ਨਿਰੋਲ ਆਧੁਨਿਕ ਲੀਹਾਂ ਉੱਤੇ ਉਸਰੀ ਹੈ, ਅਤੇ ਦੂਜੀ ਸ਼੍ਰੇਣੀ ਵਿੱਚ ਉਹ ਕਵੀ ਆਉਂਦੇ ਹਨ, ਜਿਹਨਾਂ ਨੇ ਰਵਾਇਤ ਜਾਂ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ, ਸਗੋਂ ਪੁਰਾਤਨ ਲੀਹਾਂ ਨੂੰ ਹੀ ਅੰਗੀਕਾਰ ਕੀਤਾ ਹੈ।ਭਾਈ ਵੀਰ ਸਿੰਘ, ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਅਵਤਾਰ ਸਿੰਘ ਅਜ਼ਾਦ, ਦੀਵਾਨ ਸਿੰਘ ਕਾਲੇਪਾਣੀ, ਦੇਵਿੰਦਰ ਸਤਿਆਰਥੀ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫੀਰ, ਤੇ ਬਾਵਾ ਬਲਵੰਤ ਦੀ ਕਵਿਤਾ ਦੇ ਕੁਝ ਨਮੂਨਿਆਂ ਨੂੰ ਭਾਰਤੀ ਭਾਸ਼ਾਵਾਂ ਦੀ ਆਧੁਨਿਕ ਕਵਿਤਾ ਦੇ ਟਾਕਰੇ ਤੇ ਬੜੇ ਮਾਣ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ਮੁੱਢ[ਸੋਧੋ]

ਡਾ: ਬਲਵੀਰ ਸਿੰਘ ਨੇ ਆਪਣੀ ਪੁਸਤਕ ‘ਕਲਮ ਦੀ ਕਰਾਮਾਤ` ਵਿੱਚ ਹਵਾਲਾ ਦੇ ਕੇ ਬਾਵਾ ਕਾਨ੍ਹ ਸਿੰਘ ਦੀ ਕਵਿਤਾ ਨੂੰ ਸਭ ਤੋਂ ਪਹਿਲੀ ਆਧੁਨਿਕ ਕਵਿਤਾ ਕਿਹਾ ਹੈ।

ਆਧੁਨਿਕ ਕਵਿਤਾ ਦਾ ਮੁੱਢ ਭਾਈ ਵੀਰ ਸਿੰਘ ਨਾਲ ਬੱਝਦਾ ਹੈ। ਉਹਨਾਂ ਨੇ ਹੀ ਸਭ ਤੋਂ ਪਹਿਲਾਂ ਆਧੁਨਿਕ ਕਵਿਤਾ ਦੇ ਰੰਗ ਨੂੰ ਨਿਖਾਰਿਆ ਅਤੇ ਆਪਣੇ ਸਮਕਾਲੀ ਕਵੀਆਂ ਨੂੰ ਪ੍ਰਭਾਵਿਤ ਕੀਤਾ। ਆਧੁਨਿਕ ਕਵੀਆਂ ਦੀ ਪਹਿਲੀ ਪੀੜ੍ਹੀ ਵਿੱਚੋਂ ਭਾਈ ਵੀਰ ਸਿੰਘ ਨੂੰ ਸ੍ਰੋਮਣੀ ਪਦਵੀ ਪ੍ਰਾਪਤ ਹੈ। ਉਹਨਾਂ ਦੇ ਦੌਰ ਦੇ ਹੋਰ ਕਵੀ ਪ੍ਰੋ: ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ ਤੇ ਕਿਰਪਾ ਸਾਗਰ ਆਦਿ ਹਨ।

ਪਹਿਲੀ ਪੀੜ੍ਹੀ ਦੇ ਕਵੀ[ਸੋਧੋ]

ਭਾਈ ਵੀਰ ਸਿੰਘ-(1872-1957)-[ਸੋਧੋ]

ਭਾਈ ਵੀਰ ਸਿੰਘ ਨੇ ਆਪਣੇ ਸਮੇਂ ਤੇ ਸ਼੍ਰੇਣੀ ਅਨੁਸਾਰ ਸਭ ਤੋਂ ਪਹਿਲਾਂ ਪੰਜਾਬੀ ਕਵਿਤਾ ਨੂੰ ਆਧੁਨਿਕ ਲੀਹਾਂ ਉੱਤੇ ਲਿਆਂਦਾ। ਭਾਈ ਵੀਰ ਸਿੰਘ ਦੀ ਕਵਿਤਾ ਦਾ ਮੂਲ ਵਿਸ਼ਾ ਆਧਿਆਤਮਕ ਹੀ ਹੈ ਤੇ ਉਸ ਦੀ ਲਗਭਗ ਸਾਰੀ ਕਵਿਤਾ ਇਸੇ ਵਿਸ਼ੇ ਨੂੰ ਹੀ ਰਹੱਸਵਾਦੀ ਤੇ ਦਾਰਸ਼ਨਿਕ ਰੂਪ ਵਿੱਚ ਪ੍ਰਗਟਾਉਂਦੀ ਹੈ।ਉਹਨਾਂ ਦੀਆਂ ਕਾਵਿ ਰਚਨਾਵਾਂ ਇਹ ਹਨ-‘ਰਾਣਾ ਸੂਰਤ ਸਿੰਘ`,‘ਲਹਿਰਾਂ ਦੇ ਹਾਰ`, ‘ਬਿਜਲੀਆਂ ਦੇ ਹਾਰ`,‘ਕੰਬਦੀ ਕਲਾਈ`,‘ਮਟਕ ਹੁਲਾਰੇ`,‘ਪ੍ਰੀਤ ਵੀਣਾ`, ਆਦਿ ਹਨ। ‘ਕੰਤ ਮਹੇਲੀ`(ਬਾਰਾਂ ਮਾਂਹ) ਅਤੇ ਮੇਰੇ ‘ਸਾਈਆਂ ਜੀੳ`(ਸਾਹਿਤ ਅਕਾਦਮੀ ਪੁਰਸਕ੍ਰਿਤ)।

ਪ੍ਰੋ:ਪੂਰਨ ਸਿੰਘ-(1881-1931)-[ਸੋਧੋ]

ਪ੍ਰੋ:ਪੂਰਨ ਸਿੰਘ ਮਹਾਨ ਪ੍ਰਤਿਭਾ ਦਾ ਮਾਲਕ ਸੀ।ਉਸ ਦੀ ਵਚਿੱਤਰ ਤੇ ਅਲੌਕਿਕ ਸਖਸ਼ੀਅਤ, ਜੀਵਨ ਦਾ ਡੂੰਘਾ ਤੇ ਮੰਸਕ ਅਨੁਭਵ,ਸੰਸਾਰ ਸਾਹਿਤ ਦਾ ਅਧਿਐਨ ਤੇ ਪ੍ਰਦੇਸ ਯਾਤਰਾ ਉਸ ਦੀ ਕਲਾ ਨੂੰ ਸਿਖਰ ਤੱਕ ਚਮਕਾਉਂਦੇ ਹਨ।ਪ੍ਰੋ:ਪੂਰਨ ਸਿੰਘ ਵਿਸ਼ਾਲ ਤਜਰਬੇ ਦਾ ਮਾਲਕ ਸੀ, ਇਸ ਲਈ ਉਸ ਦੀ ਰਚਨਾ ਦਾ ਖੇਤਰ ਕੇਵਲ ਪੰਜਾਬੀ ਹੀ ਨਹੀਂ ਰਿਹਾ।ਪੰਜਾਬੀ ਕਵਿਤਾ ਵਿੱਚ ਉਸ ਦੇ ਤਿੰਨ ਕਾਵਿ ਸੰਗ੍ਰਹਿ ਹਨ।‘ਖੁੱਲੇ ਘੁੰਡ`, ‘ਖੁੱਲੇ ਮੈਦਾਨ`, ‘ਖੁੱਲੇ ਅਸਮਾਨੀ ਰੰਗ` ਮਿਲਦੇ ਹਨ। ਵਿਸ਼ਾ ਤੇ ਰੂਪ ਦੋਹਾਂ ਵੱਲੋਂ ਹੀ ਲੇਖਕ ਨੇ ਸੁਤੰਤਰ ਉਡਾਰੀਆਂ ਲਾਈਆਂ ਹਨ।

ਧਨੀ ਰਾਮ ਚਾਤ੍ਰਿਕ-(1876-1954)-[ਸੋਧੋ]

ਆਧੁਨਿਕ ਪੰਜਾਬੀ ਕਵਿਤਾ ਦੀ ਪਹਿਲੀ ਪੀੜ੍ਹੀ ਦੇ ਕਵੀਆਂ ਵਿੱਚੋਂ ਲਾਲਾ ਧਨੀ ਰਾਮ ਚਾਤ੍ਰਿਕ ਜੀ ਦੀ ਵੀ ਖਾਸ ਥਾਂ ਹੈ। ਉਹ ਪਹਿਲੀ ਪੀੜ੍ਹੀ ਦਾ ਪ੍ਰਤੀਨਿਧ ਕਵੀ ਹੈ ਜਿਸਨੇ ਨਿਰੋਲ ਪੰਜਾਬੀ ਜੀਵਨ ਤੇ ਸੱਭਿਆਚਾਰ ਨੂੰ ਆਪਣੀ ਰਚਨਾ ਦਾ ਵਿਸ਼ਾ ਬਣਾਇਆ।ਚਾਤ੍ਰਿਕ ਦੀ ਕਵਿਤਾ ਦਾ ਆਰੰਭ ਕਿੱਸਿਆਂ ਤੋਂ ਹੁੰਦਾ ਹੈ-‘ਭਰਥਰੀ ਹਰੀ`, ‘ਨਲ ਦਮਯੰਤੀ` ਉਸ ਦੇ ਪਹਿਲੇ ਕਿੱਸੇ ਹਨ।ਚਾਤ੍ਰਿਕ ਦੀ ਕਵਿਤਾ ਦੇ ਪ੍ਰਤੀਨਿਧ ਪੱਖ ਛੇ ਹਨ-ਪੰਜਾਬੀ ਜੀਵਨ ਦਾ ਪ੍ਰਗਟਾਅ, ਕੁਦਰਤ ਦਾ ਵਰਣਨ, ਕੌਮੀ ਤੇ ਸਰਵ ਸਾਂਝੇ ਭਾਵ ਤੇ ਗੁਲਾਮੀ ਵਿਰੁੱਧ ਘ੍ਰਿਣਾ ਪੈਦਾ ਕਰ ਕੇ ਦੇਸ਼ ਦੇ ਲੋਕਾਂ ਨੂੰ ਜਾਗਰੂਕ, ਧਾਰਮਿਕ ਤੇ ਸਦਾਚਾਰਕ ਸਿੱਖਿਆ, ਰਵਾਇਤੀ ਪੰਰਪਰਾ ਅਤੇ ਰੋਮਾਂਸ।ਇਸ ਤੋਂ ਇਲਾਵਾ ਲਾਲਾ ਕਿਰਪਾ ਸਾਗਰ, ਡਾਕਟਰ ਚਰਨ ਸਿੰਘ ਅਤੇ ਭਾਈ ਰਣਧੀਰ ਸਿੰਘ ਪਹਿਲੀ ਪੀੜ੍ਹੀ ਦੇ ਕਵੀ ਹਨ।

ਦੂਜੀ ਪੀੜ੍ਹੀ ਦੇ ਕਵੀ:-[ਸੋਧੋ]

ਪ੍ਰੋ. ਮੋਹਨ ਸਿੰਘ-(1905-1974)-[ਸੋਧੋ]

ਪੰਜਾਬੀ ਦੇ ਆਧੁਨਿਕ ਕਾਵਿ ਸਾਹਿਤ ਵਿੱਚ ਮੋਹਨ ਸਿੰਘ ਦੀ ਵਿਸ਼ੇਸ਼ ਮਹੱਤਵਪੂਰਨ ਤੇ ਗੌਰਵ ਵਾਲੀ ਥਾਂ ਹੈ। ਮੋਹਨ ਸਿੰਘ ਪ੍ਰੀਤ ਦਾ ਕਵੀ ਹੈ। ਸਮਾਜ ਦੀ ਪੂੰਜੀਵਾਦੀ ਦਸ਼ਾ ਵਿੱਚ ਮੱਧ ਸ਼੍ਰੇਣੀ ਦੇ ਜੀਵਨ ਦਾ ਬਲਵਾਨ ਆਸ਼ਾ,ਸੁਤੰਤਰ ਪ੍ਰੀਤ ਹੀ ਕਿਹਾ ਜਾ ਸਕਦਾ ਹੈ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਮੋਹਨ ਸਿੰਘ ਆਪਣੀ ਕਵਿਤਾ ਵਿੱਚ ਇਨ੍ਹਾਂ ਭਾਵਾਂ ਦੇ ਪ੍ਰਗਟਾਅ ਵਿੱਚ ਸਫਲ ਹੋ ਕੇ ਲੋਕ ਪ੍ਰਿਯ ਕਵੀ ਬਣ ਗਿਆ। ਮੋਹਨ ਸਿੰਘ ਦੀ ਕਵਿਤਾ ਉੱਤੇ ਪਿਆਰ ਦੇ ਸਰੀਰਕ ਭਾਵ ਛਾਏ ਰਹਿੰਦੇ ਹਨ ਅਤੇ ਉਸ ਦੀ ਬਿੰਬਾਵਲੀ ਭਾਵਾਂ ਤੇ ਵਿਚਾਰਾਂ ਉੱਤੇ ਹਾਵੀ ਰਹਿੰਦੀ ਹੈ। ਮੋਹਨ ਸਿੰਘ ਦੀ ਕਵਿਤਾ ਦਾ ਆਰੰਭ ‘ਕਵੀ ਦਰਬਾਰੀ` ਰਚਨਾ ਕਾਲ ਤੋਂ ਹੋਇਆ। ਮੋਹਨ ਸਿੰਘ ਦੇ ਕਾਵਿ ਸੰਗ੍ਰਹਿ-‘ਅਧਵਾਟੇ`, ਕਸੁੰਭੜਾ`, ‘ਸਾਵੇ ਪੱਤਰ` ਆਦਿ ਹਨ।

ਅੰਮ੍ਰਿਤਾ ਪ੍ਰੀਤਮ-(1919-2005)-[ਸੋਧੋ]

ਅੰਮ੍ਰਿਤਾ ਪ੍ਰੀਤਮ ਨੇ ਆਪਣੇ ਪਿਤਾ ਗਿਆਨੀ ਕਰਤਾਰ ਸਿੰਘ ਹਿਤਕਾਰੀ ਦੀ ਸਰਪ੍ਰਸਤੀ ਹੇਠ ਛੋਟੀ ਉਮਰ ਵਿੱਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ ਤੇ ਫਿਰ ਲਗਾਤਾਰ ਕਾਵਿ ਸੰਗ੍ਰਹਿ ਰਚੇ। ਅੰਮ੍ਰਿਤਾ ਦੀ ਕਵਿਤਾ ਵਿੱਚ ਇਸਤਰੀ ਭਾਵ ਪੂਰੀ ਤੀਬਰਤਾ ਤੇ ਸੁਹਿਰਦਤਾ ਨਾਲ ਉਘੜੇ ਹਨ ਅਤੇ ਇਸੇ ਲਈ ਉਸਨੂੰ ਪੰਜਾਬੀ ਇਸਤਰੀ ਦੀ ਆਵਾਜ਼ ਕਿਹਾ ਜਾਂਦਾ ਹੈ।ਉਹ ਸਮਾਜ ਦੀਆਂ ਜਾਬਰ ਸ਼ਕਤੀਆਂ ਨੂੰ ਦਲੇਰ ਹੋ ਕੇ ਭੰਡਦੀ ਹੈ ਅਤੇ ਕਵਿਤਾ ਵਿੱਚ ਸਿੱਧੀਆਂ ਚੋਟਾਂ ਮਾਰ ਕੇ ਉਹਨਾਂ ਨੂੰ ਵੰਗਾਰਦੀ ਤੇ ਲਲਕਾਰਦੀ ਹੈ।ਉਹ ਇੱਕ ਚੇਤੰਨ ਵਿਅੰਗਕਾਰ ਹੈ ਅਤੇ ਨਿਝਕ ਹੋ ਕੇ ਇਸ ਸਮਾਜ ਵਿਰੁੱਧ ਖਰੀਆਂ ਖਰੀਆਂ ਸੁਣਾਉਦੀ ਹੈ।ਅੰਮ੍ਰਿਤਾ ਪ੍ਰੀਤਮ ਦੀ ਕੁੱਝ ਰਚਨਾਵਾਂ-‘ਅੰਮ੍ਰਿਤ ਲਹਿਰਾਂ`(1936),‘ਜਿਊਦਾ ਜੀਵਨ`(1939),‘ਤ੍ਰੇਲ ਧੋਤੇ ਫੁੱਲ`(1941),‘ੳ ਗੀਤਾਂ ਵਾਲਿਆਂ`(1942),‘ਪੱਥਰ ਗੀਟੇ`(1946) ਆਦਿ ਹਨ।

ਬਾਵਾ ਬਲਵੰਤ-(1924-1972)-[ਸੋਧੋ]

ਬਾਵਾ ਬਲਵੰਤ ਸਾਡੇ ਸਮੇਂ ਦਾ ਬੋਧਿਕ ਧਾਰਾ ਦਾ ਕਵੀ ਹੈ ਅਤੇ ਉਸ ਦੀ ਕਵਿਤਾ ਦੀ ਬੌਧਿਕਤਾ,ਨਿੱਗਰਤਾ ਤੇ ਰੂਪਕ ਪਕਿਆਈ ਉਸਨੂੰ ਇਸ ਧਾਰਾ ਦੇ ਸ਼ਰੋਮਣੀ ਕਵੀਆਂ ਵਿੱਚ ਥਾਂ ਦਿੰਦੀ ਹੈ। ਉਸ ਦੀ ਕਵਿਤਾ ਦੀ ਸਭ ਤੋਂ ਵੱਡੀ ਸਿਫ਼ਤ ਇਹ ਹੈ ਕਿ ਵਿਸ਼ੇ ਦੇ ਪੱਖ ਤੋਂ ਉਸ ਦੇ ਛਾਇਆਵਾਦੀ ਤੇ ਅਧਿਆਤਮਕ ਫ਼ਲਸਫ਼ੇ ਦਾ ਤਿਆਗ ਕੀਤਾ ਵੀ, ਨਹੀਂ ਵੀ ਕੀਤਾ ਅਤੇ ਦੂਜੇ ਬੰਨੇ ਸੰਬਾਦਕ ਪਦਾਰਥਵਾਦ ਦੀ ਫਿਲਾਸਫੀ ਨੂੰ ਅਪਣਾਇਆ ਹੈ।ਬਾਵਾ ਬਲਵੰਤ ਨੇ ਜਿੱਥੇ ਇੱਕ ਨਿੱਗਰ ਵਿਚਾਰਧਾਰਾ ਨੂੰ ਅਪਣਾਇਆ ਹੈ ਉੱਥੇ ਉਸਨੇ ਪ੍ਰੀਤ ਦੇ ਰਿਸ਼ਤਿਆਂ ਨੂੰ ਵੀ ਬੜੇ ਯਥਾਰਥਵਾਦੀ ਰੰਗ ਵਿੱਚ ਗਾਵਿਆ ਹੈ। ਬਾਵਾ ਬਲਵੰਤ ਦੀ ਕਵਿਤਾ ਨਾਲ ਪਹਿਲੀ ਵਾਰ ਆਧੁਨਿਕ ਪੰਜਾਬੀ ਕਵਿਤਾ ਵਿੱਚ ਊਰਦੂ-ਫਾਰਸੀ ਦੀ ਕਵਿਤਾ ਵਾਲੀ ਰੂਪਕ ਪਕਿਆਈ ਤੇ ਡੂੰਘਾਈ ਆਈ ਹੈ।ਬਾਵਾ ਬਲਵੰਤ ਦੇ ਕਾਵਿ ਸੰਗ੍ਰਹਿ-‘ਮਹਾ ਨਾਚ`,‘ਅਰਮ ਗੀਤ`,‘ਜੁਆਲਾਮੁਖੀ`,ਤੇ‘ਬੰਦਰਗਾਹ` ਹਨ।

ਇਨ੍ਹਾਂ ਤੋਂ ਇਲਾਵਾ[ਸੋਧੋ]

ਅਵਤਾਰ ਸਿੰਘ ਅਜ਼ਾਦ, ਹੀਰਾ ਸਿੰਘ ਦਰਦ, ਦਵਿੰਦਰ ਸਤਿਆਰਥੀ,ਹਰਿੰਦਰ ਸਿੰਘ ਰੂਪ,ਪ੍ਰੀਤਮ ਸਿੰਘ ਸਫੀਰ, ਡਾਕਟਰ ਮੋਹਨ ਸਿੰਘ, ਡਾਕਟਰ ਦੀਵਾਨ ਸਿੰਘ ਕਾਲੇਪਾਣੀ ਆਦਿ ਦੂਜੀ ਪੀੜ੍ਹੀ ਦੇ ਕਵੀ ਹਨ।

ਤੀਜੀ ਪੀੜ੍ਹੀ ਦੇ ਕਵੀ:-[ਸੋਧੋ]

ਸੰਤੋਖ ਸਿੰਘ ਧੀਰ-(1920-2010)-[ਸੋਧੋ]

ਸੰਤੋਖ ਸਿੰਘ ਧੀਰ ਪ੍ਰਗਤੀਵਾਦੀ ਕਵੀ ਸੀ। ਪੰਜਾਬ ਸੰਕਟ ਦੇ ਆਤੰਕਵਾਦੀ ਵਾਤਾਵਰਨ ਵਿੱਚ ਵੀ ਉਹ ਅੰਧਕਾਰਮਈ ਅਵਸਥਾ ਵਿੱਚੋ ਫਿਰਕੂ ਨਫ਼ਰਤ ਅਤੇ ਦੁਵਾਲੇ ਅੱਤਿਆਚਾਰ ਦੇ ਆਧਾਰ ਤੇ ਮਾਨਵਤਾ ਦੇ ਸੱਚੇ ਤੇ ਸੁਹਿਰਦ ਆਦਰਸ਼ਾਂ ਦੀ ਭਾਲ ਕਰਦਾ ਰਿਹਾ ਹੈ।ਆਦਰਸ਼ਵਾਦ ਤੇ ਰੁਮਾਂਸਵਾਦ ਦੀ ਤੁਲਨਾ ਵਿੱਚ ਉਹ ਵਧੇਰੇ ਯਥਾਰਥਵਾਦੀ ਤੇ ਧਰਤੀ ਦੇ ਨੇੜੇ ਸੀ,ਪਰ ਮਨੁੱਖਤਾ ਦੇ ਵਿਕਾਸ ਅਤੇ ਸਮੁੱਚੀ ਮਨੁੱਖਤਾ ਦੇ ਕਿਰਤੀ ਤੇ ਨਿਮਨ ਵਰਗ ਦੇ ਵਿਕਾਸ ਲਈ ਉਹ ਆਦਰਸ਼ਵਾਦੀ ਟੀਚਿਆਂ ਨੂੰ ਵੀ ਭਾਵਕ ਸੁਰ ਵਿੱਚ ਅਪਣਾ ਲੈਂਦਾ ਸੀ। ਸੰਤੋਖ ਸਿੰਘ ਧੀਰ ਦੇ ਕਾਵਿ ਸੰਗ੍ਰਹਿ-‘ਧਰਤੀ ਮੰਗਦੀ ਮੀਂਹ ਵੇ`,‘ਪਤ ਝੜੇ ਪੁਰਾਣੇ`, ‘ਬਿਰਹੜੇ`, ‘ਕਾਲੀ ਬਰਛੀ` ਅਤੇ ‘ਅੱਕ ਦੇ ਪੱਤੇ` ਆਦਿ ਹਨ।

ਸ਼ਿਵ ਕੁਮਾਰ ਬਟਾਲਵੀ -(1937-1973)-[ਸੋਧੋ]

ਸ਼ਿਵ ਕੁਮਾਰ ਨੇ ਆਪਣੇ ਪਹਿਲੇ ਕਾਵਿ ਸੰਗ੍ਰਹਿ ‘ਪੀੜਾ ਦਾ ਪਰਾਗਾ` ਨਾਲ ਹੀ ਪੰਜਾਬੀ ਦੇ ਸਾਹਿਤਕ ਜਗਤ ਨੂੰ ਪ੍ਰਭਾਵਿਤ ਕਰ ਲਿਆ ਸੀ ਤੇ ਉਸ ਦੀ ਸਰੋਦੀ ਹੂਕ ਦਾ ਨਿਰਾਸ਼ਮਈ ਸਵਰ, ਉਹਜਵਾਦੀ ਸੈਲੀ ਤੇ ਰੁਮਾਂਟਿਕ ਮਨੋਭਾਵਾਂ ਦੀ ਤੀਖਣਤਾ ਰਾਹੀ ਛੇਤੀ ਉਜਾਗਰ ਹੋ ਗਿਆ।ਡਾ: ਹਰਿਭਜਨ ਸਿੰਘ ਦੇ ‘ਤਾਰ ਤੁਪਦਾ` ਸਮਾਨ ਸ਼ਿਵ ਕੁਮਾਰ ਦੀ ਪ੍ਰਤੀਕਾਤਮਕ ਲਘੂ-ਕਥਾ ਨੂੰ ਪੰਜਾਬੀ ਕਵਿਤਾ ਦੀ ਆਧੁਨਿਕ ਕਲਾਸਕੀ ਰਚਲਾ ਦੀ ਸੰਗਿਆ ਦਿੱਤੀ ਜਾ ਸਕਦੀ ਹੈ। ਸ਼ਿਵ ਦੀ ਕਵਿਤਾ ਦਾ ਸਮੁੱਚਾ ਸਵਰ ਬੜਾ ਗੰਭੀਰ, ਸੋਚ ਜਗਾਊ ਤੇ ਕਰੁਣਾਮਈ ਹੈ।ਉਸ ਦੇ ਕਾਵਿ ਬਿੰਬ ਬੜੇ ਆਕਰਸ਼ਕ ਤੇ ਪ੍ਰਗਟਾਅ ਵਿਧੀ ਸੰਗੀਤਕ ਹੈ ਤੇ ਪ੍ਰਭਾਵ ਮਨ ਤੇ ਛਾ ਜਾਂਦਾ ਹੈ। ਸ਼ਬਦਾਵਲੀ ਦੀ ਸੁੰਦਰ ਚੋਣ ਉਸਨੂੰ ਪੰਜਾਬੀ ਦੇ ਸ਼ੇ੍ਰਸਟਤਮ ਕਵੀਆਂ ਵਿੱਚ ਸਥਾਨ ਦੁਆਂਉਦੀ ਹੈ। ਸ਼ਿਵ ਕੁਮਾਰ ਦੇ ਕਾਵਿ ਸੰਗ੍ਰਹਿ-‘ਅਲਵਿਦਾ`ਤੇ‘ਸਾਗਰ ਤੇ ਕਣੀਆਂ` ਹਨ।

ਡਾ: ਜਸਵੰਤ ਸਿੰਘ ਨੇਕੀ-(1925)-[ਸੋਧੋ]

ਡਾ:ਜਸਵੰਤ ਸਿੰਘ ਨੇਕੀ ਨੇ ਡਾਕਟਰੀ ਦੇ ਖੇਤਰ ਵਿੱਚ ਵਿਸ਼ੇਸ਼ ਅਧਿਐਨ ਕੀਤਾ ਹੈ, ਜਿਸ ਕਾਰਨ ਉਹ ਮਨ ਉਹ ਮਨਵਿਗਿਆਨਕ ਖਜ਼ਾਂ ਤੇ ਲੱਭਤਾਂ ਨੂੰ ਵਿਵਹਾਰਕ ਰੂਪ ਵਿੱਚ ਆਪਣੇ ਅਨੁਭਵ ਵਿੱਚ ਪ੍ਰਕਿਰਿਆ ਅਤੇ ਪ੍ਰਗਟਾਊ ਵਿਧੀ ਨਾਲ ਇੱਕ ਸੁਰ ਕਰ ਕੇ ਨਵੀਨਤਮ ਵਿਸ਼ਿਆਂ ਨੂੰ ਕਵਿਤਾ ਦਾ ਚਲਾ ਪਵਾਉਦਾਂ ਹੈ।‘ਅਸਲੇ ਤੇ ਉਹਲੇ’ ਤੇ ‘ਦੰਦ-ਕ੍ਰੀੜਾ’, ‘ਇਹ ਮੇਰੇ ਸੰਸ’, ਇਹ ਮੇਰੇ ਗੀਤ ਵਿੱਚ ਉਹ ਪ੍ਰਯਗਸੀਲ ਵੀ ਹੈ ਤੇ ਆਧੁਨਿਕ ਚਿੰਤਨ ਦਾ ਹਾਣੀ ਵੀ। ਜ਼ਸਵੰਤ ਸਿੰਘ ਨੇਕੀ ਦੀਆਂ ਕਾਵਿ ਕ੍ਰਿਤਾਂ-‘ਸਿਮਰਤੀ ਦੇ ਕਿਰਨ ਤ ਪਹਿਲਾਂ’ਅਤੇ ਕਰੁਣਾ ਦੀ ਛੂਹ ਤ ਮਗਰ(ਸਾਹਿਤ ਅਕਾਡਮੀ ਪੁਰਸਕਾਰ) ਆਦਿ ਹਨ।

ਇਸ ਤੋਂ ਇਲਾਵਾ[ਸੋਧੋ]

ਪ੍ਰਭਜੋਤ ਕੌਰ, ਹਰਿਭਜਨ ਸਿੰਘ,ਸੁਖਪਾਲ,ਵੀਰ ਸਿੰਘ‘ਹਸਰਤ’,ਡਾ:ਅਤਰ ਸਿੰਘ, ਭਗਵੰਤ ਸਿੰਘ, ਪ੍ਰਿਤਪਾਲ ਸਿੰਘ, ਜਗਤਾਰ ਸਿੰਘ,ਡਾ ਅਮਰਜੀਤ ਟਾਂਡਾ ,ਅਨੂਪ ਸਿੰਘ ਆਦਿ ਤੀਜੀ ਪੀੜ੍ਹੀ ਦੇ ਕਵੀ ਹਨ। ਉੱਪਰੋਕਤ ਤਿੰਨ ਪੀੜ੍ਹੀਆਂ ਵਿੱਚ ਕਵਿਤਾ ਦਾ ਇਤਿਹਾਸ ਵੰਡਿਆ ਗਿਆ ਹੈ ਅਤੇ ਵੱਖ-ਵੱਖ ਕਵੀਆਂ ਨੇ ਕਵਿਤਾ ਦੇ ਇਤਿਹਾਸ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ। ਪ੍ਰਿੰਸੀਪਲ ਤੇਜਾ ਸਿੰਘ ਜੀ ਇਨ੍ਹਾਂ ਵਿੱਚ ਸ਼ਾਮਿਲ ਹਨ

ਹਵਾਲੇ[ਸੋਧੋ]