ਸਰ ਜੋਗਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰਦਾਰ ਸਰ ਜੋਗੇਂਦਰ ਸਿੰਘ ਆਪਣੀ ਦੂਜੀ ਪਤਨੀ ਲੇਡੀ ਵਿਨਿਫਰੇਡ ਮੇ ਸਿੰਘ ਨਾਲ ਮਿਸਰ ਵਿੱਚ। ਅੰਦਾਜ਼ਨ 1920 ਵਿਚ।

ਸਰ ਜੋਗਿੰਦਰ ਸਿੰਘ (25 ਮਈ 1877 - 3 ਦਸੰਬਰ 1946)[1] ਪੰਜਾਬ ਦਾ ਸਿੱਖ ਆਗੂ ਅਤੇ ਲੇਖਕ ਸੀ। ਉਹ ਭਾਰਤ ਵਿਚ ਵਾਇਸਰਾਏ ਦੀ ਕਾਰਜਕਾਰੀ ਕੌਂਸਲ ਦਾ ਮੈਂਬਰ ਸੀ। ਉਸ ਨੇ ਸਿਹਤ, ਸਿੱਖਿਆ ਅਤੇ ਜ਼ਮੀਨ ਦੇ ਵਿਭਾਗਾਂ ਦੇ ਚੇਅਰਮੈਨ ਦੇ ਤੌਰ ਤੇ ਕੰਮ ਕੀਤਾ। 1942 ਵਿਚ ਉਸ ਨੂੰ ਕ੍ਰਿਪਸ ਮਿਸ਼ਨ ਦੇ ਸਾਹਮਣੇ ਪੱਖ ਰੱਖਣ ਲਈ ਸਿੱਖਾਂ ਦੇ ਪ੍ਰਤੀਨਿਧ ਵਜੋਂ ਚੁਣਿਆ ਗਿਆ ਸੀ। ਉਨ੍ਹਾਂ ਨੂੰ 1946 ਵਿਚ ਇਕ ਕਮੇਟੀ ਬਣਾਉਣ ਲਈ ਵੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਜਿਸਨੇ ਭਾਰਤੀ ਤਕਨੀਕੀ ਸੰਸਥਾਨਾਂ ਦੀ ਸਥਾਪਨਾ ਦੀ ਪਹਿਲ ਕੀਤੀ। ਉਹ ਥੀਓਸੋਫੀਕਲ ਸੁਸਾਇਟੀ ਦਾ ਮੈਂਬਰ ਸੀ। ਚੀਫ਼ ਖਾਲਸਾ ਦੀਵਾਨ, ਖਾਲਸਾ ਕਾਲਜ ਮਨੇਜਿੰਗ ਕਮੇਟੀ ਅਤੇ ਸਿੱਖ ਐਜੂਕੇਸ਼ਨਲ ਕਾਨਫਰੰਸ ਨਾਲ ਨੇੜੇ ਤੋਂ ਜੁੜੇ ਰਹੇ। ਇਹ ਉਹੀ ਜੋਗਿੰਦਰ ਸਿੰਘ ਹਨ ਜਿਨ੍ਹਾਂ ਦਾ ਜ਼ਿਕਰ ਮੁਹੰਮਦ ਇਕਬਾਲ ਦੀ ਇੱਕ ਨਜ਼ਮ ਵਿੱਚ ਆਉਂਦਾ ਹੈ: "ਕੈਸੀ ਪਤੇ ਕੀ ਬਾਤ ਜੁਗਿੰਦਰ ਨੇ ਕੱਲ੍ਹ ਕਹੀ"[2]

ਜੀਵਨੀ[ਸੋਧੋ]

ਜੋਗਿੰਦਰ ਸਿੰਘ ਦਾ ਜਨਮ ਸੰਯੁਕਤ ਪ੍ਰਾਂਤ ਵਿੱਚ ਲਖੀਮਪੁਰ ਖੀਰੀ ਜਿਲੇ ਦੀ ਐਰਾ ਐਸਟੇਟ ਵਿੱਚ 25 ਮਈ 1877 ਨੂੰ ਹੋਇਆ ਸੀ। ਉਹ ਤਰਨਤਾਰਨ ਜਿਲੇ ਦੇ ਰਸੂਲਪੁਰ ਪਿੰਡ ਦੇ ਸਰਦਾਰ ਜਵਾਲਾ ਸਿੰਘ ਦੇ ਬੇਟੇ ਸਨ। ਉਨ੍ਹਾਂ ਦਾ ਦਾਦਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਘੋੜਚੜਾ ਖਾਸ ਸੀ, ਜਿਸਨੂੰ ਅਵਧ ਵਿੱਚ ਅਤੇ ਰੱਖ ਸੁਕਰਚੱਕ, ਤਰਨ ਤਾਰਨ, ਜ਼ਿਲ੍ਹਾ ਅੰਮ੍ਰਿਤਸਰ ਵਿੱਚ 1857 ਦੀ ਪਹਿਲੀ ਜੰਗ-ਏ-ਆਜ਼ਾਦੀ ਦੇ ਦੌਰਾਨ ਅੰਗਰੇਜਾਂ ਨੂੰ ਪ੍ਰਦਾਨ ਕੀਤੀ ਸੇਵਾ ਬਦਲੇ ਮੁਰੱਬੇ (12000 ਏਕੜ) ਜ਼ਮੀਨ ਮਿਲੀ ਸੀ।

ਜੋਗਿੰਦਰ ਸਿੰਘ ਨੇ ਘਰ ਵਿੱਚ ਹੀ ਸਿੱਖਿਆ ਪ੍ਰਾਪਤ ਕੀਤੀ ਅਤੇ ਲਿਓ ਟਾਲਸਟਾਏ ਤੋਂ ਪ੍ਰਭਾਵਿਤ ਹੋਏ ਅਤੇ ਹਰਬੰਸ ਸਿੰਘ, ਸੁੰਦਰ ਸਿੰਘ ਮਜੀਠੀਆ, ਭਾਈ ਤੇਜਾ ਸਿੰਘ ਅਤੇ ਭਾਈ ਦਿੱਤ ਸਿੰਘ ਦੀ ਸੰਗਤ ਤੋਂ ਬਹੁਤ ਪਰੇਰਨਾ ਮਿਲੀ। ਉਨ੍ਹਾਂ ਨੇ ਸਿਵਲ ਐਂਡ ਮਿਲਟਰੀ ਗਜ਼ਟ ਅਤੇ ਪਾਇਨਿਅਰ ਲਈ ਲੇਖ ਲਿਖੇ, ਪੰਜਾਬੀ ਭਾਸ਼ਾ ਅਤੇ ਸਿੱਖ ਯੂਨੀਵਰਸਿਟੀ ਦੇ ਲਈ ਆਵਾਜ਼ ਉਠਾਈ।

ਜੋਗਿੰਦਰ ਸਿੰਘ ਚੀਫ਼ ਖਾਲਸਾ ਦੀਵਾਨ, ਖਾਲਸਾ ਕਾਲਜ ਮਨੇਜਿੰਗ ਕਮੇਟੀ ਅਤੇ ਸਿੱਖ ਐਜੂਕੇਸ਼ਨਲ ਕਾਨਫਰੰਸ ਨਾਲ ਨੇੜੇ ਤੋਂ ਜੁੜਿਆ ਹੋਇਆ ਸੀ। ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਚਾਰ ਸਾਲਾਨਾ ਅਜਲਾਸਾਂ ਦੀ ਪ੍ਰਧਾਨਗੀ (1909, ਲਾਹੌਰ; 1912, ਸਿਆਲਕੋਟ; 1927, ਰਾਵਲਪਿੰਡੀ ਅਤੇ 1933, ਪੇਸ਼ਾਵਰ) ਕੀਤੀ।

ਉਸ ਨੇ ਕੌਂਸਲ ਆਫ਼ ਸਟੇਟਸ ਵਿੱਚ ਸਿੱਖ ਸਮੁਦਾਏ ਦੀ ਤਰਜਮਾਨੀ ਕੀਤੀ ਅਤੇ ਸਿੱਖਿਆ, ਸਿਹਤ ਅਤੇ ਭੂਮੀ ਦੇ ਵਿਭਾਗਾਂ ਨੂੰ ਦੇਖਿਆ। 1910 ਵਿੱਚ ਪਟਿਆਲਾ ਰਿਆਸਤ ਦੇ ਘਰੇਲੂ ਮੰਤਰੀ, ਇਸ ਰਿਆਸਤ ਦੀ ਰੀਜੇਂਸੀ ਦੇ ਪ੍ਰਧਾਨਮੰਤਰੀ ਅਤੇ ਪ੍ਰਧਾਨ ਰਹੇ। ਉਸ ਨੇ ਅਕਾਲੀਆਂ ਅਤੇ ਬਰਤਾਨਵੀ ਸਰਕਾਰ ਦਰਮਿਆਨ ਮੱਤਭੇਦਾਂ ਨੂੰ ਹੱਲ ਕਰਨ ਵਿੱਚ ਅਤੇ ਗੁਰਦੁਆਰਾ ਬਿਲ (1925) ਦੇ ਅੰਤਮ ਖਰੜੇ ਦਾ ਨਿਪਟਾਰਾ ਕਰਾਉਣ ਵਿੱਚ ਬਹੁਤ ਹੀ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਜਨਵਰੀ 1936 ਤੋਂ ਮਾਰਚ 1937 ਤੱਕ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਰਹੇ। ਬਰਤਾਨਵੀ ਸਰਕਾਰ ਨੇ ਉਨ੍ਹਾਂ ਨੂੰ ਸਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਮੰਡੀ ਹਾਈਡਰੋ ਇਲੈਕਟਰਿਕ ਯੋਜਨਾ ਉਲੀਕਣ ਅਤੇ ਲਾਗੂ ਕਰਨ ਕਰਕੇ ਸ਼ਹਿਰ ਜੋਗਿੰਦਰ ਨਗਰ ਉਨ੍ਹਾਂ ਦੇ ਨਾਮ ਤੇ ਨਾਮਿਤ ਕੀਤਾ ਗਿਆ ਸੀ। ਮਿੰਟਗੁਮਰੀ ਜਿਲ੍ਹੇ ਵਿੱਚ 2000 ਏਕੜ ਜ਼ਮੀਨ ਉਨ੍ਹਾਂ ਨੂੰ ਇਸ ਸ਼ਰਤ ਤੇ ਅਲਾਟ ਕੀਤੀ ਗਈ ਕੀ ਉਹ ਬੀਜ਼ ਤਿਆਰ ਕਰਨਗੇ ਅਤੇ ਖੇਤੀ ਸੰਦਾਂ ਦੇ ਤਜਰਬੇ ਕਰਨਗੇ।

ਉਹ ਖਾਲਸਾ ਰਾਸ਼ਟਰੀ ਪਾਰਟੀ ਦੇ ਸੰਸਥਾਪਕ ਮੈਂਬਰ ਸਨ। ਭਾਰਤੀ ਚੀਨੀ ਕਮੇਟੀ ਸਹਿਤ ਕਈ ਕਮੇਟੀਆਂ ਜਿਵੇਂ ਭਾਰਤੀ ਟੈਕਸੇਸ਼ਨ ਕਮੇਟੀ ਦੇ ਮੈਂਬਰ ਸਨ। ਉਹ ਭਾਰਤ ਦੇ ਰੱਖਿਆ ਵਿੱਚ ਸਰਕਾਰ ਦੀ ਮਦਦ ਕਰਨ ਦੇ ਅਤੇ ਫੌਜ ਵਿੱਚ ਸਿੱਖਾਂ ਦੇ ਹਿਤਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਬਣਾਈ ਖਾਲਸਾ ਰੱਖਿਆ ਲੀਗ ਦੇ ਆਰਕੀਟੈਕਟਾਂ ਵਿੱਚੋਂ ਇੱਕ ਸੀ।

1942 ਵਿੱਚ ਉਸ ਨੂੰ ਵਾਇਸਰਾਏ ਅਗਜੈਕਟਿਵ ਦਾ ਮੈਂਬਰ, ਦਿੱਲੀ ਯੂਨੀਵਰਸਿਟੀ ਦਾ ਪਰੋ ਕੁਲਪਤੀ, ਪੰਜਾਬ ਯੂਨੀਵਰਸਿਟੀ ਦਾ ਫੈਲੋ ਨਿਯੁਕਤ ਕੀਤਾ ਗਿਆ ਸੀ। 3 ਦਸੰਬਰ 1946 ਨੂੰ ਇਕਬਾਲ ਨਗਰ, ਮਿੰਟਗੁਮਰੀ ਜ਼ਿਲ੍ਹੇ ਵਿੱਚ ਉਸ ਦੀ ਮੌਤ ਹੋ ਗਈ।[3]

ਰਚਨਾਵਾਂ[ਸੋਧੋ]

ਸਾਰੀਆਂ ਰਚਨਾਵਾਂ ਮੂਲ ਤੌਰ ਤੇ ਅੰਗਰੇਜ਼ੀ ਵਿੱਚ ਹਨ। ਆਪਣੇ ਨਾਵਲਾਂ ਵਿੱਚ ਸਰ ਜੋਗਿੰਦਰ ਸਿੰਘ ਨੇ ਔਰਤਾਂ ਦੀ ਨੀਚ ਸਥਿਤੀ ਅਤੇ ਸੁਲਤਾਨਾਂ, ਨਵਾਬਾਂ, ਜਮੀਂਦਾਰਾਂ, ਰਾਜਿਆਂ, ਤਾਲੁਕੇਦਾਰਾਂ ਅਤੇ ਪੁਜਾਰੀਆਂ ਦੇ ਐਸ਼ੀ ਜੀਵਨ ਅਤੇ ਉਨ੍ਹਾਂ ਦੀ ਨੈਤਿਕ ਅਤੇ ਆਤਮਕ ਗਿਰਾਵਟ ਦਾ ਪਰਦਾਫਾਸ਼ ਕੀਤਾ ਹੈ।

ਨਾਵਲ[ਸੋਧੋ]

  • ਨੂਰ ਜਹਾਂ (1909)
  • ਨਸਰੀਨ (1915)
  • ਕਮਲਾ (1925)
  • ਕਾਮਨੀ (1931)

ਹੋਰ[ਸੋਧੋ]

  • ਥਸ ਸਪੋਕ ਗੁਰੂ ਨਾਨਕ
  • ਸਿੱਖ ਸੈਰੇਮਨੀਜ਼ [4]

ਹਵਾਲੇ[ਸੋਧੋ]