ਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੁਨੀਆ ਦੇ ਸਾਰੇ ਸਭਿਆਚਾਰਾਂ ਦੀ ਸਿਰਜਣ ਪ੍ਰਕਿਰਿਆ ਇੱਕ ਹੈ ਪਰ ਸਾਰੇ ਸਭਿਆਚਾਰਾਂ ਵਿੱਚ ਵਿਭਿੰਨਤਾ ਪਾਈ ਜਾਂਦੀ ਹੈ। ਇਸਦਾ ਕਾਰਨ ਇਹ ਹੈ ਕਿ ਦੁਨੀਆ ਦੇ ਹਰ ਖਿੱਤੇ ਦੇ ਲੋਕ ਇਕੋ ਵਸਤੂ ਨੂੰ ਸਮਾਨ ਢੰਗ ਨਾਲ ਅਨੁਭਵ ਨਹੀਂ ਕਰਦੇ ਜਿਵੇਂ ਚੰਨ ਸਾਰੀ ਦੁਨੀਆ ਵਿੱਚ ਦਿਖਾਈ ਦਿੰਦਾ ਹੈ ਪਰ ਹਰ ਸਭਿਆਚਾਰ ਚੰਨ ਬਾਰੇ ਆਪਣੀਆਂ ਆਪਣੀਆਂ ਧਾਰਨਾਵਾਂ ਸਿਰਜਦਾ ਹੈ।ਇਹ ਵੱਖ-ਵੱਖ ਧਾਰਨਾਵਾਂ ਹੀ ਨਿਖੜਵੇਂ ਲੱਛਣਾਂ ਦੀ ਸਿਰਜਣਾ ਕਰਦੀਆਂ ਹਨ। ਪੰਜਾਬੀ ਸਭਿਆਚਾਰ ਦੀ ਨਿੱਖੜਵੀਂ ਤੇ ਵਿਲੱਖਣ ਹੋਂਦ ਸਾਕਾਰ ਕਰਨ ਵਿੱਚ ਇਸ ਦੀਆਂ ਭੂਗੋਲਿਕ ਹੱਦਾਂ, ਹਾਲਤਾਂ ਅਤੇ ਇਸਦੇ ਇਤਿਹਾਸਕ ਪਿਛੋਕੜ ਦਾ ਵਡੇਰਾ ਯੋਗਦਾਨ ਹੈ ਪਰ ਵਰਤਮਾਨ ਸਮੇਂ ਦੌਰਾਨ ਪੰਜਾਬੀ ਸਭਿਆਚਾਰ ਦੇ ਨਿਖੜਵੇਂ ਮੁਹਾਂਦਰੇ, ਸਹੀ ਇਤਿਹਾਸਕ ਪਿਛੋਕੜ, ਆਰੰਭਿਕ ਦੌਰ ਅਤੇ ਬਣਤਰ ਸੰਬੰਧੀ ਨਾਂ ਸਿਰਫ ਵਿਭਿੰਨ ਦ੍ਰਿਸ਼ਟੀਕੋਣ ਹੀ ਸਾਹਮਣੇ ਆ ਰਹੇ ਹਨ ਸਗੋਂ ਅਸੰਤੁਲਿਤ ਸੰਕੀਰਣ ਅਤੇ ਇਕਪਾਸੜ ਪਹੁੰਚ ਰਾਹੀਂ ਿੲਸਦੇ ਸਹੀ ਅਤੇ ਸੁਤੰਤਰ ਰੂਪ ਨੂੰ ਵਿਗਾੜਨ ਦੇ ਨਿਰੰਤਰ ਯਤਨ ਹੋ ਰਹੇ ਹਨ।

ਪੰਜਾਬੀ ਸਭਿਆਚਾਰ ਦੇ ਮੁੱਖ ਲੱਛਣ[ਸੋਧੋ]

ਪੰਜਅਬੀ ਸਭਿਆਚਾਰ ਦੇ ਹੇਠ ਲਿਖੇ ਨਿੱਖੜਵੇਂ ਲੱਛਣ ਹਨ, ਜਿਵੇਂ:-

ਗ੍ਰਹਿਣਸ਼ੀਲਤਾ[ਸੋਧੋ]

ਗ੍ਰਹਿਣਸ਼ੀਲਤਾ ਪੰਜਾਬੀਆਂ ਦਾ ਇੱਕ ਮੁੱਖ ਲੱਛਣ ਹੈ। ਹੈ।ਪੰਜਾਬੀ ਸਭਿਆਚਾਰ ਉੱਪਰ ਜਿੰਨੇ ਵੀ ਬਾਹਰਲੇ ਪ੍ਰਭਾਵ ਪਏ ਹਨ,ਜਿਸ ਤਰ੍ਹਾਂ ਪੰਜਾਬੀ ਸਭਿਆਚਾਰ ਨੇ ਉਹਨਾਂ ਨੂੰ ਸਮੋਇਆ ਤੇ ਪਚਾਇਆ ਹੈ, ਉਸ ਤੋਂ ਪੰਜਾਬੀ ਸਭਿਆਚਾਰ ਦੀ ਅਨੁਕੂਲਣ ਸ਼ਕਤੀ ਅਤੇ ਸਮਰੱਥਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

  • ਪੰਜਾਬ ਵੰਨ ਸੁਵੰਨੇ ਸਭਿਆਚਾਰਾਂ ਦਾ ਮਿਲਣ ਬਿੰਦੂ ਰਿਹਾ ਹੈ, ਇਸ ਲਈ ਪੰਜਾਬ ਦੇ ਲੋਕ ਨਵੀਆਂ ਤਬਦੀਲੀਆਂ, ਵਿਚਾਰਾਂ, ਵਸਤਾਂ ਤੇ ਆਦਤਾਂ ਨੂੰ ਮੁਢਲੇ ਤੌਰ ਤੇ ਬੜੀ ਜਲਦੀ ਸਵੀਕ੍ਰਿਤੀ ਦੇ ਦਿੰਦੇ ਹਨ। ਇਹਨਾਂ ਵਿਚੋਂ ਜੋ- ਜੋ ਪੰਜਾਬੀ ਸਭਿਆਚਾਰ ਦਾ ਅਨੁਸਾਰੀ ਬਣ ਜਾਂਦਾ ਹੈ, ਉਹ ਟਿਕਦਾ ਹੈ, ਬਾਕੀ ਖਾਰਜ ਹੋ ਜਾਂਦਾ ਹੈ।
  • ਪੰਜਾਬੀ ਸਭਿਆਚਾਰ ਦਾ ਇਹ ਲੱਛਣ ਅਚਾਨਕ ਹੀ ਨਹੀਂ ਉਭਾਰਿਆ,ਸਗੋਂ ਇਹ ਲੰਮੇ ਇਤਿਹਾਸਕ ਵਰਤਾਰੇ ਦੀ ਦੇਣ ਹੈ।ਪੰਜਾਬ ਇੱਕ ਅਜਿਹਾ ਭੂ- ਖੰਡ ਸੀ ਜਿਸ ਵਿਚੋਂ ਹਰ ਧਾੜਵੀਂ ਭਾਰਤ ਉਪਰ ਕਬਜ਼ਾ ਕਰਨ ਲਈ ਜ਼ਰੂਰ ਲੰਘਦਾ ਸੀ। ਪੰਜਾਬ ਨੇ ਸਭਿਆਚਾਰੀਕਰਨ ਦੇ ਅਣਗਿਣਤ ਅਮਲ ਆਪਣੇ ਤਨ ਤੇ ਹੰਢਾਏ। ਬਾਹਰਲੀਆਂ ਕੌਮਾਂ ਦੇ ਲੋਕ ਸਮੇਂ ਸਮੇਂ ਪੰਜਾਬ ਵਿੱਚ ਵਸਦੇ ਰਹੇ। ਪੰਜਾਬ ਦੇ ਖੁੱਲ੍ਹੇ -ਖੁਲਾਸੇ ਸਭਿਆਚਾਰ ਨੇ ਹਰ ਸਭਿਆਚਾਰ ਤੋਂ ਤੱਤ ਉਧਾਰੇ ਲਏ ਤੇ ਕਈਆਂ ਨੂੰ ਆਪਣੇ ਵਿੱਚ ਸਮੋ ਲਿਆ। ਇਸੇ ਕਾਰਨ ਪੰਜਾਬੀ ਬੰਦਾ ਜਲਦੀ -ਜਲਦੀ ਘੁਲਣ ਅਤੇ ਦੂਜਿਆਂ ਨਾਲ ਇਕਮਿਕ ਹੋਣ ਦੀ ਸਮਰੱਥਾ ਰਖਦਾ ਹੈ।

ਪੰਜਾਬੀ ਸਭਿਆਚਾਰ, ਮਿਸ਼ਰਿਤ ਸਭਿਆਚਾਰ ਹੈ[ਸੋਧੋ]

ਸ਼ੁੱਧ ਨਿਰੋਲ ਸਭਿਆਚਾਰ ਦੀ, ਜਿਸ ਵਿੱਚ ਕੋਈ ਮਿਲਾਵਟ ਨਾ ਹੋਵੇ,ਕਲਪਨਾ ਹੀ ਹੋ ਸਕਦੀ ਹੈ।ਪੰਜਾਬ ਦੇ ਇਤਿਹਾਸ ਉਪਰ ਅਨੇਕਾਂ ਪ੍ਰਭਾਵ ਪਏ ਅਤੇ ਅਨੇਕਾਂ ਵਾਰ ਇਸ ਦੀਆਂ ਭੂਗੋਲਿਕ ਹੱਦਾਂ ਵਿੱਚ ਤਬਦੀਲੀ ਆਈ।ਇਸ ਤਰ੍ਹਾਂ ਪੰਜਾਬੀ ਸਭਿਆਚਾਰ ਉਪਰ ਇਤਿਹਾਸ -ਭੂਗੋਲ ਦੇ ਬਦਲਣ ਨਾਲ ਬਹੁ- ਖੇਤਰੀ ਤੇ ਬਹੁ-ਸਭਿਆਚਾਰੀ ਛਾਪ ਲਗਣੀ ਆਵਸ਼ਕ ਹੀ ਸੀ। ਪੰਜਾਬ ਦਾ ਸਭ ਤੋਂ ਪੁਰਾਣਾ ਰੂਪ ਸਾਨੂੰ ਸਿੰਧੂ ਘਾਟੀ ਸਭਿਅਤਾ ਅਤੇ ਸਭਿਆਚਾਰ ਤੋਂ ਦ੍ਰਿਸ਼ਟੀਗਤ ਹੁੰਦਾ ਹੈ।ਫਿਰ ਆਰੀਆ ਲੋਕ ਆਏ ਅਤੇ ਉਹਨਾਂ ਤੋਂ ਬਾਅਦ ਵੱਖ -ਵੱਖ ਜਾਤੀਆਂ ਦੇ ਲੋਕ ਏਥੇ ਆਏ।ਸਭ ਤੋਂ ਪਿੱਛੋਂ ਅੰਗਰੇਜ਼ ਆਏ। ਅੰਗਰੇਜ਼ਾਂ ਦੀ ਆਮਦ ਨਾਲ ਤੇ ਵਿਗਿਆਨਕ ਯੁੱਗ ਨਾਲ ਸਾਡੇ ਸਭਿਆਚਾਰ ਵਿੱਚ ਕਾਫੀ ਰੂਪਾਂਤਰਨ ਹੋਇਆ ਤੇ ਹੋ ਰਿਹਾ ਹੈ।

  • ਸਭਿਆਚਾਰਕ ਤੌਰ ਤੇ ਪੰਜਾਬ ਇੱਕ ਅਜਿਹੀ ਫੁਲਵਾੜੀ ਹੈ,ਜਿਸ ਵਿੱਚ ਵੰਨ- ਸੁਵੰਨੇ ਪੌਦੇ ਤੇ ਫੁੱਲ, ਆਪਣੀ ਵੱਖਰੀ ਹੋਂਦ ਤੇ ਵਿਲੱਖਣਤਾ ਦੇ ਬਾਵਜੂਦ ਵੀ ਸਮੁੱਚੀ ਇਕਾਈ ਦਾ ਪ੍ਰਭਾਵ ਦਿੰਦੇ ਹਨ, ਪੰਜਾਬ ਦੀ ਵਸੋਂ ਮਿੱਸੀ ਤੇ ਵਿਜਾਤੀ ਹੈ।

ਇਸ ਤੋਂ ਇਹ ਸਪਸ਼ਟ ਹੈ ਕਿ ਇੰਨੇ ਵਿਭਿੰਨ ਸਭਿਆਚਾਰਾਂ ਦਾ ਮਿਲਗੋਭਾ ਮਿੱਸਾ ਹੀ ਹੋਵੇਗਾ।ਇਸ ਲਈ ਸਭਿਆਚਾਰਕ ਇਕਰੂਪਤਾ ਨਾ ਤਾਂ ਸੰਭਵ ਸੀ ਤੇ ਨਾ ਹੀ ਇੱਛਤ।ਅੰਤ ਜੋ ਸਭਿਆਚਾਰ ਹੋਂਦ ਵਿੱਚ ਆਇਆ ਉਹ ਮਿਸ਼ਿਰਤ ਸੀ।

ਇਹਲੌਕਿਕਤਾ ਵਿੱਚ ਵਿਸ਼ਵਾਸ[ਸੋਧੋ]

ਪੰਜਾਬੀ ਬੰਦੇ ਦਾ ਰਵੱਈਆ ਲੋਕਵਾਦੀ ਹੈ ਭਾਵ ਉਹ ਪਰਲੋਕਵਾਦੀ ਸੋਚ ਨਹੀਂ ਰੱਖਦਾ। ਪੰਜਾਬੀ ਸਭਿਆਚਾਰ ਦੇ ਕੇਂਦਰੀ ਸਰੋਕਾਰ ਸਮਾਜੀ ਮਨੁੱਖ ਅਤੇ ਯਥਾਰਥਵਾਦੀ ਹਨ।ਪੰਜਾਬੀ ਲੋਕਾਂ ਦੇ ਸੰਕਟਾਂ, ਟਕਰਾਵਾਂ ਅਤੇ ਦੁਖਾਂਤਾਂ ਦੇ ਨੇੜੇ ਰਹਿਣ ਕਰਕੇ ਪੰਜਾਬੀ ਜਨਜੀਵਨ ਯਥਾਰਥਕ ਪਸਾਰਾਂ ਦੇ ਅਧਿਕ ਨੇੜੇ ਹੈ। ਸਵਰਗ -ਨਰਕ ਦੀ ਲੋਚਾ, ਮੁਕਤੀ ਜਾਂ ਗ਼ੈਰ - ਸਮਾਜੀ ਮਨੁੱਖੀ ਸੰਕਲਪ ਪੰਜਾਬੀ ਸਭਿਆਚਾਰ ਦੇ ਅਹਿਮ ਸਰੋਕਾਰ ਨਹੀਂ ਹਨ। ਇਹ ਜੀਵਨ ਨੂੰ ਜੀਊਣ ਜੋਗਾ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਹਨ। ਇਥੋਂ ਤਕ ਕਿ ਪੰਜਾਬ ਦਾ ਸਾਧ ਵੀ ਇਸ ਦੀ ਵਸੋਂ ਤੋਂ ਟੁੱਟਿਆ ਹੋਇਆ ਨਹੀਂ ਹੈ। ਪੰਜਾਬ ਦੇ ਗੁਰੂ ਅਤੇ ਪੀਰ ਮਨੁੱਖ ਨੂੰ ਗ੍ਰਹਿਸਥ ਵਿੱਚ ਰਹਿ ਕੇ ਸੰਜਮਤਾ ਦਾ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੰਦੇ ਹਨ।ਪੰਜਾਬੀ ਇਸ ਜੀਵਨ ਨੂੰ ਜੀਊਣ ਵਿੱਚ ਵਿਸ਼ਵਾਸ ਰੱਖਦੇ ਹਨ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਲੋਕ ਇਹਲੌਕਿਕਤਾ ਵਿੱਚ ਵਿਸ਼ਵਾਸ ਰੱਖਦੇ ਹਨ।

ਵਿਧਾਰਮਿਕਤਾ[ਸੋਧੋ]

ਪੰਜਾਬੀ ਬੰਦਾ ਧਾਰਮਿਕ ਨਹੀਂ ਸਗੋਂ ਵਿਧਾਰਮਿਕ ਹੈ।ਉਹ ਕਿਸੇ ਖਾਸ ਧਰਮ ਦਾ ਅਨੁਯਾਈ ਨਹੀਂ ਹੈ। ਉਹ ਗੁਰਦੁਆਰੇ ਵੀ ਜਾਂਦਾ ਹੈ, ਮੰਦਰ ਵੀ ਜਾਂਦਾ, ਪੀਰਾਂ ਦੀ ਦਰਗਾਹ ਤੇ ਵੀ ਜਾਂਦਾ ਅਤੇ ਡੇਰਿਆਂ ਤੇ ਵੀ ਜਾਂਦਾ ਹੈ।ਉਹ ਇਕੋ ਸਮੇਂ ਤੇ ਕਈ ਚੀਜ਼ਾਂ ਨਾਲ -ਨਾਲ ਮੰਨਦਾ ਤੇ ਪ੍ਰਵਾਨ ਕਰੀ ਜਾਂਦਾ ਹੈ।ਭਾਵੇਂ ਇਸ ਨੂੰ ਅੰਧ ਵਿਸ਼ਵਾਸ ਮੰਨ ਲਿਆ ਜਾਂਦਾ ਹੈ ਪਰ ਇਸੇ ਵਿਧਾਰਮਿਕਤਾ ਵਿੱਚ ਪੰਜਾਬੀਆਂ ਦੀ ਸੁੰਦਰਤਾ ਝਲਕਦੀ ਹੈ ਕਿਉਂ ਕਿ ਇਕਹਿਰੇ ਵਿਸ਼ਵਾਸ ਨਾਲ ਬੱਝਕੇ ਬੰਦਾ ਇਕਹਿਰੀ ਸੋਚ ਦਾ ਗੁਲਾਮ ਹੋ ਸਕਦਾ ਹੈ ਅਤੇ ਦੂਜਿਆਂ ਨੂੰ ਨਫਰਤ ਕਰ ਸਕਣ ਦੀ ਸੰਭਾਵਨਾ ਵਧ ਜਾਂਦੀ ਹੈ।ਇਹ ਵਿਧਾਰਮਿਕਤਾ ਹੀ ਪੰਜਾਬੀ ਸਭਿਆਚਾਰ ਦਾ ਨਿਖੜਵਾਂ ਲੱਛਣ ਹੈ ਅਤੇ ਇਸੇ ਨਾਲ ਪੰਜਾਬੀਆਂ ਦੇ ਸੁਭਾਅ ਵਿੱਚ ਖੁੂੱਲ੍ਹਾਪਣ ਆਉਂਦਾ ਹੈ।

ਪੰਜਾਬੀ ਸਭਿਆਚਾਰ ਵਿੱਚ ਔਰਤ ਦੀ ਹੋਂਦ[ਸੋਧੋ]

ਪੰਜਾਬੀ ਸਭਿਆਚਾਰ ਵਿੱਚ ਔਰਤ ਦੀ ਸਥਿਤੀ ਇਸਲਾਮੀ ਅਤੇ ਬ੍ਰਾਹਮਣੀ ਸਭਿਆਚਾਰਕ ਬਣਤਰਾਂ ਦੇ ਮੁਕਾਬਲੇ ਵੱਖਰੀ ਜ਼ਰੂਰ ਹੈ ਪਰ ਇਹ ਬਿਲਕੁਲ ਉਚਿਤ ਅਤੇ ਇੱਛਤ ਨਹੀਂ ਹੈ। ਪੰਜਾਬਣ, ਪੰਜਾਬੀ ਸਮਾਜਿਕ, ਆਰਥਿਕ ਪ੍ਰਬੰਧ ਵਿੱਚ ਇੱਕ ਸਾਜਿੰਦ, ਮਾਣਯੋਗ ਅਤੇ ਅਸਤਿਤਵਮੂਲਕ ਲੋੜਾਂ ਦੀ ਸਾਕਾਰ ਹੋਂਦ ਹੈ।ਆਪਣੀ ਦੂਜੈਲੀ ਸਭਿਆਚਾਰਕ ਹੋਂਦ ਦੇ ਬਾਵਜੂਦ ਪੰਜਾਬੀ ਔਰਤ ਨੇ ਸਿਰੜੀ ਚਰਿੱਤਰ ਨੂੰ ਬਰਕਰਾਰ ਰੱਖਿਆ ਹੈ। ਇਸ ਤੋਂ ਇਲਾਵਾ ਪੰਜਾਬੀ ਸਭਿਆਚਾਰ ਵਿੱਚ ਔਰਤ ਦੀਆਂ ਸਰੀਰਕ ਤੇ ਮਾਨਸਿਕ ਲੋੜਾਂ ਨੂੰ ਸਵੀਕਾਰਿਆ ਜਾਂਦਾ ਹੈ ਜਿਵੇਂ ਵਿਧਵਾ ਔਰਤ ਦਾ ਮੁੜ ਵਿਆਹ ਕਰ ਦਿੱਤਾ ਜਾਂਦਾ ਹੈ ਜਿਸ ਨੂੰ ਕਰੇਵਾ ਕਿਹਾ ਜਾਂਦਾ ਹੈ। ਪੰਜਾਬੀ ਔਰਤ ਦਬਦੀ ਨਹੀਂ, ਉਹ ਆਪਣੇ ਨਾਲ ਹੋ ਰਹੀਆਂ ਵਧੀਕੀਆਂ ਨੂੰ ਬੋਲੀਆਂ, ਮਾਹੀਏ ਆਦਿ ਰਾਹੀਂ ਪੇਸ਼ ਕਰਦੀ ਹੈ। ਇਸ ਤਰ੍ਹਾਂ ਪੰਜਾਬੀ ਸਭਿਆਚਾਰ ਪੰਜਾਬੀ ਔਰਤ ਦੀ ਹੋਂਦ ਦਾ ਵੱਖਰਾ ਪ੍ਰਮਾਣ ਪੇਸ਼ ਕਰਦਾ ਹੈ।

ਪੰਜਾਬੀ ਸਭਿਆਚਾਰ ਦੇ ਆਮ ਪ੍ਰਚਲਿਤ ਲੱਛਣ[ਸੋਧੋ]

ਕਿਰਤ ਕਮਾਈ ਕਰਨਾ- ਪ੍ਰਸੰਗ, ਮਿੱਥ ਅਤੇ ਤੱਥ[ਸੋਧੋ]

ਪੰਜਾਬੀ ਸਭਿਆਚਾਰ ਕਿਰਤ- ਪ੍ਰਧਾਨ ਹੈ। ਡਾ. ਜਸਵਿੰਦਰ ਸਿੰਘ ਅਨੁਸਾਰ-“ਕਮਾਈ ਕਰਨ ਤੇ ਇਸਨੂੰ ਆਪਣੇ ਹੱਕ ਸੱਚ ਨਾਲ ਇਕਮਿਕ ਕਰਕੇ ਜੀਵਨ ਵਿਉਂਤਣਾ ਪੰਜਾਬੀ ਸੱਭਿਆਚਾਰ ਦਾ ਕੇਂਦਰੀ ਸਾਰ ਹੈ।”[1] ਪੰਜਾਬੀ ਸਭਿਆਚਾਰ ਵਿੱਚ ਵਿਹਲੜ, ਕੰਮਚੋਰ ਅਤੇ ਦੇਹਰੱਖ ਵਿਅਕਤੀ ਦੀ ਨਿੰਦਾਜਨਕ ਸਥਿਤੀ ਹੈ।

  • ਵਰਤਮਾਨ ਸਮੇਂ ਵਿੱਚ ਜੇਕਰ ਦੇਖਿਆ ਜਾਵੇ ਤਾਂ ਕਿਰਤ ਦਾ ਮੁਖ ਖੇਤਰ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ, ਕਾਰਖਾਨਾ, ਇਮਾਰਤਸਾਜ਼ੀ, ਮਕੈਨਕੀ, ਸੜਕ ਨਿਰਮਾਣ/ਨਹਿਰਾਂ ਅਤੇ ਪੁਲ ਨਿਰਮਾਣ, ਸਿਲਾਈ/ ਕਢਾਈ/ਬੁਣਾਈ/ ਸਜਾਵਟ/ਘਰੇਲੂ ਕੰਮਕਾਜ, ਦਿਹਾੜੀਦਾਰ, ਰਿਕਸ਼ਾ ਚਾਲਕ, ਨਰੇਗਾ ਮਜ਼ਦੂਰ ਅਤੇ ਮੰਗਤੇ ਆਦਿ ਹਨ।
  • ਅਸੀਂ ਦੇਖਦੇ ਹਾਂ ਕਿ ਇਹਨਾਂ ਖੇਤਰਾਂ ਵਿੱਚ ਜ਼ਿਆਦਾਤਰ ਕਿਰਤ ਮਜ਼ਦੂਰ ਵਰਗ ਦੁਆਰਾ ਕੀਤੀ ਜਾਂਦੀ ਹੈ। ਮਜ਼ਦੂਰ ਵਰਗ ਵਿੱਚ ਵੀ ਪੰਜਾਬ ਦੇ ਵਾਸੀ ਘੱਟ ਸਗੋਂ ਪਰਵਾਸੀ ਮਜ਼ਦੂਰ ਵਧੇਰੇ ਹਨ ਜੋ ਯੂ.ਪੀ, ਬਿਹਾਰ ਤੋਂ ਆਏ ਹਨ। ਬਸਤੀਵਾਦੀ ਸੋਚ ਦੇ ਤਿੱਖੇ ਪ੍ਰਭਾਵ ਕਾਰਨ ਪੰਜਾਬੀ ਬੰਦਾ ਉਪਲਬਧ ਕੰਮ ਕਰਨ ਵਿੱਚ ਰੁਚੀ ਨਹੀਂ ਰੱਖਦਾ। ਪਰ ਜਦੋਂ ਪੰਜਾਬ ਦਾ ਬੰਦਾ ਵਿਦੇਸ਼ ਵਿੱਚ ਜਾਂਦਾ ਹੈ ਤਾਂ ਉਹ ਉਧਰ ਜਾ ਕੇ ਓਨੀ ਹੀ ਮਿਹਨਤ ਨਾਲ ਕੰਮ ਕਰਦਾ ਹੈ ਜਿੰਨੀ ਕਿ ਪੁਰਾਣੇ ਸਮਿਆਂ ਵਿੱਚ ਪੰਜਾਬ ਵਿੱਚ ਕਰਦਾ ਹੈ।

ਕਿਸਨੀ ਦੀ ਜੇ ਗੱਲ ਕੀਤੀ ਜਾਵੇ ਤਾਂ ਅਮੀਰ ਕਿਸਾਨ ਵਰਤਮਾਨ ਸਮੇਂ ਵਿੱਚ ਖ਼ੁਦ ਕੰਮ ਕਰਨਾ ਪਸੰਦ ਨਹੀਂ ਕਰਦਾ। ਅੱਜ ਦੇ ਸਮੇਂ ਪੰਜਾਬੀ ਬੰਦੇ ਕਿਰਤ ਤੋਂ ਜੀਅ ਚੁਰਾਉਣ ਲਗ ਪਏ ਹਨ। ਸੋ ਵਰਤਮਾਨ ਸਮੇਂ ਵਿੱਚ ਪੰਜਾਬੀਆਂ ਦਾ ਕਿਰਤ ਨਾਲ ਸਬੰਧ ਸਥਾਪਤ ਕਰਨਾ ਮੁਸ਼ਕਿਲ ਜਾਪਦਾ ਹੈ। ਸੋ ਪ੍ਰਸ਼ਨ ਇਹ ਖੜ੍ਹਾ ਹੋ ਗਿਆ ਹੈ ਕਿ- ਕੀ ਕਿਰਤ ਕਰਨਾ ਪੰਜਾਬੀਆਂ ਦਾ ਅੱਜ ਦੇ ਸਮੇਂ ਵਿੱਚ ਮੁਖ ਲੱਛਣ ਰਹਿ ਗਿਆ ਹੈ ਜਾ ਨਹੀਂ?

ਬਹਾਦਰੀ -ਪ੍ਰਸੰਗ,ਮਿੱਥ ਅਤੇ ਤੱਥ[ਸੋਧੋ]

ਆਮ ਪ੍ਰਚਲਿਤ ਧਾਰਨਾ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਲੋਕ ਬਹੁਤ ਨਿਡਰ, ਬਹਾਦਰ, ਸੂਰਮੇ, ਬੀਰ, ਦਲੇਰ ਅਤੇ ਅਣਖੀ ਹੁੰਦੇ ਹਨ। ਪੰਜਾਬ ਵਿੱਚ ਬਹੁਗਿਣਤੀ ਸਿੱਖਾਂ ਦੀ ਹੈ ਅਤੇ ਸਿੱਖਾਂ ਨੂੰ ਬਹਾਦਰ, ਦਲੇਰ ਅਤੇ ਨਿਡਰ ਕੌਮ ਮੰਨਿਆ ਜਾਂਦਾ ਹੈ ਜਿਸ ਕਾਰਨ ਸਾਰੀ ਪੰਜਾਬੀ ਕੌਮ ਨੂੰ ਹੀ ਬਹਾਦਰ ਮੰਨ ਲਿਆ ਜਾਂਦਾ ਹੈ। ਪੰਜਾਬ ਹਮੇਸ਼ਾ ਹੀ ਹਮਲਾਵਰਾਂ, ਜਗਿਆਸੂਆਂ, ਵਪਾਰੀਆਂ ਅਤੇ ਆਮ ਲੋਕਾਂ ਲਈ ਭਾਰਤ ਵਿੱਚ ਆਉਣ ਲਈ ਪ੍ਰਵੇਸ਼ ਦੁਆਰ ਰਿਹਾ ਹੈ। ਹਮਲਾਵਰਾਂ ਦੁਆਰਾ ਕੀਤੀ ਕਤਲੋਗਾਰਤ ਨੂੰ ਦੇਖ ਦੇਖ ਪੰਜਾਬੀਆਂ ਦੇ ਮਨ ਪੱਕੇ ਹੋ ਗਏ ਭਾਵੇਂ ਇਸ ਵਿੱਚ ਉਹਨਾਂ ਦੀ ਸ਼ਮੂਲੀਅਤ ਬਹੁਤ ਘੱਟ ਹੁੰਦੀ ਸੀ ਪਰ ਫਿਰ ਵੀ ਦੇਖਾ-ਦੇਖੀ ਵਿੱਚ ਇਸਦਾ ਬਹੁਤ ਅਸਰ ਪਿਆ। ਬਹਾਦਰੀ ਨੂੰ ਕਿਸੇ ਕੌਮ ਦਾ ਖ਼ਾਸ ਨਿੱਖੜਵਾਂ ਲੱਛਣ ਨਹੀਂ ਮੰਨ ਸਕਦੇ ਕਿੳਂਕਿ ਹਰ ਕੌਮ ਦਾ ਇਤਿਹਾਸ ਬਹਾਦਰੀ ਦੇ ਕਾਰਨਾਮਿਆਂ ਅਤੇ ਜਾਨਾਂ ਵਾਰਨ ਵਾਲੇ ਯੋਧਿਆਂ ਦੇ ਨਾਵਾਂ ਨਾਲ ਭਰਿਆ ਪਿਆ ਹੈ। ਇਸ ਪੱਖੋਂ ਸਿਰਫ ਗਿਣਤੀ ਵਿੱਚ ਅੰਤਰ ਹੋ ਸਕਦਾ ਹੈ। ਬਹਾਦਰੀ ਆਪਣੇ ਆਪ ਵਿੱਚ ਕੋਈ ਬੁਨਿਆਦੀ ਕਦਰ ਨਹੀਂ ਹੈ ਸਗੋਂ ਕਦਰ ਉਸ ਮਨੋਰਥ ਦੀ ਹੁੰਦੀ ਹੈ ਜਿਸ ਵਾਸਤੇ ਬਹਾਦਰੀ ਦਿਖਾਈ ਜਾਂਦੀ ਹੈ। ਮਨੋਰਥ ਦੇ ਹਵਾਲੇ ਨਾਲ ਹੀ ਬਹਾਦਰੀ ਦਾ ਖ਼ਾਸਾ ਨਿਸ਼ਚਿਤ ਹੁੰਦਾ ਹੈ।

ਜਾਤ-ਪਾਤ ਦੀ ਪੀਡੀ ਪਕੜ ਨਾ ਹੋਣਾ[ਸੋਧੋ]

ਪੰਜਾਬੀ ਸਭਿਆਚਾਰ ਵਿੱਚ ਜਾਤ-ਪਾਤ ਦੀ ਕੱਟੜਤਾ ਭਾਰਤੀ ਬ੍ਰਹਮਣੀ ਸਭਿਆਚਾਰ ਵਾਂਗ ਨਹੀਂ ਹੈ। ਡਾ. ਜਸਵਿੰਦਰ ਸਿੰਘ ਅਨੁਸਾਰ- “ਪੰਜਾਬੀ ਸਭਿਆਚਾਰ ਵਿੱਚ ਇੱਕ ਵਿੱਲਖਣਤਾ ਨਿਰੋਲ ਨਸਲੀ, ਜਨਮਸਿੱਧ ਤੇ ਵਿਰਾਸਤੀ ਅਧਿਕਾਰਾਂ/ਬੰਦਸ਼ਾ ਦੀ ਪੀਡੀ ਪਕੜ ਨਾ ਹੋਣ ਵਿੱਚ ਹੈ।”[2] ਪੰਜਾਬ ਵਿੱਚ ਅਨੇਕਾਂ ਜਾਤਾਂ, ਗੋਤਾਂ, ਕਬੀਲੀਆਂ ਆਦਿ ਦੇ ਲੋਕ ਰਹਿਣ ਕਰਕੇ ਪੰਜਾਬੀ ਸਭਿਆਚਾਰ ਨੂੰ ਵੰਨ-ਸਵੰਨਤਾ ਦਾ ਮੁਜੱਸਮਾ ਕਿਹਾ ਜਾਂਦਾ ਹੈ। ਪੰਜਾਬੀ ਸਭਿਆਚਾਰ ਵਿੱਚ ਜਾਤ ਪਾਤ ਦਾ ਪ੍ਰਬੰਧ ਪੀਡਾ ਹੈ ਪਰ ਹੋਰਨਾਂ ਸਭਿਆਚਾਰਾਂ ਦੇ ਮੁਕਾਬਲੇ ਵੱਖਰਾ ਹੈ।ਭਾਵੇਂ ਇਹ ਬਹੁਤਾ ਨਰਮ ਨਹੀਂ ਹੈ।ਪਬਲਿਕ ਸੈਕਟਰ ਵਿੱਚ ਪੀਅਨ ਤੋਂ ਲੈ ਕੇ ਵੱਡੇ ਅਫਸਰ ਤਕ ਸਭ ਆਪਸ ਵਿੱਚ ਜੁੜੇ ਹੁੰਦੇ ਹਨ ਅਤੇ ਇਕੱਠੇ ਕੰਮ ਕਰਦੇ ਹਨ। ਬੱਸਾਂ, ਰੇਲਾਂ ਵਿੱਚ ਬਿਨਾਂ ਜਾਤ ਪਾਤ ਦਾ ਭੇਭੇਦਭਾਵ ਕੀਤੇ ਇਕੱਠੇ ਸਫਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਸੱਭਿਆਚਾਰ ਵਿੱਚ ਜਾਤ ਪਾਤ ਦਾ ਪ੍ਰਬੰਧ ਪੀਡਾ ਹੈ ਪਰ ਵਖਰਾ ਹੈ।

ਮਨੁੱਖੀ ਸ਼ਖਸੀਅਤ ਦੀ ਸਿਰਜਣਾ[ਸੋਧੋ]

ਪੰਜਾਬੀ ਸਭਿਆਚਾਰ ਨੇ ਮੂਲ ਰੂਪ ਵਿੱਚ ਮਨੁੱਖੀ ਸ਼ਖਸੀਅਤ ਅਤੇ ਇਸ ਦੇ ਮਾਨਵੀ ਮੁੱਲਾਂ ਦੀ ਸਿਰਜਣਾ ਕੀਤੀ ਹੈ। ਡਾ. ਜਸਵਿੰਦਰ ਸਿੰਘ ਅਨੁਸਾਰ- “ਪੰਜਾਬੀ ਸ਼ਖਸੀਅਤ ਦਾ ਲੋਕ ਜੀਵਨ ਵਿੱਚੋਂ ਪੁਸ਼ਟ ਹੋਇਆ ਪ੍ਰਤੀਨਿਧ ਸਰੂਪ ਰਾਜੇ ਭੋਗੀ, ਪ੍ਰੋਹਿਤ ਜਾਂ ਦੈਵੀ ਮਨੁੱਖ ਬਿਲਕੁਲ ਨਹੀਂ ਹੈ।”[3] ਪੰਜਾਬੀ ਸਭਿਆਚਾਰ ਦਾ ਨਾਇਕ ਸੰਘਰਸ਼ੀ, ਉਦਮੀ ਅਤੇ ਸਿਰਜਕ ਮਨੁੱਖ ਹੈ।

ਰਿਸ਼ਤਾ-ਪ੍ਰਣਾਲੀ[ਸੋਧੋ]

ਪੰਜਾਬੀ ਸਮਾਜ ਦੀ ਸੰਰਚਨਾਤਮਕ ਵਿਸ਼ੇਸ਼ਤਾ ਵਿੱਚ ਇਸ ਦੀ ਵਿੱਲਖਣ ਰਿਸ਼ਤਾ-ਪ੍ਰਣਾਲੀ ਦਾ ਵਡੇਰਾ ਯੋਗਦਾਨ ਰਿਹਾ ਹੈ। ਜੀਤ ਸਿੰਘ ਜੋਸ਼ੀ ਅਨੁਸਾਰ- “ਪੰਜਾਬੀ ਸਭਿਆਚਾਰ ਵਿੱਚ ਰਿਸ਼ਤਾ-ਪ੍ਰਣਾਲੀ ਦੇ ਦੋ ਆਧਾਰ ਹਨ, ਨਾਨਕੇ ਅਤੇ ਦਾਦਕੇ। ”[4] ਨਾਨਕਿਆਂ ਤੇ ਦਾਦਕਿਆਂ ਵਿਚੋਂ ਹੀ ਹੋਰ ਮਹੱਤਵਪੂਰਨ ਰਿਸ਼ਤੇ ਬਣਦੇ ਹਨ ਜੋ ਪੰਜਾਬੀ ਸਭਿਆਚਾਰ ਦੀ ਵਿਲੱਖਣਤਾ ਨੂੰ ਪੇਸ਼ ਕਰਦੇ ਹਨ ਜਿਵੇਂ ਕਿ ਪੰਜਾਬੀ ਸਭਿਆਚਾਰ ਵਿੱਚ ਲੜਕੀਆਂ ਕੋਲੋਂ ਆਪਣੇ ਪਿਤਾ ਦੇ ਪੈਰੀਂ ਹੱਥ ਲਗਵਾਉਣਾ ਪਾਪ ਸਮਝਿਆ ਜਾਂਦਾ ਹੈ ਪਰ ਉਸੇ ਲੜਕੀ ਤੋਂ ਸਹੁਰੇ ਘਰ ਸੱਸ-ਸਹੁਰੇ ਦੇ ਪੈਰੀਂ ਹੱਥ ਲਗਵਾੲੇ ਜਾਂਦੇ ਹਨ ਪੰਜਾਬੀ ਸਭਿਆਚਾਰ ਵਿੱਚ ਹਰ ਰਿਸ਼ਤੇ ਦਾ ਆਪਣਾ ਸਮਾਜਿਕ, ਅਰਥਿਕ, ਲਿੰਗਾਤਮਕ ਅਤੇ ਮਾਨਿਸਕ ਮਹੱਤਵ ਹੈ।

ਪ੍ਰਾਹੁਣਾਚਾਰੀ -ਪ੍ਰਸੰਗ, ਮਿਥ[ਸੋਧੋ]

ਪ੍ਰਾਹੁਣਾਚਾਰੀ ਦੇ ਸਮਾਨਅਰਥੀ ਸ਼ਬਦ - ਮਹਿਮਾਨ ਨਿਵਾਜ਼ੀ, ਖ਼ਾਤਿਰਦਾਰੀ, ਆਓ ਭਗਤ ਆਦਿ ਹਨ।ਪੁਰਾਣੇ ਸਮਿਆਂ ਵਿੱਚ ਸਿਰਫ਼ ਘਰ ਦਾ ਸਕਾ ਜਵਾਈ ਹੀ ਘਰ ਪ੍ਰਾਹੁਣੇ ਵਜੋਂ ਰਹਿ ਸਕਦਾ ਸੀ ਅਤੇ ਉਸਦੀ ਮਹਿਮਾਨ ਨਿਵਾਜ਼ੀ ਨੂੰ ਹੀ ਪ੍ਰਾਹੁਣਾਚਾਰੀ ਕਿਹਾ ਜਾਂਦਾ ਸੀ। ਆਓ-ਭਗਤਸ਼ਬਦ ਵਿੱਚ ਕਿਸੇ ਅਧਿਆਤਮਿਕ ਪੁਰਖ ਦੀ ਸੇਵਾ ਦੇ ਭਾਵ ਲੁਕੇ ਹੋਏ ਸਨ। ਆਧੁਨਿਕ ਸਮੇਂ ਵਿੱਚ ਪ੍ਰਾਹੁਣਾਚਾਰੀ, ਮਹਿਮਾਨ ਨਿਵਾਜ਼ੀ, ਆਓ-ਭਗਤ ਸ਼ਬਦ ਆਪਸ ਵਿੱਚ ਜੁੜ ਗਏ ਹਨ ਅਤੇ ਇਕੋ ਅਰਥ ਗ੍ਰਹਿਣ ਕਰ ਚੁਕੇ ਹਨ। ਹੁਣ ਘਰ ਆਏ ਹਰ ਵਿਅਕਤੀ ਨੂੰ ਪ੍ਰਾਹੁਣਾ ਕਹਿ ਦਿੰਦੇ ਹਨ।ਪੰਜਾਬੀ ਕਿਸੇ ਬਾਹਰੋਂ ਆਏ ਬੰਦੇ ਨੂੰ ਓਪਰਾ ਮਹਿਸੂਸ ਨਹੀਂ ਹੋਣ ਦਿੰਦੇ। ਇਸ ਤਰ੍ਹਾਂ ਪ੍ਰਾਹੁਣਾਚਾਰੀ ਸ਼ਬਦ ਦਾ ਪ੍ਰਯੋਗ ਵਿਆਪਕ ਅਰਥਾਂ ਵਿੱਚ ਹੋਣ ਲੱਗਾ ਹੈ।

ਸਿੱਟਾ[ਸੋਧੋ]

ਉਪਰੋਕਤ ਵਿਚਾਰ ਚਰਚਾ ਤੋਂ ਬਾਅਦ ਕਹਿ ਸਕਦੇ ਹਾਂ ਕਿ ਪੰਜਾਬੀ ਸਭਿਆਚਾਰ ਮਿਸ਼ਰਿਤ ਸਭਿਆਚਾਰ ਹੈ। ਰੋਸ ਤੋਂ ਇਲਾਵਾ ਪੰਜਾਬੀ ਬੰਦੇ ਵਿੱਚ ਪਾਖੰਡੀ ਸ਼ਾਇਤਸਗੀ, ਦੋਹਰੇ ਵਿਹਾਰ ਅਤੇ ਬਹੁਤ ਜਿਆਦਾ ਬੌਧਿਕ ਚਤੁਰਾਈ ਨਹੀਂ ਹੁੰਦੀ। ਮਿੱਠਾ ਬੋਲਣਾ ਆਮ ਤੌਰ ਤੇ ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਨਹੀਂ ਹੈ। ਸੋ ਉਪਰੋਕਤ ਲੱਛਣ ਪੰਜਾਬੀ ਸਭਿਆਚਾਰ ਦੇ ਨਿਖੜਵੇਂ ਲੱਛਣਾਂ ਦੀ ਪ੍ਰਤੀਨਿਧਤਾ ਕਰਦੇ ਹਨ।

ਹਵਾਲੇ[ਸੋਧੋ]

  1. ਜਸਵਿੰਦਰ ਸਿੰਘ(ਡਾ)|ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ|ਪੁਨਿਤ ਪ੍ਰਕਾਸ਼ਨ,ਪਟਿਆਲਾ|1989|ਪੰਨਾ ਨੰ-155
  2. ਜਸਵਿੰਦਰ ਸਿੰਘ(ਡਾ)|ਪੰਜਾਬੀਸਭਿਆਚਾਰ ਪਛਾਣ ਚਿੰਨ੍ਹ|ਪੁਨਿਤ ਪ੍ਰਕਾਸ਼ਨ ਪਟਿਆਲਾ|1989|ਪੰਨਾ ਨੰ-159
  3. ਜਸਵਿੰਦਰ ਸਿੰਘ(ਡਾ)ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ|ਪੁਨਿਤ ਪ੍ਰਕਾਸ਼ਨ ਪਟਿਆਲਾ|1989|ਪੰਨਾ ਨੰ-158
  4. ਜੀਤ ਸਿੰਘ ਜੋਸ਼ੀ (ਪ੍ਰੋ)|ਸਭਿਆਚਾਰ ਅਤੇ ਲੋਕਯਾਨ ਦੇ ਮੂਲ ਸਿਧਾਂਤ|ਲਾਹੋਰ ਬੁਕ ਛਾਪ,ਲੁਧਿਆਣਾ|2004|ਪੰਨਾ ਨੰ-92