ਅਜੋਕੀ ਪੰਜਾਬੀ ਗੀਤਕਾਰੀ ਅਤੇ ਪੰਜਾਬੀ ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਜੋਕੀ ਪੰਜਾਬੀ ਗੀਤਕਾਰੀ ਅਤੇ ਪੰਜਾਬੀ ਸੱਭਿਆਚਾਰ

ਸੱਭਿਆਚਾਰ :

       ੧. "ਸੱਭਿਆਚਾਰ ਵਾਤਾਵਰਣ ਦਾ ਮਨੁੱਖ ਸਿਰਜਿਆ ਭਾਗ ਹੈ।"[1]
       ੨."ਸੱਭਿਆਚਾਰ ਇੱਕ ਜੁੱਟ ਅਤੇ ਜਟਿਲ ਸਿਸਟਮ ਹੈ, ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸਚਿਤ ਇਤਿਹਾਸਕ ਪੜਾਅ ਉੱਤੇ ਪ੍ਰਚੱਲਿਤ ਕਦਰਾਂ ਕੀਮਤਾਂ ਅਤੇ ਉਨ੍ਹਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ ਅਤੇ ਪਦਾਰਥਕ ਅਤੇ ਬੌਧਿਕ ਵਰਤਾਰੇ ਸ਼ਾਮਲ ਹੁੰਦੇ ਹਨ।"[2]
    

ਪੰਜਾਬੀ ਸੱਭਿਆਚਾਰ :

           ਜਦੋਂ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ "ਜਮਨਾ ਤੋਂ ਲੈ ਕੇ ਸਿੰਧ ਤੱਕ" ਦੇ ਇਲਾਕੇ ਨੂੰ ਆਧਾਰ ਬਣਾਉਂਦੇ ਹਾਂ ਪਰ ਸਾਡੇ ਉਪਰੋਕਤ ਵਿਸ਼ੇ "ਅਜੋਕੀ ਪੰਜਾਬੀ ਗੀਤਕਾਰੀ ਅਤੇ ਪੰਜਾਬੀ ਸੱਭਿਆਚਾਰ" ਨੂੰ ਸਪੱਸ਼ਟ ਕਰਨ ਲਈ ਅਸੀਂ ਅਜੋਕੇ ਰਾਜਨੀਤਿਕ ਭਾਰਤੀ ਪੰਜਾਬ ਨੂੰ ਹੀ ਆਧਾਰ ਬਣਾਵਾਂਗੇ।ਇਹ ਅਜੋਕੇ ਪੰਜਾਬੀ ਸੱਭਿਆਚਾਰ ਨੂੰ ਸਮਝਣ ਲਈ ਸਾਨੂੰ ਪੰਜਾਬੀ ਸੱਭਿਆਚਾਰ ਦੇ ਕੁੱਝ ਨਿੱਖੜਵੇਂ ਲੱਛਣਾਂ ਬਾਰੇ ਗੱਲ ਕਰਨੀ ਲਾਜ਼ਮੀ ਹੈ। ਤਾਂ ਕਿ ਅਸੀਂ ਵੇਖ ਸਕੀਏ ਕਿ ਅਜੋਕੇ ਪੰਜਾਬੀ ਗੀਤ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਹਨ ਕਿ ਨਹੀਂ?ਪੰਜਾਬੀ ਸੱਭਿਆਚਾਰ ਸਬੰਧੀ ਹੋ ਰਹੀਆਂ ਨਵੀਨਤਮ ਖੋਜਾਂ ਨੇ ਪੰਜਾਬੀ ਸੱਭਿਆਚਾਰ ਦੇ ਕੁਝ ਹੇਠ ਲਿਖੇ ਲੱਛਣ ਸਾਹਮਣੇ ਲਿਆਂਦੇ ਹਨ :

੧. ਪੰਜਾਬੀ ਲੋਕ ਵਿਧਾਰਮਿਕ ਹਨ। ੨. ਪੰਜਾਬੀਆਂ ਦਾ ਸਟੇਟ ਨਾਲ ਰਿਸ਼ਤਾ ਜ਼ਿਆਦਾਤਰ ਵਿਰੋਧ ਵਾਲਾ ਰਿਹਾ ਹੈ। ੩. ਪੰਜਾਬੀ ਨਵੇਂਪਣ ਨੂੰ ਛੇਤੀ ਸਵੀਕਾਰ ਕਰਦੇ ਹਨ । ੪. ਪੰਜਾਬੀ ਸੱਭਿਆਚਾਰ ਵਿੱਚ ਨਸਲੀ ਤੌਰ ਤੇ ਵੰਨ ਸੁਵੰਨਤਾ ਹੈ। ੫. ਵਿਅਕਤੀਗਤ ਸੂਰਮਤਾਈ ਦੇ ਪੰਜਾਬੀਆਂ ਚ ਵਧੇਰੇ ਮਾਨਤਾ ਹੈ। ੬. ਪੰਜਾਬੀ ਜਾਤ ਪ੍ਰਬੰਧ ਲਚਕਦਾਰ ਹੈ। ੭. ਨਸ਼ੇ ਜੀਵਨ ਦਾ ਆਮ ਹਿੱਸੇ ਹਨ। ੮. ਪੰਜਾਬੀ ਸੱਭਿਆਚਾਰ ਵਿੱਚ ਔਰਤ ਸਜਿੰਦ ਅਤੇ ਪੂਰਨ ਮਨੁੱਖ ਮੰਨਣ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ। ੯. ਪੰਜਾਬੀ ਜਮ੍ਹਾਂਖੋਰੀ ਦੇ ਉਲਟ ਹਨ।

ਗੀਤ :

   ਭਾਵ ਸੰਚਾਰ ਮਾਨਵ ਦੀ ਮੁੱਢਲੀ ਜ਼ਰੂਰਤ ਹੈ। ਸੰਚਾਰ ਦੀ ਇਸ ਜ਼ਰੂਰਤ ਵਿੱਚੋਂ ਹੀ ਮਾਨਵੀ ਭਾਸ਼ਾ ਦੀ ਉਤਪੱਤੀ ਹੋਈ ਆਦਿ ਕਾਲੀ ਮਾਨਵ ਨੇ ਜਦੋਂ ਵੱਖ ਵੱਖ ਤਰ੍ਹਾਂ ਦੇ ਭਾਵ ਤੇ ਉਦਗਾਰ ਪ੍ਰਗਟ ਕਰਨੇ ਹੁੰਦੇ ਸਨ ਤਾਂ ਉਸ ਨੇ ਢੁੱਕਵੀਆਂ ਮੁਦਰਾਵਾਂ ਅਤੇ ਸੰਕੇਤਾਂ ਦਾ ਸਹਾਰਾ ਲਿਆ। ਇਹ ਮੁਦਰਾਵਾਂ ਅਤੇ ਸੰਕੇਤ ਹੀ ਵਿਭਿੰਨ ਕਲਾਵਾਂ ਦੀ ਉਤਪੱਤੀ ਦੇ ਮੁੱਢਲੇ ਆਧਾਰ ਬਣੇ ,ਮੁੱਢ ਵਿੱਚ ਸੰਗੀਤ,ਨ੍ਰਿਤ,ਗੀਤ ਆਦਿ ਮਾਨਵੀ ਮਨੋਭਾਵਾਂ ਤੇ ਉਦਗਾਰਾਂ ਦੇ ਸੰਸਾਰ ਦਾ ਮੂਲ ਮਾਧਿਅਮ ਬਣੇ ਸਨ। ਮਾਨਵ ਦੇ ਗਾਉਂਦੇ ਆਪੇ ਕਲਾਤਮਕ ਭਾਸ਼ਾਈ ਰੂਪ ਗੀਤ ਹੀ ਰਿਹਾ ਹੈ। ਇਹ ਰਿੱਦਮਈ ਲਹਿਜੇ ਵਿੱਚ ਤੀਖਣ ਜਜ਼ਬਿਆਂ ਦਾ ਸੁਰਬੱਧ ਕਾਵਿ-ਰੂਪ ਹੈ, ਜਿਸ ਵਿੱਚ ਆਂਤਰਿਕ ਰਿਦਮ ਦੇ ਨਾਲ ਨਾਲ ਬਾਹਰੀ ਤੋਲ ਅਤੇ ਤੁਕਾਂਤ ਦਾ ਸਹਿਜ ਅਤੇ ਸੁਹਜਮਈ ਨਿਭਾ ਗੀਤ ਰਚਨਾ ਨੂੰ ਵਿਲੱਖਣ ਹੋਂਦ ਪ੍ਰਦਾਨ ਕਰਦਾ ਹੈ। ਗੀਤ ਮਨੁੱਖ ਦੀ ਸੁਹਜਾਤਮਕ ਚੇਤਨਤਾ ਦੀ ਸਭ ਤੋਂ ਵੱਧ ਸਹਿਜ ਅਭਿਵਿਅਕਤੀ ਹੈ ,ਅਰਥਾਤ ਮਨੁੱਖ ਦੀ ਸੁਹਜ ਬਿਰਤੀ ਦੇ ਭਰਵੇਂ ਰੂਪ ਵਿਚ ਪ੍ਰਗਟਾਵਾ ਗੀਤ ਵਿਚ ਹੀ ਸੰਭਵ ਹੈ।
    ਭਾਰਤੀ ਕਾਵਿ-ਸ਼ਾਸਤਰੀ ਪਰੰਪਰਾ ਵਿੱਚ ਸ਼ਬਦ 'ਗਾਥਾ' ਰਿਗਵੇਦ ਦੀ ਸੰਹਿਤਾ ਵਿੱਚ ਗੀਤ ਜਾਂ ਮੰਤਰ ਦੇ ਅਰਥ ਵਰਤਿਆ ਗਿਆ ਹੈ । ਪੱਛਮੀ ਕਾਵਿ ਸ਼ਾਸਤਰ ਦੇ ਸਿਰਜਕਾਂ ਨੇ ਲਿਰਿਕ(Lyric) ਅਤੇ ਸਾਂਗ (Song)ਦੇ ਕਾਵਿ ਰੂਪਾਕਾਰ ਦੀ ਸਿਰਜਣਾ ਮੰਨੀ ਹੈ। ਉਰਦੂ ਦੇ ਕਾਵਿ ਰੂਪਾਂ ਵਿੱਚ ਗ਼ਜ਼ਲ, ਰੁਬਾਈ, ਸ਼ੇਅਰ ਪ੍ਰਗੀਤਕ ਅਭਿਵਿਅਕਤੀ ਲਈ ਪ੍ਰਚੱਲਿਤ ਕਾਵਿ-ਰੂਪ ਰਹੇ ਹਨ। 
  ਗੀਤ ਵਿੱਚ ਪੇਸ਼ ਪ੍ਰਚੰਡ ਭਾਵਾਂ ਦੀ ਮਾਸੂਮਤਾ, ਬਿੰਬਾਂ ਅਲੰਕਾਰਾਂ ਵਾਲੀ ਸੁਹਜ ਭਰੀ ਭਾਸ਼ਾ, ਸੰਵੇਗਾਂ ਨੂੰ ਸੰਭਾਲਦੀ ਹੋਈ ਕਲਪਨਾ ਯੋਗ ਦਿਸ਼ਾ ਪ੍ਰਦਾਨ ਕਰਦੇ ਵਿਚਾਰ ਅਤੇ ਸੁਰ, ਤਾਲ ਅਤੇ ਲੈਅ ਵਿੱਚ ਵਿਅਕਤ ਹੋ ਰਹੀ ਸਾਂਸਕ੍ਰਿਤਿਕ ਚੇਤਨਾ ਕਾਵਿ ਜਗਤ ਵਿੱਚ ਇੱਕ ਸੁਤੰਤਰ ਅਤੇ ਵਿਲੱਖਣ ਸੁਝਾਤਮਕ ਹੋਣ ਨਿਸ਼ਚਿਤ ਕਰਦੀ ਹੈ।ਗੀਤ ਸ਼ਬਦ, ਆਵਾਜ਼ ਅਤੇ ਧੁਨੀ ਦਾ ਉਹ ਰਚਨਾਤਮਿਕ ਸੰਗਠਨ ਹੈ ਜਿਸ ਰਾਹੀਂ ਗੀਤਕਾਰ ਕਿਸੇ ਇੱਕੋ ਪ੍ਰਚੰਡ ਅਰਥਸ਼ੀਲ ਮਨੋਭਾਵ ਦਾ ਗਾਏ ਜਾ ਸਕਣ ਵਾਲੀ ਸ਼ੈਲੀ ਵਿੱਚ ਮਧੁਰਤਮ ਪ੍ਰਗਟਾਅ ਕਰਦਾ ਹੈ।

ਗੀਤ ਦੇ ਤੱਤ : ਗੀਤ ਦੇ ਆਂਤਰਿਕ ਤੱਤ: ਅਰਥਸ਼ੀਲ ਭਾਵਨਾ, ਸੰਗੀਤਕਤਾ, ਤਰਜ਼, ਸਿਰਜਨਾਤਮਕ ਕਲਪਨਾ, ਰਸਾਤਮਕਤਾ, ਸੁਹਜਾਤਮਿਕਤਾ, ਰਿਦਮ, ਵਿਚਾਰ ਆਦਿ ਹਨ। ਗੀਤ ਦੇ ਬਾਹਰੀ ਤੱਤ : ਸੁਹਜਮਈ ਭਾਸ਼ਾ, ਅਲੰਕਾਰ, ਬਿੰਬ, ਪ੍ਰਤੀਕ, ਪੁੰਗਰ ਦੇ ਸ਼ਬਦ, ਸੰਗਠਨਾਤਮਕ ਸੰਰਚਨਾ, ਸੰਬੋਧਿਤ ਸ਼ਬਦਾਵਲੀ ਆਦਿ ਹਨ।

     ਗੀਤ ਦੇ ਆਂਤਰਿਕ ਅਤੇ ਬਾਹਰੀ ਤੱਤਾਂ ਦੀ ਸੁਮੇਲਤਾ ਗੀਤ ਵੀ ਗਾਏ ਜਾਣ ਦੀ ਯੋਗਤਾ ਨੂੰ ਸਹਿਜ ਹੀ ਉਤਪੰਨ ਕਰਦੀ ਹੈ। ਗਾਏ ਜਾਣ ਵਾਲੀ ਹਰ ਰਚਨਾ ਗੀਤ ਨਹੀਂ ਹੁੰਦੀ ਪਰ ਗੀਤ ਦਾ ਗਾਇਆ ਜਾ ਸਕਣਾ ਗੀਤ ਦਾ ਆਵਸ਼ਕ ਤੱਤ ਹੈ।

ਪੰਜਾਬੀ ਗੀਤ :

       ਪੰਜਾਬੀ ਗੀਤ ਦੀ ਬਾਹਰੀ ਸੰਗਠਨਾਤਮਕ ਰਚਨਾ ਗੀਤ ਦੀ ਪਹਿਲੀ ਰੂਪਾਕਾਰਕ ਵਿਸ਼ੇਸ਼ਤਾ ਹੈ। ਜੋ ਗੀਤ ਰੂਪਾਕਾਰ ਦੀ ਸੁਤੰਤਰ ਅਤੇ ਵਿਲੱਖਣ ਹੋਂਦ ਵਿਧੀ ਦਾ ਮੂਲ ਆਧਾਰ ਹੈ। ਗੀਤ ਬਣਤਰ ਵਿੱਚ ਸਥਾਈ, ਅੰਤਰਾ,ਅਸਥਾਈ ਅਤੇ ਮੁੜ ਸਥਾਈ ਦਾ ਦੋਹਰਾ ਹੈ। ਸਥਾਈ ਵਿੱਚ ਗੀਤ ਦੀ ਪ੍ਰੇਰਕ ਅਨੁਭੂਤੀ ਪ੍ਰਗਟ ਹੁੰਦੀ ਹੈ, ਅੰਤਰੇ ਵਿੱਚ ਇਸ ਅਨੁਭੂਤੀ ਦਾ ਵਿਸਥਾਰ ਗਹਿਰਾਈ ਅਤੇ ਸੰਘਣਤਾ ਨੂੰ ਪ੍ਰਗਟ ਕੀਤਾ ਜਾਂਦਾ ਹੈ। ਪੰਜਾਬੀ ਗੀਤ ਦੀਆਂ ਤੁਕਾਂ ਦੀ ਤੁਕਾਂਤ ਪ੍ਰਣਾਲੀ ਗੀਤ ਰੂਪਾਕਾਰ ਦੀ ਬਾਹਰੀ ਸੰਗਠਨਾਤਮਕ ਸੰਰਚਨਾ ਦੀ ਦੂਸਰੀ ਅਹਿਮ ਵਿਸ਼ੇਸ਼ਤਾ ਹੈ । ਭਾਵ ਮਈ ਸੰਗੀਤਕ ਸੂਝ ਭਰੀ ਸ਼ਬਦਾਵਲੀ ਗੀਤ ਦਾ ਤੀਸਰਾ ਰੂਪਾਕਾਰਕ ਲੱਛਣ ਹੈ। ਪ੍ਰੇਰਕ ਮਨੋਭਾਵ ਨੂੰ ਵਿਸਥਾਰ ਦੇਣ ਲਈ ਹੋਰ ਡੂੰਘਿਆਈ ਪ੍ਰਦਾਨ ਕਰਨ ਲਈ ਪ੍ਰਤੀਕ, ਬਿੰਬ, ਅਲੰਕਾਰ ਪੰਜਾਬੀ ਗੀਤ ਰੂਪਾਕਾਰ ਦਾ ਅਨਿੱਖੜਵਾਂ ਅੰਗ ਅਤੇ ਲੱਛਣ ਹਨ ।
         ਪੰਜਾਬੀ ਗੀਤ ਦੀਆਂ ਰੂਪਾਕਾਰਕ ਆਂਤਰਿਕ ਵਿਸ਼ੇਸ਼ਤਾਵਾਂ ਲੈਆਤਮਕਤਾ, ਤੁਕਾਂਤ ਪ੍ਰਣਾਲੀ, ਤਰਜ਼ ,ਸੰਗੀਤਕਤਾ ਗ਼ੀਤ ਦਾ ਗਾਉਣ ਤੱਤ ਆਦਿ ਹਨ ।[3]

ਅਜੋਕੀ ਪੰਜਾਬੀ ਗੀਤਕਾਰੀ :

             ਅਜੋਕੀ ਪੰਜਾਬੀ ਗੀਤਕਾਰੀ ਤੋਂ ਸਾਡਾ ਭਾਵ ਸਮਕਾਲ ਵਿੱਚ ਕੀਤੀ ਜਾ ਰਹੀ ਪੰਜਾਬੀ ਗੀਤਕਾਰੀ ਤੋਂ ਹੈ। ਅਸੀਂ ਆਪਣੇ ਅਧਿਐਨ ਦੇ ਅੰਤਰਗਤ ਚਾਲੀ ਤੋਂ ਵੱਧ ਉਹਨਾਂ ਪੰਜਾਬੀ ਗੀਤਾਂ ਉੱਤੇ ਵਿਚਾਰ ਕੀਤੀ ਹੈ ਜੋ ਇਸ ਸਮੇਂ ਯੂ ਟਿਊਬ (Youtube) ਤੇ ਸਭ ਤੋਂ ਵੱਧ ਸੋਣੇ ਜਾ ਰਹੇ (treanding 'ਚ ਚੱਲ ਰਹੇ) ਗੀਤ ਹਨ। 

ਅਜੋਕੇ ਪੰਜਾਬੀ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ:

                               ਅਸੀਂ ਸ਼ੁਰੂਆਤ ਤੇ ਵਿਚ ਪੰਜਾਬੀ ਸੱਭਿਆਚਾਰ ਦੇ ਕੁੱਝ ਨਿੱਖੜਵੇਂ ਲੱਛਣਾਂ ਬਾਰੇ ਗੱਲ ਕੀਤੀ ਹੈ ਪਰ ਇਸ ਅਧਿਐਨ ਦੇ ਅੰਤਰਗਤ ਸਾਡਾ ਮੰਤਵ ਸਿਰਫ ਉਪਰ ਪੇਸ਼ ਕੀਤੇ ਗਏ ਉਹ ਨਿੱਖੜਵੇਂ ਲੱਛਣ ਪੰਜਾਬੀ ਗੀਤਾਂ ਵਿਚੋਂ ਲੱਭਣਾ ਨਹੀਂ ਹੈ ਸਗੋਂ ਸਾਡੀ ਕੋਸ਼ਿਸ਼ ਹੈ ਕਿ ਇਹ ਵੇਖਿਆ ਜਾਵੇ ਕਿ ਅਜੋਕੇ ਪੰਜਾਬੀ ਗੀਤ ਪੰਜਾਬੀ ਸੱਭਿਆਚਾਰ ਦੀ ਸਹੀ ਪੇਸ਼ਕਾਰੀ ਕਰ ਰਹੇ ਹਨ ਕਿ ਜਾਂ ਨਹੀਂ ਤੇ ਉਹ ਹੋਰ ਕਿਹਡ਼ੇ ਨਵੇਂ ਪ੍ਰਤੀਮਾਨ ਅਤੇ ਮਿਆਰ ਹਨ ਜੋ ਇਹ ਗੀਤ ਸਥਾਪਤ ਕਰ ਰਹੇ ਹਨ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪਿਆਰ ਦੀ ਪੇਸ਼ਕਾਰੀ:

          99% ਪੰਜਾਬੀ ਗੀਤ ਮੁੰਡੇ ਕੁੜੀ ਦੇ ਪਿਆਰ ਨਾਲ ਸਬੰਧਤ ਹਨ। ਅਜੋਕੇ ਪੰਜਾਬੀ ਗੀਤਾਂ ਅੰਦਰ ਪੇਸ਼ ਹੋ ਰਿਹਾ ਪਿਆਰ ਨਿਰਾ ਸਰੀਰਕ ਪਿਆਰ ਹੈ। ਇਨ੍ਹਾਂ ਗੀਤਾਂ ਅੰਦਰ ਨਾਇਕ ਅਤੇ ਨਾਇਕਾ ਇੱਕ ਦੂਜੇ ਦੀ ਸਰੀਰਕ ਸੁੰਦਰਤਾ ਦੀ ਹੀ ਗੱਲ ਕਰਦੇ ਹਨ ਸੁੰਦਰਤਾ ਵੀ ਉਹ ਜਿਹੜੀ ਕੁਦਰਤੀ ਨਹੀਂ ਹੈ ਸਗੋਂ ਬਰੈਂਡਾਂ,ਐਨਕਾਂ, ਟੈਟੂ, ਕੱਪੜਿਆਂ, ਕ੍ਰੀਮਾਂ, ਹਾਈ ਹੀਲ, ਇੱਤਰਾਂ ਆਦਿ ਕਰਕੇ ਹੈ।ਇਸ ਨਾਲ ਸਬੰਧਿਤ ਪੰਜਾਬੀ ਗੀਤਾਂ ਵਿੱਚੋਂ ਲਏ ਕੇ ਕੁਝ ਹਵਾਲੇ ਹੇਠ ਲਿਖੇ ਅਨੁਸਾਰ ਹਨ :

੧. ਤੇਰੀ ਕੋਲਰ ਬੋਨ ਤੇ ਟੈਟੂ ਜੱਟੀਏ,ਸਭ ਨੂੰ ਛੱਡ ਕੇ ਤੈਨੂੰ ਤੱਕੀਏ।

                (ਕੋਲਰ ਬੋਨ - ਅੰਮ੍ਰਿਤ ਮਾਨ )

੨. ਗੋਰੀ ਆ ਸਕਿੰਨ ਗੋਲਡਨ ਵਾਲੀਆਂ।

              (Do'nt worry- ਕਰਨ ਔਜਲਾ)
         ਪੰਜਾਬੀ ਗੀਤਾਂ ਅੰਦਰ ਪਿਆਰ ਨੂੰ ਸਿਰਫ਼ ਇਕ ਪਦਾਰਥਕ ਜਿਹੀ ਚੀਜ਼ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।ਅੱਜ ਦੇ ਪੰਜਾਬੀ ਗੀਤ ਸੁਣ ਕੇ ਤਾਂ ਲੱਗਦਾ ਹੈ ਕਿ ਜੇਕਰ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਤੁਸੀਂ ਕਿਸੇ ਦਾ ਪਿਆਰ ਨਹੀਂ ਪਾ ਸਕਦੇ ਉਸ ਨੂੰ ਖੁਸ਼ੀ ਨਹੀਂ ਦੇ ਸਕਦੇ।ਗੀਤ ਦਾ ਨਾਇਕ ਆਪਣੇ ਪੈਸੇ ਦੀ ਧੌਂਸ ਦਿਖਾਉਂਦਾ ਹੋਇਆ ਆਪਣੇ ਮਹਿੰਗੇ ਕੱਪੜਿਆਂ, ਬਰੈਂਡਡ ਜੀਨ, ਕੋਠੀਆਂ, ਕਾਰਾਂ, ਘੜੀਆਂ, ਜ਼ਮੀਨ, ਕਾਰਾਂ, ਬੰਦੂਕਾਂ ਅਤੇ ਬੰਬੂਕਾਟਾਂ ਆਦਿ ਦੀ ਆਪਣੇ ਮੂੰਹੋਂ 'ਫੁਕਰੀ' ਮਾਰਦਾ ਹੋਇਆ ਕੁੜੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੈ। 

ਇਸ ਦੀ ਉਦਾਹਰਣ ਹੇਠ ਲਿਖੇ ਗੀਤਾਂ ਦੀਆਂ ਸਤਰਾਂ ਵਿੱਚੋਂ ਮਿਲ ਜਾਂਦੀ ਹੈ: ੧. ਮੈਂ 'ਮਰਜਾਟੀ' ਲਿਆਇਆ ਮਿੱਠੀਏ ਚੌਥਾ ਗੇੜਾ ਲਾਇਆ ਮਿੱਠੀਏ,

 ਤੈਨੂੰ ਨੀ ਇੰਪ੍ਰੈੱਸ ਕਰਨ ਲਈ 'ਬੈਲਸੀਆਗਾ' ਪਾਇਆ ਮਿੱਠੀਏ।
                  (ਕੋਲਰ ਬੋਨ- ਅੰਮ੍ਰਿਤ ਮਾਨ )

੨. ਮੋੜ ਉੱਤੇ ਖੜ੍ਹ ਕੁੜੀ ਟੈਮ ਚੈੱਕਦੀ

  ਕਹਿੰਦੀ ਕੱਢਦੇ ਆ ਜਾਨ 'ਰਿੱਮ' ਤੇਰੀ ਕਾਰ ਦੇ।
                  (ਸੂਟ ਪੰਜਾਬੀ - ਜਸ ਮਾਣਕ )

੩. ਬੋਸ ਦੇ ਨੰਬਰ 'ਰੇਂਜ਼' ਦੀਆਂ ਕਾਰਾਂ

  ਜਿੱਥੇ ਜੱਟ ਨਿਕਲੇ ਤੱਕ ਦੀਆਂ ਨਾਰਾਂ।
                  ( ਬੌਸ- ਜਸ ਮਾਣਕ )

੪. ਅੱਖਾਂ ਉੱਤੇ ਤੇਰੇ ਆ 'ਪਰਾਡਾ' ਸੱਜਣਾ

  ਅਸੀਂ ਟਾਇਮ ਚੁੱਕਦਿਆਂ ਤੁਹਾਡਾ ਸੱਜਣਾ,
  'ਕਾਲੀ ਰੇਂਜ' ਵਿੱਚ ਰਹਿਣੈ ਗੇੜੇ ਮਾਰਦਾ
  ਸਾਨੂੰ ਚਿਹਰਾ ਦਿਖਦਾ ਨਹੀਂ ਤਾਹਡਾ ਸੱਜਣਾ।
                  (ਪਰਾਡਾ - ਜਸ ਮਾਣਕ)

੫. 'ਡੈਮਡ ਦੀ ਰਿੰਗ' ਮੈਂ ਪਵਾਦੂੰ ਪਹਿਲੀ ਡੇਟ 'ਤੇ।

                  ( ਜੱਟ ਹਾਈ ਰੇਟ - ਸਾਜ਼ )

੬. ਜਿੱਥੇ ਤੈਨੂੰ ਲੋੜ ਪੈਣੀ ਲੱਖ ਲੱਖ ਦੀ

  ਲੱਖ ਨਹੀਂ ਮਿੱਠੀਏ ਕਰੋੜ ਦੇਣੇ ਆ।
              (Do'nt worry- ਕਰਨ ਔਜਲਾ)

ਪਿਆਰ ਸਬੰਧੀ ਗੱਲ ਕਰਦਾ ਹੋਇਆ ਇੱਕ ਗੀਤਕਾਰ ਤਾਂ ਇਥੋਂ ਤੱਕ ਆਖ ਦਿੰਦਾ ਹੈ ਕਿ "ਤੇਰੀ ਯਾਰੀ ਚਾਰ ਮਹੀਨਿਆਂ ਦੀ ਇਨ੍ਹਾਂ ਹੱੱਥ ਉਮਰਾਂ ਲਈ ਫੜਿਆ ਏ" (ਹੁਸਨ- ਜੱਸੀ ਗਿੱਲ)ਪਰ ਇਸ ਸਭ ਦੇ ਬਾਵਜੂਦ ਕਿਤੇ ਕਿਤੇ ਕੋਈ 'ਸਤਿੰਦਰ ਸਰਤਾਜ' ਵਰਗਾ ਆਖ ਜਾਂਦਾ ਹੈ ਕਿ :

  ਦਿਲਾ ਹਾਰ ਤੇ ਸਹੀ ਆਪਾ ਵਾਰ ਤੇ ਸਹੀ 
  ਇੱਥੇ ਹਾਰਿਆਂ ਦੀ ਉੱਚੀ ਸ਼ਾਨ ਹੋਵੇ,
  ਐਸੀ ਆਸ਼ਕੀ ਕਰੀਂ ਸਰਤਾਜ ਸ਼ਾਇਰਾਂ 
  ਕੋਈ ਹੈਰਾਨ ਹੋਵੇ ਤੇ ਕੁਰਬਾਨ ਹੋਵੇ। 
                 ( ਰਸੀਦ - ਸਤਿੰਦਰ ਸਰਤਾਜ )

ਇੱਕ ਹੋਰ ਗੀਤਕਾਰ ਆਖਦਾ ਹੈ ਕਿ

     ਹਾਰ ਤੇ ਸ਼ਿੰਗਾਰ ਸਾਡਾ ਤੋਂ ਹੀ ਬਣੇ ਗਹਿਣਾ ਵੇ।
               (ਸੱਚਾ ਇਸ਼ਕ - ਸਤਪਾਲ ਵਡਾਲੀ) 
ਹਿੰਸਾ: 
   ਕਿਸੇ ਵੀ ਲੋਕਤੰਤਰ ਵਿੱਚ ਹਿੰਸਾ ਲਈ ਕਦੇ ਕੋਈ ਥਾਂ ਨਹੀਂ ਹੁੰਦੀ ਪਰ ਜਦੋਂ ਲੋਕਤੰਤਰ ਦਾ ਢਾਂਚਾ ਆਪਣੇ ਹੀ ਲੋਕਾਂ ਨੂੰ ਲਤਾੜਨ, ਲੁੱਟਣ ਲੱਗ ਜਾਂਦਾ ਹੈ ਤਾਂ ਉਥੇ ਹਿੰਸਾ ਪੈਦਾ ਹੋਣ ਦੀਆਂ ਸੰਭਾਵਨਾਵਾਂ ਵੀ ਪੈਦਾ ਹੋ ਜਾਂਦੀਆਂ ਹਨ।ਹਥਿਆਰ ਜਾਂ ਹਿੰਸਾ ਪੰਜਾਬੀਆਂ ਲਈ ਕਦੇ ਨਿੰਦਣਯੋਗ ਨਹੀਂ ਸਨ, ਸਾਡੇ ਨਾਇਕ ਗੁਰੂ ਗੋਬਿੰਦ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਭਗਤ ਸਿੰਘ, ਊਧਮ ਸਿੰਘ, ਦੁੱਲਾ ਭੱਟੀ ਅਤੇ ਜੱਗੇ ਡਾਕੂ ਵਰਗੇ ਰਹੇ ਹਨ। ਜਿਨ੍ਹਾਂ ਦਾ ਸਿੱਧਾ ਸੰਬੰਧ ਹਥਿਆਰਾਂ ਅਤੇ ਹਿੰਸਾ ਨਾਲ ਹੈ ਪਰ ਉਨ੍ਹਾਂ ਦੁਆਰਾ ਕੀਤੀ ਗਈ ਹਿੰਸਾ ਅਤੇ ਹਥਿਆਰਾਂ ਦੀ ਵਰਤੋਂ ਹਮੇਸ਼ਾ ਲੋਕ ਹਿਤ ਵਿੱਚ ਸੀ।ਪਰ ਸਾਡੇ ਅਜੋਕੇ ਗੀਤਾਂ ਵਿੱਚ ਪੇਸ਼ ਹੋ ਰਹੀ ਹਿੰਸਾ ਅਤੇ ਹਥਿਆਰਾਂ ਦੀ ਵਰਤੋਂ ਬਹੁਤ ਹੀ ਨਿੱਜੀ ਕਿਸਮ ਦੀਆਂ ਰੰਜਿਸ਼ਾਂ , ਕੁੜੀਆਂ ਪਿੱਛੇ ਲੜਾਈਆਂ ਅਤੇ ਆਪਣੇ ਪੈਸੇ ਜਾਂ ਰਾਜਨੀਤਕ ਧੌਂਸ ਕਰਦੇ ਦੂਜਿਆਂ ਨੂੰ ਦਬਾ ਕੇ ਰੱਖਣ ਦੀ ਭਾਵਨਾ ਨੂੰ ਪੇਸ਼ ਕਰਦੇ ਹਨ।ਇਸ ਸਬੰਧੀ ਕੁਝ ਹਵਾਲੇ ਹੇਠ ਲਿਖੀਆਂ ਅਜੋਕੇ ਗੀਤਾਂ ਦੀਆਂ ਪੰਕਤੀਆਂ ਤੋਂ ਮਿਲਦੀ ਹੈ :
     ੧. ਗੋਲੀ ਨਾਲ ਮੁੱਕਦਾ ਮਸਲਾ ਨੀ। 
            (Bed Fella - ਸਿੱਧੂ ਮੁਸੇਵਾਲਾ)

(ਪਰ ਪੂਰੇ ਗੀਤ ਵਿੱਚ ਇਹ ਸਮਝ ਨਹੀਂ ਆਉਂਦੀ ਕਿ ਮਸਲਾ ਹੈ ਕਿ ਜੋ ਗੀਤਕਾਰ ਮੁਕਾਉਣ ਦੀ ਗੱਲ ਕਰ ਰਿਹਾ ਹੈ) ੨. ਕੱਲ੍ਹ ਰਾਤੀਂ ਗੋਲੀ ਚੱਲ ਗਈ ਤੇਰੀ ਅੱਖ ਦਾ ਕਾਰਾ ਨੀ।

       ( ਵਿਸਕੀ ਦੀ ਬੋਤਲ ਪ੍ਰੀਤ ਹੁੰਦਲ ਜੈਸਮਿਨ ਸੈਂਡਲਸ )

੩. ਨਾਲ ਸੀਟ ਉੱਤੇ ਪਈ ਆ ਕਲੇਜੇ ਠਾਰਨੀ।

                 ( ਰੈਂਡ ਰੋਜ਼ - ਦਿਲਪ੍ਰੀਤ ਢਿੱਲੋਂ )

੪. ਮੁੰਡਾ ਦੋ ਮੂੰਹਾਂ ਆਲੇ ਪਿਸਤੌਲ ਰੱਖਦਾ।

               ( ਗੈਂਗਸਟਰ ਜੱਟ - ਸਿੱਧੂ ਮੁਸੇਵਾਲ਼ਾ )
 

ਔਰਤ ਸਬੰਧੀ ਨਜ਼ਰੀਆ:

            ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਨਾਥਾਂ ਜੋਗੀਆਂ ਨੇ ਆਪਣੀਆਂ ਰਚਨਾਵਾਂ ਅੰਦਰ ਔਰਤ ਦੀ ਬਹੁਤ ਨਿੰਦਿਆ ਕੀਤੀ ਉਸ ਤੋਂ ਬਾਅਦ ਸਿੱਖ ਗੁਰੂ ਕਾਲ ਸਮੇਂ ਔਰਤ ਦੀ ਮਾੜੀ ਸਥਿਤੀ ਦੇ ਖਿਲਾਫ਼ ਆਵਾਜ਼ ਬੁਲੰਦ ਹੋਣੀ ਸ਼ੁਰੂ ਹੁੰਦੀ ਹੈ। ਇਸ ਤੋਂ ਬਾਅਦ ਪੰਜਾਬੀ ਸਮਾਜ ਅੰਦਰ ਔਰਤ ਨੂੰ ਕੁਝ ਹੱਦ ਤੱਕ ਬਰਾਬਰ ਤਾਂ ਮਿਲਦੀ ਨਜ਼ਰ ਆਉਂਦੀ ਹੈ ਅਸੀਂ ਪੰਜਾਬੀ ਸੱਭਿਆਚਾਰ ਦੇ ਨਿੱਖੜਵੇਂ ਲੱਛਣਾਂ ਵਿੱਚ ਵੀ ਗੱਲ ਕੀਤੀ ਹੈ ਕਿ "ਪੰਜਾਬੀ ਸੱਭਿਆਚਾਰ ਵਿੱਚ ਔਰਤ ਨੂੰ ਸਰਹਿੰਦ ਅਤੇ ਪੂਰਨ ਮਨੁੱਖ ਮੰਨਣ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ।"ਪਰ ਜਦੋਂ ਅਸੀਂ ਅਜੋਕੇ ਪੰਜਾਬੀ ਗੀਤਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਇਹ ਗੀਤ ਔਰਤ ਨੂੰ ਸਿਰਫ ਧੋਖੇਬਾਜ਼, ਇੱਕ ਹਵਸ ਪੂਰੀ ਕਰਨ ਦੀ ਵਸਤ ਅਤੇ ਮਨੋਰੰਜਨ ਦੀ ਕੋਈ ਚੀਜ਼ ਹੀ ਸਮਝਦੇ ਹਨ।ਜਿਸ ਨੂੰ ਕੋਈ ਵੀ ਆਪਣੇ ਪੈਸੇ ਅਤੇ ਮਰਦਾਵੀਂ ਤੋਂ ਉਸ ਦੇ ਸਹਾਰੇ ਆਪਣੇ ਅਧੀਨ ਰੱਖ ਸਕਦਾ ਹੈ।ਅਜੋਕੇ ਪੰਜਾਬੀ ਗੀਤਾਂ ਵਿੱਚੋਂ ਲਏ ਗਏ ਕੁਲ ਹਵਾਲੇ ਇਸ ਸੋਚ ਨੂੰ ਦਰਸਾਉਂਦੇ ਹਨ:

੧. ਸ਼ਕਲੋਂ ਤਾਂ ਲੱਗੇ ਤੂੰ ਸਿਆਣੀ ਕੁੜੀਏ

 ਅਕਲ ਤੋਂ ਕੱਚੇ ਚ ਉਤਾਰੀ ਲੱਗਦੀ,
 ਹਾਲਾਤ ਤੇਰੀ ਨਿਮਰਤ ਵਰਗੀ
 ਤੈਨੂੰ ਭੁਲੇਖਾ ਤੋਂ ਫਰਾਰੀ ਲੱਗਦੀ।
             (ਡਾਊਨਲੋਡ - ਦਾ ਲੰਡਰਜ਼)

੨. ਪਰ ਕਿਉਂ ਮਰਵਾਗੀ ਸਾਹਿਬਾਂ

 ਇਹ ਸਵਾਲ ਮਨ ਵਿੱਚ ਅੜਿਆ ਏ। 
 ਤੇਰੀ ਯਾਰੀ ਚਾਰ ਮਹੀਨਿਆਂ ਦੀ
 ਉਨ੍ਹਾਂ ਹੱਥ ਉਮਰਾਂ ਲਈ ਫੜਿਆ ਏ।
             (ਹੁਸਨ - ਜੱਸੀ ਗਿੱਲ )

੩. ਮੇਰੇ ਦਿਲ ਦੀ ਤਾਰ ਜੀਹਦੇ ਨਾਲ ਜੁਡ਼ੀ ਹੈ

 ਪਤਾ ਮੈਨੂੰ ਉਹ ਬੇਵਫਾ ਕੁੜੀ ਹੈ,
 ਮੈਂ ਹੀ ਉਹਦੇ ਤੇ ਮਰਦਾ ਹਾਂ ਨਾ ਮੇਰੇ ਤੇ ਮਰਦੀ ਐ 
 ਮੈਨੂੰ ਪਤਾ ਮੁਹੱਬਤ ਨਹੀਂ ਕਰਦੀ ਬੱਸ ਯੂਜ਼ ਈ ਕਰਦੀ ਹੈ।
                (ਸੈੱਲਫਿਸ਼ - ਕਰਨ ਬੈਨੀਪਾਲ )
 ਅਜੋਕੇ ਪੰਜਾਬੀ ਗੀਤਾਂ ਵਿਚ ਔਰਤ ਦੀ ਸੁੰਦਰਤਾ ਦੀ ਸਿਫਤ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਇਸ ਸਬੰਧੀ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸਿਫ਼ਤ ਸਿਰਫ਼ ਸਰੀਰਕ ਸੁੰਦਰਤਾ ਦੀ ਹੈ ਅਤੇ ਉਹ ਵੀ ਕੁਦਰਤੀ ਸਰੀਰਕ ਸੁੰਦਰਤਾ ਦੀ ਨਹੀਂ ਸਗੋਂ ਬਰੈਂਡਡ ਕੱਪੜਿਆਂ ਮਹਿੰਗੇ ਗਹਿਣਿਆਂ , ਟੈਟੂਆਂ ਆਦਿ ਦੀ ਸਿਫ਼ਤ ਹੀ ਹੁੰਦੀ ਹੈ।ਇਸ ਤੋਂ ਇਲਾਵਾ ਪੰਜਾਬੀ ਗੀਤਾਂ ਵਿੱਚ ਇੱਕ ਹੋਰ ਗੱਲ ਵਿਸ਼ੇਸ਼ ਤੌਰ ਤੇ ਸਾਹਮਣੇ ਆਉਂਦੀ ਹੈ ਕਿ ਇਹ ਗੀਤ ਗੋਰੇ ਰੰਗ ਨੂੰ ਵਾਰ ਵਾਰ ਵਡਿਆਉਂਦੇ ਤੇ ਉੱਚਿਆਉਂਦੇ ਹਨ।

ਉਪਰੋਕਤ ਵਿਚਾਰਾਂ ਦੀ ਤਰਜਮਾਨੀ ਕਰਦਿਆਂ ਅਜੋਕੇ ਪੰਜਾਬੀ ਗੀਤਾਂ ਵਿੱਚੋਂ ਲਈਆਂ ਗਈਆਂ ਕੁਝ ਸਤਰਾਂ ਹੇਠਾਂ ਲਿਖੀਆਂ ਗਈਆਂ ਹਨ: ੧. ਗੈਸ, ਅਰਮਾਨੀ ਦੇ ਸੂਅ ਤੇਰੇ ਗੁਚੀ।

               (ਰਾਜਾ ਰਾਣੀ-ਡੀਐੱਸਪੀ ਸਾਹਬ)

੨. ਤੇਰੀ ਕੋਲਰ ਬੋਨ ਤੇ ਟੈਟੂ ਜੱਟੀਏ,

 ਸਭ ਨੂੰ ਛੱਡ ਕੇ ਤੈਨੂੰ ਤੱਕੀਏ। 
               (ਕਾਲਰ ਬੋਨ - ਅੰਮ੍ਰਿਤ ਮਾਨ)

੩. ਗੋਰੀ ਸਕਿੰਨ ਗੋਲਡਨ ਵਾਲੀਆਂ।

             (Do'nt worry - ਕਾਰਨ ਅੌਜਲਾ )

੪. ਤੇਰਾ ਗੋਰਾ ਗੋਰਾ ਰੰਗ ਕਰੇ ਕਹਿਰ ਗੋਰੀਏ।

             ( ਸੂਟ ਪੰਜਾਬੀ - ਜਸ ਮਾਣਕ )

ਜੱਟਵਾਦ:

     ਪੰਜਾਬੀ ਗੀਤਾਂ ਵਿੱਚ ਪੇਸ਼ ਜੱਟ ਦੀ ਕਿਰਦਾਰ ਇਸ ਤਰ੍ਹਾਂ ਦਾ ਹੈ ਕਿ ਉਹ  ਪਿਆਰ ਤੋਂ ਸੱਖਣਾ, ਹੱਥ 'ਚ ਹਥਿਆਰ ਰੱਖਣ ਵਾਲਾ, ਬਹੁਤ ਜ਼ਿਆਦਾ ਅਮੀਰ, ਵਿਹਲਾ ,ਵੈਲੀ ਅਤੇ ਗੁੱਸੇ ਵਾਲਾ ਹੈ। ਅੱਜ ਕੱਲ ਦੇ ਪੰਜਾਬੀ ਗੀਤਾਂ ਵਿੱਚ ਅੜਬ ਜੱਟ, ਗੈਂਗਸਟਰ ਜੱਟ, ਗੁਰੀਲੇ ਜੱਟ, ਵੈਲੀ ਜੱਟ ਅਤੇ ਜੱਟ ਹਾਈ ਰੇਟ ਆਦਿ ਵਰਗੇ ਸ਼ਬਦ ਜੱਟਾਂ ਲਈ ਵਰਤੇ ਜਾ ਰਹੇ ਹਨ। ਅਜੋਕੇ ਪੰਜਾਬੀ ਗੀਤਾਂ ਵਿੱਚ ਇਸ ਤਰ੍ਹਾਂ ਦੇ ਕੁਝ ਉਦਾਹਰਣ ਹਨ:

੧. ਪਿਆਰ-ਪੂਰ ਹੋਣੇ ਨਹੀਂ ਅੜਬ ਜੱਟਾਂ ਤੋਂ

 ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀਂ।
                 (ਰੈੱਡ ਰੋਜ਼ - ਦਿਲਪ੍ਰੀਤਢਿੱਲੋਂ )

੨. ਅੱਥਰੇ ਬਲੱਡ ਗਰਮੀ ਨਹੀਂ ਝੱਲਦੇ।

                (ਜੱਟ ਜਿਮੀਂਦਾਰ- ਗੁਰਨਾਮ ਭੁੱਲਰ) 

੩. ਇੱਕੋ ਡਿਮਾਂਡ ਵੈਲਪੁਣਾ ਛੱਡ ਦੇ

 ਵੇਖਲਾ ਨਹੀਂ ਤਾਂ ਜੱਟੀ ਹੋਜੂ ਅੱਡ ਵੇ।
              (Do'nt worry - ਕਰਨ ਔਜਲਾ)
 (ਪਰ ਗੀਤ ਦੇ ਅੰਤ ਵਿੱਚ ਕੁੜੀ ਆਪਣੇ ਮੂੰਹੋਂ ਹੀ ਆਖਦੀ ਹੈ ਕਿ  "ਪਰ ਅੱਜ ਕੱਲ੍ਹ ਹੱਥ ਜੋੜ ਕੇ ਨਹੀਂ ਹੱਥ ਤੋੜ ਕੇ ਹੀ ਠੀਕ ਹੁੰਦੇ ਆ")

੪. ਪੁੱਤ ਦੀਆਂ ਮੂਹਰੇ ਜੱਟ ਦਾ ਬੰਦਾ ਕੰਬ ਦਾ ਬੜ੍ਹਕ ਜਦੋਂ ਮਾਰਾਂ।

                     ( ਟੋਰਾਂਟੋ- ਜਸ ਮਾਣਕ)

੫. ਹਾਫ ਵਿੰਡੋ ਡਾਊਨ ਬਿੱਲੋ ਮੇਰੀ 'ਮਸਟੈਂਗ' ਦੀ

  ਫਿਰਦਾ ਕਰਾਉਂਦਾ ਵੇਖ ਜੱਟ ਬੈਂਗ ਬੈਂਗ ਨੀ।
                    (ਜੱਟ ਹਾਈ ਰੇਟ - ਸਾਜ)

੬. ਗੈਂਗਸਟਰ ਜੱਟ ਨੂੰ ਕਲਮ ਲੱਭ ਗਈ।

                (ਗੈਂਗਸਟਰ ਜੱਟ - ਸਿੱਧੂ ਮੂਸੇਵਾਲਾ)

੭. ਜੱਟ ਭਾਵੇਂ ਆ ਸੁਭਾਅ ਦਾ ਥੋੜ੍ਹਾ 'ਰੂਡ' ਜੱਟੀਏ।

                 (ਸੂਟ ਪੰਜਾਬੀ - ਜਸ ਮਾਣਕ)

੮. ਗੋਰੀਆਂ ਨਾ ਸਾਹ ਲੈਂਦੀਆਂ ਪੁੱਤ ਜੱਟ ਦਾ ਸੋਹਣਾ ਏ ਬਾਹਲਾ।

                 ( ਟੋਰਾਂਟੋ - ਜਸ ਮਾਣਕ )

ਨਸ਼ਾ:

  ਸ਼ੁਰੂ ਤੋਂ ਹੀ ਨਸ਼ੇ ਪੰਜਾਬੀ ਜੀਵਨ ਦਾ ਆਮ ਹਿੱਸਾ ਰਹੇ ਹਨ ਪਰ ਇਹ ਨਸ਼ੇ ਕੰਮਕਾਰ ਕਰਨ ਸਮੇਂ ਜਾਂ ਕੰਮਕਾਰ ਦੀ ਥਕਾਵਟ ਲਾਉਣ ਲਈ ਕੀਤੇ ਜਾਂਦੇ ਸਨ ਬਹੁਤ ਘੱਟ ਲੋਕ ਹੁੰਦੇ ਹਨ ਜੋ ਨਸ਼ਾ ਕਰਨ ਲਈ ਨਸ਼ਾ ਕਰਦੇ ਸਨ। ਇਹ ਨਸ਼ੇ ਵੀ ਸਿੰਥੈਟਿਕ (ਸਮੈਕ, ਚਰਸ, ਕੁਕੀਨ, ਚਿੱਟਾ ਆਦਿ) ਨਸ਼ੇ ਨਹੀਂ ਸਨ ਸਗੋਂ ਆਮ ਨਸ਼ੇ ਸ਼ਰਾਬ, ਅਫੀਮ, ਭੁੱਕੀ ਆਦਿ ਸਨ। ਪਿਛਲੇ ਲੰਮੇ ਸਮੇਂ ਦੌਰਾਨ ਪੰਜਾਬੀ ਗੀਤਾਂ ਨੇ ਸੰਥੈਟਿਕ ਨਸ਼ਿਆਂ ਨੂੰ ਬਹੁਤ ਜ਼ਿਆਦਾ ਹੱਲਾਸ਼ੇਰੀ ਦਿੱਤੀ ਅਤੇ ਅਤੇ ਇਸ ਦਾ ਸਿੱਧਾ ਪ੍ਰਭਾਵ ਪੰਜਾਬੀ ਜੀਵਨ ਉੱਤੇ ਦੇਖਣ ਨੂੰ ਵੀ ਮਿਲਿਆ ਪਰ ਅਜੋਕੇ ਸਮੇਂ ਵਿੱਚ ਸੰਥੈਟਿਕ ਨਸ਼ਿਆਂ ਪ੍ਰਤੀ ਪੈਦਾ ਹੋਏ ਵਿਰੋਧ ਤੋਂ ਬਾਅਦ ਇਨ੍ਹਾਂ ਨਸ਼ਿਆਂ ਦਾ ਜ਼ਿਕਰ ਪੰਜਾਬੀ ਗੀਤਾਂ ਵਿੱਚ ਆਉਣਾ ਲਗਭਗ ਬੰਦ ਹੋ ਚੁੱਕਿਆ ਹੈ।ਪਰ ਸ਼ਰਾਬ ਅਫ਼ੀਮ ਆਦਿ ਨਸ਼ਿਆਂ ਦਾ ਜ਼ਿਕਰ ਅੱਜ ਵੀ ਪੰਜਾਬੀ ਗੀਤਾਂ ਵਿੱਚ ਹੁੰਦਾ ਹੈ ਅਤੇ ਨਸ਼ੇ ਕਰਨ ਨੂੰ ਇੱਕ ਗੁਣ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦੇ ਹਵਾਲੇ ਹੇਠ ਲਿਖੇ ਹਨ:

੧. ਦਿਲ ਦੇ ਨੀ ਮਾੜੇ ਬੰਦੇ ਰੂਹ ਦੇ ਰੰਗੀਨ ਆਂ,

 ਯਾਰਾਂ ਦੇ ਨੀ ਯਾਰ ਪੈੱਗ ਪੁੱਗ ਦੇ ਸ਼ੌਕੀਨ ਆਂ। 
                (ਜੱਟ ਜ਼ਿਮੀਦਾਰ- ਗੁਰਨਾਮ ਭੁੱਲਰ )

੨. ਵਿਸਕੀ ਦੀ ਬੋਤਲ ਵਰਗੀ ਤੇਰੇ ਤੇ ਡੁਲਗੀ ਵੇ।

       (ਵਿਸਕੀ ਦੀ ਬੋਤਲ ਪ੍ਰੀਤ ਹੁੰਦਲ ਜੈਸਮਿਨ ਸੈਂਡਲਸ )
  ਪਰ ਕਿਤੇ ਕਿਤੇ ਕੋਈ ਗੀਤਕਾਰ ਇਹ ਆਖ ਦਿੰਦਾ ਹੈ ਕਿ:
        ੩. ਪੈੱਗ ਨਾ ਕਰੇ ਪ੍ਰੈਫਰ ਗੱਭਰੂ
                  (ਕੋਲਰ ਬੋਨ - ਅੰਮ੍ਰਿਤ ਮਾਨ)

ਵਿਆਹ :

    ਅਜੋਕੇ ਪੰਜਾਬੀ ਗੀਤਾਂ ਵਿੱਚ ਵਿਆਹ ਸਬੰਧੀ ਇੱਕ ਨਵਾਂ ਦ੍ਰਿਸ਼ਟੀਕੋਣ ਸਾਹਮਣੇ ਆ ਰਿਹਾ ਹੈ।ਹੁਣ ਤੋਂ ਕੁਝ ਸਮਾਂ ਪਹਿਲਾਂ ਦੇ ਗੀਤਾਂ ਵਿੱਚ ਆਪਣੀ ਮਨਮਰਜ਼ੀ ਨਾਲ ਵਿਆਹ ਕਰਵਾਉਣ, ਘਰੋਂ ਭੱਜ ਜਾਣ ਭਾਵ ਪਿਆਰ ਵਿਆਹ ਕਰਾਉਣ ਨੂੰ ਬਹੁਤ ਤਰਜੀਹ ਦਿੱੱਤੀ ਜਾ ਰਹੀ ਸੀ । ਪਰ ਅਜੋਕੇ ਪੰਜਾਬੀ ਗੀਤਾਂ ਵਿੱਚ ਇਸ ਦੇ ਉਲਟ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਾੳੁਣ ਨੂੰ, ਉਨ੍ਹਾਂ ਨੂੰ ਆਪਣੇ ਪਿਆਰ ਵਿਆਹ ਨਾਲ ਸਹਿਮਤ ਕਰਨ ਦੀ ਸਲਾਹ ਨਾਇਕਾ ਨਾਇਕ ਇੱਕ ਦੂਜੇ ਨੂੰ ਦਿੰਦੇ ਨਜ਼ਰ ਆਉਂਦੇ ਹਨ:

੧. ਜੱਟੀ ਬਾਪੂ ਦੀ ਰਜ਼ਾ ਦੇ ਨਾਲ ਮੈਰਿਜ ਕਰਾਓ,

 ਲਵ ਮੈਰਿਜ ਦਾ ਸਾਡੇ ਨਾਲ ਰਵਾਜ਼ ਕਾਕਾ ਜੀ।
            ( ਰਿਵਾਜ਼- ਜੇ ਨੂਰ, ਗੁਰਲੇਜ਼ ਅਖ਼ਤਰ )

੨. ਵੇ ਮੈਂ ਐਨੀ ਵੀ ਨਹੀਂ ਪਾਈ ਜੱਟਾ ਕਾਹਲੀ

 ਤੂੰ ਹੌਲੀ ਹੌਲੀ ਘਰ ਦੇ ਮਨਾਲੀ।
             (ਪਰਾਡਾ- ਜਸ ਮਾਣਕ)

੩. ਕੱਢੇ ਨਹੀਂ ਜਾਣੇ ਕਦੇ ਮਾਪੇ ਦਿਲ ਚੋਂ

  ਇੱਕ ਗੱਲ ਬਿੱਲੋ ਮਨ ਧਾਰਲੀਂ।
            ( ਰੈੱਡ ਰੋਜ਼ -ਦਿਲਪ੍ਰੀਤਢਿੱਲੋਂ )

ਕਲਾ ਪੱਖ:

    ਗੀਤ ਪੰਜਾਬੀ ਦਾ ਮੌਲਿਕ ਕਾਵਿ ਰੂਪ ਹੈ ਪਰ ਸਾਡੇ ਅਧਿਐਨ ਖੇਤਰ ਅੰਦਰ ਆਏ ਗੀਤਾਂ ਦੇ ਆਧਾਰ ਉਤੇ ਅਸੀਂ ਆਖ ਸਕਦੇ ਹਾਂ ਕਿ ਅਜੋਕੇ ਪੰਜਾਬੀ ਗੀਤ ਕਲਾ ਪੱਖ ਤੋਂ ਬਹੁਤ ਨੀਵੇਂ ਦਰਜੇ ਦੇ ਹਨ। ਗੀਤ ਸੁਣ ਤੋਂ ਬਾਅਦ ਇਹ ਅਨੁਭਵ ਹੁੰਦਾ ਹੈ ਕਿ ਅਜੋਕਾ ਪੰਜਾਬੀ ਗੀਤਕਾਰ ਸਿਧਾਂਤਕ ਤੌਰ ਤੇ ਪੰਜਾਬੀ ਗੀਤਕਾਰੀ ਦੀਆਂ ਰੂਪਾਕਾਰਕ ਵਿਸ਼ੇਸ਼ਤਾਵਾਂ ਤੋਂ ਬਿਲਕੁਲ ਜਾਣੂ ਨਹੀਂ ਹੈ।ਇਨ੍ਹਾਂ ਗੀਤਾਂ ਵਿੱਚ ਛੰਦ ਅਲੰਕਾਰ ਵਕ੍ਰੋਕਤੀ ਆਦਿ ਤੱਤ ਤਾਂ ਛੱਡੋ ਕੲੀ ਥਾਵੇਂ ਤਾਂ ਤੁਕਬੰਦੀ ਵੀ ਸਹੀ ਤਰੀਕੇ ਨਾਲ ਨਹੀਂ ਹੋਈ ਹੁੰਦੀ ।
        ਅਜੋਕੇ ਪੰਜਾਬੀ ਦੇ ਗੀਤਾਂ ਦਾ 99.99% ਸੰਬੋਧਨ ਨਾਇਕਾ ਭਾਵ ਕੁੜੀ ਨੂੰ ਹੈ, ਇਸ ਦਾ ਕਾਰਨ ਇਹ ਵੀ ਜਾਪਦਾ ਹੈ ਕਿ ਅਜੋਕੇ ਪੰਜਾਬੀ ਸਥਾਪਤ ਗੀਤਕਾਰਾਂ ਵਿੱਚੋਂ 100% ਗੀਤਕਾਰ ਮਰਦ ਹਨ ਅਤੇ ਜਿੰਨਾਂ ਇੱਕਾ ਦੁੱਕਾ ਗੀਤਾਂ ਵਿੱਚ ਔਰਤ ਦਾ ਪੱਖ ਪੇਸ਼ ਹੁੰਦਾ ਵੀ ਹੈ ਉਹ ਵੀ ਮਰਦਾਵੀਂ ਦੀ ਸੋਚ ਦੁਆਰਾ ਉਸਾਰਿਆ ਗਿਆ ਔਰਤ ਦਾ ਬਿੰਬ ਹੀ ਪੇਸ਼ ਕਰਦਾ ਹੈ।
        ਅਜੋਕੇ ਪੰਜਾਬੀ ਗੀਤਾਂ ਵਿੱਚ ਇੱਕ ਹੋਰ ਨਵੀਂ ਚੀਜ਼ ਸਾਹਮਣੇ ਆ ਰਹੀ ਹੈ ਕਿ ਕਲਾਕਾਰ ਗੀਤ ਗਾਉਂਦੇ ਗਾਉਂਦੇ ਵਿਚਕਾਰ ਕਿਤੇ ਕੋਈ ਬੋਲੀ ਪਾ ਦਿੰਦਾ ਹੈ ਪਰ ਇਹ ਬੋਲੀਆਂ ਬਿਲਕੁਲ ਨਵੀਂ ਕਿਸਮ ਦੀਆਂ ਹਨ ਇਸ ਤਰ੍ਹਾਂ ਦੀਆਂ ਕੁਝ ਬੋਲੀਆਂ ਹੇਠ ਰੱਖੀਆਂ ਹਨ :

੧. ਆਰੀ ਆਰੀ ਆਰੀ

 ਜਿਹੜੇ ਟਾਊਨ ਤੋਂ ਘੁੰਮਦੀ 
 ਉੱਥੇ ਜੱਟ ਦੀ ਚੱਲੇ ਸਰਦਾਰੀ 
 ਅੈਟੀਆਂ ਦੇ ਸਾਹ ਸੁੱਕਦੇ
 ਮੇਰੇ ਮੋਢੇ ਟੰਗੀ ਦੋਨਾਲੀ 
          ( ਬੈਡ ਫਿੱਲਾ- ਸਿੱਧੂ ਮੂਸੇਵਾਲਾ)

੨. ਤਾਰੇ ਤਾਰੇ ਤਾਰੇ

 ਵਿੱਲ ਯੂ ਮੈਰੀ ਮੀ
 ਮੈਂ ਤੇਰੀ ਵੇਟ ਕਰੂ ਮੁਟਿਆਰੇ 
           (ਕੋਲਰ ਬੋਨ - ਅੰਮ੍ਰਿਤ ਮਾਨ )

੩. ਰਫ਼ਲਾਂ ਰਫਲਾਂ ਰਫਲਾਂ

  ਤੂੰ ਜੱਟੀ ਕਾਰਤੂਸ ਵਰਗੀ 
  ਤੈਨੂੰ ਸਾਂਭ ਕੇ ਦਿਲ ਵਿੱਚ ਰੱਖ ਲਾਂ 
           (ਜੱਟ ਹਾਈ ਰੇਟ- ਜਸ ਮਾਣਕ)

ਅਲੰਕਾਰਕ ਤੌਰ ਤੇ ਪੰਜਾਬੀ ਗੀਤਾਂ ਵਿੱਚ ਬਹੁਤ ਹੀ ਵੰਨ ਸੁਵੰਨਤਾ ਨਹੀਂ ਹੈ, ਅਜੋਕੇ ਪੰਜਾਬੀ ਗੀਤਕਾਰਾਂ ਦੀ ਪਹੁੰਚ ਸਿਰਫ਼ ਉਪਮਾ ਅਲੰਕਾਰ ਤੱਕ ਹੀ ਹੈ ਅਤੇ ਇਹ ਅਲੰਕਾਰ ਵਰਤਦੇ ਹੋਏ ਸਾਡੇ ਅਜੋਕੇ ਗੀਤਕਾਰ ਸਿਰਫ ਹਥਿਆਰਾਂ ਅਤੇ ਨਸ਼ਿਆਂ ਦੀ ਸਿਫ਼ਤ ਹੀ ਕਰਦੇ ਜਾਪਦੇ ਹਨ ਨਾ ਕਿ ਨਾਇਕ ਅਤੇ ਨਾਇਕਾ ਦੀ ਇਸ ਤਰ੍ਹਾਂ ਦੇ ਕੁਝ ਹਵਾਲੇ ਹਨ :

ਹਥਿਆਰਾਂ ਨਾਲ ਤੁਲਨਾ: ੧. ਅਸਲੇ ਚ ਨਾਂ ਜਿਵੇਂ ਏ ਕੇ ਸੰਤਾਲੀ ਦਾ

 ਕੁੜੀਆਂ ਚ ਨਾਮ ਉਸ ਹਾਈ ਹੀਲ ਵਾਲੀ ਦਾ।
               ( ਹੈਲੋ ਹੈਲੋ - ਰਾਜਵੀਰ ਜਵੰਦਾ )

੨. ਢਿੱਲੋਂਆਂ ਦਾ ਮੁੰਡਾ ਏ ਦੁਨਾਲੀ ਵਰਗਾ ।

               (ਰੈੱਡ ਰੋਜ਼ - ਦਿਲਪ੍ਰੀਤਢਿੱਲੋਂ )

੩. ਤੂੰ ਜੱਟੀ ਕਾਰਤੂਸ ਵਰਗੀ।

              ( ਜੱਟ ਹਾਈ ਰੇਟ- ਸਾਜ)

੪. ਦਾਊਦ ਵਾਂਗੂੰ ਅੱਖ ਤੇਰੀ ਗੱਲ ਕਰਦੀ।

             ( ਗੈਂਗਸਟਰ ਜੱਟ - ਸਿੱਧੂ ਮੂਸੇਵਾਲਾ )
           

ਨਸ਼ਿਆਂ ਨਾਲ ਤੁਲਨਾ: ੧. ਤੇਰਾ ਕੋਈ ਜਵਾਬ ਨਹੀਂ ਤੂੰ 'ਫੀਮ ਅਫਗਾਨੀ।

             ( ਰਾਜਾ ਰਾਣੀ - ਡੀਐੱਸਪੀ ਸਾਹਿਬ )

੨. ਵਿਸਕੀ ਦੀ ਬੋਤਲ ਵਰਗੀ ਤੇਰੇ 'ਤੇ ਡੁੱਲਗੀ ਵੇ।

       (ਵਿਸਕੀ ਦੀ ਬੋਤਲ- ਪ੍ਰੀਤ ਹੁੰਦਲ ਜੈਸਮਿਨ ਸੈਂਡਲਸ )

ਉਪਰੋਕਤ ਸਾਰੀ ਚਰਚਾ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਅਜੋਕੇ ਪੰਜਾਬੀ ਗੀਤ ਅਜੋਕੇ ਪੰਜਾਬੀ ਸੱਭਿਆਚਾਰ ਦੀ ਸਹੀ ਅਰਥਾਂ ਵਿੱਚ ਤਰਜ਼ਮਾਨੀ ਨਹੀਂ ਕਰਦੇ।ਪੰਜਾਬੀ ਗੀਤਾਂ ਅੰਦਰ ਪੇਸ਼ ਕੀਤਾ ਜਾ ਰਿਹਾ ਪੰਜਾਬੀ ਵਿਅਕਤੀ ਅਸਲ ਪੰਜਾਬੀ ਵਿਅਕਤੀ ਨਹੀਂ ਹੈ। ਇਹ ਗੀਤ ਇੱਕ ਕਿਸਮ ਦੀ ਕਲਪਨਾ ਹੀ ਹਨ ਅਤੇ ਕਲਪਨਾ ਵੀ ਅੈਸੀ ਜੋ ਸਾਡੇ ਜੀਵਨ ਨੂੰ ਕੋਈ ਸਾਰਥਕ ਦਿਸ਼ਾ ਦੇਣ ਦੇ ਯੋਗ ਨਹੀਂ ਹੈ ।ਗੀਤ ਸਬੰਧੀ ਇਹ ਕਿਹਾ ਜਾਂਦਾ ਹੈ ਕਿ "ਗੀਤ ਦਾ ਕੰਮ ਅੰਦਰੋਂ ਉੱਠ ਰਹੀਆਂ ਕਾਮੁਕ ਭਾਵਨਾਵਾਂ ਨੂੰ ਸਿਰਜਨਾਤਮਕ ਤਰੀਕੇ ਨਾਲ ਸ਼ਾਂਤ ਕਰਨਾ ਹੈ।" ਪਰ ਅਜੋਕੇ ਗੀਤਾਂ ਨੇ ਕਾਮ ਨੂੰ ਚਮਕਾ ਲਿਸ਼ਕਾ ਕੇ ਪੇਸ਼ ਕੀਤਾ ਹੈ ਅਤੇ ਇਨ੍ਹਾਂ ਤੋਂ ਵਪਾਰਕ ਲਾਭ ਖੱਟਣ ਦੀ ਜੁਗਤ ਬਣਾ ਲਈ ਹੈ।[4] ਕਲਾਤਮਿਕ ਪੱਖ ਤੋਂ ਵੀ ਇਹ ਗੀਤ ਬਹੁਤ ਨੀਵੇਂ ਪੱਧਰ ਦੇ ਹਨ ।

 1. ਮੈਲਵਿੱਲ.ਜੇ.ਹਿਰਸਕੋਵਿਤਸ(1969)
 2. ਸਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਪ੍ਰੋਫੈਸਰ ਗੁਰਬਖਸ਼ ਸਿੰਘ ਫਰੈਂਕ
 3. ਪੰਜਾਬੀ ਗੀਤ: ਬਣਤਰ ਅਤੇ ਸੰਭਾਵਨਾਵਾਂ - ਡਾ ਕਮਲਜੀਤ ਸਿੰਘ ਟਿੱਬਾ
 4. ਅਜੋਕੀ ਪੰਜਾਬੀ ਗਾਇਕੀ ਵਿਚ ਲੱਚਰਤਾ ਤੇ ਹਿੰਸਾ- ਡਾ ਰਜਿੰਦਰਪਾਲ ਸਿੰਘ ਬਰਾੜ