ਸਮੱਗਰੀ 'ਤੇ ਜਾਓ

ਉਮਰ ਮਾਰਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਮਰ ਮਾਰਵੀ ਜਾਂ ਮਾਰੂਈ (ਸਿੰਧੀ: عمر مارئي), (ਉਰਦੂ:عُمَر ماروی ), ਸਿੰਧ, ਪਾਕਿਸਤਾਨ ਤੋਂ ਇੱਕ ਪਿੰਡ ਦੀ ਲੜਕੀ ਮਾਰਵੀ ਮਾਰਾਈਚ ਬਾਰੇ ਇੱਕ ਲੋਕਕਥਾ ਹੈ, ਜੋ ਇੱਕ ਸ਼ਕਤੀਸ਼ਾਲੀ ਰਾਜੇ ਦੀਆਂ ਚਾਹਤਾਂ ਅਤੇ ਮਹਿਲਾਂ ਵਿੱਚ ਇੱਕ ਰਾਣੀ ਦੇ ਰੂਪ ਵਿੱਚ ਰਹਿਣ ਦੇ ਲੋਭ ਨੂੰ ਠੁਕਰਾਉਂਦੇ ਹੋਏ, ਆਪਣੇ ਪਿੰਡ ਦੇ ਲੋਕਾਂ ਦੇ ਨਾਲ ਸਧਾਰਨ ਪੇਂਡੂ ਵਾਤਾਵਰਣ ਵਿੱਚ ਰਹਿਣਾ ਪਸੰਦ ਕਰਦੀ ਹੈ।[1]

ਇਹ ਕਹਾਣੀ ਸ਼ਾਹ ਜੋ ਰਿਸਾਲੋ ਵਿੱਚ ਵੀ ਨਜ਼ਰ ਆਉਂਦੀ ਹੈ ਅਤੇ ਸਿੰਧ, ਪਾਕਿਸਤਾਨ ਦੇ ਸੱਤ ਪ੍ਰਸਿੱਧ ਦੁਖਦਾਈ ਰੋਮਾਂਸਾਂ ਵਿੱਚ ਹੈ।  ਹੋਰ ਛੇ ਕਿੱਸੇ ਹਨ ਸੱਸੀ ਪੁੰਨੂੰ, ਸੋਹਣੀ ਮਹੀਂਵਾਲ, ਲੇਲਾ ਚੇਨੇਸਰ, ਨੂਰੀ ਜਾਮ ਤਾਮਾਚੀ, ਸੋਰਠ ਰਾਏ ਦਿਆਚ ਅਤੇ ਮੋਮਲ ਰਾਣੋ ਆਮ ਲੋਕਾਂ ਵਿੱਚ ਸਿੰਧ ਦੀਆਂ ਸੱਤ ਰਾਣੀਆਂ ਜਾਂ ਸ਼ਾਹ ਅਬਦੁਲ ਲਤੀਫ ਭੱਟਾਈ ਦੀਆਂ ਸੱਤ ਨਾਇਕਾਵਾਂ ਦੇ ਤੌਰ 'ਤੇ ਜਾਣੀਆਂ ਜਾਂਦੀਆਂ ਹਨ। 

ਲੋਕ ਕਥਾ 

[ਸੋਧੋ]

ਉਮਰ ਮਾਰਵੀ ਦੀ ਕਹਾਣੀ ਇਹ ਹੈ ਕਿ ਮਾਰਵੀ ਸਿੰਧ ਦੇ ਇੱਕ ਛੋਟੇ ਜਿਹੇ ਪਿੰਡ ਮਲੇਰ ਦੀ ਇੱਕ ਜਵਾਨ ਥਾਰੀ ਲੜਕੀ ਸੀ ਜਿਸਨੂੰ ਉਮਰਕੋਟ ਦੇ ਉਸ ਵੇਲੇ ਦੇ ਹਾਕਮ, ਉਮਰ ਨੇ ਉਧਾਲ ਲਿਆ ਸੀ। ਉਹ ਉਸ ਦੀ ਸੁੰਦਰਤਾ ਕਰਕੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਉਸ ਵਲੋਂ ਇਨਕਾਰ ਕਰਨ ਤੋਂ ਬਾਅਦ ਉਹ ਕਈ ਸਾਲ ਇਤਿਹਾਸਕ ਊਮਰਕੋਟ ਕਿਲ੍ਹੇ ਵਿੱਚ ਕੈਦ ਕਰ ਲਈ ਗਈ ਸੀ। ਉਸਦੀ ਹਿੰਮਤ ਕਰਕੇ, ਮਾਰਵੀ ਨੂੰ ਆਪਣੀ ਮਿੱਟੀ ਅਤੇ ਦੇਸ਼ ਲਈ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। 

ਵਿਸਥਾਰ

[ਸੋਧੋ]

ਸਿੰਧ ਦੇ ਇੱਕ ਛੋਟੇ ਜਿਹੇ ਪਿੰਡ ਮਲੀਰ ਵਿੱਚ ਇੱਕ ਗਰੀਬ ਚਰਵਾਹਾ ਰਿਹਾ ਕਰਦਾ ਸੀ। ਮਾਰਵੀ ਇਸ ਚਰਵਾਹੇ ਦੀ ਧੀ ਸੀ। ਉਹ ਹੈਰਤ-ਅੰਗੇਜ ਤੌਰ 'ਤੇ ਹੁਸੀਨ ਸੀ। ਲੋਕ ਇਸ ਨੂੰ ਵੇਖਕੇ ਕਹਿੰਦੇ ਮਾਰਵੀ ਤੈਨੂੰ ਤਾਂ ਕਿਸੇ ਮਹਲ ਵਿੱਚ ਪੈਦਾ ਹੋਣਾ ਚਾਹੀਦਾ ਹੈ ਸੀ। ਉਹ ਸਾਦਗੀ ਨਾਲ ਜਵਾਬ ਦਿੰਦੀ ਫੁਲ ਬਾਗ਼ਾਂ ਵਿੱਚ ਹੀ ਨਹੀਂ ਸਹਿਰਾ ਵਿੱਚ ਵੀ ਖਿੜਦੇ ਹਨ। ਮਾਰਵੀ ਅਤੇ ਇਸ ਦੀ ਬਰਾਦਰੀ ਸਾਦਾ ਜਿੰਦਗੀ ਗੁਜ਼ਾਰਨ ਦੀ ਆਦੀ ਸੀ। ਉਹ ਲੋਕ ਸਾਦਾ ਗ਼ਿਜ਼ਾ ਖਾਂਦੇ, ਮੋਟੇ ਸਾਡੇ ਕੱਪੜੇ ਪਾਓਂਦੇ। ਮਾਰਵੀ ਨੂੰ ਆਪਣੇ ਲੋਕਾਂ ਨਾਲ ਬੇਹੱਦ ਪਿਆਰ ਸੀ। ਉਹ ਆਪਣੇ ਸਹਿਰਾ ਨੂੰ ਵੀ ਮੁਹੱਬਤ ਕਰਦੀ ਸੀ। ਇੱਕ ਯਤੀਮ ਬੱਚਾ ਫੋਗ ਉਸ ਦੇ ਖ਼ਾਨਦਾਨ ਦੇ ਨਾਲ ਰਿਹਾ ਕਰਦਾ ਸੀ। ਬਚਪਨ ਵਿੱਚ ਉਹ ਦੋਨੋਂ ਇੱਕ ਦੂਜੇ ਦੇ ਨਾਲ ਖੇਡਿਆ ਕਰਦੇ ਸਨ। ਲੇਕਿਨ ਜਦੋਂ ਵੱਡੇ ਹੋਏ ਤਾਂ ਦੋਨਾਂ ਇੱਕ ਦੂਜੇ ਤੋਂ ਅੱਡ ਹੋ ਗਏ। ਮਾਰਵੀ ਬਹੁਤ ਨਿਘੇ ਸੁਭਾ ਦੀ ਸੀ ਜਦੋਂ ਕਿ ਫੋਗ ਇੱਕ ਸਵਾਰਥੀ ਸ਼ਖਸ ਸੀ। ਇੱਕ ਦਿਨ ਫੋਗ ਨੇ ਮਾਰਵੀ ਨੂੰ ਵਿਆਹ ਦੀ ਪੇਸ਼ਕਸ਼ ਕੀਤੀ। ਮਾਰਵੀ ਨੇ ਨਿਹਾਇਤ ਇਤਮੀਨਾਨ ਦੇ ਨਾਲ ਜਵਾਬ ਦਿੱਤਾ ਨਹੀਂ ਫੋਗ, ਸਾਡੀਆਂ ਕਦਰਾਂ ਕੀਮਤਾਂ ਅੱਡ ਅੱਡ ਹਨ। ਫੋਗ ਖ਼ਾਮੋਸ਼ ਹੋ ਗਿਆ। ਖੇਤ ਮਾਰਵੀ ਦਾ ਮੰਗੇਤਰ ਸੀ ਜੋ ਗੁਆਂਢ ਦੇ ਪਿੰਡ ਵਿੱਚ ਰਹਿੰਦਾ ਸੀ। ਉਹ ਇੱਕ ਖ਼ੂਬਸੂਰਤ ਨੌਜਵਾਨ ਸੀ। ਆਪਣੇ ਇਰਾਦਿਆਂ ਦਾ ਪੱਕਾ ਅਤੇ ਬਚ ਦਾ ਖਰਾ। ਫੋਗ ਉਂਮਰਕੋਟ ਚਲਿਆ ਗਿਆ ਅਤੇ ਸਿੰਧ ਦੇ ਹਾਕਮ ਉਮਰ ਸੂਮਰੋ ਦੀ ਮੁਲਾਜ਼ਮਤ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ। ਥੋੜ੍ਹੇ ਹੀ ਅਰਸੇ ਵਿੱਚ ਉਸਨੇ ਉਮਰ ਦਾ ਵਿਸ਼ਵਾਸ ਹਾਸਲ ਕਰ ਲਿਆ। ਉਮਰ ਖ਼ੂਬਸੂਰਤ ਔਰਤਾਂ ਦਾ ਦਿਲਦਾਦਾ ਸੀ। ਉਸ ਦੇ ਮਹਲ ਵਿੱਚ ਸਿੰਧ ਦੇ ਹਰ ਇਲਾਕੇ ਦੀਆਂ ਔਰਤਾਂ ਮੌਜੂਦ ਸਨ। ਇੱਕ ਦਿਨ ਗੱਲਾਂ ਗੱਲਾਂ ਵਿੱਚ ਫੋਗ ਨੇ ਉਮਰ ਨੂੰ ਕਿਹਾ ਕਿ ਇਸ ਕੋਈ ਸ਼ਕ ਨਹੀਂ ਕਿ ਇਹ ਔਰਤਾਂ ਬਹੁਤ ਖ਼ੂਬਸੂਰਤ ਹਨ ਲੇਕਿਨ ਸਿੰਧ ਦੀ ਸਭ ਤੋਂ ਖ਼ੂਬਸੂਰਤ ਔਰਤ ਇਨ੍ਹਾਂ ਵਿੱਚ ਨਹੀਂ ਹੈ। ਫੋਗ ਦੇ ਇਸ ਫ਼ਿਕਰੇ ਨੇ ਉਮਰ ਨੂੰ ਖੁਤ੍ਖੁਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਨੇ ਫੋਗ ਨੂੰ ਪੁੱਛਿਆ ਕਿ ਉਹ ਕੌਣ ਹੈ। ਫੋਗ ਨੇ ਦੱਸਿਆ ਕਿ ਉਹ ਮਲੀਰ ਦੇ ਇੱਕ ਗਰੀਬ ਚਰਵਾਹੇ ਦੀ ਧੀ ਮਾਰਵੀ ਹੈ। ਉਮਰ ਨੇ ਫੈਸਲਾ ਕਰ ਲਿਆ ਕਿ ਉਹ ਮਾਰਵੀ ਨੂੰ ਖ਼ੁਦ ਦੇਖਣ ਜਾਵੇਗਾ। ਉਸਨੇ ਫੋਗ ਨੂੰ ਨਾਲ ਲਿਆ ਅਤੇ ਦੋਨਾਂ ਭੇਸ ਬਦਲ ਕੇ ਮਲੇਰ ਜਾ ਪੁੱਜੇ। ਉੱਥੇ ਉਹਨਾਂ ਨੂੰ ਮਾਰਵੀ ਪਿੰਡ ਦੇ ਖੂਹ ਤੇ ਮਿਲ ਗਈ। ਉਮਰ ਨੇ ਮਾਰਵੀ ਨੂੰ ਆਪਣੀ ਰਾਣੀ ਬਣਾਉਣ ਦਾ ਇਰਾਦਾ ਧਾਰ ਲਿਆ। ਫੋਗ ਨੇ ਹੋਰ ਉਕਸਾਇਆ ਕਿ ਮਾਰਵੀ ਦੀ ਮੰਗਣੀ ਹੋ ਚੁੱਕੀ ਹੈ ਲੇਕਿਨ ਸਿੰਧ ਦੇ ਬਾਦਸ਼ਾਹ ਦੀ ਹੈਸੀਅਤ ਤੋਂ ਉਮਰ ਦਾ ਹਕ਼ ਬਣਦਾ ਹੈ ਕਿ ਸਿੰਧ ਦੀ ਸਭ ਤੋਂ ਖ਼ੂਬਸੂਰਤ ਔਰਤ ਉਸ ਦੇ ਮਹਲ ਦੀ ਜ਼ੀਨਤ ਬਣੇ। ਉਮਰ ਦਾ ਮਾਰਵੀ ਨੂੰ ਹਾਸਲ ਕਰਨ ਦਾ ਜਨੂੰਨ ਹੋਰ ਵੱਧ ਗਿਆ। ਕੁਝ ਦਿਨਾਂ ਤੱਕ ਦੋਨਾਂ ਪਿੰਡ ਵਿੱਚ ਮਟਰਗਸ਼ਤ ਕਰਦੇ ਰਹੇ ਅਤੇ ਆਖਿਰ ਇੱਕ ਦਿਨ ਮੌਕ਼ਾ ਪਾ ਕੇ ਉਹਨਾਂ ਨੇ ਮਾਰਵੀ ਨੂੰ ਅਗਵਾ ਕਰ ਲਿਆ ਅਤੇ ਉਮਰਕੋਟ ਲੈ ਆਏ। ਮਹਲ ਵਿੱਚ ਪਹੁੰਚ ਕੇ ਉਮਰ ਨੇ ਮਾਰਵੀ ਨੂੰ ਆਪਣੀ ਰਾਣੀ ਬਣਾਉਣ ਦੀ ਪੇਸ਼ਕਸ਼ ਕਰ ਦਿੱਤੀ ਲੇਕਿਨ ਮਾਰਵੀ ਨੇ ਉਸਨੂੰ ਰੱਦ ਕਰ ਦਿੱਤਾ। ਉਸਨੇ ਮਾਰਵੀ ਨੂੰ ਹਰ ਤਰ੍ਹਾਂ ਭਰਮਾਉਣ ਦਾ ਯਤਨ ਕੀਤਾ। ਉਸਨੇ ਵਾਅਦਾ ਕੀਤਾ ਕਿ ਉਹ ਉਸ ਦੇ ਮਾਂ-ਪਿਉ ਨੂੰ ਦੌਲਤ ਦੇ ਅੰਬਾਰ ਨਾਲ ਮਾਲੋਮਾਲ ਕਰ ਦੇਵੇਗਾ। ਇਹ ਵੀ ਕਿਹਾ ਕਿ ਇਸ ਦਾ ਪੁੱਤਰ ਤਖ਼ਤ ਤਾਜ ਦਾ ਵਾਰਿਸ ਹੋਵੇਗਾ। ਮਾਰਵੀ ਨੇ ਉਮਰ ਦੀ ਹਰ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਉਸਨੇ ਆਪਣੇ ਦੇਸੀ ਲਿਬਾਸ ਤੱਕ ਨੂੰ ਵੱਖ ਨਹੀਂ ਕੀਤਾ। ਨਾ ਵਾਲਾਂ ਵਿੱਚ ਤੇਲ ਲਾਇਆ ਨਾ ਕੰਘੀ ਕੀਤੀ ਅਤੇ ਆਪਣੇ ਖ਼ੂਬਸੂਰਤ ਚਿਹਰੇ ਨੂੰ ਗਰਦ ਗੁਬਾਰ ਵਿੱਚ ਅਟ ਲਿਆ। ਆਖਿਰ ਉਮਰ ਨੇ ਮਾਰਵੀ ਨੂੰ ਕਿਹਾ ਕਿ ਉਹ ਇਸ ਨੂੰ ਇੱਕ ਸਾਲ ਲਈ ਆਪਣੇ ਮਹਲ ਵਿੱਚ ਰੱਖੇਗਾ ਅਤੇ ਜੇਕਰ ਇਸ ਮੁੱਦਤ ਵਿੱਚ ਵੀ ਇਸ ਦੀ ਮੁਹੱਬਤ ਮਾਰਵੀ ਦੇ ਦਿਲ ਤੇ ਅਸਰ ਨਾ ਕਰ ਸਕੀ ਤਾਂ ਉਹ ਆਜ਼ਾਦ ਕਰ ਦਿੱਤੀ ਜਾਵੇਗੀ। ਇਸ ਇੱਕ ਸਾਲ ਵਿੱਚ ਉਮਰ ਮਾਰਵੀ ਦਾ ਦਿਲ ਨਾ ਜਿੱਤ ਸਕਿਆ। ਉਹ ਤਾਂ ਬਸ ਇਹ ਚਾਹੁੰਦੀ ਸੀ ਕਿ ਆਪਣੇ ਲੋਕਾਂ, ਆਪਣੇ ਸਹਿਰਾ ਅਤੇ ਆਪਣੇ ਮੰਗੇਤਰ ਖੇਤ ਦੇ ਕੋਲ ਵਾਪਸ ਪਰਤ ਜਾਵੇ। ਇੱਕ ਸਾਲ ਬਾਅਦ ਉਮਰ ਉਸਦਾ ਆਪਣੀ ਮਿੱਟੀ ਨਾਲ ਹਠੀ ਮੋਹ ਦੇਖਦੇ ਹੋਏ ਉਸਨੂੰ ਮਲੀਰ ਛੱਡ ਆਇਆ।

ਪਿੰਡ ਵਾਪਸ ਪਰਤਣ ਤੇ ਮਾਰਵੀ ਨੂੰ ਪਤਾ ਲੱਗਿਆ ਕਿ ਨਾ ਕੇਵਲ ਉਸਦਾ ਮੰਗੇਤਰ ਖੇਤ ਉਸ ਦੀ ਸ਼ੁੱਧਤਾ ਬਾਰੇ ਸ਼ੱਕੀ ਹੈ, ਪਰ ਦੂਜੇ ਭਾਈਚਾਰੇ ਦੇ ਲੋਕ ਵੀ ਉਸ ਨੂੰ ਉਹ ਆਦਰ ਅਤੇ ਪਿਆਰ ਨਹੀਂ ਕਰ ਰਹੇ, ਜੋ ਉਸ ਨੂੰ ਪਹਿਲਾਂ ਪ੍ਰਾਪਤ ਸੀ। ਇਹ ਸਭ ਉਮਰ ਨੂੰ ਪਤਾ ਚੱਲਿਆ ਤਾਂ ਉਸ ਨੇ ਮਲੀਰ ਆਉਣ ਦਾ ਅਤੇ ਮਾਰਵੀ ਦੇ ਬਾਰੇ ਵਿੱਚ ਹਰ ਸ਼ੰਕੇ ਨੂੰ ਸਪਸ਼ਟ ਕਰਨ ਦਾ ਫੈਸਲਾ ਕੀਤਾ। ਉਮਰ ਨਾਲ ਉਸਦੀ ਸੈਨਾ ਸੀ ਤਾਂ ਪਿੰਡ ਦੇ ਲੋਕਾਂ ਨੇ ਸੋਚਿਆ ਕਿ ਉਹ ਉਹਨਾਂ ਤੇ ਹਮਲਾ ਕਰਨ ਆਇਆ ਸੀ। ਮਾਰਵੀ ਉਮਰ ਕੋਲ ਗਈ ਅਤੇ ਕਿਹਾ ਕਿ ਪਹਿਲਾਂ ਉਸਨੇ ਇੱਕ ਅਪਰਾਧ ਕੀਤਾ ਅਤੇ ਹੁਣ ਉਹ ਪਿੰਡ ਤੇ ਹਮਲਾ ਕਰਨ ਆ ਗਿਆ। ਉਮਰ ਨੇ ਉਹਨਾਂ ਨੂੰ ਆਉਣ ਦਾ ਮੰਤਵ ਦੱਸਿਆ ਅਤੇ ਪੇਂਡੂਆਂ ਦੇ ਇਕੱਠ ਦੇ ਸਾਹਮਣੇ ਦੱਸਿਆ ਕਿ ਉਹ ਆਪਣੇ ਹੱਥ ਵਿੱਚ ਲਾਲ ਗਰਮ ਲੋਹੇ ਦਾ ਡੰਡਾ ਰੱਖੇਗਾ, ਉਸ ਦਾ ਨੁਕਸਾਨ ਰਹਿਤ ਹੱਥ ਮਾਰਵੀ ਦੀ ਸ਼ੁੱਧਤਾ ਦਾ ਸਬੂਤ ਹੋਵੇਗਾ। ਮਾਰਵੀ ਨੇ ਕਿਹਾ ਕਿ ਸ਼ੰਕਾ ਦੇ ਘੇਰੇ ਵਿੱਚ ਤਾਂ ਉਹ ਹੈ ਇਸ ਲਈ ਉਹ ਇਸ ਅਜ਼ਮਾਇਸ਼ ਦਾ ਸਾਹਮਣਾ ਕਰੇਗੀ। ਅਤੇ ਮਾਰਵੀ ਇਹ ਅਗਨੀ ਪ੍ਰੀਖਿਆ ਵਿੱਚ ਕਾਮਯਾਬ ਰਹੀ।[2]

ਹਵਾਲੇ

[ਸੋਧੋ]
  1. Dr. N. A. Baloch (1976). Popular Folk Stories: Umar Marui. Hyderabad: Sindhi Adabi Board.{{cite book}}: CS1 maint: location missing publisher (link)
  2. http://thesindhuworld.com/umar-marvi/?qt1m4dc=1