ਉਰਦੂ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਰਦੂ ਸਾਹਿਤ (ਉਰਦੂ: ادبیات اردو, "ਅਦਬੀਆਤ-ਇ-ਉਰਦੂ") ਦਾ ਇਤਿਹਾਸ ਉਰਦੂ ਭਾਸ਼ਾ ਦੇ ਵਿਕਾਸ ਨਾਲ ਨੇੜਿਓਂ ਜੁੜਿਆ ਹੋਇਆ ਹੈ। ਇਸ ਵਿੱਚ ਕਵਿਤਾ ਦਾ, ਖਾਸ ਕਰ ਕੇ ਗ਼ਜ਼ਲ ਅਤੇ ਨਜ਼ਮ ਦਾ ਦਬਦਬਾ ਰਿਹਾ ਹੈ, ਪਰ ਇਸ ਵਿੱਚ ਕਹਾਣੀ ਅਤੇ ਨਾਵਲ ਵਿਧਾਵਾਂ ਨੇ ਵੀ ਆਪਣੇ ਪੈਰ ਜਮਾਏ ਹਨ ਅਤੇ ਭਾਂਤ ਭਾਂਤ ਦਾ ਅਨੁਵਾਦ ਸਾਹਿਤ ਪ੍ਰਕਾਸ਼ਿਤ ਹੋਇਆ ਹੈ। ਪਾਕਿਸਤਾਨ ਵਿੱਚ ਉਰਦੂ ਸਾਹਿਤ ਵਧੇਰੇ ਪ੍ਰਫੁਲਿਤ ਹੋਇਆ ਹੈ, ਕਿਉਂਕਿ ਉਰਦੂ ਉਥੋਂ ਦੀ ਸਰਕਾਰੀ ਭਾਸ਼ਾ ਹੈ। ਭਾਰਤ ਵਿੱਚ ਵੀ ਇਸ ਦਾ ਉਘਾ ਸਥਾਨ ਹੈ ਅਤੇ ਅਫਗਾਨਿਸਤਾਨ ਅਤੇ ਅਨੇਕ ਅਰਬ ਮੁਲਕਾਂ ਵਿੱਚ ਵੀ ਇਸ ਦੇ ਪਾਠਕ ਹਨ।

ਮੁਢਲੇ ਰਚਨਾਕਾਰ[ਸੋਧੋ]

ਮੁਸਲਮਾਨ ਜਦੋਂ ਹਿੰਦੁਸਤਾਨ ਵਿੱਚ ਆਏ ਤਾਂ ਇੱਥੋਂ ਦੇ ਜੀਵਨ ਉੱਤੇ ਉਹਨਾਂ ਦਾ ਪ੍ਰਭਾਵ ਪਿਆ ਅਤੇ ਉਹ ਆਪ ਇੱਥੇ ਦੀ ਹਾਲਤ ਤੋਂ ਪ੍ਰਭਾਵਿਤ ਹੋਏ। ਉਹਨਾਂ ਨੇ ਇੱਥੇ ਦੀਆਂ ਭਾਸ਼ਾਵਾਂ ਸਿੱਖੀਆਂ ਅਤੇ ਉਹਨਾਂ ਵਿੱਚ ਆਪਣੇ ਵਿਚਾਰ ਜ਼ਾਹਰ ਕੀਤੇ। ਸਭ ਤੋਂ ਪਹਿਲਾਂ ਲਾਹੌਰ ਦੇ ਖਵਾਜਾ ਮਸਊਦ ਸਾਦ ਸਲਮਾਨ (1166 ਈ) ਦਾ ਨਾਮ ਮਿਲਦਾ ਹੈ ਜਿਹਨਾਂ ਨੇ ਹਿੰਦੀ ਵਿੱਚ ਆਪਣਾ ਕਾਵਿ ਸੰਗਰਹਿ ਤਿਆਰ ਕੀਤਾ ਜੋ ਬਦਕਿਸਮਤੀ ਨਾਲ ਅੱਜ ਮਿਲਦਾ ਨਹੀਂ। ਉਸੇ ਸਮੇਂ ਵਿੱਚ ਕਈ ਸੂਫ਼ੀ ਫ਼ਕੀਰਾਂ ਦੇ ਨਾਮ ਮਿਲਦੇ ਹਨ ਜੋ ਦੇਸ਼ ਦੇ ਕੋਨੇ -ਕੋਨੇ ਵਿੱਚ ਘੁੰਮ ਫਿਰਕੇ ਜਨਤਾ ਵਿੱਚ ਆਪਣੇ ਵਿਚਾਰਾਂ ਦਾ ਪਰਚਾਰ ਕਰ ਰਹੇ ਸਨ। ਇਸ ਗੱਲ ਦਾ ਲੱਖਣ ਲਾਉਣਾ ਔਖਾ ਨਹੀਂ ਹੈ ਕਿ ਉਸ ਸਮੇਂ ਕੋਈ ਬਣੀ ਬਣਾਈ ਭਾਸ਼ਾ ਪ੍ਰਚੱਲਤ ਨਹੀਂ ਰਹੀ ਹੋਵੇਗੀ। ਇਸ ਲਈ ਉਹ ਬੋਲ-ਚਾਲ ਦੀ ਭਾਸ਼ਾ ਵਿੱਚ ਫ਼ਾਰਸੀ ਅਰਬੀ ਦੇ ਸ਼ਬਦ ਮਿਲਾਕੇ ਕੰਮ ਚਲਾਂਦੇ ਹੋਣਗੇ। ਇਸ ਦੇ ਬਹੁਤ ਸਾਰੇ ਉਦਾਹਰਨ ਸੂਫੀਆਂ ਦੇ ਸੰਬੰਧ ਵਿੱਚ ਲਿਖੀਆਂ ਕਿਤਾਬਾਂ ਵਿੱਚ ਮਿਲ ਜਾਂਦੇ ਹਨ। ਜਿਹਨਾਂ ਲੋਕਾਂ ਨੂੰ ਕਵਿਤਾਵਾਂ ਅਤੇ ਹੋਰ ਲਿਖਤਾਂ ਮਿਲੀਆਂ ਹਨ ਉਹਨਾਂ ਵਿਚੋਂ ਕੁੱਝ ਦੇ ਨਾਮ ਇਹ ਹਨ: ਬਾਬਾ ਫ਼ਰੀਦ ਸ਼ਕਰਗੰਜ (ਮੌਤ 1262), ਸ਼ੇਖ ਹਮੀਦਉੱਦੀਨ ਨਗੌਰੀ (ਮੌਤ 1274), ਸ਼ੇਖ ਸ਼ਰਫੁੱਦੀਨ ਅਬੂ ਅਲੀ ਕਲੰਦਰ (ਮੌਤ 1323), ਅਮੀਰ ਖੁਸਰੋ (ਮੌਤ 1370), ਮਖ਼ਦੂਮ ਅਸ਼ਰਫ ਜਹਾਂਗੀਰ (ਮੌਤ 1355), ਸ਼ੇਖ ਅਬਦੁਲਹਕ (ਮੌਤ 1433), ਸਯਦ ਗੇਸੂ ਦਰਜ (ਮੌਤ 1421), ਸੈਯਦ ਮੁਹੰਮਦ ਜੌਨਪੁਰੀ (ਮੌਤ 1504), ਸ਼ੇਖ ਬਹਾਉੱਦੀਨ ਵਾਜਾ (ਮੌਤ 1506) ਆਦਿ। ਇਨ੍ਹਾਂ ਦੀਆਂ ਲਿਖਤਾਂ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇੱਕ ਅਜਿਹੀ ਭਾਸ਼ਾ ਬਣ ਰਹੀ ਸੀ ਜਿਸ ਨੂੰ ਆਮ ਲੋਕ ਸਮਝ ਸਕਦੇ ਸੀ ਅਤੇ ਜਿਸਦਾ ਰੂਪ ਪਹਿਲੀਆਂ ਪ੍ਰਚਲਿਤ ਬੋਲੀਆਂ ਨਾਲੋਂ ਭਿੰਨ ਸੀ।