ਸੋਹਿੰਦਰ ਸਿੰਘ ਵਣਜਾਰਾ ਬੇਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਐਸ. ਐਸ. ਵਣਜਾਰਾ ਬੇਦੀ ਤੋਂ ਰੀਡਿਰੈਕਟ)
Jump to navigation Jump to search
ਸੋਹਿੰਦਰ ਸਿੰਘ ਵਣਜਾਰਾ ਬੇਦੀ
ਜਨਮਸੋਹਿੰਦਰ ਸਿੰਘ ਬੇਦੀ
(1924-11-28)28 ਨਵੰਬਰ 1924
ਸਿਆਲਕੋਟ, ਬਰਤਾਨਵੀ ਪੰਜਾਬ
ਮੌਤ26 ਅਗਸਤ 2001(2001-08-26) (ਉਮਰ 76)
ਦਿੱਲੀ
ਕਿੱਤਾਪੰਜਾਬੀ ਲੋਕਧਾਰਾ ਵਿਰਸੇ ਦੀ ਸੰਭਾਲ, ਸਾਹਿਤਕਾਰ

ਸੋਹਿੰਦਰ ਸਿੰਘ ਵਣਜਾਰਾ ਬੇਦੀ (28 ਨਵੰਬਰ 1924 - 26 ਅਗਸਤ 2001)[1][2][3] ਪੰਜਾਬੀ ਲੋਕਧਾਰਾ ਦੀ ਖੋਜ ਤੇ ਸੰਭਾਲ ਹਿੱਤ ਉਮਰ ਭਰ ਕੰਮ ਕਰਦੇ ਰਹਿਣ ਅਤੇ ਅੱਠ ਭਾਗਾਂ ਵਿੱਚ ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਤਿਆਰ ਕਰਨ ਲਈ ਜਾਣੇ ਜਾਂਦੇ ਪੰਜਾਬੀ ਲੇਖਕ ਹਨ। ਉਨ੍ਹਾਂ ਦਾ ਜਨਮ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਨੇ ਪੰਜਾਬੀ ਵਿੱਚ ਆਪਣੀ ਐਮ ਏ ਪੰਜਾਬੀ ਯੂਨੀਵਰਸਿਟੀ ਤੋਂ ਅਤੇ ਪੀ. ਐਚ. ਡੀ. ਦਿੱਲੀ ਯੂਨੀਵਰਸਿਟੀ ਤੋਂ ਕੀਤੀ।[4] ਆਪਣੇ ਜੀਵਨ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਬੈਂਕ ਦੀ ਨੌਕਰੀ ਕੀਤੀ ਅਤੇ ਬਾਅਦ ਦੇ ਜੀਵਨ ਵਿੱਚ ਦਿਆਲ ਸਿੰਘ ਕਾਲਜ, ਦਿੱਲੀ ਵਿੱਚ ਸੀਨੀਅਰ ਲੈਕਚਰਾਰ ਰਹੇ।

ਜਨਮ ਅਤੇ ਮਾਤਾ-ਪਿਤਾ[ਸੋਧੋ]

ਵਣਜਾਰਾ ਬੇਦੀ (ਸੋਹਿੰਦਰ ਸਿੰਘ ਵਣਜਾਰਾ ਬੇਦੀ) ਦਾ ਜਨਮ 28 ਨਵੰਬਰ, 1924 ਨੂੰ ਪਿੰਡ ਧਮਿਆਲ ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿੱਚ ਪਿਤਾ ਸੁੰਦਰ ਸਿੰਘ ਬੇਦੀ ਦੇ ਗ੍ਰਹਿ ਵਿਖੇ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੀਆਂ ਦੋ ਭੈਣਾਂ (ਹਰਬੰਸ ਕੌਰ, ਬਸੰਤ ਕੌਰ) ਅਤੇ ਇੱਕ ਭਰਾ (ਸਵਰਨ ਸਿੰਘ) ਸੀ। ਛੋਟੀ ਭੈਣ ਕਿਸੇ ਬਿਮਾਰੀ ਕਾਰਣ ਚੱਲ ਵਸੀ ਸੀ। ਆਪ ਦੇ ਵੱਡੇ ਵਡੇਰੇ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨਾਲ ਡੇਰਾ ਬਾਬਾ ਨਾਨਕ ਤੋਂ ਇੱਥੇ (ਪਾਤਸ਼ਾਹਣ ਧਨੀ ਇਲਾਕੇ ਵਿੱਚ) ਆ ਕੇ ਵਸੇ ਸਨ। ਬੇਦੀ ਦੇ ਦਾਦਾ ਭਗਵਾਨ ਸਿੰਘ ਮੰਗਲ ਸ਼ਾਹ ਦੇ ਪੁੱਤਰ ਪਟਵਾਰੀ ਸਨ। ਉਹ ਹਮੇਸ਼ਾ ਆਪਣੇ ਨਾਲ ਆਪਣਾ ਇੱਕ ਧਾਰਮਿਕ ਗ੍ਰੰਥ ਰੱਖਿਆ ਕਰਦੇ ਸਨ।

ਬਚਪਨ ਤੇ ਪੜ੍ਹਾਈ[ਸੋਧੋ]

ਪਿਤਾ ਦੀ ਨੌਕਰੀ ਦੌਰਾਨ ਹੋਈਆਂ ਬਦਲੀਆਂ ਕਾਰਣ ਵਣਜਾਰਾ ਬੇਦੀ ਨੂੰ ਵੱਖ ਵੱਖ ਥਾਵਾਂ ਉੱਤੇ ਜਾ ਕੇ ਪੜ੍ਹਾਈ ਕਰਨੀ ਪਈ। ਪਾਤਸ਼ਾਹਣ ਵਿੱਚ ਸਿਰਫ਼ ਸੱਤ-ਅੱਠ ਮਹੀਨੇ ਆਰੰਭਕ ਜਮਾਤਾਂ ਪੜ੍ਹੀਆਂ ਸਨ। ਤੀਜੀ ਤੋਂ ਛੇਵੀਂ ਜਮਾਤ ਵਾਅਨੇ, ਸਿਆਲਕੋਟ, ਜਲੰਧਰ ਛਾਉਣੀ ਅਤੇ ਬਾਕੀ ਰਾਵਲਪਿੰਡੀ ਖਾਲਸਾ ਹਾਈ ਸਕੂਲ ਵਿੱਚ (ਸੱਤਵੀਂ-ਅੱਠਵੀਂ ਜਮਾਤ ਵਿੱਚ) ਪੜ੍ਹਿਆ ਸੀ। ਦਸਵੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਲਾਹੌਰ ਦੇ ਡੀ.ਏ. ਵੀ.ਕਾਲਜ ਵਿੱਚ ਐੱਫ਼.ਏ.ਅਤੇ ਨੈਸ਼ਨਲ ਕਾਲਜ ਲਾਹੌਰ ਵਿੱਚ ਬੀ.ਏ. ਦੀ ਪੜ੍ਹਾਈ ਕੀਤੀ। 1950 ਵਿੱਚ ਦੁਬਾਰਾ (ਸੋਧ ਕਰਕੇ) ਐੱਮ.ਏ. ਪੰਜਾਬੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਤੇ ਪੀ.ਐੱਚ.ਡੀ. ਦੀ ਡਿਗਰੀ ਦਿੱਲੀ ਯੂਨੀਵਰਸਿਟੀ, ਦਿੱਲੀ ਤੋਂ ਪ੍ਰਾਪਤ ਕੀਤੀ।

ਸ.ਸ. ਵਣਜਾਰਾ ਬੇਦੀ ਨੂੰ ਸਕੂਲ ਦੇ ਦਿਨਾਂ (ਚੌਥੀ ਜਮਾਤ) ਵਿੱਚ ਹਿਸਾਬ ਬਹੁਤ ਆਉਂਦਾ ਸੀ ਜਿਸ ਕਾਰਣ ਉਸਨੂੰ ਵਜ਼ੀਫ਼ਾ ਪ੍ਰੀਖਿਆ ਲਈ ਚੁਣਿਆ ਗਿਆ ਪਰ ਅਸਫਲ ਰਿਹਾ। ਉਸਨੂੰ ਸਮਝ ਆ ਗਈ ਕਿ ਕਿਤਾਬਾਂ ਤੋਂ ਬਾਹਰਲੇ ਗਿਆਨ ਦੀ ਵੀ ਖ਼ਾਸ ਜ਼ਰੂਰਤ ਹੈ। ਬਚਪਨ ਵਿੱਚ ਉਸ ਨੂੰ ਨਟ-ਨਟੀ ਦਾ ਖੇਡ ਤਮਾਸ਼ਾ, ਤਿੱਤਲੀਆਂ ਫੜਨਾ ਅਤੇ ਪੰਛੀ ਬਣਨਾ ਬਹੁਤ ਪਸੰਦ ਸੀ। ਖੇਡਾਂ ਵਿੱਚੋਂ ਉਸ ਨੂੰ ਬਾਸਕਟ ਬਾਲ ਦੀ ਖੇਡ ਚੰਗੀ ਲਗਦੀ ਸੀ। ਪ੍ਰੰਤੂ ਬਿੱਲੀ ਅਤੇ ਕਾਂ ਨਾਲ ਉਹ ਨਫ਼ਰਤ ਕਰਦਾ ਸੀ।

ਸਕੂਲ ਵਿੱਚ ਪੜ੍ਹਦਿਆਂ ਵਣਜਾਰਾ ਬੇਦੀ ਸਨਿੱਚਰਵਾਰ ਵਾਲੇ ਦਿਨ ਸਭਾ (ਸਾਹਿਤਕ ਮਹਿਫ਼ਲ) ਵਿੱਚ ਸ਼ਾਮਿਲ ਹੋਇਆ ਕਰਦਾ ਸੀ। ਹਰੇਕ ਵਿਦਿਆਰਥੀ ਅਧਿਆਪਕ ਨੂੰ ਕੁਝ ਨਾ ਕੁਝ (ਸ਼ੇਅਰ, ਚੁਟਕਲਾ, ਗੀਤ ਆਦਿ) ਜ਼ਰੂਰ ਸੁਣਾਉਂਦਾ। ਵਣਜਾਰਾ ਬੇਦੀ ਦਾ ਦਿਲ ਸ਼ਾਇਰੀ ਕਰਨ ਲਈ ਤਾਂਘਣ ਲੱਗਾ। ਉਹ ਇੱਕ ਵਿਦਿਆਰਥੀ ਦੀ ਕਾਪੀ ਲੈ ਕੇ ਸ਼ੇਅਰ ਵੀ ਨਕਲ ਕਰਕੇ ਆਪਣੀ ਕਾਪੀ ਉੱਤੇ ਲਿਖ ਲੈਂਦਾ ਹੈ। ਕਾਫ਼ੀ ਦਿਨ ਉਹ ਖੁਦ ਕੁਝ ਲਿਖਣ ਦੀ ਕੋਸ਼ਿਸ਼ ਵੀ ਕਰਦਾ ਰਿਹਾ ਪਰ ਗੱਲ ਨਾ ਬਣੀ।

ਪਿਆਰ ਅਤੇ ਕਵਿਤਾ[ਸੋਧੋ]

ਗਰਮੀਆਂ ਦੀਆਂ ਛੁੱਟੀਆਂ ਵਿੱਚ ਗੁਆਂਢੀਆ ਦੇ ਘਰ ਆਈ ਇੱਕ ਕੁੜੀ (ਚੰਨੀ) ਤੋਂ ਪੰਜਾਬੀ ਸਾਹਿਤ ਪੜ੍ਹਨ ਦੀ ਗੁੜ੍ਹਤੀ ਮਿਲਦੀ ਹੈ ਕਿਉਂਕਿ ਉਹਨਾਂ ਨੇ ‘ਫ਼ੁਲਵਾੜੀ ਰਸਾਲੇ’ ਵਿੱਚ ਛਪੀ ਮੋਹਨ ਸਿੰਘ ਦੀ ਕਵਿਤਾ ‘ਅੰਬੀ ਦੇ ਬੂਟੇ ਥੱਲੇ’ ਇਕੱਠੇ ਬੈਠਕੇ ਪੜ੍ਹੀ ਤਾਂ ਇੱਕ ਦੂਜੇ ਨਾਲ ਪਿਆਰ ਪੈ ਗਿਆ। ਉਹ ਕੁੜੀ ਜਦੋਂ ਆਪਣੇ ਪਿੰਡ ਚਲੀ ਜਾਂਦੀ ਹੈ ਤਾਂ ਵਣਜਾਰਾ ਬੇਦੀ ਆਪਣੀ ਬਿਰਹਾ ਦੀ ਪੀੜ ਨੂੰ ਲਿਖਤੀ ਰੂਪ ਪ੍ਰਦਾਨ ਕਰਦਾ ਹੈ:

ਮੇਰੇ ਜਿਗਰ ਦੀਏ ਡਲੀਏ ਪਿਆਰੀਏ ਨੀ,

ਤੇਰੇ ਬਿਨਾ ਨਾ ਜੀਣ ਦਾ ਹੱਜ ਕੋਈ।

ਅੱਖੋਂ ਦੂਰ ਲੂੰ ਲੂੰ ਵਿੱਚ ਵਸੀ ਏ ਤੂੰ,

ਤੈਨੂੰ ਮਿਲਣ ਦਾ ਦਿਸੇ ਨਾ ਪੱਜ ਕੋਈ।

ਇਸ ਤੋਂ ਬਾਅਦ ਇੱਕ ਗੱਭਰੂ ਨੂੰ ਸ਼ੀਰੀ ਫਰਹਾਦ ਗਾਉਂਦਾ ਅਤੇ ਇੱਕ ਪੰਜਾਹ ਸਾਲ ਦੇ ਕਵੀਸ਼ਰ ਨੂੰ ਬੰਦ/ਕਬਿੱਤ (ਕਾਵਿ-ਟੋਟੇ) ਜੋੜ ਕੇ ਬਰਾਤ ਵਿੱਚ ਗਾਉਂਦਿਆ ਸੁਣਿਆ ਤਾਂ ਵਣਜਾਰਾ ਬੇਦੀ ਦੀ ਸਿਰਜਣ ਸ਼ਕਤੀ ਵਿੱਚ ਵਾਧਾ ਹੋਇਆ। ਡੀ.ਏ.ਵੀ. ਕਾਲਜ ਦੇ ਪੰਜਾਬੀ ਲੈਕਚਰਾਰ (ਗੋਪਾਲ ਸਿੰਘ ਦਰਦੀ) ਤੋਂ ਉਸਨੇ ਸ਼ਬਦ, ਲੈਅ ਅਤੇ ਤਾਲ ਦੀਆਂ ਬਰੀਕੀਆਂ ਨੂੰ ਸਮਝਿਆ। ਇਨ੍ਹਾਂ ਦੇ ਪ੍ਰਭਾਵ ਹੇਠ ਹੀ ਆਪਣੀਆਂ ਰਚਨਾਵਾਂ ਵਿੱਚ ਸੋਧ ਕਰਵਾ ਕੇ ਪਹਿਲਾ ਕਾਵਿ-ਸੰਗ੍ਰਹਿ ਖ਼ੁਸ਼ਬੂਆਂ ਲਿਖਿਆ। ਇਸ ਤੋਂ ਬਾਅਦ ਵਣਜਾਰਾ ਬੇਦੀ ਕੁਝ ਨਾ ਕੁਝ ਰੋਜ਼ਾਨਾ ਲਿਖਣ ਲੱਗ ਗਿਆ। ਐੱਫ.ਏ. ਕਰਦਿਆਂ ਬੇਦੀ ਨੇ ਧ੍ਰੂ ਭਗਤ ਅਤੇ ਮਨ ਅੰਤਰ ਕੀ ਪੀੜ ਨਾਟਕ ਲਿਖੇ ਅਤੇ ਉਨ੍ਹਾਂ ਦੀ ਪਹਿਲੀ ਕਵਿਤਾ ‘ਖੇੜਾ’ ‘ਕੰਵਲ’ ਰਸਾਲੇ ਵਿੱਚ ਛਪੀ।

ਵਿਆਹ ਤੇ ਨੌਕਰੀ[ਸੋਧੋ]

1947 ਦੀ ਵੰਡ ਤੋਂ ਪਹਿਲਾ ਵਣਜਾਰਾ ਬੇਦੀ ਦੇ ਵੱਡੇ ਵਡੇਰੇ ਰਾਵਲਪਿੰਡੀ ਵਿੱਚ ਮੋਹਨਪੁਰ ਮੁਹੱਲੇ ਵਿੱਚ ਰਹਿੰਦੇ ਸਨ। ਉਸ ਦੇ ਪਿਤਾ ਜੀ ਕਲਕੱਤਾ ਦਫਤਰ ਵਿੱਚ ਕਲਰਕ ਦੀ ਨੌਕਰੀ ਕਰਦੇ ਸਨ। ਪ੍ਰਮੋਸ਼ਨ ਤੋਂ ਬਾਅਦ ਉਨ੍ਹਾਂ ਦੀਆਂ ਥਾਂ ਥਾਂ ਬਦਲੀਆਂ (ਜਲੰਧਰ, ਰਾਵਲਪਿੰਡੀ, ਵਾਅਨਾ, ਲਾਹੌਰ) ਹੁੰਦੀਆਂ ਰਹੀਆਂ। ਜਦੋਂ ਵਣਜਾਰਾ ਬੇਦੀ ਬੀ.ਏ. ਦੀ ਪ੍ਰੀਖਿਆ ਦੇ ਕੇ ਹਟਿਆ ਤਾਂ ਉਸ ਦੇ ਪਿਤਾ ਜੀ ਬਿਮਾਰ ਰਹਿਣ ਲੱਗ ਪਏ। ਵਣਜਾਰਾ ਬੇਦੀ ਆਕਾਲ ਲਿਮਟਿਡ ਬੈਂਕ ਵਿੱਚ 200 ਰੁਪਏ ਮਹੀਨਾ ਨੌਕਰੀ ਕਰਨ ਲੱਗਾ। ਕੁਝ ਸਮੇਂ ਬਾਅਦ ਵਿੱਚ ਪਿਤਾ ਨੇ ਆਪਣੀ ਬਿਮਾਰੀ ਨੂੰ ਵੇਖਦਿਆਂ ਆਪਣੇ ਜਿਉਂਦੇ-ਜਿਉਂਦੇ ਪੁੱਤਰ ਦਾ ਵਿਆਹ ਕਰਨਾ ਚਾਹਿਆ। ਨੌਸ਼ਹਿਰੇ ਪਿੰਡ ਦੀ ਲੜਕੀ ਨਾਲ ਮੰਗਣਾ ਕਰਨ ਪਿੱਛੋਂ 10 ਸਤੰਬਰ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ। ਪ੍ਰੰਤੂ ਕੁਦਰਤ ਦਾ ਕਹਿਰ ਅਜਿਹਾ ਵਾਪਰਿਆਂ ਕਿ ਪਿਤਾ ਅੰਤੜੀਆਂ ਦੀ ਬਿਮਾਰੀ ਨਾਲ 10 ਸਤੰਬਰ ਨੂੰ ਆਕਾਲ ਚਲਾਣਾ ਕਰ ਗਏ।

ਫਿਰ ਤਿੰਨ ਕੁ ਮਹੀਨੇ ਬਾਆਦ ਪਿਤਾ ਦੀ ਆਖਰੀ ਇੱਛਾ ਅਨੁਸਾਰ ਵਣਜਾਰਾ ਬੇਦੀ ਦਾ ਵਿਆਹ ਰੱਖ ਦਿੱਤਾ। ਸਮੁੱਚੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨੇ ਬਿਨਾਂ ਸਿਹਰਾ, ਮਹਿੰਦੀ ਅਤੇ ਢੋਲ-ਢਮੱਕੇ ਦੇ ਸੰਖੇਪ ਜਿਹੀਆਂ ਰਸਮ-ਰਿਵਾਜ਼ਾਂ ਨਾਲ ਵਿਆਹ ਕਰ ਦਿੱਤਾ। ਹੌਲੀ ਹੌਲੀ ਘਰ ਦਾ ਮਾਹੌਲ ਬਦਲਣ ਲੱਗਾ। ਪੂਰੇ ਘਰ ਵਿੱਚ ਰੌਣਕ ਵਧਣ ਲੱਗੀ। ਮਾਤਾ ਜੀ ਨਾਲ ਪਰਿਵਾਰ ਦੀ ਸਹਿਮਤੀ ਪਿੱਛੋਂ ਪਿਤਾ ਦੇ ਜੀਵਨ ਬੀਮਾ ਫੰਡ ਅਤੇ ਹੋਰ ਫੰਡ ਕਢਵਾ ਕੇ ਘਰ ਦਾ ਪੁਨਰ ਨਿਰਮਾਣ ਕੀਤਾ ਗਿਆ। ਇਨ੍ਹੀਂ ਦਿਨੀਂ ਆਲੇ-ਦੁਆਲੇ ਦੇਸ਼ ਵੰਡ ਨੂੰ ਲੈ ਕੇ ਜਦੇਂ ਅੰਦੋਲਨ ਹੋਣ ਲੱਗੇ ਤਾਂ ਰਾਵਲਪਿੰਡੀ ਵਿੱਚ ਕਰਫਿਊ ਲੱਗ ਗਿਆ। ਲੋਕ ਉੱਥੋਂ ਘਰ ਬਾਰ ਛੱਡ ਆਪੋ-ਆਪਣਾ ਸਾਮਾਨ ਲੈ ਕੇ ਜਾਣ ਲੱਗੇ। ਆਖੀਰ ਵਣਜਾਰਾ ਬੇਦੀ ਵੀ ਆਪਣੇ ਮਾਤਾ ਜੀ (ਪਰਿਵਾਰ) ਨੂੰ ਪਟਿਆਲੇ ਲੈ ਆਇਆ।

ਇੱਥੇ ਆ ਕੇ ਇੱਕ ਡੰਗਰਾਂ (ਪਸ਼ੂਆਂ) ਵਾਲੇ ਮਕਾਨ ਨੂੰ ਕਿਰਾਏ ਉੱਤੇ ਲੈ ਕੇ ਭੁੱਖ-ਨੰਗ ਨਾਲ ਸਮਾਂ ਕੱਢਿਆ। ਵਣਜਾਰਾ ਬੇਦੀ ਨੇ ਕੁਝ ਸਮਾਂ ਮੁਨਸ਼ੀਗਿਰੀ ਕੀਤੀ ਪਰ ਪੈਸਾ ਕੋਈ ਨਾ ਮਿਲਿਆ। ਜਦੋਂ ਪਟਿਆਲਾ ਰਿਆਸਤ ਦੇ ਕਿਸੇ ਸਰਕਾਰੀ ਦਫਤਰ ਵਿੱਚ ਕਲਰਕ ਦੀ ਨੌਕਰੀ ਮਿਲੀ ਤਾਂ ਉਸ ਦੇ ਮਾਤਾ ਜੀ ਛੋਟੇ ਭਰਾ (ਪਰਿਵਾਰ ਸਮੇਤ) ਨਾਲ ਦਿੱਲੀ ਚਲੇ ਗਏ। ਰਘੂ ਮਾਜਰੇ ਤੋਂ ਵਣਜਾਰਾ ਬੇਦੀ ਆਪਣੇ ਸਹੁਰੇ ਨਾਲ ਦਿੱਲੀ ਜਾ ਕੇ ਇੱਕ ਅੰਗਰਜ਼ੀ ਦੇ ਹਫ਼ਤਾਵਰੀ ਅਖਬਾਰ ਵਿੱਚ ਪਰੂਫ ਰੀਡਰ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਪਟਿਆਲਾ ਦਫਤਰ ਵਿੱਚ ਅਸਤੀਫਾ ਭੇਜ ਦਿੰਦਾ ਹੈ। ਜਦੋਂ ਇਹ ਹਫਤਾਵਰੀ ਅਖਬਾਰ ਵੀ ਬੰਦ ਹੋਣ ਦੇ ਕਿਨਾਰੇ ਆ ਗਿਆ ਤਾਂ ਉਸ ਨੇ ਆਪਣੇ ਇੱਕ ਰਿਸ਼ਤੇਦਾਰ ਨਾਲ ਵਪਾਰ ਵਿੱਚ ਹੱਥ ਅਜ਼ਮਾਇਆ, ਜਿਹੜਾ ਘਾਟਾ ਪੈ ਜਾਣ ਕਾਰਣ ਅੱਧ-ਵਿਚਕਾਰ ਹੀ ਛੱਡ ਦਿੱਤਾ। ਫਿਰ ਸਟੇਡੀਅਮ ਸਿਨੇਮਾ ਵਿੱਚ ਗੇਟ ਕੀਪਰ ਦੀ ਡਿਉਟੀ ਕੀਤੀ, ਜਿੱਥੋਂ ਅੱਧੀ ਰਾਤ ਨੂੰ ਘਰ ਮੁੜਦਾ ਹੋਇਆ ਕੁੱਤਿਆਂ ਨੇ ਘੇਰ ਲਿਆ ਅਤੇ ਬੜੀ ਮੁਸ਼ਕਿਲ ਨਾਲ ਜਾਨ ਬਚਾਅ ਕੇ ਘਰ ਆਇਆ। ਉਸਦੇ ਮਾਤਾ ਜੀ ਆਖਣ ਲੱਗੇ, ‘ਕੱਲ੍ਹ ਤੋਂ ਕੰਮ ਉੱਤੇ ਨਹੀਂ ਜਾਣਾ, ਇਹ ਤੇਰੇ ਵੱਸ ਦੀ ਗੱਲ ਨਹੀਂ।’

ਘਰ ਵਿਹਲੇ ਬੈਠਿਆਂ-ਬੈਠਿਆਂ ਵਣਜਾਰਾ ਬੇਦੀ ਨੇ ਇੱਕ ਚਿੱਠੀ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਨੂੰ ਨੌਕਰੀ ਖਾਤਰ ਪਾਈ। ਉਹਨਾਂ ਨੇ ਉਸ ਨੂੰ ਅੰਮ੍ਰਿਤਸਰ ਬੁਲਾ ਲਿਆ। ਜਦੋਂ ਉੱਥੇ ਦਫਤਰ ਵਿੱਚ ਪਹੁੰਚਿਆ ਤਾਂ ਉਹ ਨਾ ਮਿਲੇ। ਵਾਪਸੀ ਸਮੇਂ ਉਨ੍ਹਾਂ ਨੇ ਪਠਾਨਕੋਟ ਆਪਣੇ ਭਰਾ ਕੋਲ ਜੀ.ਟੀ. ਕੰਪਨੀ ਵਿੱਚ ਰਾਤ ਕੱਟੀ। ਇੱਥੇ ਉਸਦੇ ਭਰਾ ਨੇ ਮੇਜਰ ਸਾਹਿਬ ਨਾਲ ਗੱਲਬਾਤ ਕਰਕੇ ਕੰਪਨੀ ਵਿੱਚ ਹੀ ਲਾਰੀ (ਗੱਡੀ) ਕਲਰਕ ਲਵਾ ਦਿੱਤਾ। ਸਿਵਲੀਅਨ ਕੰਪਨੀ ਵਿੱਚ ਹੁੰਦੀਆਂ ਹੇਰਾ-ਫੇਰੀਆਂ ਦੀ ਉੱਚ ਅਫਸਰਾਂ ਨੂੰ ਸ਼ਿਕਾਇਤ ਤੋਂ ਇੱਕ ਨਵਾਂ ਮੇਜਰ ਵਣਜਾਰਾ ਬੇਦੀ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਿਆਂ ਰੋਜ਼ਾਨਾ ਤੰਗ (ਪ੍ਰੇਸ਼ਾਨ) ਕਰਨ ਲੱਗਾ ਤਾਂ ਉਹ ਨੌਕਰੀ ਹੀ ਛੱਡ ਆਇਆ।

ਜਦੋਂ ਮਾਤਾ ਜੀ ਆਪਣੇ ਛੋਟੇ ਪੁੱਤਰ ਕੋਲ ਅੰਬਾਲੇ ਚਲੇ ਜਾਂਦੇ ਹਨ ਤਾਂ ਵਣਜਾਰਾ ਬੇਦੀ ਨੂੰ ਬੇਰੁਜ਼ਗਾਰੀ ਕਾਰਣ ਰਿਸ਼ਤੇਦਾਰਾਂ ਤੋਂ ਉਧਾਰ ਮੰਗ-ਮੰਗ ਕੇ ਅਤੇ ਘਰ ਦੀਆਂ ਵਸਤੂਆਂ ਵੇਚ-ਵੇਚ ਕੇ ਗੁਜ਼ਾਰਾ ਕਰਨਾ ਪੈਂਦਾ ਹੈ। ਜਦੋਂ ਬੇਟੀ (ਗੁੱਡੀ) ਬਿਮਾਰ ਹੋ ਗਈ ਤਾਂ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਘਰ ਵਿੱਚ ਤਾਂ ਇੱਕ ਖੋਟਾ ਸਿੱਕਾ ਵੀ ਨਹੀਂ ਸੀ। ਪ੍ਰੰਤੂ ਇੱਕ ਦਿਨ ਅਚਾਨਕ ਕੁੜੀ ਆਪਣੇ ਆਪ ਉੱਠ ਕੇ ਬੈਠ ਗਈ ਅਤੇ ਖੇਡਣ ਲੱਗ ਪਈ। ਇਹ ਸਭ ਵੇਖ ਕੇ ਪਤਨੀ ਨੇ ਧਰਵਾਸ ਦਿੰਦਿਆਂ ਆਖਿਆ, “ਜੇ ਧੀ (ਗੁੱਡੀ) ਮੌਤ ਦੇ ਮੂੰਹੋਂ ਬਿਨਾਂ ਦਵਾਈਆਂ ਤੋਂ ਮੁੜ ਕੇ ਆ ਸਕਦੀ ਹੈ ਤਾਂ ਤੁਹਾਨੂੰ ਨੌਕਰੀ ਵੀ ਮਿਲ ਸਕਦੀ ਏ।”

1952-53 ਵਿੱਚ ਇੱਕ ਅਖ਼ਬਾਰ ਰਾਹੀਂ ‘ਫਤਿਹ ਪ੍ਰੀਤਮ’ ਦੀ ਇੱਕ ਆਸਾਮੀ ਦਾ ਪਤਾ ਲੱਗਾ। ਵਣਜਾਰਾ ਬੇਦੀ ਉਨ੍ਹਾਂ ਦੇ ਦਫਤਰ ਗਿਆ। ਉੱਥੇ ਮੌਜੂਦ ਵਿਅਕਤੀ ਨੇ ਪੰਜਾਬੀ ਵਿੱਚ ਇੱਕ ਅਰਜ਼ੀ ਲਿਖਵਾਈ। ਅਰਜ਼ੀ ਉੱਤੇ ਵਣਜਾਰਾ ਬੇਦੀ ਨਾਮ ਪੜ੍ਹਦਿਆਂ ਹੀ ਪ੍ਰੈੱਸ ਦੇ ਮਾਲਕ ਨੇ ਨੌਕਰੀ ਉੱਤੇ ਰੱਖ ਲਿਆ ਸੀ। ਇੱਕ ਵਾਰ ‘ਫਤਿਹ ਪ੍ਰੀਤਮ’ ਦੇ ਦਫਤਰ ਵਿੱਚ ਸ. ਅਵਤਾਰ ਸਿੰਘ ਆਜ਼ਾਦ ਮਿਲਣ ਆਏ। ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਸੰਪਾਦਕੀ (ਨੌਕਰੀ) ਛੱਡਣ ਦਾ ਨੋਟਿਸ ਲਿਖਤੀ ਤੌਰ ਉੱਤੇ ਦੇ ਦਿੱਤਾ। ਜਦੋਂ ਨੋਟਿਸ ਦੀ ਮਿਆਦ ਪੂਰੀ ਹੋ ਗਈ, ਉਹ ਵਗੈਰ ਦੱਸੇ ਹੀ ਕਦੇ ਟਿਊਸ਼ਨ ਪੜ੍ਹਾਉਣ, ਕਦੇ ਲਾਇਬਰੇਰੀ ਜਾਣ ਲੱਗ ਪਿਆ।

ਕਈ ਮਹੀਨੇ ਉਹ ਸਾਇਕਲ ਲੈ ਕੇ ਕਦੇ ਲਾਇਬਰੇਰੀ, ਕਦੇ ਟਿਊਸ਼ਨ ਪੜ੍ਹਾਉਣ ਜਾਂਦਾ ਰਿਹਾ। ਇੱਕ ਦਿਨ ਹਾਰਡਿੰਗ ਲਾਇਬਰੇਰੀ ਵਿੱਚੋਂ ਸਾਇਕਲ ਚੋਰੀ ਹੋ ਗਿਆ ਤਾਂ ਚਾਂਦਨੀ ਚੌਂਕ ਥਾਣੇ ਵਿੱਚ ਰਿਪੋਰਟ ਲਿਖਾਉਣ ਗਿਆ। ਉਨ੍ਹਾਂ ਨੇ ਸੌ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਵਣਜਾਰਾ ਬੇਦੀ ਨੇ ਅੱਗੋਂ ਆਖਿਆ ਕਿ ਮੈਂ ਇੱਕ ਅਖ਼ਬਾਰ ਦਾ ਸੰਪਾਦਕ ਹਾਂ। ਪੁਲਿਸ ਵਾਲੇ ਕਹਿੰਦੇ ਲਿਆਓ ਜੀ ਰਸੀਦ (ਬਿੱਲ) ਦਿਖਾਓ। ਨੇੜੇ ਖੜ੍ਹੇ ਇੱਕ ਵਿਅਕਤੀ ਨੇ ਉਸਨੂੰ ਇੱਕ ਪਾਸੇ ਲਿਜਾਕੇ ਕਿਹਾ ਕਿ ਮੇਰਾ ਸਾਇਕਲ ਵੀ ਚੋਰੀ ਹੋਇਆ ਸੀ। ਲੱਭ ਤਾਂ ਲਿਆ ਇਨ੍ਹਾਂ ਨੇ ਪਰ ਕੁਝ ਪੁਰਜ਼ੇ ਉਤਾਰ ਲਏ, ਕੁਝ ਬਦਲ ਦਿੱਤੇ ਨੇ। ਸਾਇਕਲ ਦਾ ਸਿਰਫ਼ ਢਾਂਚਾ (ਫਰੇਮ) ਹੀ ਮਿਲ ਰਿਹਾ ਉਹ ਵੀ ਰਿਸ਼ਵਤ ਤੋਂ ਬਿਨਾਂ ਨਹੀਂ ਦੇ ਰਹੇ। ਕੋਈ ਫਾਇਦਾ ਨਹੀਂ ਹੋਣਾ ਰਿਪੋਰਟ ਲਿਖਵਾਉਣ ਦਾ।

ਉੱਥੋਂ ਨਿਰਾਸ਼ ਹੋ ਕੇ ਬਣਜਾਰਾ ਬੇਦੀ ਘਰ ਨੂੰ ਤੁਰ ਆਇਆ। ਪਰ ਉਸਨੂੰ ਸਾਇਕਲ ਬਿਨਾਂ ਆਉਣਾ-ਜਾਣਾ ਔਖਾ ਹੋ ਗਿਆ। ਇੱਕ ਦਿਨ ਰੇਲਵੇ ਪਟੜੀ ਉੱਤੇ ਤੁਰਿਆ ਜਾਂਦਾ ਗੱਡੀ ਹੇਠ ਆਉਣੋ ਵਾਲ ਵਾਲ ਬਚ ਰਿਹਾ। ਘਰ ਆ ਕੇ ਕਹਿਣ ਲੱਗਾ ਅੱਜ ਤਾਂ ਬੱਚਿਆਂ ਖਾਤਰ ਹੀ ਭੇਜਿਆ ਰੱਬ ਨੇ। ਸਾਰੀ ਗੱਲ ਸੁਣ ਕੇ ਪਤਨੀ ਨੇ ਆਪਣਾ ਹਾਰ ਫੜਾਉਂਦਿਆਂ ਕਿਹਾ, ‘ਆਹ ਲਉ, ਲੈ ਜਾਓ।’ ਵਣਜਾਰਾ ਬੇਦੀ ਨੂੰ ਲੱਗਾ ਕਿ ਪਤਨੀ ਉਸ ਹਾਰ ਦੀ ਮੁਰੰਮਤ ਕਰਾਉਣ ਨੂੰ ਕਹਿੰਦੀ ਹੋਊ। ਕਹਿਣ ਲੱਗਾ, ਮੈਂ ਕੀ ਕਰਾਂ ਇਹਨੂੰ? ਅੱਗੋਂ ਪਤਨੀ ਕਹਿੰਦੀ ਇਹ ਵੇਚ ਕੇ ਸਾਇਕਲ ਲੈ ਆਓ। ਉਨ੍ਹਾਂ ਨੇ ਪਲੱਈਅਰ ਗਾਰਡਨ ਜਾ ਕੇ ਨਵਾਂ ਸਾਇਕਲ ਖਰੀਦ ਲਿਆਂਦਾ ਅਤੇ ਆਪਣੇ ਨਵੇਂ ਸਾਥੀ ਨਾਲ ਅਗਲਾ ਸਫਰ ਸ਼ੁਰੂ ਕਰ ਦਿੱਤਾ।

ਵਣਜਾਰਾ ਬੇਦੀ ਅਤੇ ਲੋਕਧਾਰਾ[ਸੋਧੋ]

ਲੋਕਧਾਰਾ ਦੀ ਪਰਿਭਾਸ਼ਾ[ਸੋਧੋ]

ਅੱਜ ਦੇ ਬਹੁਤ ਤੇਜ਼ੀ ਨਾਲ ਬਦਲ ਰਹੇ ਸਮੇਂ ਵਿੱਚ ਮਨੁੱਖ ਸੌਖ ਪਸੰਦੀ ਵਾਲੀ ਜੀਵਨ ਸ਼ੈਲੀ ਨੂੰ ਅਪਣਾ ਰਹੇ ਹਨ। ਇਸ ਅਪਣਾਉਣ ਦੇ ਵਿਚੋਂ ਉਨ੍ਹਾਂ ਦੀ ਪਰੰਪਰਾ ਦੇ ਨਾਲ ਜੁੜਿਆ ਬਹੁਤ ਕੁਝ ਛੁਟ ਰਿਹਾ ਹੈ। ਇਸ ਹੇਰਵੇ ਦੇ ਅਧੀਨ ਆਪਣੀ ਵਿਰਾਸਤ ਦੀ ਸੰਭਾਲ ਕਿਤਾਬਾਂ, ਕੈਸਟਾਂ ਅਤੇ ਸੀ.ਡੀ. ਆਦਿ ਦੀ ਵਰਤੋਂ ਰਾਹੀਂ ਸਾਂਭਣ ਦੀ ਕੋਸ਼ਿਸ਼ ਕਰਦੇ ਹਨ। ‘ਲੋਕਧਾਰਾ ਅਜਿਹਾ ਹੀ ਅਨੁਸ਼ਾਸ਼ਨ ਹੈ, ਜਿਸਦੀ ਕੋਈ ਇੱਕ ਪਰਿਭਾਸ਼ਾ ਨਿਸ਼ਚਿਤ ਨਹੀਂ ਕੀਤੀ ਜਾ ਸਕੀ ਹੈ।

ਲੋਕਧਾਰਾ ਅੰਗਰੇਜ਼ੀ ਦੇ ਸ਼ਬਦ ‘ਫੋਕਲੋਰ` ਦਾ ਸਮਾਨਾਰਥਕ ਹੈ। ‘ਫੋਕਲੋਰ` ਸ਼ਬਦ ਦੀ ਪਹਿਲੀ ਵਾਰ ਵਰਤੋਂ 1846 ਈ. ਵਿੱਚ ਇੱਕ ਅੰਗਰੇਜ਼ੀ ਵਿਦਵਾਨ ਵਿਲੀਅਮ ਜਾਨ ਥਾਮਸ ਨੇ ਕੀਤੀ। ਇੱਕ ਗਿਆਨ ਦੇ ਨਵੇਂ ਖੇਤਰ ਦੇ ਰੂਪ ਵਿੱਚ ਲੋਕਧਾਰਾ ਦਾ ਉਦਗਮ ਜਰਮਨ ਭਰਾਵਾਂ ਜੈਕੁਬ ਅਤੇ ਵਿਲੀਅਮ ਗਰਿਮ ਦੁਆਰਾ ਮੌਖਿਕ ਬਿਰਤਾਂਤਾਂ ਦੇ ਇਕੱਤਰੀਕਰਨ, ਸੰਕਲਨ ਅਤੇ ਮਿਥਿਹਾਸ ਦੇ ਅਧਿਐਨ ਤੇ ਆਧਾਰਿਤ ਪ੍ਰਭਾਵਸ਼ਾਲੀ ਪੁਸਤਕਾਂ ਦੀ ਪ੍ਰਕਾਸ਼ਨਾਂ ਨਾਲ ਹੋਇਆ। ਉਨੀਵੀਂ ਸਦੀ ਵਿੱਚ ਪੱਛਮ ਵਿੱਚ ਲੋਕਧਾਰਾ ਅਧਿਐਨ ਲਈ ਵਿਭਿੰਨ ਅਧਿਐਨ ਪ੍ਰਣਾਲੀਆਂ ਦਾ ਵਿਕਾਸ ਹੋਣਾ ਆਰੰਭ ਹੋ ਗਿਆ।[5]

ਪੰਜਾਬੀ ਵਿੱਚ ਫੋਕਲੋਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਬਾਵਾ ਬੁੱਧ ਸਿੰਘ ਨੇ ਕੀਤੀ। ਵਣਜਾਰਾ ਬੇਦੀ ਦੇ ਵਿਚਾਰ ਅਨੁਸਾਰ ‘ਰਾਜਾ ਰਸਾਲੂ` ਵਿੱਚ ਬਾਵਾ ਬੁੱਧ ਸਿੰਘ ਨੇ ‘ਫੋਕਲੋਰ` ਸ਼ਬਦ ਦੀ ਵਰਤੋਂ ਕੀਤੀ, ਇੱਕ ਵਾਰ ਤਾਂ ਫੋਕਲੋਰ ਨੂੰ ਤਤਸਮ ਰੂਪ ਵਿੱਚ ਹੀ ਵਰਤ ਕੇ ਕੰਮ ਸਾਰ ਲਿਆ ਹੈ। ਪਰ ਦੂਜੀ ਤੇ ਤੀਜੀ ਵਾਰ ਫੋਕਲੋਰ ਦਾ ਪੰਜਾਬੀ ਅਨੁਵਾਦ “ਕਹਾਣੀ" ਕੀਤਾ।[6]

ਇਨਸਾਈਕਲੋਪੀਡੀਆ ਬ੍ਰਿਟੇਨਿਕਾ ਦੇ ਅਨੁਸਾਰ, ਫੋਕਲੋਰ ਆਮ ਲੋਕਾਂ ਦੇ ਉਹ ਪਰੰਪਰਾਗਤ ਵਿਸ਼ਵਾਸਾਂ, ਵਹਿਮਾਂ-ਭਰਮਾਂ, ਸ਼ਿਸ਼ਟਾਚਾਰਾਂ, ਰਸਮਾਂ-ਰੀਤਾਂ ਤੇੇ ਕਰਮ-ਕਾਂਡਾਂ ਦਾ ਸੋਮਾ ਹੈ ਜਿਹੜੇ ਆਦਿ ਕਾਲ ਤੋਂ ਚਲੇ ਆ ਰਹੇ ਹਨ ਅਤੇ ਸਮਕਾਲੀ ਗਿਆਨ ਤੇ ਧਰਮ ਦੇ ਸਥਾਪਿਤ ਪੈਟਰਨਾਂ ਤੋਂ ਬਾਹਰ ਵੀ ਖੰਡਿਤ, ਸੁਧਰੇ ਪਰ ਨਿਸਬਤਨ ਬਦਲਦੇ ਰੂਪ ਵਿੱਚ ਆਧੁਨਿਕ ਯੁਗ ਤੀਕ ਵੀ ਹੋਂਦ ਕਾਇਮ ਕਰਦੇ ਹਨ। ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ, “ਸਮੇਂ ਸਥਾਨ ਤੇ ਸਨਮੁਖ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਲੋਕ ਸਮੂਹ ਦੀ ਸਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਹੀ ਲੋਕਧਾਰਾ ਹੈ। ਇਸ ਪ੍ਰਗਟਾਅ ਲਈ ਵਰਤੀ ਗਈ ਸਮੱਗਰੀ ਅਤੇ ਮਾਧਿਅਮ ਦੀ ਕਿਸਮ ਲੋਕਧਾਰਾ ਦੇ ਵਿਭਿੰਨ ਰੂਪਾਂ ਨੂੰ ਨਿਰਧਾਰਿਤ ਕਰਦੀ ਹੈ। ਜਿਵੇਂ ਉੱਚਾਰ ਤੇ ਸੰਗੀਤ ਦੇ ਮਾਧਿਅਮ ਦੇ ਸੁਮੇਲ ਤੋਂ ਲੋਕਗੀਤ ਬਣਦਾ; ਉੱਚਾਰ ਤੇ ਬਿਰਤਾਂਤ ਤੋਂ ਕਥਾ, ਕਥ ਤੇ ਕਾਰਜ ਤੋਂ ਰੀਤ ਸਭਿਆਚਾਰਕ ਸਥਾਪਨਾਵਾਂ ਤੋਂ ਲੋਕ-ਵਿਸ਼ਵਾਸ ਅਤੇ ਭਾਸ਼ਾ ਦੀ ਵਰਤੋਂ ਨਾਲ ਲੋਕ-ਸਾਹਿਤ, ਧਾਗੇ ਦੀ ਵਰਤੋਂ ਨਾਲ ਕਸੀਦਾਕਾਰੀ ਆਦਿ ਬਣਦਾ ਹੈ।"[7]

ਲੋਕਧਾਰਾ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦੀ ਤਰ੍ਹਾਂ ਹੀ ਇਸ ਦੇ ਲੱਛਣਾਂ ਨੂੰ ਨਿਸ਼ਚਿਤ ਕਰਨਾ ਆਸਾਨ ਨਹੀਂ ਹੈ। ਵਿਦਵਾਨਾਂ ਦੁਆਰਾ ਪ੍ਰਵਾਨ ਕੀਤੇ ਜਾਂਦੇ ਕੁਝ ਮੁੱਖ ਲੱਛਣ ਇਸ ਤਰ੍ਹਾਂ ਹਨ: ਪਰੰਪਰਾ: ਪਰੰਪਰਾ ਭਾਵੇਂ ਲੋਕਧਾਰਾ ਨਹੀਂ ਹੁੰਦੀ ਪਰ ਇਸ ਦੇ ਮੇਲ ਤੋਂ ਬਿਨਾਂ ਲੋਕਧਾਰਾ ਜੀਵੰਤ ਨਹੀਂ ਰਹਿ ਸਕਦੀ। ਪਰੰਪਰਾ ਦੇ ਵਿੱਚ ਉਹ ਤੱਤ ਸ਼ਾਮਿਲ ਹੁੰਦੇ ਹਨ ਜਿਹੜੇ ਇੱਕ ਸਮੂਹ ਲੰਮੇ ਸਮੇਂ ਤੋਂ ਆਪਣੇ ਜੀਵਨ ਦੇ ਵਿੱਚ ਰੀਤਾਂ ਦੇ ਤੌਰ ਤੇ ਗ੍ਰਹਿਣ ਕਰਦਾ ਹੈ। ਲੋਕਧਾਰਾ ਨੂੰ ਪਰੰਪਰਾ ਦੀ ਸਾਇੰਸ ਸਵੀਕਾਰ ਕੀਤਾ ਜਾਂਦਾ ਹੈ। ਲੋਕਧਾਰਾ ਵਿੱਚ ਲੋਕ ਜੀਵਨ ਦੀਆਂ ਪਰੰਪਰਾਵਾਂ ਨੂੰ ਹੀ ਦੇਖਿਆ ਜਾ ਸਕਦਾ ਹੈ।

ਪ੍ਰਵਾਨਗੀ[ਸੋਧੋ]

ਲੋਕਧਾਰਾ ਆਪਣੇ ਸੰਗਠਿਤ ਰੂਪ ਵਿੱਚ ਉਦੋਂ ਹੀ ਪ੍ਰਵਾਨ ਹੋ ਸਕਦੀ ਹੈ ਜਦੋਂ ਉਸਨੂੰ ਲੋਕ-ਸਮੂਹ ਦੀ ਪ੍ਰਵਾਨਗੀ ਹਾਸਿਲ ਹੋਵੇ। ਸਮੇਂ ਦੇ ਨਾਲ ਲੋਕਧਾਰਾ ਦੇ ਵਿੱਚ ਬਹੁਤ ਕੁਝ ਸ਼ਾਮਿਲ ਅਤੇ ਨਿਖੜਦਾ ਰਹਿੰਦਾ ਹੈ। ਇਹ ਸਭ ਕੁਝ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਲੋਕ ਸਮੂਹ ਦੀ ਪ੍ਰਵਾਨਗੀ ਹਾਸਿਲ ਹੋਵੇ।

ਮਨੋਸਥਿਤੀ[ਸੋਧੋ]

ਲੋਕਧਾਰਾ ਦਾ ਧਰਾਤਲ ਲੋਕ ਸਮੂਹ ਦੀ ਮਨੋਸਥਿਤੀ ਹੈ। ਮਨੋ-ਸਥਿਤੀ, ਲੋਕਾਂ ਦੀ ਜੀਵਨ-ਜੁਗਤ ਤੇ ਜੀਵਨ-ਸਥਿਤੀ ਤੇ ਨਿਰਭਰ ਕਰਦੀ ਹੈ। ਜੀਵਨ ਸਥਿਤੀ ਅੱਗੋਂ ਪੈਦਾਵਾਰ ਦੇ ਸਾਧਨਾਂ, ਰਿਸ਼ਤਿਆਂ, ਸੰਦਾਂ ਤੇ ਸਮੱਗਰੀ ਵਿੱਚ ਪਰਿਵਰਤਨ ਆਉਣ ਸਦਕਾ, ਜੀਵਨ-ਸਥਿਤੀ ਵਿੱਚ ਪਰਿਵਰਤਨ ਆਉਂਦਾ ਹੈ। ਇਸ ਪਰਿਵਰਤਨ ਨੂੰ ਲੋਕਧਾਰਾ ਦੇ ਸਾਰੇ ਰੂਪ ਸਵੀਕਾਰ ਕਰਦੇ ਹਨ।

ਪਰਿਵਰਤਨ[ਸੋਧੋ]

ਬਦਲਾਵ ਤਾਂ ਸਮਾਜ ਦਾ ਨਿਯਮ ਹੈ। ਇਸ ਤਰ੍ਹਾਂ ਹੀ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਪਰਿਵਰਤਨ ਆਉਣ ਦੇ ਨਾਲ ਲੋਕਧਾਰਾ ਵਿੱਚ ਪਰਿਵਰਤਨ ਸਹਿਜੇ ਹੀ ਵਾਪਰ ਜਾਂਦਾ ਹੈ। ਲੋਕਧਾਰਾ ਦੇ ਵਿੱਚ ਨਵੇਂ ਤੱਤ ਸ਼ਾਮਿਲ ਹੋ ਜਾਂਦੇ ਹਨ ਅਤੇ ਪੁਰਾਣੇ ਜਿਹਨਾਂ ਦੀ ਸਾਰਥਕਤਾ ਨਹੀਂ ਹੁੰਦੀ, ਤਿਆਗ ਦਿੱਤੇ ਜਾਂਦੇ ਹਨ।

ਪ੍ਰਤਿਭਾ[ਸੋਧੋ]

ਲੋਕਧਾਰਾ ਦੇ ਵਿਚੋਂ ਸਮੂਹ ਦੀ ਸੋਚ ਦਾ ਪ੍ਰਗਟਾਵਾ ਮਿਲਦਾ ਹੈ। ਲੋਕਧਾਰਾ ਸਮੂਹਿਕ ਸਿਰਜਣਾ ਹੁੰਦੀ ਹੈ। ਪਰ ਕੋਈ ਇੱਕ ਵਿਅਕਤੀ ਜਿਹੜਾ ਪਰੰਪਰਾ ਦੇ ਨਾਲ ਡੂੰਘੇ ਰੂਪ ਵਿੱਚ ਜੁੜਿਆ ਹੁੰਦਾ ਹੈ। ਅਜਿਹਾ ਵਿਅਕਤੀ ਆਪਣੇ ਨਿੱਜ ਤੱਕ ਸੀਮਤ ਨਾ ਹੋ ਕੇ ਸਮੂਹ ਦੀ ਪ੍ਰਤਿਨਿਧਤਾ ਹੀ ਕਰ ਰਿਹਾ ਹੁੰਦਾ ਹੈ। ਇਸ ਕੰਮ ਦੇ ਲਈ ਬਹੁਤ ਲੰਮੀ ਘਾਲਣਾ ਦੀ ਜ਼ਰੂਰਤ ਹੁੰਦੀ ਹੈ।

ਪ੍ਰਬੰਧਕਤਾ[ਸੋਧੋ]

ਲੋਕਧਾਰਾ ਦੀ ਇੱਕ ਖੂਬੀ ਇਹ ਵੀ ਹੈ ਕਿ ਇਹ ਪ੍ਰਸੰਗ ਦੇ ਅਧੀਨ ਹੀ ਵਿਚਰਦੀ ਹੈ। ਇਹ ਪ੍ਰਬੰਧ ਹੀ ਲੋਕਧਾਰਾ ਨੂੰ ਇੱਕ ਕਾਰਗਰ ਸੰਚਾਰ ਦਾ ਮਾਧਿਅਮ ਬਣਾਉਂਦਾ ਹੈ। ਲੋਕਧਾਰਾ ਦੇ ਸਾਰੇ ਤੱਤ ਵਿਉਂਤਬੱਧ ਤਰੀਕੇ ਦੇ ਨਾਲ ਪ੍ਰਗਟ ਹੁੰਦੇ ਹਨ। ਕੋਈ ਵੀ ਤੱਤ ਵਾਧੂ ਜਾਂ ਅਪ੍ਰਸੰਗਿਕ ਨਹੀਂ ਹੁੰਦਾ।

ਰਚਨਾਵਾਂ[ਸੋਧੋ]

  • ਪੰਜਾਬੀ ਲੋਕਧਾਰਾ ਵਿਸ਼ਵਕੋਸ਼ (ਅੱਠ ਭਾਗ)[8]
  • ਪੰਜਾਬ ਦੀਆਂ ਜਨੌਰ ਕਹਾਣੀਆਂ
  • ਅੱਧੀ ਮਿੱਟੀ ਅੱਧਾ ਸੋਨਾ - (ਸਵੈ ਜੀਵਨੀ)
  • ਬਾਤਾਂ ਮੁੱਢ ਕਦੀਮ ਦੀਆਂ [9]
  • ਮੱਧਕਾਲੀਨ ਪੰਜਾਬੀ ਕਥਾ: ਰੂਪ ਅਤੇ ਪਰੰਪਰਾ
  • ਪੰਜਾਬੀ ਸਾਹਿਤ - ਇਤਿਹਾਸ ਦੀਆਂ ਲੋਕ - ਰੂੜੀਆਂ
  • ਲੋਕਬੀਰ ਰਾਜਾ ਰਸਾਲੂ (1981)[10]
  • ਪੰਜਾਬ ਦੀ ਲੋਕਧਾਰਾ
  • ਗਲੀਏ ਚਿੱਕੜ ਦੂਰ ਘਰ (ਸਵੈ-ਜੀਵਨੀ, ਸਾਹਿਤ ਕਲਾ ਪ੍ਰੀਸ਼ਦ ਅਵਾਰਡ ਲਈ ਚੁਣੀ ਗਈ)
  • ਲੋਕ ਧਰਮ (2007)[11]
  • ਸੁਨਹਿਰੀ ਕਲਗੀ ਵਾਲਾ ਮੁਰਗਾ [12]
  • ਅੰਧਾ ਭਾਈ ਜਾਗਦਾ
  • ਰੂਸੀ ਲੋਕਧਾਰਾ: ਇੱਕ ਪਛਾਣ (1986)[13]
  • ਪੰਜਾਬ ਦੀਆਂ ਲੋਕ ਕਹਾਣੀਆਂ (1954)
  • ਲੋਕ ਆਖਦੇ ਹਨ (1959)
  • ਇੱਕ ਘੁੱਟ ਰਸ ਦਾ (1966)
  • ਸੁਹਜ ਪ੍ਰਬੋਧ (1961)
  • ਪੰਜਾਬ ਦਾ ਲੋਕ ਸਾਹਿਤ (1968)
  • ਗੁਰੂ ਨਾਨਕ ਦੇ ਲੋਕ ਪ੍ਰਵਾਹ (1971)
  • ਪੰਜਾਬ ਦੀ ਲੋਕ ਧਾਰਾ (1973)
  • ਮੱਧਕਾਲੀ ਪੰਜਾਬੀ ਕਥਾ: ਰੂਪ ਅਤੇ ਪਰੰਪਰਾ (1977)
  • ਲੋਕਧਾਰਾ ਤੇ ਸਾਹਿਤ (1977)[14]

ਹਵਾਲੇ[ਸੋਧੋ]

  1. http://id.loc.gov/authorities/names/n83001680.html
  2. http://www.dawn.com/news/1062191
  3. Punjabi writer Bedi dead The Tribune, August 27
  4. ਸੋਹਿੰਦਰ ਸਿੰਘ ਵਣਜਾਰਾ ਬੇਦੀ
  5. ਬਲਬੀਰ ਸਿੰਘ ਪੂਨੀ, ਲੋਕਧਾਰਾ, ਵਾਰਿਸ ਸ਼ਾਹ, ਫਾਉਂਡੇਸ਼ਨ, ਅੰਮ੍ਰਿਤਸਰ, 1993, ਪੰਨਾ 9.
  6. ਡਾ. ਸੋਹਿੰਦਰ ਸਿੰਘ ਬੇਦੀ,ਲੋਕਧਾਰਾ ਤੇ ਸਾਹਿਤ,ਲਾਹੌਰ ਬੁੱਕ ਸ਼ਾਪ, ਲੁਧਿਆਣਾ, 1986, ਪੰਨਾ 28-29.
  7. ਡਾ. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਤੇ ਸਭਿਆਚਾਰ, ਪੰਨਾ 5.
  8. http://books.google.co.in/books/about/Punjabi_lokdhara_vishav_kosh.html?id=PBCKGwAACAAJ&redir_esc=y
  9. http://openlibrary.org/authors/OL5833412A/Vanjara_Bedi
  10. Vanjara Bedi (Open Library)
  11. ਲੋਕਗੀਤ ਪ੍ਰਕਾਸ਼ਨ, (2007)
  12. Sunahri kalgi wala murga - Vanjara Bedi - Google Books
  13. Roosi Lokdhara: Ik Pachhan - SOHINDAR S. BEDI. VANJARA
  14. ਡਾ. ਸੋਹਿੰਦਰ ਸਿੰਘ ਬੇਦੀ,ਲੋਕਧਾਰਾ ਤੇ ਸਾਹਿਤ,ਲਾਹੌਰ ਬੁੱਕ ਸ਼ਾਪ, ਲੁਧਿਆਣਾ, 1986, ਪੰਨਾ 28-29. ਡਾ. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਤੇ ਸਭਿਆਚਾਰ, ਪੰਨਾ 5. ਸੁਹਿੰਦਰ ਸਿੰਘ ਬੇਦੀ ਲੋਕਧਾਰਾ ਦਾ ਮਹੱਤਵ, ਲੋਕਯਾਨ ਅਧਿਐਨ (ਸੰਪਾਦਕ) ਕਰਨੈਲ ਸਿੰਘ ਥਿੰਦ, ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਵਿਭਾਗ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਨਾ ਨੰ. 23