ਕਲੀਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਆਹ ਮਨੁੱਖੀ ਸਮਾਜ ਦੀ ਇਕ ਖ਼ਾਸ ਇਕਾਈ ਹੈ। ਇਹ ਇਕਾਈ ਸਮਾਜਿਕ ਵਿਕਾਸ ਵਿਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਜਿਸ ਕਾਰਨ ਮਨੁੱਖੀ ਜ਼ਿੰਦਗੀ ਵਿੱਚ ਵਿਆਹ ਨੂੰ ਮਹੱਤਵਪੂਰਨ ਮੰਨਿਆ ਗਿਆ ਹੈ। ਇਹੀ ਕਾਰਨ ਹੈ ਕਿ ਵਿਆਹ ਨਾਲ ਸਬੰਧਿਤ ਸਾਰੇ ਵਰਗਾਂ, ਕਬੀਲਿਆਂ, ਨਸਲਾਂ ਵਿੱਚ ਵੱਖਰੇ-ਵੱਖਰੇ ਰਸਮ-ਰਿਵਾਜ਼ ਵੇਖੇ ਜਾ ਸਕਦੇ ਹਨ। ਇਹ ਰਸਮ-ਰਿਵਾਜ਼ ਜਿੱਥੇ ਖੁਸ਼ੀ ਵਿਚ ਵਾਧਾ ਕਰਦੇ ਹਨ ਉੱਥੇ ਇਨ੍ਹਾਂ ਦਾ ਸਮਾਜਿਕ ਸੱਭਿਆਚਾਰਕ ਮਹੱਤਵ ਵੀ ਹੈ। ਪੰਜਾਬ ਵਿੱਚ ਵਿਆਂਦੜ ਕੁੜੀ ਨੂੰ ਬੁਰੀ ਨਜ਼ਰ ਤੋਂ ਬਚਾਣ ਲਈ ਕਲੀਰੇ ਬੰਨ੍ਹੇ ਜਾਂਦੇ ਹਨ।

ਕਲੀਰੇ ਕੀ ਹਨ ਅਤੇ ਅੱਜ-ਕੱਲ੍ਹ ਦੇ ਕਲੀਰੇ ਦੀ ਬਣਤਰ[ਸੋਧੋ]

   ਕਲੀਰਾ ਇਕ ਅਜਿਹਾ ਗਹਿਣਾ ਹੈ ਜੋ ਵਿਆਹ ਦੇ ਸਮੇਂ ਕੁੜੀ ਆਪਣੇ ਦੁਆਂ ਬਾਹਵਾਂ ਦੇ ਗੁੱਟਾਂ ਉੱਤੇ ਬੰਨ੍ਹਦੀ ਹੈ। ਇਹ ਕਲੀਰਾ ਮੌਲੀ ਦੀ ਤੰਦ ਵਿਚ ਠੂਠੀ ਅਤੇ ਕੌਡੀਆਂ ਪਰੋ ਕੇ ਬਣਾਇਆ ਜਾਂਦਾ ਸੀ। ਆਧੁਨਿਕ ਸਮੇਂ ਵਿਚ ਸੋਨੇ, ਚਾਂਦੀ ਅਤੇ ਹੋਰ ਧਾਤਾਂ ਦੇ ਕਲੀਰੇ ਹੀ ਆਮ ਕਰਕੇ ਠੂਠੀ ਵਾਲੇ ਕਲੀਰਿਆਂ ਦੀ ਥਾਂ ਵਰਤੇ ਜਾਂਦੇ ਹਨ। ਇਹ ਕਲੀਰੇ ਇਨ੍ਹਾਂ ਧਾਤਾਂ ਦੀਆਂ ਨਿੱਕੀਆਂ-ਨਿੱਕੀਆਂ ਕੌਲੀਆਂ ਨਾਲ ਜ਼ੰਜ਼ੀਰਾਂ ਜਾਂ ਮੋਤੀ ਆਦਿ ਜੋੜ ਕੇ ਬਣਾਏ ਜਾਂਦੇ ਹਨ। ਇਨ੍ਹਾਂ ਹੇਠਾਂ ਘੂੰਗਰੂ ਜਾਂ ਧਾਤ ਦੀਆਂ ਹੀ ਪੱਤੀਆਂ ਲਟਕਾਈਆਂ ਜਾਂਦੀਆਂ ਹਨ। ਅਜਿਹੇ ਕਲੀਰਿਆਂ ਨੂੰ ਵੱਧ-ਤੋਂ-ਵੱਧ ਅਕਰਸ਼ਕ ਬਨਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਮੇਸ਼ਾ ਕਲੀਰੇ ਸੁੱਖ-ਮੰਗਲ ਦੀ ਕਾਮਨਾ ਨਾਲ ਬੰਨ੍ਹੇ ਜਾਂਦੇ ਹਨ।

ਕਲੀਰੇ ਬੰਨ੍ਹਣ ਦੀ ਰਸਮ[ਸੋਧੋ]

   ਕਲੀਰੇ ਬੰਨ੍ਹਣ ਦੀ ਰਸਮ ਪੰਜਾਬੀ ਸੱਭਿਆਚਾਰ ਵਿਚ ਬੜੀ ਪ੍ਰਚਲਿਤ ਰਸਮ ਹੈ। ਚੂੜਾ ਚੜ੍ਹਾਣ ਤੋਂ ਮਗਰੋਂ ਕਲੀਰੇ ਕੰਨਿਆ ਦੀਆਂ ਸਹੇਲੀਆਂ ਵਲੋਂ ਕੁੜੀ ਨੂੰ ਬੰਨ੍ਹੇ ਜਾਂਦੇ ਹਨ। ਕਈ ਥਾਵਾਂ ਉੱਤੇ ਚੂੜਾ ਚੜ੍ਹਾਣ ਸਮੇਂ ਮਾਮਾ ਹੀ ਇਸ ਰਸਮ ਨੂੰ ਵੀ ਅਦਾ ਕਰ ਦਿੰਦਾ ਹੈ।

   ਕਲੀਰੇ ਬੰਨ੍ਹਣ ਦੀ ਸ਼ੁਰੂਆਤ ਕਦੋਂ ਅਤੇ ਕਿੱਥੋਂ ਹੋਈ ਇਸ ਬਾਬਤ ਕੁੱਝ ਸਪਸ਼ਟ ਦੱਸ ਸੱਕਣਾ ਅਉਖਾ ਹੈ ਪਰ ਵਿਆਹ ਸਮੇਂ ਕਲੀਰੇ ਦੇ ਆਪਣੇ ਕੁੱਝ ਚਿੰਨ੍ਹਾਤਮਿਕ ਪ੍ਰਕਾਰਜ ਹਨ। ਇਸ ਵਿਚ ਵਰਤੀਆਂ ਜਾਣ ਵਾਲੀਆਂ ਵਸਤਾਂ ਵਿਆਹੁਤਾ ਕੁੜੀ ਨੂੰ ਸਿੱਖਿਆ ਦੇਣ ਲਈ ਚਿੰਨ੍ਹ ਦਾ ਕਾਰਜ ਕਰਦੀਆਂ ਹਨ।

ਕਲੀਰੇ ਦਾ ਸਮਾਜਿਕ ਸੱਭਿਆਚਾਰਕ ਮਹੱਤਵ ਅਤੇ ਪੁਰਾਣੇ ਕਲੀਰੇ ਦੀ ਬਣਤਰ[ਸੋਧੋ]

ਕਲੀਰੇ ਦਾ ਸਮਾਜਿਕ ਸੱਭਿਆਚਾਰਕ ਮਹੱਤਵ ਕੀ ਹੈ, ਇਹ ਜਾਣਨ ਲਈ ਜਰੂਰੀ ਹੈ ਕਿ ਇਹਦੀ ਬਣਤਰ ਦਾ ਅਧਿਐਨ ਕੀਤਾ ਜਾਵੇ। ਪੁਰਾਣੇ ਸਮੇਂ ਕਲੀਰੇ ਆਮ ਕਰਕੇ ਕੁਆਰੀਆਂ ਕੁੜੀਆਂ ਜਾਂ ਸੁਹਾਗਣਾਂ ਹੀ ਘਰ ਵਿਚ ਤਿਆਰ ਕਰਦੀਆਂ ਸਨ। ਇਸ ਵਿਚ ਮੌਲੀ ਦਾ ਧਾਗਾ, ਰੰਗ-ਬਰੰਗੀਆਂ ਰੇਸ਼ਮੀ ਟਾਕੀਆਂ, ਕੌਡੀਆਂ ਅਤੇ ਖੋਪੇ ਜਾਂ ਠੂਠੀ ਦੀ ਵਰਤੋਂ ਕੀਤੀ ਜਾਂਦੀ ਸੀ। ਮੌਲੀ ਲਾਲ-ਪੀਲੇ ਰੰਗ ਨਾਲ ਰੰਙਿਆ ਇਕ ਪਵਿੱਤਰ ਧਾਗਾ ਮੰਨਿਆ ਜਾਂਦਾ ਹੈ ਅਤੇ ਨੇਕ ਕਾਰਜਾਂ ਸਮੇਂ ਇਹਦੀ ਵਰਤੋਂ ਵੀ ਸ਼ੁਭ ਮੰਨੀ ਗਈ ਹੈ। ਇਹ ਧਾਗਾ ਕੁਆਰੀ ਕੁੜੀ ਦੇ ਕੱਤੇ ਹੋਏ ਕਪਾਹ ਦੇ ਸੂਤਰ ਵਿਚੋਂ ਖਾਸ ਵਿਧੀ ਰਾਹੀਂ ਤਿਆਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਨਾਰੀਅਲ ਦੀ ਵਰਤੋਂ ਵੀ ਆਰੀਆ ਪੂਜਾ ਵਿਧਾਨ ਵਿਚ ਸ਼ੁਭ ਮੰਨੀ ਜਾਂਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਨਾਰੀਅਲ ਬਲੀ ਦਾ ਪ੍ਰਤੀਕ ਹੈ ਜੋ ਈਸਾ (ਇਸ਼ਟ) ਨੂੰ ਖੁਸ਼ ਕਰਨ ਵਾਸਤੇ ਦਿੱਤੀ ਜਾਂਦੀ ਹੈ ਭਾਵ ਇਹ ਆਪਣੇ ਰੱਬ ਨੂੰ ਮਨਾਣ ਜਾਂ ਖੁਸ਼ ਕਰਨ ਦਾ ਵੀ ਇਕ ਸਾਧਨ ਹੈ। ਪੁਰਾਣੇ ਸਮੇਂ ਕਲੀਰਿਆਂ ਵਿਚ ਨਾਰੀਅਲ ਦਾ ਖੋਪਾ ਠੂਠੀ ਦੇ ਰੂਪ ਵਿਚ ਪਰੋਇਆ ਜਾਂਦਾ ਸੀ। ਮੌਲੀ ਅਤੇ ਠੂਠੀ ਦੇ ਨਾਲ-ਨਾਲ ਕਲੀਰਿਆਂ ਵਿਚ ਕੌਡੀਆਂ ਵੀ ਪਰੋਈਆਂ ਜਾਂਦੀਆਂ ਸਨ। ਕੌਡੀ ਕਿਸੇ ਸਮੇਂ ਮੁਦਰਾ ਵਜੋਂ ਵਰਤੀ ਜਾਂਦੀ ਸੀ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਬਦਰੂਹਾਂ ਤੋਂ ਬਚਾਉਂਦੀ ਹੈ।

   ਕਲੀਰਾ ਪਰੋਣ ਦੀ ਇਕ ਖਾਸ ਵਿਧੀ ਹੈ। ਸਭ ਤੋਂ ਪਹਿਲਾਂ ਮੌਲੀ ਲੈ ਕੇ ਉਸ ਵਿਚ ਤਿੰਨ ਤਿੰਨ ਕੌਡੀਆਂ ਦਾ ਫੁੱਲ ਬਣਾਏ ਜਾਂਦੇ ਹਨ। ਸਭ ਤੋਂ ਹੇਠਾਂ ਠੂਠੀ ਪਰੋਈ ਜਾਂਦੀ ਹੈ। ਠੂਠੀਆਂ ਦੇ ਥੱਲੇ ਰੇਸ਼ਮੀ ਟਾਕੀਆਂ ਦਾ ਫੁੱਲ ਬਣਾਇਆ ਜਾਂਦਾ ਹੈ। ਇਹ ਠੂਠੀਆਂ ਵੀ ਇਸ ਤਰ੍ਹਾਂ ਪਰੋਈਆਂ ਜਾਂਦੀਆਂ ਹਨ ਕਿ ਮੁਧੀਆਂ ਹੋਣ।

   ਕਲੀਰਿਆਂ ਦਾ ਟੁੱਟਣਾ ਬਦਸ਼ਗਨੀ ਮੰਨਿਆ ਜਾਂਦਾ ਹੈ। ਲੋਕ ਵਿਸ਼ਵਾਸ ਮੁਤਾਬਿਕ ਕਲੀਰੇ ਜਠੇਰੇ ਪੂਜਣ ਜਾਂ ਇਸ਼ਟ ਨੂੰ ਮੱਥਾ ਟੇਕਣ ਤੋਂ ਮਗਰੋਂ ਵਧਾਏ (ਲਾਹੇ) ਜਾਂਦੇ ਹਨ। ਪੁਰਾਣੇ ਕਲੀਰਿਆਂ ਨੂੰ ਵਧਾਉਣ ਤੋਂ ਮਗਰੋਂ ਉਨ੍ਹਾਂ ਨੂੰ ਸਾਕਾਂ ਵਿਚ ਵੰਡ ਦਿੱਤਾ ਜਾਂਦਾ ਸੀ ਜਾਂ ਫਿਰ ਇਸ਼ਟ ਅੱਗੇ ਭੇਟ ਕਰ ਦਿੱਤੇ ਜਾਂਦੇ ਸਨ ਪਰ ਅੱਜ-ਕੱਲ੍ਹ ਦੇ ਕਲੀਰਿਆਂ ਨੂੰ ਸ਼ੀਸ਼ਿਆਂ ਵਿਚ ਜੜ੍ਹਾ ਲਿਆ ਜਾਂਦਾ ਹੈ।

ਹਵਾਲੇ[1][ਸੋਧੋ]

[1]

  1. 1.0 1.1 ਡਾ. ਰੁਪਿੰਦਰ ਕੌਰ (2011). ਪੰਜਾਬੀ ਲੋਕਧਾਰਾ : ਸਮੱਗਰੀ ਅਤੇ ਪੇਸ਼ਕਾਰੀ. ਅਮ੍ਰਿਤਸਰ: ਰਵੀ ਸਾਹਿਤ ਪ੍ਰਕਾਸ਼ਨ ਅਮ੍ਰਿਤਸਰ 143002. pp. 37 ਤੋਂ 42. ISBN 978-81-7143-536-6. {{cite book}}: Check |isbn= value: checksum (help)