ਕਾਫ਼ਕਾ, ਸਮੁੰਦਰ ਦੇ ਕਿਨਾਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਫ਼ਕਾ, ਸਮੁੰਦਰ ਦੇ ਕਿਨਾਰੇ (海辺のカフカ Umibe no Kafuka?) ਜਾਪਾਨੀ ਲੇਖਕ ਹਾਰੂਕੀ ਮੁਰਾਕਾਮੀ ਦਾ 2002 ਦਾ ਨਾਵਲ ਹੈ। ਇਸਦੇ 2005 ਦੇ ਅੰਗਰੇਜ਼ੀ ਅਨੁਵਾਦ Kafka on the Shore ਨੂੰ ਨਿਊਯਾਰਕ ਟਾਈਮਜ਼ ਦੁਆਰਾ “2005 ਦੀਆਂ 10 ਸਰਬੋਤਮ ਪੁਸਤਕਾਂ” ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਇਸ ਨੂੰ 2006 ਦਾ ਵਰਲਡ ਫੈਂਟਸੀ ਅਵਾਰਡ ਮਿਲਿਆ ਸੀ।

ਪਲਾਟ ਦਾ ਸਾਰ[ਸੋਧੋ]

ਦੋ ਵੱਖ ਵੱਖ ਪਰ ਆਪਸ ਵਿੱਚ ਸੰਬੰਧਤ ਕਥਾਵਾਂ ਵਾਲਾ ਇਹ ਬਿਰਤਾਂਤ ਕਾਂਡ ਦਰ ਕਾਂਡ ਸਮਾਂਤਰ ਅੱਗੇ ਚਲਦਾ ਹੈ। ਟਾਂਕ ਕਾਂਡ ਕਾਫ਼ਕਾ ਨਾਮ ਦੇ ਮੁੰਡੇ ਦੀ ਕਹਾਣੀ ਦੱਸਦੇ ਹਨ ਅਤੇ ਜਿਸਤ ਕਾਂਡ ਨਕਾਤਾ ਦੀ ਕਹਾਣੀ ਦੱਸਦੇ ਹਨ।

15-ਸਾਲਾ ਕਾਫ਼ਕਾ ਆਪਣੀ 15 ਵੀਂ ਸਾਲਗਿਰਹ ਦੇ ਮੌਕੇ `ਤੇ ਇੱਕ ਇਡੀਪਸ ਭਾਂਤ ਦੇ ਸਰਾਪ ਤੋਂ ਬਚਣ ਅਤੇ ਆਪਣੀ ਮਾਂ ਅਤੇ ਭੈਣ ਨੂੰ ਲੱਭਣ ਲਈ ਆਪਣੇ ਪਿਤਾ ਦੇ ਘਰ ਤੋਂ ਫ਼ਰਾਰ ਹੋ ਜਾਂਦਾ ਹੈ।[1] ਪੁਲਿਸ ਤੋਂ ਬਚਣ ਲਈ ਮੁੰਡਾ ਆਪਣਾ ਨਵਾਂ ਨਾਮ ਕਾਫਕਾ ਤਾਮੋਰਾ ਰੱਖ ਲੈਂਦਾ ਹੈ। ਪੂਰੇ ਨਾਵਲ ਵਿੱਚ ਮੁੰਡੇ ਦਾ ਅਸਲੀ ਨਾਮ ਨਹੀਂ ਦੱਸਿਆ ਗਿਆ। ਕਾਫ਼ਕਾ ਦਾ ਬਾਪ ਕੋਇਚੀ ਤਾਮੋਰਾ ਇੱਕ ਮਸ਼ਹੂਰ ਮੂਰਤੀਕਾਰ ਹੈ। ਕਾਫ਼ਕਾ ਦੀ ਉਮਰ ਦੇ ਚੌਥੇ ਸਾਲ ਉਸ ਦੀ ਮਾਂ ਉਸਦੀ ਭੈਣ ਨੂੰ ਲੈ ਕੇ ਗਾਇਬ ਹੋ ਗਈ ਸੀ। ਕਾਫ਼ਕਾ ਦੇ ਕੋਲ ਆਪਣੀ ਮਾਂ ਅਤੇ ਭੈਣ ਦੀ ਕੋਈ ਤਸਵੀਰ ਨਹੀਂ, ਕੋਈ ਐਡਰੈਸ ਨਹੀਂ, ਕੋਈ ਸ਼ਨਾਖਤ ਨਹੀਂ, ਸਿਰਫ ਧੁੰਦਲੀ ਜਿਹੀ ਮਸ਼ਕੂਕ ਯਾਦਾਸ਼ਤ ਦਾ ਸਹਾਰਾ ਹੈ।

ਸਾਹਸੀ ਕਾਰਨਾਮਿਆਂ ਦੇ ਇੱਕ ਸਿਲਸਲੇ ਦੇ ਬਾਅਦ, ਉਸ ਨੂੰ ਤਕਮਾਤਸੂ ਵਿੱਚ ਇੱਕ ਸ਼ਾਂਤ, ਨਿੱਜੀ ਲਾਇਬਰੇਰੀ ਵਿੱਚ ਪਨਾਹ ਮਿਲਦੀ ਹੈ, ਜਿਸ ਨੂੰ ਇਕਾਂਤ-ਪਸੰਦ ਮਿਸ ਸਾਏਕੀ ਅਤੇ ਬੁੱਧੀਮਾਨ ਅਤੇ ਨਿਘੇ ਸੁਭਾ ਦੀ ਓਸ਼ਿਮਾ ਚਲਾ ਰਹੀਆਂ ਹਨ। ਉਥੇ ਉਸਨੇ ਆਲਿਫ਼ ਲੈਲਾ ਦੇ ਰਿਚਰਡ ਫ੍ਰਾਂਸਿਸ ਬਰਟਨ ਵਾਲਾ ਅਨੁਵਾਦ ਅਤੇ ਨੈਟਸੁਮੇ ਸੋਸੇਂਕੀ ਦੀਆਂ ਸਮੁਚੀਆਂ ਰਚਨਾਵਾਂ ਨੂੰ ਪੜ੍ਹਦਿਆਂ ਆਪਣੇ ਦਿਨ ਬਿਤਾਏ। ਫਿਰ ਪੁਲਿਸ ਉਸ ਦੀ ਇੱਕ ਕਤਲ ਦੇ ਮਾਮਲੇ ਵਿੱਚ ਪੁੱਛਗਿੱਛ ਸ਼ੁਰੂ ਕਰ ਦਿੰਦੀ ਹੈ।

ਜਿਸਤ ਕਾਂਡ ਇੱਕ ਸੱਠ ਸਾਲਾ ਬੁੱਢੇ ਨਕਾਤਾ ਦੀ ਕਹਾਣੀ ਦੱਸਦੇ ਹਨ। ਨਾਕਾਤਾ ਦੀ ਸ਼ਰਾਫਤ ਅਤੇ ਸਾਦਗੀ ਬੇਮਿਸਾਲ ਹੈ। ਉਹ ਬਿੱਲੀਆਂ ਨਾਲ ਬੜੇ ਆਰਾਮ ਨਾਲ ਗੱਲਬਾਤ ਕਰ ਸਕਦਾ ਹੈ। ਆਪਣੀ ਅਜੀਬ ਕਾਬਲੀਅਤ ਦੇ ਕਾਰਨ, ਉਸਨੂੰ ਆਪਣੇ ਬੁਢਾਪੇ ਵਿੱਚ ਗੁੰਮੀਆਂ ਬਿੱਲੀਆਂ ਲੱਭਣ ਵਾਲੇ ਵਜੋਂ ਪਾਰਟ-ਟਾਈਮ ਕੰਮ ਮਿਲ ਗਿਆ ਹੈ (ਮੁਰਾਕਾਮੀ ਦੀ ਇੱਕ ਪਹਿਲੀ ਲਿਖਤ ਚਾਬੀ ਵਾਲੇ ਪੰਛੀ ਦੇ ਵਾਰਤਾ ਵਿੱਚ ਵੀ ਇੱਕ ਗੁੰਮ ਗਈ ਬਿੱਲੀ ਦੀ ਭਾਲ ਸ਼ਾਮਲ ਹੈ)। ਅਖੀਰ ਵਿੱਚ ਇੱਕ ਖਾਸ ਬਿੱਲੀ ਲੱਭਣ ਅਤੇ ਉਸਦੇ ਮਾਲਕਾਂ ਨੂੰ ਵਾਪਸ ਕਰਨ ਤੋਂ ਬਾਅਦ, ਨਕਾਤਾ ਨੇ ਪਾਇਆ ਕਿ ਕੇਸ ਦੇ ਹਾਲਾਤ ਨੇ ਉਸ ਨੂੰ ਇੱਕ ਅਜਿਹੇ ਰਸਤੇ ਤੇ ਪਾ ਦਿੱਤਾ ਹੈ, ਜੋ ਉਸ ਦੇ ਅੱਗੇ ਇੱਕ ਵਾਰ ਬੱਸ ਇੱਕ ਕਦਮ ਉਜਾਗਰ ਕਰਦਾ ਹੈ, ਅਤੇ ਇਸ ਅਨਪੜ੍ਹ ਆਦਮੀ ਨੂੰ ਉਸਦੇ ਜਾਣੇ ਪਛਾਣੇ ਅਤੇ ਦਿਲ ਨੂੰ ਢਾਰਸ ਦੇਣ ਵਾਲੇ ਘਰੇਲੂ ਮਾਹੌਲ ਤੋਂ ਬਹੁਤ ਦੂਰ ਲੈ ਜਾਂਦਾ ਹੈ। ਉਹ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸੜਕ ਤੇ ਚੱਲਣ ਦੇ ਵਿਸ਼ਵਾਸ ਦੀ ਇੱਕ ਵੱਡੀ ਛਾਲ ਲਗਾਉਂਦਾ ਹੈ, ਉਹ ਨਕਸ਼ਾ ਪੜ੍ਹਨ ਵਿੱਚ ਵੀ ਅਸਮਰੱਥ ਹੈ ਅਤੇ ਇਹ ਜਾਣੇ ਬਗੈਰ ਕਿ ਉਹ ਆਖਰ ਉਹ ਕਿੱਥੇ ਪਹੁੰਚੇਗਾ। ਉਹ ਹੋਸ਼ੀਨੋ ਨਾਮ ਦੇ ਇੱਕ ਟਰੱਕ ਡਰਾਈਵਰ ਨਾਲ ਦੋਸਤੀ ਕਰਦਾ ਹੈ, ਜੋ ਉਸਨੂੰ ਆਪਣੇ ਟਰੱਕ ਵਿੱਚ ਇੱਕ ਯਾਤਰੀ ਵਜੋਂ ਚੜ੍ਹਾ ਲੈਂਦਾ ਹੈ ਅਤੇ ਜਲਦੀ ਹੀ ਬੁੱਢੇ ਨਾਲ ਬਹੁਤ ਜ਼ਿਆਦਾ ਜੁੜ ਜਾਂਦਾ ਹੈ।

ਹਵਾਲੇ[ਸੋਧੋ]

  1. Miller, Laura (February 6, 2005). "'Kafka on the Shore': Reality's Cul-de-Sacs". New York Times. Retrieved 2008-12-17.