ਸਮੱਗਰੀ 'ਤੇ ਜਾਓ

ਕਾਰਲੁਕ ਲੋਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਰਲੁਕ ਲੋਕ
ਭਾਸ਼ਾਵਾਂ
ਕਾਰਲੁਕ
ਧਰਮ
ਇਸਲਾਮ
ਸਬੰਧਿਤ ਨਸਲੀ ਗਰੁੱਪ
ਉਈਗ਼ੁਰ ਲੋਕ ਅਤੇ ਉਜ਼ਬੇਕ
ਕਾਰਲੁਕ ਜਾਂ ਕਾਰਲੂਕ ਪੁਰਾਣੀ ਤੁਰਕੀ: , Qarluq,[1] ਫ਼ਾਰਸੀ: خَلُّخ (ਖ਼ਾਲੋਖ਼), ਅਰਬੀ قارلوق "ਕਾਰਲੁਕ") ਇੱਕ ਖ਼ਾਨਾਬਦੋਸ਼ ਤੁਰਕੀ ਕਬੀਲਾ ਸੀ ਜਿਹੜਾ ਮੱਧ ਏਸ਼ੀਆ ਵਿੱਚ ਅਲਤਾਈ ਪਹਾੜਾਂ ਵਿੱਚ ਪੱਛਮ ਵਿੱਚ ਕਾਰਾ-ਇਰਤਿਸ਼ ਅਤੇ ਤਰਬਤਈ ਪਰਬਤਾਂ ਦੇ ਖੇਤਰ ਵਿੱਚ ਵਸਿਆ ਕਰਦਾ ਸੀ। ਇਹਨਾਂ ਨੂੰ ਚੀਨੀ ਲੋਕ ਗੇਲੋਲੂ (葛邏祿, Gelolu) ਵੀ ਬੁਲਾਉਂਦੇ ਸਨ। ਕਾਰਲੁਕ ਨਸਲੀ ਜਾਤੀ ਦੇ ਤੌਰ 'ਤੇ ਉਈਗੁਰ ਲੋਕਾਂ ਨਾਲ ਸਬੰਧਿਤ ਸਨ। ਤੁਰਕੀ ਭਾਸ਼ਾਵਾਂ ਵਿੱਚ ਕਾਰਲੁਕ ਇੱਕ ਸ਼ਾਖਾ ਹੈ, ਜਿਸਦਾ ਨਾਮ ਇਹਨਾਂ ਕਾਰਲੁਕਾਂ ਉੱਪਰ ਹੀ ਪਿਆ ਸੀ ਅਤੇ ਜਿਸ ਵਿੱਚ ਉਈਗੁਰ ਭਾਸ਼ਾ, ਉਜ਼ਬੇਕ ਭਾਸ਼ਾ ਅਤੇ ਇਲੀ ਤੁਰਕੀ ਭਾਸ਼ਾ ਸ਼ਾਮਿਲ ਹੈ।

ਨਾਮ

[ਸੋਧੋ]

ਕਾਰਲੁਕ ਕਬੀਲੇ ਦਾ ਨਾਮ ਕਿਵੇਂ ਪਿਆ, ਇਸ ਉੱਤੇ ਵਿਦਵਾਨਾਂ ਵਿੱਚ ਬਹਿਸ ਹੈ ਅਤੇ ਬਹੁਤ ਸਾਰੀਆਂ ਧਾਰਨਾਵਾਂ ਹਨ। ਇਹਨਾਂ ਵਿੱਚੋਂ ਕੁਝ ਇਸ ਤਰ੍ਹਾਂ ਹਨ -

  • 'ਕਾਰ' ਦਾ ਮਤਲਬ ਤੁਰਕੀ ਭਾਸ਼ਾਵਾਂ ਵਿੱਚ 'ਬਰਫ਼' ਅਤੇ 'ਲੁਕ' ਦਾ ਮਤਲਬ 'ਵਾਸੀ' ਹੁੰਦਾ ਹੈ। ਇੱਕ ਲੋਕ ਕਹਾਣੀ ਦੇ ਅਨੁਸਾਰ ਤੁਰਕੀ ਮਿੱਥ ਕਥਾਵਾਂ ਵਿੱਚ ਤੁਰਕੀ ਲੋਕਾਂ ਦੇ ਇੱਕ ਪ੍ਰਾਚੀਨ ਨੇਤਾ, ਓਗੁਜ਼ ਖ਼ਾਨ, ਆਪਣੇ ਕਬੀਲੇ ਦੇ ਨਾਲ ਇੱਕ ਉੱਚਾ ਪਹਾੜ ਪਾਰ ਕਰ ਰਿਹਾ ਸੀ ਜਦੋਂ ਜ਼ਿਆਦਾ ਬਰਫ਼ ਡਿੱਗਣ ਤੇ ਕੁਝ ਪਰਿਵਾਰ ਨਹੀਂ ਕਰ ਸਕੇ। ਉਹਨਾਂ ਤੋਂ ਗੁੱਸੇ ਹੋ ਕੇ ਓਗੁਜ਼ ਖ਼ਾਨ ਨੇ ਉਹਨਾਂ ਨੂੰ ਬਰਫ਼ ਵਿੱਚ ਰਹਿਣ ਵਾਲੇ ਕਿਹਾ ਅਤੇ ਇਹੀ ਉਸ ਸ਼ਾਖਾ ਦਾ ਨਾਮ ਪੈ ਗਿਆ।[2]
  • ਇੱਕ ਵਿਦਵਾਨ ਦੇ ਅਨੁਸਾਰ ਇਹ ਨਾਮ 'ਕੇਰਲਿਕ' (kerlyk) ਦਾ ਵਿਗੜਿਆ ਹੋਇਆ ਰੂਪ ਹੈ ਜਿਸਦਾ ਮਤਲਬ 'ਜੰਗਲੀ ਬਾਜਰਾ ਜਾਂ ਜਵਾਰ' ਹੁੰਦਾ ਹੈ।[3]
  • 'ਕਾਰਾ' ਸ਼ਬਦ ਦਾ ਮਤਲਬ ਤੁਰਕੀ ਭਾਸ਼ਾਵਾਂ ਵਿੱਚ 'ਕਾਲਾ' ਹੁੰਦਾ ਹੈ ਅਤੇ ਇਹ ਵੀ ਮੁਮਕਿਨ ਹੈ ਕਿ ਕਾਰਲੁਕਾਂ ਦਾ ਨਾਮ ਉਹਨਾਂ ਦੇ ਵਾਲਾਂ, ਕੱਪੜਿਆਂ ਜਾਂ ਉਹਨਾਂ ਦੇ ਰੰਗ-ਰੂਪ ਤੋਂ ਆਇਆ ਹੋਵੇ।[4]
600 ਈਸਵੀ ਵਿੱਚ ਏਸ਼ੀਆ, ਜਿਸ ਵਿੱਚ ਕਾਰਲੁਕ ਕਬੀਲਿਆਂ ਦੀ ਸਥਿਤੀ ਦਰਸਾਈ ਗਈ ਹੈ।

ਇਤਿਹਾਸ

[ਸੋਧੋ]

ਕਾਰਲੁਕ ਗੋਏਤੁਰਕ ਖ਼ਨਾਨ ਦੇ ਅਧੀਨ ਹੋਇਆ ਕਰਦੇ ਸਨ। ਸੰਨ 742 ਈ. ਵਿੱਚ ਉਹ ਉਈਗੁਰ ਅਤੇ ਬਸਮਿਲ ਕਬੀਲਿਆਂ ਦੇ ਨਾਲ ਮਿਲ ਕੇ ਗੋਏਤੁਰਕ ਖ਼ਨਾਨ ਦੇ ਵਿਰੁੱਧ ਬਗ਼ਾਵਤ ਵਿੱਚ ਉੱਠੇ। 744 ਈ. ਵਿੱਚ ਬਸਮਿਲਾਂ ਨੇ ਗੋਏਤੁਰਕ ਰਾਜਧਾਨੀ ਓਤੇਗੁਨ (Ötügen) ਅਤੇ ਰਾਜਾ ਓਜ਼ਮਿਸ਼ ਖ਼ਾਨ (Özmish Khan) ਉੱਪਰ ਕਬਜ਼ਾ ਕਰ ਲਿਆ। ਪਰ ਉਸੇ ਸਾਲ ਉਈਗੁਰਾਂ ਅਤੇ ਕਾਰਲੁਕਾਂ ਨੇ ਆਪਸੀ ਗੰਢ-ਤੁੱਪ ਕਰ ਲਈ ਅਤੇ ਮਿਲ ਕੇ ਬਸਮਿਲਾਂ ਉੱਪਰ ਹਮਲਾ ਕਰ ਦਿੱਤਾ। ਬਸਮਿਲਾਂ ਦੇ ਰਾਜੇ ਦਾ ਸਿਰ ਕਲਮ ਕਰ ਦਿੱਤਾ ਗਿਆ ਅਤੇ ਪੂਰੇ ਕਬੀਲੇ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਜਾਂ ਤਾਂ ਹੋਰ ਕਬੀਲਿਆਂ ਵਿੱਚ ਵੰਡ ਦਿੱਤਾ ਗਿਆ ਜਾਂ ਚੀਨੀਆਂ ਨੂੰ ਵੇਚ ਦਿੱਤਾ ਗਿਆ। ਉਈਗੁਰ ਸਰਦਾਰ ਹੁਣ ਇਸ ਨਵੀਂ ਖ਼ਨਾਨ ਦਾ ਖ਼ਾਗਾਨ ਬਣਿਆ ਅਤੇ ਕਾਰਲੁਕ ਉਸਦੇ ਅਧੀਨ ਰਾਜਪਾਲ ਬਣਿਆ। ਇੱਕ ਸਾਲ ਦੇ ਵਿੱਚ-ਵਿੱਚ ਉਈਗੁਰਾਂ ਅਤੇ ਕਾਰਲੁਕਾਂ ਦੇ ਵਿੱਚ ਝੜਪਾਂ ਸ਼ੁਰੂ ਹੋ ਗਈਆਂ ਅਤੇ ਕਾਰਲੁਕਾਂ ਨੂੰ ਮਜਬੂਰਨ ਆਪਣੀਆਂ ਜ਼ਮੀਨਾਂ ਛੱਡ ਕੇ ਪੱਛਮ ਵੱਲ ਜਾਣਾ ਪਿਆ।[5]

ਕਾਰਲੁਕਾਂ ਦੇ ਪੱਛਮ ਵਿੱਚ ਜਾਣ ਨਾਲ ਉਹਨਾਂ ਨੇ ਤੁਰਕੀ ਭਾਸ਼ਾਵਾਂ ਨੂੰ ਮੱਧ ਏਸ਼ੀਆ ਦੇ ਹੋਰ ਫੈਲੇ ਹੋਏ ਹਿੱਸੇ ਵਿੱਚ ਲਿਜਾਇਆ। 751 ਈ. ਵਿੱਚ ਮੁਸਲਮਾਨ ਅਰਬ ਸੈਨਾ ਮੱਧ ਏਸ਼ੀਆ ਵਿੱਚ ਚੀਨ ਦੇ ਤੰਗ ਸਾਮਰਾਜ ਦੇ ਨਾਲ ਟਕਰਾਈ। ਪਹਿਲਾਂ ਤਾਂ ਕਾਰਲੁਕਾਂ ਨੇ ਚੀਨੀਆਂ ਦਾ ਸਾਥ ਦਿੱਤਾ ਪਰ ਫਿਰ ਦਲ ਬਦਲ ਕੇ ਅਰਬਾਂ ਦੇ ਨਾਲ ਹੋ ਗਏ, ਜਿਸ ਨਾਲ ਚੀਨੀ ਹਾਰ ਗਏ ਅਤੇ ਮੱਧ ਏਸ਼ੀਆ ਦਾ ਵੱਡਾ ਭਾਗ ਚੀਨੀ ਪ੍ਰਭਾਵ ਤੋਂ ਬਾਹਰ ਹੋ ਗਿਆ। 766 ਈ. ਵਿੱਚ ਪੂਰਬੀ ਕਜ਼ਾਖ਼ਸਤਾਨ ਵਿੱਚ ਕਾਰਲੁਕ ਰਾਜ ਦੀ ਸਥਾਪਨਾ ਹੋਈ ਜਿਸਦੀ ਪੂਰਬ ਵਿੱਚ ਉਈਗੁਰ ਖ਼ਨਾਨ ਨਾਲ ਹੱਦ ਸੀ। ਜਦੋਂ 840 ਈ. ਦੇ ਪਿੱਛੋਂ ਉਈਗੁਰ ਖ਼ਨਾਨ ਖ਼ਤਮ ਹੋਣ ਲੱਗੀ ਤਾਂ ਕਾਰਲੁਕ ਰਾਜ ਪੂਰਬ ਦੇ ਵੱਲ ਵਧਿਆ ਅਤੇ ਕਾਰਲੁਕਾਂ ਨੇ ਬਹੁਤ ਸਾਰੇ ਉਈਗੁਰਾਂ ਨਾਲ ਮਿਲ ਕੇ ਕਾਰਾਖ਼ਾਨੀ ਖ਼ਨਾਨ (Kara-Khanid Khanate) ਬਣਾਈ ਸਥਾਪਿਤ ਕੀਤੀ। 943 ਈ. ਵਿੱਚ ਇਸਦੇ ਸ਼ਾਸਕ, ਸਾਤੁਕ ਬੁਗਰਾ ਖ਼ਾਨ (ਉਇਗੁਰ : ur), ਨੇ ਇਸਲਾਮ ਧਾਰਨ ਕਰ ਲਿਆ ਅਤੇ ਇਸ ਪਿੱਛੋਂ ਇਹ ਖ਼ਨਾਨ ਦਾ ਰਾਜਧਰਮ ਹੋ ਗਿਆ। 12ਵੀਂ ਸਦੀ ਦੀ ਸ਼ੁਰੂਆਤ ਵਿੱਚ ਸਲਜ਼ੂਕ ਤੁਰਕਾਂ ਨੇ ਕਾਰਾਖ਼ਾਨੀਆਂ ਤੋਂ ਆਮੂ-ਪਾਰ ਖੇਤਰ ਖੋਹ ਲਏ। 1130 ਈ. ਵਿੱਚ ਕਾਰਾ-ਖ਼ਿਤਾਈ ਖ਼ਨਾਨ ਨੇ ਸਾਲਜ਼ੂਕਾਂ ਅਤੇ ਕਾਰਾਖ਼ਾਨੀਆਂ ਦੀ ਮਿਲੀ-ਜੁਲੀ ਫ਼ੌਜ ਨੂੰ ਹਰਾ ਦਿੱਤਾ। ਕਾਰਾਖ਼ਾਨੀ ਨੇ ਫਿਰ ਵੀ ਕਿਸੇ ਤਰ੍ਹਾਂ ਆਪਣੀ ਪਛਾਣ ਬਣਾਈ ਰੱਖੀ ਪਰ 1211 ਵਿੱਚ ਖ਼ਵਾਰਿਜ਼ਮੀ ਸਾਮਰਾਜ ਨੇ ਉਹਨਾਂ ਨੂੰ ਹਮੇਸ਼ਾ ਲਈ ਹਰਾ ਦਿੱਤਾ ਅਤੇ ਕਾਰਾਖ਼ਾਨੀ ਫਿਰ ਇੱਕ ਤਾਕਤ ਦੇ ਰੂਪ ਵਿੱਚ ਕਦੇ ਨਹੀਂ ਉੱਭਰੇ।[4]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Ethno Cultureerral Dictionary, TÜRIK BITIG
  2. Journal of the North-China Branch of the Royal Asiatic Society, Volume 10, pp. 219, Royal Asiatic Society of Great Britain and Ireland (North-China Branch), 1876, ... Owing to a great fall of snow, some families could not follow, and preferred to remain behind. Oghuz khan reprimanded them for their conduct, and henceforth they were derisively called Karluks, — a name meaning in Turkish ' inhabitants of the snow' ...
  3. N. Aristov, "Usuns and Kyryzes, or Kara-Kyryzes", Bishkek, 2001, pp. 142, 245.
  4. 4.0 4.1 Encyclopedia of the Peoples of Asia and Oceania, Barbara A. West, pp. 371, Infobase Publishing, 2010, ISBN 978-1-4381-1913-7, ... The name Karluk may be derived from the Turkic term Kara or Qara, meaning 'black', and the suffix -lik, meaning 'pertaining to' ...
  5. The Tibetan Empire in Central Asia: A History of the Struggle for Great Power Among Tibetans, Turks, Arabs, and Chinese During the Early Middle Ages, Christopher I. Beckwith, Princeton University Press, 1993, ISBN 978-0-691-02469-1, ... The Basmïl qaghan began his regime by decapitating the last qaghan of the Türk dynasty. The situation changed, however, when the Uyghurs and Qarluqs, along with Wang Chung-ssu, the T'ang Military Governor of Shuo-fang, killed the Basmïl qaghan and enslaved his people toward the end of 744. The Uyghurs then made their own leader qaghan over the Eastern Turks, and began oppressing the Qarluqs. As a result, the 'three-surnamed' Qarluq tribes migrated in 745 into the lands of the Western Turks ...