ਸਮੱਗਰੀ 'ਤੇ ਜਾਓ

ਕਾ. ਜੰਗੀਰ ਸਿੰਘ ਜੋਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੰਗੀਰ ਸਿੰਘ ਜੋਗਾ
ਜਨਮ(1908-10-11)11 ਅਕਤੂਬਰ 1908
ਕੁਆਲਾਲੋਮਪਰ (ਮਲਾਇਆ)
ਮੌਤ23 ਅਗਸਤ 2002(2002-08-23) (ਉਮਰ 93)
ਪੇਸ਼ਾਦੇਸ਼ਭਗਤ

ਕਾ. ਜੰਗੀਰ ਸਿੰਘ ਜੋਗਾ (11 ਅਕਤੂਬਰ 190823 ਅਗਸਤ 2002) ਪਰਜਾ ਮੰਡਲ ਲਹਿਰ ਦੇ ਮੋਹਰੀ ਆਗੂਆਂ[1] ਵਿੱਚੋਂ ਇੱਕ, ਪੰਜਾਬ ਦੇ ਕਮਿਊਨਿਸਟ ਸਿਆਸਤਦਾਨ ਸਨ ਜਿਹਨਾਂ ਨੇ ਚੜ੍ਹਦੀ ਜਵਾਨੀ ਤੋਂ ਆਖਰੀ ਸਾਹਾਂ ਤੱਕ ਲੋਕਾਂ ਦੇ ਹਿੱਤਾਂ ਲਈ ਕੰਮ ਕਰਦਿਆ ਬਤੀਤ ਕੀਤੇ। ਉਹ ਚਾਰ ਵਾਰ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਵੀ ਰਹੇ।

ਜੀਵਨੀ[ਸੋਧੋ]

ਜਨਮ[ਸੋਧੋ]

ਕਾ. ਜੰਗੀਰ ਸਿੰਘ ਜੋਗਾ ਦੇ ਜਨਮ ਅਸਥਾਨ ਬਾਰੇ ਵੱਖ-ਵੱਖ ਲਿਖਤਾਂ ਮਿਲਦੀਆਂ ਹਨ ਪਰ ਡਾਃ ਜਗਤਾਰ ਸਿੰਘ ਜੋਗਾ ਜੀ ਨਾਲ ਇੱਕ ਮੁਲਾਕਾਤ ਵਿੱਚ ਜੋਗਾ ਜੀ ਨੇ ਆਪਣਾ ਜਨਮ ਸਥਾਨ ਕੁਆਲਾਲੋਮਪਰ (ਮਲਾਇਆ)ਬਿਆਨ ਕੀਤਾ ਹੈ।[2] ਉਹਨਾਂ ਦਾ ਜਨਮ 11 ਅਕਤੂਬਰ, 1908 ਵਿੱਚ ਨੰਬਰਦਾਰ ਉੱਤਮ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ।[3] ਉਹ ਅੱਠ ਭੈਣ ਭਰਾਵਾਂ ਵਿਚੋਂ, ਭੈਣ ਧਨ ਕੌਰ ਤੋਂ ਬਾਅਦ ਬਾਕੀਆਂ ਵਿਚੋਂ ਸਭ ਤੋਂ ਵੱਡੇ ਸਨ। ਬਲਵੀਰ ਕੌਰ ਨਾਲ ਸ਼ਾਦੀ ਹੋਈ ਅਤੇ ਦੋ ਬੱਚੇ, ਬੇਟਾ ਗੁਰਦਰਸ਼ਨ ਸਿੰਘ ਅਤੇ ਬੇਟੀ ਅੰਮ੍ਰਿਤਪਾਲ ਕੌਰ ਉਹਨਾਂ ਦੇ ਘਰ ਜਨਮੇ।

ਸਿੱਖਿਆ[ਸੋਧੋ]

ਉਹਨਾਂ ਨੇ ਮੁਢਲੀ ਸਿੱਖਿਆ ਪਿੰਡ ਜੋਗਾ ਦੇ ਪ੍ਰਾਈਵੇਟ ਪ੍ਰਾਇਮਰੀ ਸਕੂਲ ਤੋਂ ਅਤੇ ਅਗਲੀ ਪੜ੍ਹਾਈ ਰਾਜਿੰਦਰਾ ਸਕੂਲ ਬਠਿੰਡਾ ਤੋਂ ਕੀਤੀ। ਦਸਵੀਂ ਜਮਾਤ ਵਿੱਚ ਪੜਦਿਆਂ ਆਪਣੇ ਅਧਿਆਪਕਾਂ ਕਰਮਚੰਦ ਅਤੇ ਬਰਮਾਨੰਦ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹ 14 ਸਾਲ[4] ਦੀ ਛੋਟੀ ਉਮਰ ਵਿੱਚ ਹੀ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦ ਪਏ। ਆਪਣੇ ਅਧਿਆਪਕਾ ਦੇ ਪ੍ਰਭਾਵ ਹੇਠ ਦਸਵੀਂ ਜਮਾਤ ਦੇ ਪੇਪਰ ਦੇਣ ਪਿਛੋਂ ਉਹ ਆਪਣੇ 14 ਹੋਰ ਸਾਥੀਆਂ ਨਾਲ ਲਾਹੋਰ ਮੋਰੀਗੇਟ ਵਿੱਖੇ ਹੋ ਰਹੇ ਜਲਸੇ ਵਿੱਚ ਜਾ ਸ਼ਾਮਲ ਹੋਏ। ਇਹ ਉਹਨਾਂ ਦੀ ਪਹਿਲੀ ਸਿਆਸੀ ਸਰਗਰਮੀ ਸੀ। ਉੱਥੇ ਉਹਨਾਂ ਬਾਬਾ ਖੜਕ ਸਿੰਘ,ਲਾਲਾ ਲਾਜਪਤ ਰਾਏ,ਅਬਦੁਲ ਕਦਰ ਕਸੂਰੀ ਤੇ ਸਰਦੂਲ ਸਿੰਘ ਕਵੀਸ਼ਰ ਵਰਗੇ ਵੱਡੇ ਆਗੂਆਂ ਦੇ ਵਿਚਾਰ ਸੁਣੇ। ਉਸੇ ਸ਼ਾਮ ਬਰੈਡਲੇ ਹਾਲ ਲਾਹੋਰ ਵਿੱਚ ਇੱਕ ਸੈਮੀਨਾਰ ਹੋ ਰਿਹਾ ਸੀ,ਇਹ ਸਾਰੇ ਸਾਥੀ ਉਥੇ ਜਾ ਪਹੁੰਚੇ। ਨੈਸ਼ਨਲ ਕਾਲਜ ਦੇ ਮੁੱਖੀ ਸ਼ਬੀਲ ਦਾਸ ਜੀ ਤੇ ਭਾਸ਼ਣ ਤੋਂ ਐਨੇ ਪਰਭਾਵਤ ਹੋਏ ਕਿ ਸਵਦੇਸ਼ੀ ਅੰਦੋਲਨ ਵਿੱਚ ਸ਼ਾਮਲ ਹੋ ਕੇ ਆਪਣੇ ਸਾਥੀਆਂ ਸਮੇਤ ਇੱਕ ਸ਼ਰਾਬ ਦੇ ਠੇਕੇ ਅੱਗੇ ਧਰਨਾ ਲਗਾ ਦਿੱਤਾ ਜਿਸ ਕਰ ਕੇ ਉਹਨਾਂ ਨੂੰ ਇੱਕ ਸਾਲ ਦੀ ਕੈਦ ਹੋ ਗਈ ਸੀ।ਲਾਹੋਰ ਜੇਲ ਵਿਚੋਂ ਰਿਹਾ ਹੋਣ ਤੋਂ ਬਾਅਦ ਉਹ ਅਮਰਿੱਤਸਰ ਪਹੁੰਚੇ ਤੇ ਭਾਈ ਫੇਰੂ ਮੋਰਚੇ ਵਿੱਚ ਸ਼ਾਮਲ ਹੋ ਗਏ ਇੱਥੇ ਵੀ ਉਹਨਾਂ ਨੂੰ ਇੱਕ ਸਾਲ ਦੀ ਕੈਦ ਹੋ ਗਈ। ਉਹ ਅਕਾਲੀ ਦਲ ਦੀ ਪਟਿਆਲਾ ਰਿਆਸਤੀ ਕਮੇਟ ਦੇ ਜਨਰਲ/ਸਕਤਰ ਵੀ ਰਹੇ ਤੇ ਉੱਪਰਲੀ ਵਰਕਿੰਗ ਕਮੇਟੀ ਦੇ ਮੇੰਬਰ ਵੀ ਰਹੇ|ਕੁੱਲ ਮਿਲਾ ਕੇ ਜੰਗੀਰ ਸਿੰਘ ਜੋਗਾ ਨੇ ਆਪਣੀ ਜ਼ਿੰਦਗੀ ਦੇ ਲਗਪਗ 14 ਸਾਲ (ਲਾਹੌਰ, ਅੰਮ੍ਰਿਤਸਰ, ਕੈਮਲਪੁਰ, ਪਟਿਆਲਾ ਰਿਆਸਤ ਅਤੇ ਨਾਭਾ ਦੀਆਂ)ਜੇਹਲਾਂ ਵਿੱਚ ਬਿਤਾਏ।ਉਹਨਾਂ ਨੇ ਅਕਾਲੀ ਮੋਰਚਿਆਂ, ਪਰਜਾ ਮੰਡਲ ਲਹਿਰ, ਮੁਜਾਰਾ ਲਹਿਰ, ਲਾਲ ਪਾਰਟੀ ਅਤੇ ਕਮਿਊਨਿਸਟ ਪਾਰਟੀ ਦੇ ਸੰਘਰਸ਼ਾਂ ਵਿੱਚ ਸਰਗਰਮ ਹਿੱਸਾ ਲਿਆ।

ਪਰਜਾ ਮੰਡਲ ਲਹਿਰ ਵਿੱਚ[ਸੋਧੋ]

ਭਾਰਤ ਦੇ ਆਜ਼ਾਦੀ ਅੰਦੋਲਨ ਜਦੋਂ ਅੰਗਰੇਜ਼ੀ ਰਾਜ ਦੇ ਨਾਲ ਨਾਲ ਰਜਵਾੜਾਸ਼ਾਹੀ ਦੇ ਖਿਲਾਫ਼ ਦੇਸੀ ਪਰਜਾ ਨੂੰ ਵੀ ਲਾਮਬੰਦ ਕਰਨ ਵੱਲ ਅੱਗੇ ਵਧਿਆ ਤਾਂ ਪੰਜਾਬ ਵਿੱਚ ਇਹ ਲਹਿਰ ਤੇਜ਼ੀ ਨਾ ਫੈਲ ਗਈ। 1928 ਵਿੱਚ ਮਾਨਸਾ ਵਿਖੇ ਪਰਜਾ ਮੰਡਲ ਦੀ ਨੀਂਹ ਰੱਖੀ ਗਈ। ਇਸ ਦੇ ਨੇਤਾਵਾਂ ਵਿੱਚ ਸ. ਸੇਵਾ ਸਿੰਘ ਠੀਕਰੀਵਾਲਾ, ਭਗਵਾਨ ਸਿੰਘ ਲੌਂਗੋਵਾਲੀਆ, ਜਸਵੰਤ ਸਿੰਘ ਦਾਨੇਵਾਲੀਆ, ਮਾਸਟਰ ਹਰੀ ਸਿੰਘ, ਚੌਧਰੀ ਸ਼ੇਰ ਜੰਗ ਅਤੇ ਕਾਮਰੇਡ ਜੰਗੀਰ ਸਿੰਘ ਜੋਗਾ ਮੁੱਖ ਸਨ।ਜਦੋਂ 1928 ਵਿੱਚ ਪਰਜਾ-ਮੰਡਲ ਦੀ ਨੀੰਹ ਰੱਖੀ ਜਾ ਰਹੀ ਸੀ ਉਸ ਸਮੇਂ ਜੋਗਾ ਜੀ ਪਟਿਆਲਾ ਦੀ ਜੇਲ ਵਿੱਚ ਬੰਦ ਸਨ। ਇਸ ਜਥੇਬੰਦੀ ਦਾ ਮੁੱਖੀ ਸ. ਸੇਵਾ ਸਿੰਘ ਠੀਕਰੀਵਾਲਾ ਤੇ ਜ/ਸਕੱਤਰ ਜਸਵੰਤ ਸਿੰਘ ਦਾਨੇਵਾਲੀਆ ਬਣਾਏ ਗਏ। 1929 ਵਿੱਚ ਬੰਬਈ ਵਿੱਖੇ ਕਾਂਗਰਸ ਦਾ ਇਜਲਾਸ ਹੋਇਆ ਜਿਸ ਵਿੱਚ ਪਰਜਾ ਮੰਡਲ ਲਹਿਰ ਦਾ 20 ਮੈਂਬਰੀ ਗਰੁੱਪ ਸ਼ਾਮਲ ਹੋਇਆ। ਉਹ ਮਹਾਤਮਾ ਗਾਂਧੀ ਤੇ ਪੰਡਿਤ ਨਹਿਰੂ ਨੂੰ ਮਿਲੇ ਤੇ ਜੋਰ ਪਾਇਆ ਕਿ ਰਿਆਸਤਾਂ ਖਿਲਾਫ ਵੀ ਅੰਗਰੇਜ਼ੀ ਹਕੂਮਤ ਵਿਰੁੱਧ ਚੱਲ ਰਹੀ ਲੜਾਈ ਵਾਂਗ ਹੀ ਮੋਰਚਾ ਖੋਲਿਆ ਜਾਵੇ। ਕੋਮੀ ਨੇਤਾਵਾਂ ਵਲੋਂ ਬਦੇਸ਼ੀ ਹਾਕਮਾਂ ਤੇ ਰਿਆਸਤੀ ਹਾਕਮਾਂ ਵਿਰੁੱਧ ਘੋਲ ਨੂੰ ਇੱਕ-ਮਿੱਕ ਨਾਂ ਕਰਨ ਦੀ ਸਲਾਹ ਮੰਨ ਕੇ ਸਾਰੀਆਂ ਰਿਆਸਤਾਂ ਅੰਦਰ ਸਾਂਝੀ ਲਹਿਰ ਖੜੀ ਕਰਨ ਲਈ ਪਰਜਾ ਮੰਡਲ ਦੀ ਕੋਮੀ ਕਮੇਟੀ ਬਣਾਈ ਗਈ,ਜਿਸ ਦਾ ਪਰਧਾਨ ਅਮ੍ਰਿਤ ਲਾਲ ਸੇਠ ਜੀ ਨੂੰ ਬਣਾਇਆ। ਸ਼ੇਖ ਅਬਦੁਲਾ,ਸਾਦਿਕ ਹੁਸੈਨ,ਸੇਵਾ ਸਿੰਘ ਠੀਕਰੀਵਾਲਾ ਤੇ ਭਗਵਾਨ ਸਿੰਘ ਲੋਂਗੋਵਾਲ ਵੀ ਇਸ ਕਮੇਟੀ ਦੇ ਮੇੰਬਰ ਸਨ। 1930 ਵਿੱਚ ਬਰੈਡਲੇ ਹਾਲ ਲਾਹੋਰ ਵਿੱਖੇ ਪਰਜਾ ਮੰਡਲ ਦੀ ਪਹਿਲੀ ਕਾਨਫਰੰਸ ਕੀਤੀ ਗਈ ਜਿਥੇ ਪ੍ਰਜ ਮੰਡਲ ਲਹਿਰ ਦਾ ਪਰੋਗਰਾਮ,ਕੰਮ-ਕਰ ਤੇ ਨਿਯਮ ਨਿਸ਼ਚਿੱਤ ਕੀਤੇ ਗਏ। ਪਰਜਾ ਮੰਡਲ ਇੱਕ ਪਾਰਟੀ ਨਹੀਂ ਬਲਕਿ ਇੱਕ ਲਹਿਰ ਸੀ,ਜਿਸ ਅੰਦਰ ਅਕਾਲੀ,ਕਾਗਰਸੀ,ਕਮਿਉਨਿਸਟ ਤੇ ਹੋਰ ਵੱਖ-ਵੱਖ ਵਿਚਾਰਾਂ ਵਾਲੇ ਲੋਕ ਇੱਕਠੇ ਹੀ ਕੰਮ ਕਰਦੇ ਸਨ। ਨਿਸ਼ਾਨਾ ਸਭ ਦਾ ਇੱਕ ਹੀ ਸੀ,ਕੋਮੀ ਆਜ਼ਾਦੀ ਤੇ ਰਾਜਿਆਂ ਦਾ ਗਲਬਾ ਤੋੜਨਾ। 1946 ਵਿੱਚ ਜੋਗਾ ਜੀ ਪਰਜਾ ਮੰਡਲ ਦੇ ਪਰਧਾਨ ਬਣੇ।ਮਾਲਵੇ ਦੇ ਇਲਾਕੇ ਵਿੱਚ ਇੱਕ ਚਰਚਾ ਬੜੀ ਮਸ਼ਹੂਰ ਹੈ ਕਿ ਇੱਕ ਵਾਰੀ ਪਟਿਆਲਾ ਰਿਆਸਤ ਦਾ ਰਾਜਾ ਯਾਦਵਿੰਦਰ ਸਿੰਘ(ਕਾਂਗਰਸੀ ਆਗੂ ਅਮਰਿੰਦਰ ਸਿੰਘ ਜੀ ਦਾ ਬਾਪ)ਜੋਗੇ ਪਿੰਡ ਆਇਆ ਤਾਂ ਲੋਕ ਜੋਗਾ ਜੀ ਨੂੰ ਨਾਲ ਲੈ ਕੇ ਨਹਿਰੀ ਕੋਠੀ ਗਏ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਦਾ ਕੋਈ ਹੱਲ ਨਿੱਕਲ ਸਕੇ। ਉਹਨਾਂ ਸਮਿਆਂ ਵਿੱਚ ਜੋ ਵੀ ਰਾਜੇ ਨੂੰ ਮਿਲਣਾਂ ਚਾਹੁੰਦਾ ਸੀ ਉਹ ਪਹਿਲਾਂ ਰਾਜੇ ਦੇ ਪੈਰੀ ਹੱਥ ਜਰੁਰ ਲਾਓੰਦਾ ਸੀ,ਪਰ ਜੋਗਾ ਜੀ ਸੱਤ -ਸਿਰੀ ਅਕਾਲ ਕਰ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਸਣ ਲਗੇ ਤਾਂ ਰਾਜਾ ਗੁਸੇ ਵਿੱਚ ਆ ਗਿਆ। ਰਾਜਾ ਯਾਦਵਿੰਦਰ ਸਿੰਘ ਜੀ ਐਨੇ ਗੁਸੇ ਵਿੱਚ ਆ ਗਏ ਕਿ ਜੋਗਾ ਜੀ ਨੂੰ ਕਹਿਣ ਲਗੇ ਬੰਦਾ ਬਣ ਬੰਦਾ,ਜੇਹਲ ਵਿੱਚ ਬੰਦ ਕਰਦੂ ਫਾਂਸੀ ਚਾਹੜ ਦੇਵਾਂਗਾ। ਜੋਗਾ ਜੀ ਓਵੇਂ ਹੀ ਖੜੇ ਰਹੇ ਤੇ ਕਿਹਾ ਜੋ ਮਰਜੀ ਕਰ ਲਿਆਂ ਜੇ,ਪਰ ਜੇ ਜੁਗਾਤ ਲਾਈ ਹੈ ਤਾਂ ਸਹੂਲਤਾਂ ਵੀ ਦਿਓ,ਠੀਕਰੀ ਪਹਿਰੇ ਦੀਆਂ ਮੁਸ਼ਕਿਲਾਂ ਦੂਰ ਕਰੋ। ਚੰਗਾ ਇਹ ਹੋਇਆ ਕਿ ਅਗਲੇ ਦਿੰਨ ਹੀ ਪਿੰਡ ਦੀ ਜੁਗਾਤ ਬੰਦ ਕਰਨ ਦੇ ਹੁਕਮ ਹੋ ਗਏ ਤੇ ਠੀਕਰੀ ਪਹਿਰਾ ਵੀ ਬੰਦ ਹੋ ਗਿਆ। ਇਹਨਾਂ ਸਮਿਆਂ ਦੋਰਾਨ ਜੋਗਾ ਜੀ ਪਰਜਾ ਮੰਡਲ ਆਗੂ ਹੋਣ ਦੇ ਨਾਲ-ਨਾਲ ਅਜ਼ਾਦੀ ਲਹਿਰ ਦੀ ਮੁੱਖ ਪਾਰਟੀ ਕਾਂਗਰਸ ਦੇ ਵੀ ਚੋਟੀ ਦੇ ਆਗੂ ਸਨ। ਪਰਜਾ ਮੰਡਲ ਵਲੋਂ ਰਿਆਸਤਾਂ ਵਿਰੁੱਧ ਸੰਘਰਸ਼ ਤੇ ਜੇਹਲ ਦੀ ਯਾਤਰਾ ਦੋਰਾਨ ਤੇਜਾ ਸਿੰਘ ਸੁਤੰਤਰ ਜੀ ਵਰਗੇ ਮਹਾਂਨ ਕਮਿਊਨਿਸਟ ਆਗੂਆਂ ਦੇ ਸਟੱਡੀ ਸਰਕਲ ਲਏ[5] ਅਤੇ ਹੌਲੀ ਹੌਲੀ ਅਕਾਲੀ ਪ੍ਰਭਾਵਾਂ ਤੋਂ ਮੁਕਤ ਹੋ ਕੇ ਕਮਿਊਨਿਸਟ ਲਹਿਰ ਦੇ ਨੇੜੇ ਲੱਗੇ।ਜੋਗਾ ਜੀ ਨੇ ਜਦੋਂ ਫੈਸਲਾ ਕਰ ਲਿਆ ਕਿ ਉਹ ਪਰਜਾ ਮੰਡਲ ਵਿੱਚ ਤਾਂ ਰਹਿਣਗੇ ਪਰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਕਮਿਊਨਿੱਸਟ ਪਾਰਟੀ ਦੀ ਅਗਵਾਈ ਹੇਠ ਸੰਘਰਸ਼ ਕਰਨਗੇ ਤਾਂ ਇੱਕ ਅਜੀਬ ਹੀ ਮੁਸ਼ਕਿਲ ਸਾਹਮਣੇ ਆ ਖੜੀ। ਜੋਗਾ ਜੀ ਉੱਸ ਸਮੇਂ ਪਰਜਾ ਮੰਡਲ ਦੇ ਖਜਾਨਚੀ ਸਨ ਤੇ ਉਹਨਾਂ ਕੋਲ ਪਰਜਾ ਮੰਡਲ ਲਹਿਰ ਦੀ 75 ਹਜ਼ਾਰ ਦੀ ਪੂੰਜੀ ਜਮਾਂ ਪਈ ਸੀ। ਪਰਜਾ ਮੰਡਲ ਲਹਿਰ ਦੇ ਕਮਿਊਨਿੱਸਟ ਵਿਚਾਰਾਂ ਵਾਲੇ ਸਾਥੀਆਂ ਦਾ ਵਿਚਾਰ ਸੀ ਕਿ ਕਿਓਂਕਿ ਇਹ ਪੂੰਜੀ ਸਾਂਝੀ ਲਹਿਰ ਦੀ ਹੈ ਇਸ ਲਈ ਇਸਨੂੰ ਕਮਿਊਨਿੱਸਟ ਸਰਗਰਮੀਆਂ ਲਈ ਵਰਤਣਾ ਚਾਹੀਦਾ ਹੈ। ਜੋਗਾ ਜੀ ਦੇ ਦਸਣ ਮੁਤਾਬਕ ਕਾਮਰੇਡ ਸੁਤੰਤਰ ਜੀ ਨੇ ਕਿਹਾ ਕਿ ਇਹ ਪੂੰਜੀ ਸਾਂਝੀ ਲਹਿਰ ਦੀ ਹੈ ਤੇ ਇਸਨੂੰ ਪਰਜਾ ਮੰਡਲ ਲਹਿਰ ਨੂੰ ਵਾਪਸ ਕਰਣਾ ਹੀ ਠੀਕ ਰਸਤਾ ਹੈ। ਜੋਗਾ ਜੀ ਨੇ ਉਹ 75 ਹਜ਼ਾਰ ਦੀ ਪੂੰਜੀ(ਅੱਜ ਦੇ ਕਰੋੜਾਂ ਰੁੱਪਏ)ਬ੍ਰਿਸ਼੍ਭਾਨ ਤੇ ਗਿਆਨੀ ਜ਼ੈਲ ਸਿੰਘ ਨੂੰ ਸੋੰਪ ਦਿੱਤੇ। ਜੋਗਾ ਜੀ ਨੇ ਇਹ ਗੱਲ ਸਮਝ ਲਈ ਸੀ ਕਿ ਜੇ ਰਿਆਸਤਾਂ ਦਾ ਖਾਤਮਾਂ ਕਰਣਾ ਹੈ ਤਾਂ ਜਾਗੀਰਦਾਰਾਂ ਦੀ ਜਕੜ ਤੋੜਨੀ ਜਰੂਰੀ ਹੈ ਇਸ ਲਈ ਉਹ ਪੂਰੇ ਜੋਸ਼ ਖਰੋਸ਼ ਨਾਲ ਮੁਜਾਰਾ ਲਹਿਰ ਦੀਆਂ ਮੋਹਰਲੀਆਂ ਕਤਾਰਾਂ ਵਿੱਚ ਸਰਗਰਮ ਰਹੇ। ਜੋਗਾ ਜੀ ਨੇ ਮੁਜਾਰਾ ਲਹਿਰ ਦੇ ਆਗੂ ਹੁੰਦਿਆਂ ਕਦੇ ਵੀ ਹਥਿਆਰ ਨਹੀੰ ਚੁਕੇ,ਕਿਓਂਕਿ ਕਾਮਰੇਡ ਸੁਤੰਤਰ ਜੀ ਨੇ ਦੋ ਵੱਖ-ਵੱਖ ਫ਼ਰੰਟ ਬਣਾਏ ਹੋਏ ਸੀ,ਇੱਕ ਜਨਤੱਕ ਤੇ ਦੂਜਾ ਗੁਰੀਲਾ ਫ਼ਰੰਟ। ਜੋਗਾ ਜੀ ਜਨਤੱਕ ਮੋਰਚੇ ਦੇ ਮੋਹਰੀ ਆਗੂ ਸਨ।

ਪੰਜਾਬ ਵਿਧਾਨ ਸਭਾ ਵਿੱਚ[ਸੋਧੋ]

1954 ਵਿੱਚ ਜਗੀਰ ਸਿੰਘ ਮੁਜਾਰਾ ਲਹਿਰ ਦੇ ਧੜੱਲੇਦਾਰ ਆਗੂ ਹੋਣ ਕਰ ਕੇ ਜੇਹਲ ਵਿੱਚ ਬੰਦ ਸਨ ਕਿ 1954 ਦੀਆਂ ਵਿਧਾਨਸਭਾ ਚੋਣਾ ਦਾ ਐਲਾਨ ਹੋ ਗਿਆ।ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਵਾਲੀ ਲਾਲ ਪਾਰਟੀ(ਕਮਿਊਨਿਸੱਟ)ਨੇ ਉਹਨਾਂ ਨੂੰ ਮਾਨਸਾ ਹਲਕੇ ਤੋਂ ਵਿਧਾਨ ਸਭਾ ਲਈ ਉਮੀਦਵਾਰ ਬਣਾ ਲਿਆ। ਲੋਕਾਂ ਨੇ ਜੇਹਲ ਵਿੱਚ ਬੈਠੇ ਕਾਮਰੇਡ ਜੋਗਾ ਜੀ ਨੂੰ ਜਿੱਤਾ ਕੇ ਵਿਧਾਨ ਸਭਾ ਵਿੱਚ ਭੇਜ ਦਿੱਤਾ। ਇਸ ਤੋਂ ਬਾਅਦ ਉਹ ਤਿੰਨ ਵਾਰ ਫੇਰ (1962, 1967 ਅਤੇ 1972) ਵਿੱਚ ਮਾਨਸਾ ਹਲਕੇ ਤੋਂ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ।

ਜੋਗਾ ਜੀ ਨੇ ਆਪਣੇ ਲਮੇਂ ਸਿਆਸੀ ਜੀਵਣ ਵਿੱਚ ਅਲੱਗ-ਅਲੱਗ ਵਿਚਾਰਧਾਰਾ ਵਾਲੇ ਲੋਕਾਂ ਨਾਲ ਕੰਮ ਕੀਤਾ ਸੀ ਪਰ ਉਹ ਸਭ ਤੋਂ ਵੱਧ ਤੇਜਾ ਸਿੰਘ ਸੁਤੰਤਰ ਜੀ ਦੀ ਸਖਸ਼ੀਅਤ ਤੋਂ ਪਰਭਾਵਤ ਸਨ। ਸੁਤੰਤਰ ਜੀ ਦਾ ਐਨਾਂ ਹਰਦਿਲ-ਅਜੀਜ ਬਣਨ ਦਾ ਕਾਰਨ ਸੀ, ਹਮੇਸ਼ਾ ਹੱਕ ਦੀ ਲੜਾਈ ਲੜਣਾ ਤੇ ਸਹੀ ਯੁੱਧਨੀਤਿਕ ਦਾਅ-ਪੇਚ ਅਪਣਾਉਣੇ। ਜੋਗਾ ਜੀ ਸੁਤੰਤਰ ਦੀ ਇਮਾਨਦਾਰੀ ਤੇ ਕੁਰਬਾਨੀ ਤੋਂ ਹਮੇਸ਼ਾ ਹੀ ਅਗਵਾਈ ਲੇਂਦੇ ਸਨ। ਉਹਨਾਂ ਮੁਤਾਬਕ ਜਦੋਂ ਉਹਨਾਂ ਪਰਜਾ ਮੰਡਲ (ਕਾਂਗਰਸ)ਤੋਂ ਅਸਤੀਫਾ ਦਿਤਾ ਤਾਂ ਉੱਸ ਸਮੇਂ ਉਹਨਾ ਕੋਲ ਪਰਜਾ ਮੰਡਲ ਦਾ 75000 ਫੰਡ ਜਮਾਂ ਸੀ ਇਸ ਬਾਰੇ ਜਦੋਂ ਜੋਗਾ ਜੀ ਕਮਿਊਨਿਸੱਟ ਪਾਰਟੀ ਦੇ ਆਗੂਆਂ ਨਾਲ ਗੱਲ ਕੀਤੀ ਕਿ ਇਸ ਫੰਡ ਦੇ ਪੈਸੇ ਦਾ ਕੀ ਕਰਾਂ ਤਾਂ ਕੁਝ ਨੇ ਕਿਹਾ ਕਿ ਇਹ ਲੋਕਾਂ ਦਾ ਪੈਸਾ ਹੈ ਇਸ ਨੂੰ ਆਪਣੀ ਪਾਰਟੀ ਲਈ ਵਰਤ ਲਓ। ਤੇਜਾ ਸਿੰਘ ਸੁਤੰਤਰ ਜੀ ਦੀ ਜੋਗਾ ਜੀ ਨੇ ਸਲਾਹ ਮੰਗੀ ਤਾਂ ਉਹਨਾਂ ਸਾਫ਼ ਤੋਰ ਤੇ ਕਿਹਾ ਕਿ ਪੈਸੇ ਦੇ ਮਸਲੇ 'ਚ ਕੋਈ ਰੋਲਾ ਨਹੀਂ ਪਾਓਣਾ,ਜਿਸ ਪਾਰਟੀ ਦਾ ਫੰਡ ਹੈ ਉਸ ਨੂੰ ਦੇ ਦਿਓ। ਜੋਗਾ ਜੀ ਨੇ ਸੁਤੰਤਰ ਜੀ ਦੀ ਇੱਸ ਨੂੰ ਆਹਲਾ ਦਰਜੇ ਦੀ ਰਾਇ ਨੂੰ ਸਮਝਦੇ ਹੋਏ 75000 ਦੀ ਇਹ ਰਕਮ ਸ਼ਿਰੀ ਬਰਿਸ਼ ਭਾਣ ਤੇ ਗਿਆਂਨੀ ਜ਼ੈਲ ਸਿੰਘ ਦੇ ਹਵਾਲੇ ਕਰ ਦਿਤੀ|ਜੋਗਾ ਜੀ ਸੇਵਾ ਸਿੰਘ ਠੀਕਰੀਵਾਲਾ ਨੂੰ ਬੜੀ ਹੀ ਉੱਚੀ-ਸੁੱਚੀ ਸ਼ਖਸ਼ੀਅਤ ਵਾਲਾ ਵਿਅਕਤੀ ਮੰਨਦੇ ਸਨ। ਉਹ ਬੋਲਦੇ ਬਹੁੱਤ ਹੀ ਘੱਟ ਸਨ ਪਰ ਹਰਮਨ ਪਿਆਰੇ ਆਗੂ ਸਨ,ਹਮੇਸ਼ ਜਥੇਬੰਦੀ ਲਈ ਕੰਮ ਕਰਦੇ ਰਹਿੰਦੇ ਸਨ।ਜੋਗਾ ਜੀ, ਮੁਜਾਰਾ ਲਹਿਰ ਦੇ ਆਪਣੇ ਸਾਥੀ ਧਰਮ ਸਿੰਘ ਫੱਕਰ ਨੂੰ ਕੁਰਬਾਨੀ ਤੇ ਇਮਾਨਦਾਰੀ ਦਾ ਸਿਖਰ ਮੰਨਦੇ ਸਨ,ਉਹ ਪੜਿਆ-ਲਿਖਿਆ ਵੀ ਬਹੁਤ ਸੀ। ਉਹ ਮੁਜਾਰਿਆਂ ਵਿਚੋਂ ਹੀ ਸੀ ਤੇ ਮੁਜਾਰਿਆਂ ਨੂੰ ਜਮੀਨਾਂ ਦੇ ਮਾਲਕੀ ਹੱਕ ਦਿਵਾਓੰਣ ਲਈ ਭਾਰੀ ਕੰਮ ਕੀਤਾ। ਉਸ ਨੂੰ ਆਜ਼ਾਦੀ ਦੀ ਬੜੀ ਹੀ ਲਗਣ ਸੀ। ਸੱਤਪਾਲ ਡਾਂਗ ਨੂੰ ਜੋਗਾ ਜੀ ਠੀਕ ਦਰਿਸ਼ਟੀ ਵਾਲਾ,ਮਿਹਨਤੀ, ਸਮਝਦਾਰ ਤੇ ਇਨਸਾਫ਼ ਪਸੰਦ ਮਨੁੱਖ ਮੰਨਦੇ ਸਨ। ਪੰਜਾਬ ਵਿੱਚ ਅੱਤਵਾਦ ਦੇ ਮਾੜੇ ਦਿਨਾਂ ਵਿੱਚ ਵੀ ਡਾਂਗ ਅਮਰਿੱਤਸਰ ਸ਼ਹਿਰ ਵਿੱਚ ਰਹਿ ਕੇ ਬੜੀ ਹੀ ਨਿਡਰਤਾ ਨਾਲ ਕੰਮ ਕਰਦਾ ਰਿਹਾ। ਜੋਗਾ ਜੀ ਨੇ ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਸ਼ਹੀਦ ਸ.ਬੇਅੰਤ ਸਿੰਘ ਦੀ ਗਿਆਨ ਸਿੰਘ ਰਾੜੇਵਾਲੇ ਵਿਰੁੱਧ ਚੋਣ ਵਿੱਚ ਮਦਦ ਕੀਤੀ ਸੀ,ਤੇ ਸ.ਬੇਅੰਤ ਸਿੰਘ ਉਸ ਸਮੇਂ ਅਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਦੇ ਮੇੰਬਰ ਬਣੇ ਸਨ। ਜੋਗਾ ਜੀ ਸਮਝਦੇ ਸਨ ਕਿ ਬੇਅੰਤ ਸਿੰਘ ਮੁੱਖ-ਮੰਤਰੀ ਵਜੋਂ ਆਪਣੇ ਮਿਸ਼ਨ ਵਿੱਚ ਕਾਮਯਾਬ ਰਿਹਾ ਤੇ ਪੰਜਾਬ ਵਿੱਚ ਸ਼ਾਂਤੀ ਸਥਾਪਿਤ ਕਰਨ ਵਿੱਚ ਉਸ ਦਾ ਹੀ ਮੁੱਖ ਯੋਗਦਾਨ ਹੈ। ਜਦੋਂ ਅੱਤਵਾਦੀਆਂ ਖਿਲਾਫ ਕੋਈ ਮੂੰਹ ਨਹੀੰ ਖੋਲਦਾ ਸੀ ਓਦੋਂ ਉਹ ਦਲੇਰੀ ਨਾਲ ਬੋਲਿਆ,ਲੜਿਆ ਤੇ ਪੰਜਾਬੀ ਲੋਕਾਂ ਨੂੰ ਅੱਤਵਾਦ ਵਿਰੁੱਧ ਲਾਮਬੰਦ ਕਰਦਾ ਰਿਹਾ।ਬੈੰਕਾਂ ਦੇ ਰਾਸ਼ਟ੍ਰੀਯਕਰਣ ਦੀ ਮੁਹਿੰਮ ਲਈ ਸੀ.ਪੀ।ਆਈ ਵਲੋਂ ਛੇੜੀ ਗਈ ਮੁਹਿਮ ਦੋਰਾਣ ਉਹਨਾਂ ਬਠਿੰਡਾ ਜਿਲੇ ਵਿੱਚ ਲਹਿਰ ਦੀ ਅਗਵਾਈ ਕੀਤੀ|

ਹਵਾਲੇ[ਸੋਧੋ]

ਇਨਕਲਾਬੀ ਯੋਧਾ ਜੰਗੀਰ ਸਿੰਘ ਜੋਗਾ,ਸੰਪਾਦਕ ਤੇ ਵਾਰਤਾਕਾਰ ਡਾ.ਜਗਤਾਰ ਸਿੰਘ ਜੋਗਾ,ਪੰਨਾਂ 17

  1. Praja Mandal movement in East Punjab states - Ramesh Walia ...pages-122,135, 193
  2. ਇਨਕਲਾਬੀ ਯੋਧਾ ਜੰਗੀਰ ਸਿੰਘ ਜੋਗਾ,ਪੰਨਾ 6,ਕਾਮਰੇਡ ਜੰਗੀਰ ਸਿੰਘ ਜੋਗਾ ਜੀ ਨਾਲ ਮੁਲਾਕਾਤ,ਲੇਖਕ ਡਾ ਜਗਤਾਰ ਸਿੰਘ ਜੋਗਾ
  3. http://jogapunjab.com/#!/page_freedom_fighters Archived 2013-07-23 at the Wayback Machine. ਸੁਤੰਤਰਤਾ ਸੰਗਰਾਮੀ, ਕਾ. ਜੰਗੀਰ ਸਿੰਘ ਜੋਗਾ
  4. Joga’s bhog largely attended, Tribune News Service, September 3
  5. Peasants in India's Non-Violent Revolution: Practice and Theory, Mridula Mukherjee - 2004 - ‎History

5--ਇਨਕਲਾਬੀ ਯੋਧਾ ਜੰਗੀਰ ਸਿੰਘ ਜੋਗਾ-ਸੰਪਾਦਕ ਤੇ ਵਾਰਤਾਕਾਰ ਡਾ ਜਗਤਾਰ ਸਿੰਘ ਜੋਗਾ