ਕੇ ਪੀ ਅੱਪਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਰਤੀਕਾਇਲ ਪਦਮਨਾਭਨ ਅੱਪਨ (25 ਅਗਸਤ 1936 - 14 ਦਸੰਬਰ 2008), ਵਧੇਰੇ ਕਰਕੇ ਕੇ ਪੀ ਅੱਪਨ ਦੇ ਨਾਮ ਨਾਲ ਜਾਣਿਆ ਜਾਂਦਾ, ਮਲਿਆਲਮ ਵਿੱਚ ਇੱਕ ਪ੍ਰਸਿੱਧ ਸਾਹਿਤਕ ਆਲੋਚਕ ਸੀ। ਕੇਰਲਾ ਦੇ ਅੱਲਾਪੁੜਾ (ਅਲੇੱਪੀ) ਵਿੱਚ ਜਨਮੇ ਅੱਪਨ ਨੇ ਕੇਰਲਾ ਦੇ ਕੋਲਾਮ ਦੇ ਐਸ ਐਨ ਕਾਲਜ ਵਿੱਚ ਮਲਿਆਲਮ ਸਾਹਿਤ ਦੇ ਪ੍ਰੋਫੈਸਰ ਵਜੋਂ ਕੰਮ ਕੀਤਾ ਸੀ।

ਜੀਵਨੀ[ਸੋਧੋ]

ਕਾਰਤੀਕਾਇਲ ਪਦਮਨਾਭਨ ਅੱਪਨ ਦਾ ਜਨਮ ਪੂੰਤੋਪਿਲ ਪਦਮਨਾਭਨ ਅਤੇ ਕਾਰਤੀਆਨੀ ਦੇ ਘਰ 25 ਅਗਸਤ 1936 ਨੂੰ ਅਲਾਪੁੜ ਵਿਖੇ ਹੋਇਆ ਸੀ।[1] ਉਸਨੇ ਆਪਣੀ ਸਕੂਲ ਦੀ ਪੜ੍ਹਾਈ ਸਨਾਤਨ ਧਰਮ ਵਿਦਿਆਲਿਆ ਵਿੱਚ ਕੀਤੀ ਅਤੇ ਗ੍ਰੈਜੂਏਸ਼ਨ ਐਸ.ਡੀ. ਕਾਲਜ, ਅਲਾਪੁੜ ਵਿਖੇ ਕੀਤੀ। ਉਸਨੇ ਮਹਾਰਾਜਾ ਕਾਲਜ, ਏਰਨਾਕੁਲਮ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ।[2] ਅਪਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਹਾਈ ਸਕੂਲ ਦੇ ਅਧਿਆਪਕ ਵਜੋਂ ਕੀਤੀ ਅਤੇ ਫਿਰ ਯੂਸੀ ਕਾਲਜ, ਅਲੂਵਾ, ਵਿੱਚ ਮਲਿਆਲਮ ਦੇ ਲੈਕਚਰਾਰ ਨਿਯੁਕਤੀ ਹੋ ਗਈ। ਬਾਅਦ ਵਿੱਚ ਉਹ ਚੈਰਥਲਾ ਦੇ ਐਸ ਐਨ ਕਾਲਜ ਵਿੱਚ ਚਲਾ ਗਿਆ ਅਤੇ ਫਿਰ 1972 ਵਿੱਚ ਉਹ ਕੋਲਨ ਦੇ ਐਸ ਐਨ ਕਾਲਜ ਵਿੱਚ ਤਬਦੀਲ ਹੋ ਗਿਆ। ਉਹ 1992 ਵਿੱਚ ਉਥੋਂ ਰਿਟਾਇਰ ਹੋਇਆ।[3]

ਕੇਪੀ ਅੱਪਨ ਦੀ 14 ਦਸੰਬਰ, 2008 ਨੂੰ ਕਯਾਮਕੂਲਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਉਹ ਲਗਭਗ ਤਿੰਨ ਸਾਲਾਂ ਤੋਂ ਕੈਂਸਰ ਨਾਲ ਜੂਝ ਰਿਹਾ ਸੀ।[1]

ਲਿਖਣਾ[ਸੋਧੋ]

ਅੱਪਨ ਨੇ ਆਪਣੀ ਲਿਖਤ ਦੀ ਸ਼ੁਰੂਆਤ ਕੀਤੀ ਜਦੋਂ ਮਲਿਆਲਮ ਸਾਹਿਤ ਹੌਲੀ-ਹੌਲੀ ਨਵ-ਕਲਾਸਿਕ ਸਮਾਜਵਾਦੀ ਯਥਾਰਥਵਾਦ ਤੋਂ ਆਧੁਨਿਕਤਾ ਵੱਲ ਤਬਦੀਲ ਹੋ ਰਿਹਾ ਸੀ। ਓ ਵੀ ਵਿਜਯਨ, ਐਮ. ਮੁਕੁੰਦਨ, ਕੱਕਨਦਾਨ ਅਤੇ ਹੋਰਨਾਂ ਦੀਆਂ ਲਿਖਤਾਂ ਜੋ ਵਿਅਕਤੀ ਦੀ ਅਲਹਿਦਗੀ ਅਤੇ ਉਸ ਨਾਲ ਸੰਬੰਧਤ ਪੀੜ ਤੇ ਕੇਂਦ੍ਰਿਤ ਹਨ, ਜੋਸੇਫ ਮੁੰਡਸੈਰੀ, ਕੁਟੀਕ੍ਰਿਸ਼ਨ ਮਰਾਰ ਆਦਿ ਵਰਗੇ ਰਵਾਇਤੀ ਆਲੋਚਕਾਂ ਲਈ ਬੜੀਆਂ ਪਰੇਸ਼ਾਨਕੁਨ ਸਨ। ਉਨ੍ਹਾਂ ਦੀਆਂ ਬੁਢਾਪੇ ਦੀਆਂ ਸਾਹਿਤਕ ਸੰਵੇਦਨਾਵਾਂ ਨੌਜਵਾਨ ਪੀੜ੍ਹੀ ਦੀਆਂ ਲਿਖਤਾਂ ਦਾ ਨੋਟਿਸ ਲੈਣ ਅਤੇ ਮੁਲਾਂਕਣ ਕਰਨ ਵਿੱਚ ਅਸਫਲ ਰਹੀਆਂ ਜਿਸ ਨਾਲ ਸਾਹਿਤਕ ਆਲੋਚਨਾ ਵਿੱਚ ਇੱਕ ਕਿਸਮ ਦੀ ਖੜੋਤ ਆ ਗਈ।ਇਸ ਮੋੜ 'ਤੇ ਅੱਪਨ ਦਾ ਮਲਿਆਲਮ ਸਾਹਿਤਕ ਜਗਤ ਵਿੱਚ ਦਾਖਲਾ ਬੰਦ ਕਮਰੇ ਵਿੱਚ ਤਾਜ਼ੀ ਹਵਾ ਵਰਗਾ ਸੀ। ਅੱਪਨ ਨੇ ਦੱਸਿਆ ਕਿ ਨਵੀਂ ਪੀੜ੍ਹੀ ਦੇ ਲੇਖਕ ਵਰਤਮਾਨ ਹਕੀਕਤਾਂ ਤੋਂ ਅਸਤੁੰਸ਼ਟ ਹਨ ਇਸ ਲਈ ਉਹ ਲਿਖਣ ਪ੍ਰਕਿਰਿਆ ਨੂੰ ਨਵੀਆਂ ਹਕੀਕਤਾਂ ਪੈਦਾ ਕਰਨ ਦੀ ਕੋਸ਼ਿਸ਼ ਮੰਨਦੇ ਹਨ। ਅੱਪਨ ਨੇ ਨਵੇਂ ਲੇਖਕਾਂ ਦੁਆਰਾ ਮਿਥਿਹਾਸਕ ਅਤੇ ਅਲੰਕਾਰਾਂ ਦੀ ਉਦਾਰ ਵਰਤੋਂ ਨੂੰ ਜਾਇਜ਼ ਠਹਿਰਾਇਆ। ਉਸ ਦੀ ਪਹਿਲੀ ਕਿਤਾਬ ਕਸ਼ੋਭਿਕੁੰਨਵਰੂਡ ਸੁਵਿਸੇਸ਼ਮ (ਗੁੱਸੇ ਦੀ ਇੰਜੀਲ) ਨੇ ਮਲਿਆਲਮ ਸਾਹਿਤਕ ਅਲੋਚਨਾ ਵਿੱਚ ਇੱਕ ਨਵਾਂ ਚੈਪਟਰ ਸ਼ੁਰੂ ਕੀਤਾ। ਜਲਦੀ ਹੀ ਉਹ ਮਲਿਆਲਮ ਵਿੱਚ ਨਵੀਂ ਲੇਖਣੀ ਦਾ ਮਸੀਹਾ ਬਣ ਗਿਆ। ਇਮੈਨੁਅਲ ਕਾਂਤ, ਸਰੇਨ ਕਿਯਰਕੇਗਾਰਡ, ਜੀਨ ਪਾਲ ਸਾਰਤਰ, ਅਲਬੇਰ ਕਾਮੂ ਆਦਿ ਦੁਆਰਾ ਪੇਸ਼ ਕੀਤੀਆਂ ਗਈਆਂ ਉਦਾਰਵਾਦੀ ਕਦਰਾਂ-ਕੀਮਤਾਂ ਅਤੇ ਹੋਂਦ ਦੇ ਦਰਸ਼ਨ ਨੂੰ ਕੇਪੀ ਅੱਪਨ ਦੀ ਪ੍ਰਤਿਭਾ ਰਾਹੀਂ ਮਲਿਆਲਮ ਵਿੱਚ ਆਪਣਾ ਪ੍ਰਗਟਾਵਾ ਮਿਲਿਆ।

ਅੱਪਨ ਨੇ 20 ਤੋਂ ਵੱਧ ਕਿਤਾਬਾਂ ਲਿਖੀਆਂ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਦਿਲਚਸਪ ਬਹਿਸ ਦਾ ਵਿਸ਼ਾ ਬਣੀਆਂ ਸਨ। ਉਹ ਨੇ ਸਾਹਿਤਕ ਜਗਤ ਨੂੰ ਇਹ ਸਾਬਤ ਕਰ ਦਿੱਤਾ ਕਿ ਸਾਹਿਤਕ ਅਲੋਚਨਾ ਖ਼ੁਦ ਮਨੋਰੰਜਕ ਸਾਹਿਤ ਦਾ ਇੱਕ ਰੂਪ ਸੀ। ਉਸਨੇ ਮਲਿਆਲਮ ਸਾਹਿਤ ਵਿੱਚ ਨਵੀਂ ਆਲੋਚਨਾ ਦੇ ਰੁਝਾਨ ਦੀ ਸ਼ੁਰੂਆਤ ਕੀਤੀ। ਉਸਨੇ ਮਲਯਾਲਮ ਸਾਹਿਤਕ ਅਲੋਚਨਾ ਵਿੱਚ ਆਧੁਨਿਕ ਯੂਰਪੀਅਨ ਅਤੇ ਪੂਰਬੀ ਸਾਹਿਤਕ ਦਰਸ਼ਨ ਪੇਸ਼ ਕੀਤੇ।[4] ਉਸ ਦੀਆਂ ਕੁਝ ਰਚਨਾਵਾਂ ਸਨ ਕਸ਼ੋਭਿਕੁੰਨਵਰੁਡੇ ਸੁਵਿਸੇਸ਼ਮ (1972), ਤਿਰਸਕਾਰਮ (1978), ਕਲਾਵਹੁਮ ਵਿਸ਼ਵਾਸਵਮ (1984), ਮਾਰੂਨਾ ਮਲਯਾਲਾ ਨਾਵਲ (1988), ਕਲਾਪਮ, ਵਿਵਾਦਮ, ਵਿਲੇਅਰੂਥਲ (1992) ਮਲਯਾਲਾ ਭਾਵਨਾ ਮੂਲਿਆੰਗਲੁਮ ਸੰਘਰਸ਼ਾਂਗਲਮ (1992), ਬਾਈਬਲ ਵਲੈਚੇਥਿੰਤੇ ਕਵਚਮ (1994), ਪੇਨਾਯੁਦ ਸਮਰੂਮੁਖੰਗਲ (1995), ਸਮਾਇਆਪ੍ਰਹਾਵਹੁਮ ਸਾਹਿਤਿਆਕਾਲਯੁਮ (1996), ਅਭਿਮੁਖਾ ਸੰਭਾਸ਼ਾਂਗਲ (1997), ਉੱਤਰਾਧੁਨਿਕਤਵਰਤਮਾਨਵਮ ਵਮਸਾਵਾਲੀਯਮ (1997)।

ਹਵਾਲੇ[ਸੋਧੋ]

  1. 1.0 1.1 Ṭi. Ke Santōṣkumār (2013). K.P. Appan: life story. Kēraḷa Bhāṣā Inst̲it̲t̲ūṭṭ. ISBN 978-81-7638-310-3.
  2. Staff (2008-12-15). "സാഹിത്യ നിരൂപകന്‍ കെ.പി അപ്പന്‍ അന്തരിച്ചു". malayalam.oneindia.com (in ਮਲਿਆਲਮ). Retrieved 2019-04-14.
  3. "K P Appan - Malayalam writer Literay critic". www.alappuzhaonline.com. Retrieved 2019-04-14.
  4. Nalini Natarajan; Emmanuel Sampath Nelson (1996). Handbook of Twentieth-century Literatures of India. Greenwood Publishing Group. pp. 202–. ISBN 978-0-313-28778-7.