ਗੇਂਦਾ ਸਿੰਘ ਦੌਧਰ
ਗੇਂਦਾ ਸਿੰਘ ਦੌਧਰ[1] (ਜਨਮ 1888-ਮੌਤ 12 ਦਿਸੰਬਰ 1982) ਮਜਦੂਰ ਤੇ ਕਿਸਾਨ ਆਗੂ ਦੇ ਨਾਲ ਨਾਲ ਆਜ਼ਾਦੀ ਸੰਗਰਾਮੀਆ ਸੀ, ਜਿਸ ਨੇ ਗ਼ਦਰੀ ਬਾਬਾ ਰਤਨ ਸਿੰਘ ਰਾਇਪੁਰ ਡੱਬਾ ਦੇ ਪ੍ਰਭਾਵ ਨਾਲ ਮਾਰਕਸਵਾਦ ਨੂੰ ਅਪਣਾਇਆ।
ਜਨਮ ਤੇ ਪਰਿਵਾਰਕ ਜੀਵਨ
[ਸੋਧੋ]ਗੇਂਦਾ ਸਿੰਘ ਦਾ ਜਨਮ ਪਿਤਾ ਬੁੱਧ ਸਿੰਘ ਅਤੇ ਮਾਤਾ ਸ਼ਾਮ ਕੌਰ ਦੇ ਘਰ 1888 ਵਿੱਚ ਹੋਇਆ। ਗੇਂਦਾ ਸਿੰਘ ਦੀ ਸਵੈ ਜੀਵਨੀ ਸੱਚੋ ਸੱਚ[2] ਮੁਤਾਬਿਕ ਇਹਨਾਂ ਦਾ ਪਰਿਵਾਰ ਛੋਟੀ ਕਿਸਾਨੀ ਨਾਲ ਸਬੰਧਤ ਸੀ ਤੇ ਉਸ ਸਮੇਂ ਮੁਤਾਬਿਕ ਛੋਟੀ ਕਿਸਾਨੀ ਵਾਲਿਆਂ ਦਾ ਗੁਜ਼ਾਰਾ ਮੁਸ਼ਕਲ ਸੀ। ਘਰ ਵਿਚ ਆਰਥਿਕ ਤੰਗੀ ਦੇ ਕਾਰਣ ਇਹਨਾਂ ਦੇ ਪਿਤਾ ਜੋ ਕਿ ਉਸ ਸਮੇਂ ਦੀਆਂ 6 ਜਮਾਤਾਂ ਪੜ੍ਹੇ ਸਨ, ਰੁਜ਼ਗਾਰ ਲਈ ਮਲਾਇਆ ਚਲੇ ਗਏ ਤੇ ਇਥੇ ਹੀ ਕੁਝ ਸਮੇਂ ਬਾਆਦ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਹਨਾਂ ਦੇ ਬਾਅਦ ਪਰਿਵਾਰ ਦਾ ਪਾਲਣ ਪੋਸ਼ਣ ਇਹਨਾਂ ਦੇ ਚਾਚਾ ਸੰਤਾ ਸਿੰਘ ਨੇ ਕੀਤਾ। ਮਾਤਾ ਨੇ ਭਾਵੇਂ ਗੇਂਦਾ ਸਿੰਘ ਨੂੰ ਪੜ੍ਹਾਉਂਣਾ ਚਾਹਿਆ। ਪਰ ਗੇਂਦਾ ਸਿੰਘ ਦੀ ਦਿਲਚਸਪੀ ਪੜ੍ਹਾਈ ਦੀ ਥਾਂ ਖੇਤੀਬਾੜੀ ਵਿੱਚ ਸੀ। ਛੋਟੀ ਉਮਰ ਵਿੱਚ ਵਿਆਹ ਵੀ ਹੋ ਗਿਆ ਪਰ ਪਤਨੀ ਇਕ ਸਾਲ ਬਾਆਦ ਮਰ ਗਈ। ਗੇਂਦਾ ਸਿੰਘ ਜਿਆਦਾ ਪੜ੍ਹੇ ਨਾ ਹੋਣ ਕਾਰਣ ਤੇ ਘਰ ਦੀ ਮਾੜੀ ਆਰਥਿਕ ਕਾਰਨ ਰੁਜਗਾਰ ਦੀ ਖਾਤਰ 1913 ਵਿੱਚ ਮਲਾਇਆ ਗਏ ਤੇ ਬੜੇ ਸੰਘਰਸ਼ ਦੇ ਬਾਅਦ ਨੌਕਰੀ ਮਿਲੀ। ਪਰ ਗ਼ਦਰ ਪਾਰਟੀ ਦੇ ਆਜ਼ਾਦੀ ਲਈ ਸੰਘਰਸ਼ ਕਾਰਣ ਉਹਨਾਂ ਦੇ ਪਿੰਡ ਦੇ ਹੀ ਤਲੋਕ ਸਿੰਘ ਜੋ ਕਿ ਉਥੇ ਪੁਲਿਸ ਅਫਸਰ ਸਨ ਤੇ ਜਿਨ੍ਹਾਂ ਦੇ ਸਹਾਰੇ ਨੌਕਰੀ ਮਿਲੀ ਸੀ ਦੇ ਸਬੰਧ ਗ਼ਦਰ ਪਾਰਟੀ ਨਾਲ ਹੋਣ ਕਾਰਣ ਉਹਨਾਂ ਨੂੰ ਮਲਾਇਆ ਵਿੱਚੋਂ ਕੱਢਣ ਸਮੇਂ ਕੁਝ ਹੋਰ ਸਾਥੀਆਂ ਦੇ ਨਾਲ ਹੀ ਗੇਂਦਾ ਸਿੰਘ ਦੌਧਰ ਨੂੰ ਵੀ ਵਾਪਸ ਭਾਰਤ ਆਉਂਣਾ ਪਿਆ। ਵਾਪਸ ਆ ਕੇ ਕੁਝ ਚਿਰ ਪਿੰਡ ਰਹਿਣ ਮਗਰੋਂ 1920 ਵਿੱਚ ਫਿਰ ਰੁਜ਼ਗਾਰ ਦੀ ਖਾਤਰ ਕਲੱਕਤਾ ਚਲੇ ਗਏ। ਉਸ ਸਮੇਂ ਕਲਕੱਤੇ ਵਿੱਚ ਪੰਜਾਬੀ ਟਰਾਂਸਪੋਰਟ ਦੇ ਧੰਦੇ ਵਿੱਚ ਸਰਗਰਮ ਸਨ। ਗੇਂਦਾ ਸਿੰਘ ਉਥੇ ਜਾ ਕੇ ਡਰਾਇਵਰੀ ਕਰਨ ਲੱਗੇ।
ਰਾਜਸ਼ੀ ਸਰਗਰਮੀਆਂ
[ਸੋਧੋ]ਕਲਕੱਤੇ ਰਹਿੰਦਿਆਂ ਹੀ ਉਹ ਕਾਂਗਰਸ ਦੀ ਸਵਦੇਸ਼ੀ ਲਹਿਰ (1921ਈ.) ਤੋਂ ਪ੍ਰਭਾਵਿਤ ਹੋਏ। ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਵਾਸਤੇ ਕਾਂਗਰਸ਼ ਦੀ ਵਿਚਾਰਧਾਰਾ ਚਲਦੇ ਹੋਏ ਸਰਗਰਮੀਆਂ ਕਰਨ ਲੱਗੇ। ਫਿਰ ਜਦ ਉਹਨਾਂ ਦਾ ਕਲੱਕਤਾ ਵਿਖੇ 1925 ਵਿੱਚ ਗ਼ਦਰੀ ਬਾਬਾ ਰਤਨ ਸਿੰਘ ਰਾਇਪੁਰ ਡੱਬਾ ਨਾਲ ਮੇਲ ਹੋਇਆ ਤਾਂ ਗੇਂਦਾ ਸਿੰਘ ਦਾ ਮਾਰਕਸਵਾਦ ਵੱਲ ਝੁਕਾਅ ਹੋ ਗਿਆ। ਇਸ ਦੇ ਬਾਅਦ ਆਪਣੇ ਸਾਥੀਆਂ ਬਲਵੰਤ ਸਿੰਘ ਪ੍ਰਦੇਸ਼ੀ, ਕਿਸ਼ਨ ਸਿੰਘ ਦੁੰਨੇਵਾਲਾ (ਮੋਗਾ), ਇੰਦਰ ਸਿੰਘ ਹੁਸ਼ਿਆਰਪੁਰੀ, ਅਖਿਲ ਬੈਨਰਜੀ, ਤੇਜਾ ਸਿੰਘ ਸਫ਼ਰੀ, ਬਚਨ ਦਾਸ ਸ਼ਰਮਾ ਤੇ ਭਗਤ ਸਿੰਘ ਢੋਲਣ (ਲੁਧਿਆਣਾ) ਨਾਲ ਮਿਲ ਕੇ 1926 ਵਿੱਚ ਕਿਰਤੀ ਦਲ ਬੰਗਾਲ ਨਾਮੀ ਮਜ਼ਦੂਰ ਸੰਗਠਨ ਬਣਾਇਆ ਤੇ ਸਰਗਰਮ ਹੋ ਗਏ। ਇਸ ਸੰਗਠਨ ਦੀ ਟੀਮ ਨੇ ਸ਼ਾਂਝੀਵਾਲ ਨਾਂ ਦਾ ਇਕ ਅਖ਼ਬਾਰ ਵੀ ਕੱਢਿਆ ਜਿਸ ਦਾ ਸੰਪਾਦਕ ਬਲਵੰਤ ਸਿੰਘ ਪ੍ਰਦੇਸ਼ੀ ਸੀ। ਇਸ ਸਮੇਂ ਰਾਜਸੀ ਸਰਗਰਮੀਆਂ ਤੇ ਟਰੇਡ ਜੂਨੀਅਨਾਂ ਵਿੱਚ ਕੰਮ ਕਰਦੇ ਹੋਏ ਜੇਲ੍ਹ ਵੀ ਗਏ।
1936 ਈਸਵੀ ਵਿੱਚ ਗੇਂਦਾ ਸਿੰਘ ਨੇ ਪੰਜਾਬ ਆ ਕੇ ਰਾਜਸੀ ਸਰਗਰਮੀਆ ਸ਼ੁਰੂ ਕਰ ਦਿੱਤੀਆਂ ਤੇ ਆਪ ਕਿਰਤੀ ਪਾਰਟੀ ਨਾਲ ਜੁੜ ਗਏ। ਅਪ੍ਰੈਲ 1941 ਵਿੱਚ ਪੰਜਾਬ ਕਿਸਾਨ ਸਭਾ ਦੇ ਇਜਲਾਸ ਵਿੱਚ ਗੇਂਦਾ ਸਿੰਘ ਨੂੰ ਕਿਸਾਨ ਸਭਾ ਦਾ ਪ੍ਰਧਾਨ ਥਾਪਿਆ ਗਿਆ ਤੇ ਇਹਨਾਂ ਦੀ ਅਗਵਾਈ ਵਿੱਚ 20 ਸਤੰਬਰ 1941 ਨੂੰ ਪਿੰਡ ਫਤਿਹਗੜ੍ਹ ਕੋਰੋਟਾਣਾ (ਮੋਗਾ) ਵਿਖੇ ਸਰਕਾਰੀ ਦਹਿਸ਼ਤ ਦੇ ਬਾਵਜੂਦ ਵਿਸ਼ਾਲ ਕਾਨਫਰੰਸ ਹੋਈ। ਇਸ ਕਾਰਣ 2 ਮਹੀਨੇ ਹਵਾਲਾਤ ਵਿੱਚ ਵੀ ਰਹੇ। ਦੌਧਰ ਪਿੰਡ ਵਿੱਚ 23 ਮਾਰਚ 1948 ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਯਾਦ ਵਿੱਚ ਸਮਾਗਮ ਸਮੇਂ ਕੀਤੀ ਜੁਝਾਰੂ ਤਕਰੀਰ ਕਰਕੇ ਬਾਬਾ ਗੇਂਦਾ ਸਿੰਘ ਦੇ ਵਰੰਟ ਨਿਕਲੇ ਤੇ ਕੁਝ ਸਮਾਂ ਫ਼ਰਾਰ ਰਹਿਣ ਮਗਰੋਂ 5 ਅਪ੍ਰੈਲ 1949 ਨੂੰ ਗ੍ਰਿਫਤਾਰ ਕਰਕੇ ਯੋਲ ਜੇਲ ਕੈਂਪ ਕਾਂਗੜਾ ਭੇਜ ਦਿੱਤੇ ਗਏ। ਇਥੇ ਜੇਲ੍ਹ ਦੇ ਮਾੜੇ ਪ੍ਰਬੰਧਾਂ ਕਾਰਣ ਰਾਜਸੀ ਕੈਦੀਆਂ ਨੇ ਭੁੱਖ ਹੜਤਾਲ ਕਰ ਦਿੱਤੀ। ਇਸ 90 ਦਿਨ ਚੱਲੀ ਹੜਤਾਲ ਵਿੱਚ ਸ਼ਾਮਿਲ ਹੋਣ ਕਾਰਣ ਸਿਹਤ ਬਹੁਤ ਕਮਜੋਰ ਹੋ ਗਈ। ਕੌਮੀ ਪ੍ਰੈਸ ਵਿੱਚ ਰੌਲਾ ਪੈਣ ਕਰਕੇ ਤੇ ਨੇੜੇ ਆ ਰਹੀਆਂ ਅਸੰਬਲੀ ਚੋਣਾ ਕਾਰਣ ਮਈ 1952 ਨੂੰ ਕੁਝ ਰਾਜਸੀ ਕੈਦੀਆਂ ਨਾਲ ਗੇਂਦਾ ਸਿੰਘ ਨੂੰ ਰਿਹਾ ਕਰ ਦਿੱਤਾ। ਇਹਨਾਂ ਦੀ ਮੌਤ 12 ਦਿਸੰਬਰ 1982 ਨੂੰ ਹੋਈ।
- ↑ "Book Review : ਮੇਰੀ ਜੀਵਨ ਕਥਾ : ਸੱਚੋ ਸੱਚ ਬਾਬਾ ਗੇਂਦਾ ਸਿੰਘ ਦੌਧਰ - This book is written about the life of Gadri Baba Genda Singh Daudhar". Punjabi Jagran. 2025-02-15. Retrieved 2025-12-04.
- ↑ "Saptrishi Publication - Your Publishing Partner". www.saptrishipublication.com. Retrieved 2025-12-05.