ਗੱਲ-ਬਾਤ:ਵਰਗ ਸੰਘਰਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹੂ-ਬ-ਹੂ ਹਿੰਦੀ ਬਨਾਮ ਪੰਜਾਬੀ??[ਸੋਧੋ]

ਪੰਜਾਬੀ ਯੂਨੀ ਦੇ ਆਲਮ ਸੋਧਕਾਰਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਸਿੱਧਾ ਹਿੰਦੀ ਵਿਕੀ ਤੋਂ ਸਿਰਲੇਖਾਂ ਦੀ ਦਰਾਮਦ ਕਰਨ ਦੀ ਬਜਾਏ ਜੱਦੀ ਪੰਜਾਬੀ ਸ਼ਬਦਾਂ ਦੀ ਵਰਤੋਂ (ਨਾ ਕਿ ਪ੍ਰਯੋਗ) ਕਰੋ। ਕਈ ਵਾਰ ਲੇਖ ਪੜ੍ਹਦੇ ਹੋਏ ਇੰਞ ਜਾਪਦਾ ਹੈ ਜਿਵੇਂ ਹਿੰਦੀ ਲੇਖ ਨੂੰ ਗੁਰਮੁਖੀ ਵਿੱਚ ਪੜ੍ਹ ਰਹੇ ਹੋਈਏ। ਇਹ ਪੰਜਾਬੀ ਨਾਲ਼ ਇਨਸਾਫ਼ ਨਹੀਂ ਹੈ ਸਗੋਂ ਉਹਦੇ ਆਪਣੇ ਅਤੇ ਵਧੇਰੇ ਮਕਬੂਲ ਸ਼ਬਦਾਂ ਨੂੰ ਪਰ੍ਹਾਂ ਰੱਖਣ ਦੇ ਬਰਾਬਰ ਹੈ। ਗੱਲ ਕਰੀਏ ਏਸ ਸਿਰਲੇਖ ਦੀ ਤਾਂ ਇਹ ਦੱਸੋ ਕਿ ਜੇਕਰ ਵਰਗ class ਹੈ (ਜਦਕਿ ਜਮਾਤ ਸ਼ਬਦ ਵਧੇਰੇ ਢੁਕਵਾਂ ਹੈ) ਤਾਂ category, order ਇਹ ਸਭ ਵੀ ਵਰਗ ਹੀ ਹੋਏ ਜਿਵੇਂ ਕਿ ਬਾਕੀ ਲੇਖਾਂ ਵਿੱਚ ਵਰਤੇ ਗਏ ਹਨ? ਕੋਈ ਵਿਲੱਖਣਤਾ ਰੱਖਣ ਦਾ ਟੀਚਾ ਹੈ ਵੀ ਜਾਂ ਨਹੀਂ? ਇਸ ਸਲਾਹ ਨੂੰ ਆਪਣੀ ਕਾਬਲੀਅਤ 'ਤੇ ਵਾਰ ਸਮਝਣ ਦੀ ਬਜਾਏ ਗ਼ੌਰ ਫ਼ਰਮਾਉਣ ਦੀ ਲੋੜ ਸਮਝਣਾ। ਇਹਦਾ ਸਿਰਲੇਖ "ਜਮਾਤੀ ਘੋਲ" ਵਧੇਰੇ ਢੁਕਵਾਂ ਹੈ ਅਤੇ ਹਰੇਕ ਪੰਜਾਬੀ (ਸ਼ਹਿਰੀ, ਪੇਂਡੂ, ਗਿਆਨਵਾਨ, ਸ਼ਧਾਰਨ) ਦੇ ਸਮਝ ਆਉਣ ਵਾਲ਼ਾ ਹੈ। --ਬਬਨਦੀਪ (ਗੱਲ-ਬਾਤ) ੦੬:੩੨, ੨੬ ਜਨਵਰੀ ੨੦੧੫ (UTC)

ਬਬਨ ਜੀ ਇੰਝ ਕਹਿਣ ਨਾਲ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਵਧੇਰੇ ਪੰਜਾਬੀ ਹੋ ਅਤੇ ਅਸੀਂ ਘੱਟ। ਇੱਥੇ ਸਾਡਾ ਮਕਸਦ ਵੱਧ ਤੋਂ ਵੱਧ ਪੰਜਾਬੀਆਂ ਨੂੰ ਇਕੱਠੇ ਕਰਨਾ ਹੈ। ਭਾਵੇਂ ਜਮਾਤੀ ਘੋਲ ਵੀ ਸਹੀ ਹੈ ਪਰ ਤੁਹਾਡਾ ਇਹ ਅੰਦਾਜ਼ ਮੈਨੂੰ ਠੀਕ ਨਹੀਂ ਲੱਗਿਆ। ਹਰ ਥਾਂ ਉੱਤੇ ਤੁਸੀਂ ਹਿੰਦੀ ਬਨਾਮ ਪੰਜਾਬੀ ਕਰਕੇ ਵੱਖਰੇ ਨਾਮ ਕਿਉਂ ਲਭਣ ਲੱਗ ਜਾਂਦੇ ਹੋ। ਵਰਗ ਸੰਘਰਸ਼ ਦੇ ਗੂਗਲ ਉੱਤੇ ਨਤੀਜੇ ਦੇਖ ਲਵੋ। ਪੰਜਾਬੀ ਉੱਤੇ ਹਿੰਦੀ ਦਾ ਬੇਸ਼ੱਕ ਪ੍ਰਭਾਵ ਹੈ ਅਤੇ ਨਾਲ ਹੀ ਤੁਸੀਂ ਸਮਾਜ ਵਿਗਿਆਨ ਦੀਆਂ ਕਿਤਾਬਾਂ ਦੇਖ ਲਵੋ, ਜਿਹਨਾਂ ਵਿੱਚ ਵਰਗ ਸੰਘਰਸ਼ ਹੀ ਲਿੱਖਿਆ ਹੈ। ਇੰਝ ਸਾਰੇ ਸੋਧਕਾਰਾਂ ਉੱਤੇ ਹੱਲਾ ਕਰਨ ਦਾ ਮੈਂ ਸਖ਼ਤ ਵਿਰੋਧ ਕਰਦਾ ਹਾਂ। ਦੂਜੀ ਗੱਲ ਵਰਤੋਂ ਅਤੇ ਪ੍ਰਯੋਗ ਦੀ, ਵਰਤੋਂ ਦਾ ਬਹੁ-ਅਰਥ ਕਰਨ ਦੀ ਥਾਂ ਪ੍ਰਯੋਗ ਸ਼ਬਦ ਸਿੱਧਾ ਹੀ ਵਰਤਿਆ ਜਾਂਦਾ ਹੈ। ਮੈਂ ਤੁਹਾਡੀ ਗੱਲ ਦੇ ਹੱਕ ਵਿੱਚ ਨਹੀਂ। ਸਾਰੇ ਹੀ ਸ਼ਬਦ ਪੰਜਾਬੀ ਦੇ ਹਨ। ਲੋੜ ਦੇ ਅਨੁਸਾਰ ਕੁਝ ਵੀ ਵਰਤਿਆ ਜਾ ਸਕਦਾ ਹੈ। ਹਰ ਭਾਸ਼ਾ ਬਦਲਦੀ ਰਹਿੰਦੀ ਹੈ ਅਤੇ ਬਾਕੀ ਭਾਸ਼ਾਵਾਂ ਦਾ ਪ੍ਰਭਾਵ ਕਬੂਲਦੀ ਰਹਿੰਦੀ ਹੈ। ਤੁਸੀਂ ਇਹਨੂੰ ਫੜ੍ਹਕੇ ਨਹੀਂ ਰੱਖ ਸਕਦੇ। ਕੁਝ ਸ਼ਬਦਾਂ ਨੂੰ ਵਧੇਰੇ ਪੰਜਾਬੀ ਕਹਿਣਾ ਸਰਾਸਰ ਗਲਤ ਹੈ ਸਗੋਂ ਹਰ ਭਾਸ਼ਾ ਦੇ ਵਿੱਚ ਅਨੇਕਾਂ ਸਮਾਨਾਰਥੀ ਸ਼ਬਦਾਂ ਦਾ ਪ੍ਰਯੋਗ ਹੁੰਦਾ ਹੈ। ਮੈਂ ਸਾਰੇ ਪੰਜਾਬੀ ਯੂਨੀ ਦੇ ਸੋਧਕਾਰਾਂ ਵੱਲੋਂ ਤੁਹਾਨੂੰ 1 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਆਉਣ ਦਾ ਸੱਦਾ ਦਿੰਦਾ ਹਾਂ ਤਾਂ ਜੋ ਆਪਾਂ ਇਸ ਉੱਤੇ ਗੱਲ-ਬਾਤ ਕਰ ਸਕੀਏ। --Satdeep Gill (ਗੱਲ-ਬਾਤ) ੦੧:੫੫, ੨੭ ਜਨਵਰੀ ੨੦੧੫ (UTC)
ਠੇਠ ਅਤੇ ਮਕਬੂਲ ਪੰਜਾਬੀ ਵਿੱਚ

ਸ਼ਾਇਦ ਮੇਰੇ ਸਾਫ਼ ਤੌਰ 'ਤੇ ਇਹ ਕਹਿਣ ਕਿ ਇਹਨੂੰ ਆਪਣੀ ਕਾਬਲੀਅਤ ਉੱਤੇ ਕੋਈ ਵਾਰ ਨਾ ਸਮਝਣਾ ਦੇ ਬਾਵਜੂਦ ਵੀ ਤੁਹਾਡਾ ਸਾਰਾ ਧਿਆਨ "offense" ਲੈਣ ਜਾਂ ਗੁੱਸਾ ਕਰਨ 'ਤੇ ਹੈ। ਤੁਹਾਨੂੰ ਘੜੀ-ਮੁੜੀ ਇਹ ਦੁਹਰਾਉਣ ਦੀ ਲੋੜ ਨਹੀਂ ਹੈ ਕਿ ਮੈਂ ਤੁਹਾਡੇ ਹੱਕ ਵਿੱਚ ਨਹੀਂ ਹਾਂ ਜਾਂ ਮੈਂ ਸਖ਼ਤ ਵਿਰੋਧ ਕਰਦਾ ਹਾਂ। ਕਿਉਂ ਜੋ ਮੈਨੂੰ ਇਹ ਗੱਲ ਪਤਾ ਹੈ ਅਤੇ ਇਸੇ ਕਰਕੇ ਤਾਂ ਮੈਂ ਇੱਥੇ ਇਹ ਗੱਲਬਾਤ ਸ਼ੁਰੂ ਕੀਤੀ ਹੈ। ਜਿੱਥੇ ਤਰਕ ਨਾਲ਼ ਬਹਿਸ ਹੋਣੀ ਚਾਹੀਦੀ ਹੈ ਨਾ ਕਿ ਜਜ਼ਬਾਤਾਂ ਨਾਲ਼! ਤੁਸੀਂ ਜੋ ਵੀ "ਦੋਸ਼" ਘੜ ਰਹੇ ਹੋ ਕਿ ਕੌਣ ਕਿੰਨਾ ਪੰਜਾਬੀ ਹੈ ਇਹ ਸਭ ਤੁਹਾਡੀ ਆਪਣੀ ਸੋਚ ਦੀ ਉਪਜ ਹੈ, ਇਹ ਗੱਲ ਮੈਂ ਤੁਹਾਨੂੰ ਹੁਣੇ ਆਖ ਦਿੰਦਾ ਹਾਂ। ਪਰ ਹਾਂ, ਵਧੇਰੇ ਪੰਜਾਬੀ ਹੋਣ ਦਾ ਸਿੱਧਾ ਮਤਲਬ ਪੰਜਾਬੀ ਦਾ ਵਧੇਰੇ ਗਿਆਨ ਹੋਣਾ ਜ਼ਰੂਰੀ ਨਹੀਂ, ਇਹ ਵੀ ਗੌਲਣਯੋਗ ਗੱਲ ਹੈ। ਪੰਜਾਬੀ ਤਾਂ ਕੈਨੇਡਾ ਵਾਲ਼ੇ ਕਈ ਲੋਕ ਵੀ ਨੇ ਪਰ ਕੀ ਉਹਨਾਂ ਦੀ ਪੰਜਾਬੀ ਮਿਆਰੀ ਹੁੰਦੀ ਹੈ, ਏਸ ਗੱਲ ਬਾਬਤ ਤੁਸੀਂ ਮੈਨੂੰ ਆਪ ਦੱਸ ਸਕਦੇ ਹੋ। ਅਤੇ ਇਹ ਗੱਲ ਤੁਹਾਨੂੰ ਵੀ ਸਮਝਣੀ ਪੈਣੀ ਹੈ ਕਿ ਤੁਸੀਂ ਇੱਕ ਅਜਿਹੇ ਇਲਾਕੇ ਵਿੱਚ ਰਹਿੰਦੇ ਹੋ ਜੋ ਕਿ ਹਿੰਦੀ-ਭਾਸ਼ੀ ਇਲਾਕੇ ਦੇ ਨਾਲ਼ ਜਾ ਲੱਗਦਾ ਹੈ ਅਤੇ ਇਸੇ ਕਰਕੇ ਇਸ ਉੱਤੇ ਹਿੰਦੀ ਦਾ ਬੇਹੱਦ ਅਸਰ ਵਿਖਾਈ ਦਿੰਦਾ ਹੈ। ਕੋਈ ਕਾਰਨ ਹੀ ਸੀ ਕਿ ਮਾਝੀ ਨੂੰ ਪੰਜਾਬੀ ਦੀ ਮਿਆਰੀ ਉੱਪ-ਬੋਲੀ ਦਾ ਰੁਤਬਾ ਦਿੱਤਾ ਗਿਆ ਸੀ ਕਿਉਂਕਿ ਇਹੋ ਅਜਿਹੀ ਬੋਲੀ ਹੈ ਜਿਸ ਉੱਤੇ ਦੂਜੀਆਂ ਬੋਲੀਆਂ ਦਾ ਬੇਲੋੜਾ ਅਸਰ ਨਹੀਂ ਪੈ ਰਿਹਾ। ਅਤੇ ਸ਼ਾਇਦ ਤੁਸੀਂ ਇਸ ਗ਼ਲਤ-ਫ਼ਹਿਮੀ ਵਿੱਚ ਹੋਂ ਕਿ ਜੋ ਗੱਲਾਂ ਪਟਿਆਲ਼ਾ ਸ਼ਹਿਰ ਜਾਂ ਪੰਜਾਬੀ ਯੂਨੀ ਵਿੱਚ ਸਮਝ ਆ ਜਾਂਦੀਆਂ ਨੇ ਉਹ ਸ਼ਾਇਦ ਅੰਮ੍ਰਿਤਸਰ ਜਾਂ ਹੁਸ਼ਿਆਰਪੁਰ ਵੀ ਸਮਝ ਆ ਜਾਣ। ਤੁਸੀਂ ਯੂਨੀ ਦੇ ਸਿੱਖਿਅਕ ਸਰੋਤਾਂ ਤੋਂ ਪ੍ਰੇਰਤ ਹੋਂ ਜਿੱਥੇ ਮੁੱਢ ਤੋਂ ਹੀ ਵਿਦਵਾਨੀ ਕਲਮਾਂ ਦੀ ਕਮੀ ਕਰਕੇ ਹਿੰਦੀ ਤੋਂ ਸ਼ਬਦ ਲੈਣ ਦਾ ਰਿਵਾਜ ਜਿਹਾ ਬਣ ਗਿਆ ਹੈ। ਤੁਸੀਂ ਉਸ ਸੋਚ ਦੇ ਹੇਠ ਹੋ ਜੋ ਕਹਿੰਦੀ ਹੈ ਕਿ ਐਮਰਜੈਂਸੀ ਲਈ "ਆਪਾਤਕਾਲੀਨ" ਜ਼ਰੂਰ ਵਰਤੋ ਭਾਵੇਂ ਉਹ ਸਮਝ ਕਿਸੇ ਨੂੰ ਨਾ ਆਵੇ। ਸਾਇੰਸ ਦੀ ਥਾਂ "ਵਿਗਿਆਨ" ਵਰਤੋ ਭਾਵੇਂ ਅੱਜ ਤੱਕ ਮੈਂ ਆਪਣੇ ਆਲ਼ੇ-ਦੁਆਲ਼ੇ ਦੇ ਲੋਕਾਂ ਦੇ ਮੂਹੋਂ ਕਦੇ ਇਹ ਸ਼ਬਦ ਨਹੀਂ ਸੁਣਿਆ ਕਿ ਕੋਈ ਕਹਿੰਦਾ ਹੋਵੇ "ਮੇਰਾ ਵਿਗਿਆਨ ਦਾ ਪੇਪਰ ਹੈ" ਜਾਂ "ਮੈਨੂੰ ਕੋਈ ਵਿਗਿਆਨ ਪੜ੍ਹਾ ਦਿਉ"।

ਹੁਣ ਮੈਂ ਆਵਾਂ ਤਰਕ 'ਤੇ। ਗੂਗਲ ਨਤੀਜੇ ਸ਼ਬਦ ਦੀ ਮਕਬੂਲੀ ਦੇ ਸੂਚਕ ਨਹੀਂ ਹਨ, ਇਹ ਗੱਲ ਵਾਰ-ਵਾਰ ਅੰਗਰੇਜ਼ੀ ਵਿਕੀ 'ਤੇ ਵੀ ਵਿਚਾਰੀ ਜਾ ਚੁੱਕੀ ਹੈ ਅਤੇ ਖ਼ਾਸ ਕਰਕੇ ਪੰਜਾਬੀ ਵਰਗੀ ਬੋਲੀ ਲਈ ਜਿੱਥੇ ਮਿਆਰੀ ਅਦਬ ਦੀ ਘਾਟ ਹੈ। ਹਿੰਦੀ ਵਿਕੀ ਉੱਤੇ ਬੋਲਚਾਲ ਦੇ ਸ਼ਬਦਾਂ (ਪਾਨੀ ਵਗੈਰਾ) ਦੀ ਥਾਂ ਠੇਠ ਹਿੰਦੀ/ਸੰਸਕ੍ਰਿਤ ਸ਼ਬਦ ਜਿਵੇਂ ਕਿ "ਜਲ" ਦੀ ਵਰਤੋਂ ਕਿਉਂ ਹੈ ਭਾਵੇਂ ਪਾਨੀ ਸ਼ਬਦ ਵਧੇਰੇ ਮਕਬੂਲ ਹੈ ਬੋਲਚਾਲ ਵਿੱਚ। ਕੋਈ ਨਹੀਂ ਕਹਿੰਦਾ ਕਿ "ਮੈਨੇ ਜਲ ਪੀਨਾ ਹੈ"। ਉਹ ਇਸ ਕਰਕੇ ਕਿਉਂਕਿ ਵਿਕੀ ਉੱਤੇ ਉਹਨਾਂ ਸ਼ਬਦਾਂ ਦੀ ਵਰਤੋਂ ਚੱਲਦੀ ਹੈ ਜੋ ਮੂਲ ਰੂਪ ਵਿੱਚ ਉਸ ਬੋਲੀ ਦੇ ਹੋਣ ਅਤੇ ਕਿਸੇ ਹੋਰ ਬੋਲੀ ਦੇ ਅਸਰ ਹੇਠ ਨਾ ਆਏ ਹੋਣ (ਪਾਨੀ ਸ਼ਬਦ ਸੰਸਕ੍ਰਿਤ ਦੀ ਥਾਂ ਪ੍ਰਾਕ੍ਰਿਤ ਰਾਹੀਂ ਆਇਆ ਹੈ)। ਅਜਿਹੇ ਸ਼ਬਦ ਹੀ ਕਿਸੇ ਬੋਲੀ ਦੀ ਵਿਲੱਖਣਤਾ ਨੂੰ ਦਰਸਾਉਂਦੇ ਹਨ। ਨਹੀਂ ਤਂ ਆਪਾਂ ਸਿੱਧਾ ਹਿੰਦੀ ਵਿਕੀ ਉੱਤੇ ਲਿੱਪੀ-ਬਦਲ (ਲਿਪਾਂਤਰਨ ਵਧੇਰੇ ਵਧੀਆ ਹੈ?) ਸਾਫ਼ਟਵੇਅਰ ਲਗਾ ਕੇ ਪੰਜਾਬੀ ਵਿਕੀ ਤਿਆਰ ਕਰ ਸਕਦੇ ਸੀ। ਅਜਿਹੇ ਔਖੇ-ਔਖੇ ਸ਼ਬਦ ਵਰਤਣ ਦਾ ਹੀ ਨਤੀਜਾ ਹੈ ਕਿ ਪਹਿਲਾਂ ਸੰਸਕ੍ਰਿਤ ਨੇ ਆਪਣੇ ਆਖ਼ਰੀ ਸਾਹ ਗਿਣੇ ਅਤੇ ਹੁਣ ਹਿੰਦੀ, ਪੰਜਾਬੀ ਗਿਣ ਰਹੀਆਂ ਹਨ। ਤੁਸੀਂ ਭਾਸ਼ਾ ਦੇ ਵਿਕਾਸ ਦੀ ਗੱਲ ਕਰ ਰਹੇ ਹੋ ਕਿ ਹਰ ਭਾਸ਼ਾ ਬਦਲਦੀ ਰਹਿੰਦੀ ਹੈ ਪਰ ਤੁਸੀਂ ਇਹ ਗੱਲ ਅੱਖੋਂ-ਪਰੋਖੇ ਕਰ ਰਹੇ ਹੋ ਕਿ ਅੱਜ ਪੰਜਾਬੀ ਉੱਤੇ ਹਿੱੰਦੀ ਤੋਂ ਵੱਧ ਅਸਰ ਅੰਗਰੇਜ਼ੀ ਦਾ ਹੈ। ਕਿਸੇ ਆਮ ਪੰਜਾਬੀ ਦਾ ਵਾਕ ਕਿਸੇ ਅੰਗਰੇਜ਼ੀ ਸ਼ਬਦ ਤੋਂ ਬਿਨਾਂ ਪੂਰਾ ਹੀ ਨਹੀਂ ਹੁੰਦਾ। ਫੇਰ ਤੁਸੀਂ ਅੰਗਰੇਜ਼ੀ ਸਿਰਲੇਖ ਦੇਣ ਦੀ ਇਜਾਜ਼ਤ ਦਿਉਂਗੇ। ਅੱਜਕੱਲ੍ਹ ਪੰਜਾਬੀ ਦਾ ਅੰਗਰੇਜ਼ੀਕਰਨ ਵਧੇਰੇ ਜ਼ੋਰਾਂ ਉੱਤੇ ਹੈ ਤਾਂ ਅੰਗਰੇਜ਼ੀ ਸ਼ਬਦ ਕਿਉਂ ਨਹੀਂ ਵਰਤਣ ਦਿੱਤੇ ਜਾ ਰਹੇ? ਭਾਸ਼ਾ ਨੂੰ ਫੜ ਕੇ ਮੈਂ ਨਹੀਂ ਤੁਸੀਂ ਰੱਖਿਆ ਹੋਇਆ ਹੈ ਉਹਦਾ ਸੰਸਕ੍ਰਿਤਕਰਨ ਕਰਕੇ। ਜੋ ਡੂੰਘੀ ਸੰਧੀ ਵਾਲ਼ੇ ਸ਼ਬਦ (ਲਿਪਾਂਤਰਨ, ਸਮਾਨਾਰਥੀ, ਸੰਸਲੇਸ਼ਣ, ਆਵਰਿਤੀ) ਤੁਸੀਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਪੰਜਾਬੀਆਂ ਦੇ ਤਾਂ ਕੀ, ਹਿੰਦੀ ਬੋਲਣ ਵਾਲ਼ਿਆਂ ਦੇ ਮੂੰਹ ਵੀ ਨਹੀਂ ਚੜ੍ਹਨੇ। ਪੰਜਾਬੀ ਵਿਕੀ ਨੂੰ ਸਿਰਫ਼ ਇੱਕ ਉੱਚ-ਜਮਾਤੀ (ਸ਼੍ਰੇਸ਼ਠ-ਵਰਗ ਵਧੇਰੇ ਚੰਗਾ?) ਪ੍ਰਾਜੈਕਟ ਨਾ ਬਣਾਉ ਨਹੀਂ ਤਾਂ ਇਹਦੇ ਪਾਠਕ ਵੀ ਸਿਰਫ਼ ਗਿਣੀਆਂ-ਚੁਣੀਆਂ ਯੂਨੀਵਰਸਿਟੀਆਂ ਵਿੱਚੋਂ ਹੀ ਆਉਣਗੇ। ਅਤੇ ਰਹੀ ਗੱਲ ਪ੍ਰਯੋਗ ਦੀ ਤਾਂ ਨਹੀਂ ਸਾਫ਼ ਤੌਰ 'ਤੇ ਇਹ ਹਿੰਦੀ ਤੋਂ ਲਿਆ ਗਿਆ ਸ਼ਬਦ ਹੈ ਜਿਸਨੂੰ ਕੋਈ ਵੀ ਪੰਜਾਬੀ ਸ਼ਾਇਦ ਯੂਨੀ ਵਿੱਚ ਲੈਕਚਰ ਦੇਣ ਤੋਂ ਬਗ਼ੈਰ ਨਹੀਂ ਵਰਤਦਾ। ਇੱਕ ਸਮਾਨ-ਅਰਥੀ ਸ਼ਬਦ ਅੰਗਰੇਜ਼ੀ ਦਾ "ਯੂਜ਼" ਵੀ ਹੈ ਜੋ ਪੰਜਾਬੀ ਬਹੁਤ ਵਰਤਦੇ ਨੇ ਪਰ ਜੇਕਰ ਮੈਂ ਇਹ ਵਰਤਣ ਲੱਗ ਪਿਆ ਤਾਂ ਤੁਸੀਂ ਕਹੋਂਗੇ ਕਿ ਇਹਦੀ ਪੰਜਾਬੀ ਦੂਜੀਆਂ ਬੋਲੀਆਂ ਦੇ ਅਸਰ ਹੇਠ ਹੈ। ਦੂਹਰੇ ਮਿਆਰ ਕਿਊਂ? ਅਤੇ ਹਾਂ ਮੂਡ ਨੂੰ ਥੋੜ੍ਹਾ ਹਲਕਾ ਕਰਨ ਲਈ ਇਹ ਪੜ੍ਹੋ ਮੇਰਾ ਆਪਣਾ ਟੋਟਕਾ ਕਿ ਮੈਨੂੰ ਵਿਕੀ ਉੱਤੇ ਬਣਾਏ ਗਏ ਕੁਝ ਲੇਖ ਕਿਸ ਤਰ੍ਹਾਂ ਦੇ ਜਾਪਦੇ ਹੁੰਦੇ ਨੇ (ਇਹ ਸਾਰੇ ਸ਼ਬਦ ਪੰਜਾਬੀ ਯੂਨੀ ਦੇ ਕੋਸ਼ ਤੋਂ ਲਏ ਹੋਏ ਹਨ ਅਤੇ ਵੇਖੋ ਕਿ ਕਿਵੇਂ ਇਹ ਬੋਲੀ ਦੀ ਪਛਾਣ ਹੀ ਬਦਲ ਕੇ ਰੱਖ ਦਿੰਦੇ ਹਨ; ਮੈਂ ਫੇਰ ਆਖ ਦਿੰਦਾ ਹਾਂ ਕਿ ਇਹ ਕਿਸੇ ਨਿੱਜੀ ਸੋਧਕਾਰ ਉੱਤੇ ਹਮਲਾ ਨਹੀਂ ਹੈ):

ਉੱਚ-ਜਮਾਤੀ ਹਿੰਦਿਆਈ ਪੰਜਾਬੀ

ਸੰਭਾਵ ਹੈ ਕਿ ਮੇਰੇ ਸਪਸ਼ਟ ਤੌਰ 'ਤੇ ਵਰਣਨ ਕਰਨ ਕਿ ਇਸਨੂੰ ਆਪਣੀ ਪ੍ਰਵੀਣਤਾ ਉੱਪਰ ਕੋਈ ਆਕਰਮਣ ਨਾ ਸਮਝਣਾ ਦੇ ਬਾਵਜੂਦ ਵੀ ਤੁਹਾਡਾ ਸਾਰਾ ਧਿਆਨ "offense" ਲੈਣ ਜਾਂ ਕ੍ਰੋਧ ਕਰਨ ਉੱਪਰ ਹੈ। ਤੁਹਾਨੂੰ ਵਾਰ-ਵਾਰ ਇਹ ਵਿਵਰਨ ਦੇਣ ਦੀ ਆਵਸ਼ਕਤਾ ਨਹੀਂ ਹੈ ਕਿ ਮੈਂ ਤੁਹਾਡੇ ਅਧਿਕਾਰ ਵਿਚ ਨਹੀਂ ਹਾਂ ਜਾਂ ਮੈਂ ਪੂਰਨ ਵਿਰੋਧ ਕਰਦਾ ਹਾਂ। ਕਿਉਂ ਜੋ ਮੈਨੂੰ ਇਹ ਗੱਲ ਗਿਆਤ ਹੈ ਔਰ ਇਸੇ ਕਰਕੇ ਤਾਂ ਮੈਂ ਇੱਥੇ ਇਹ ਵਿਚਾਰ-ਵਿਮਰਸ਼ ਆਰੰਭ ਕੀਤਾ ਹੈ। ਜਿੱਥੇ ਤਰਕ ਨਾਲ ਵਿਤਰਕ ਹੋਣਾ ਚਾਹੀਦਾ ਹੈ ਨਾ ਕਿ ਸਹਾਨੁਭੂਤੀ ਨਾਲ! ਤੁਸੀਂ ਜੋ ਵੀ "ਅਪਰਾਧ" ਉਤਪੰਨ ਕਰ ਰਹੇ ਹੋ ਕਿ ਕੌਣ ਕਿਤਨਾ ਪੰਜਾਬੀ ਹੈ ਇਹ ਸਭ ਤੁਹਾਡੀ ਆਪਣੀ ਸੋਚ ਦੀ ਸ੍ਰਿਜਣਾ ਹੈ, ਇਹ ਗੱਲ ਮੈਂ ਤੁਹਾਨੂੰ ਹੁਣੇ ਕਹਿ ਦਿੰਦਾ ਹਾਂ। ਪਰ ਹਾਂ, ਅਧਿਕਤਰ ਪੰਜਾਬੀ ਹੋਣ ਦਾ ਸਪਸ਼ਟ ਤਾਤਪਰਜ ਪੰਜਾਬੀ ਦਾ ਅਧਿਕਤਰ ਗਿਆਨ ਹੋਣਾ ਆਵਸ਼ਕ ਨਹੀਂ ਹੈ, ਇਹ ਵੀ ਧਿਆਨ ਦੇਣ ਯੋਗ ਗੱਲ ਹੈ। ਪੰਜਾਬੀ ਤਾਂ ਕੈਨੇਡਾ ਵਾਲੇ ਕਈ ਜਨ-ਸਾਧਾਰਨ ਵੀ ਹਨ ਪਰ ਕੀ ਉਹਨਾਂ ਦੀ ਪੰਜਾਬੀ ਆਦਰਸ਼ਨੀ ਹੁੰਦੀ ਹੈ, ਇਸ ਵਿਸ਼ੇ ਦੇ ਬਾਰੇ ਤੁਸੀਂ ਮੈਨੂੰ ਆਪ ਦੱਸ ਸਕਦੇ ਹੋ। ਅਤੇ ਇਹ ਗੱਲ ਵੀ ਤੁਹਾਨੂੰ ਗ੍ਰਹਿਣ ਕਰਨੀ ਪੈਣੀ ਹੈ ਕਿ ਤੁਸੀਂ ਇੱਕ ਐਸੇ ਖੇਤਰ ਵਿੱਚ ਨਿਵਾਸ ਕਰਦੇ ਹੋ ਜੋ ਕਿ ਹਿੰਦੀ-ਭਾਸ਼ੀ ਖੇਤਰ ਦੇ ਨਾਲ ਸਟਿਆ ਹੋਇਆ ਹੈ ਅਤੇ ਇਸੇ ਕਾਰਨ ਇਸ ਉੱਪਰ ਹਿੰਦੀ ਦੇ ਅਤਿਅੰਤ ਪ੍ਰਭਾਵ ਦੇ ਦਰਸ਼ਨ ਹੁੰਦੇ ਹਨ...(ਮੈਂ ਆਗੇ ਲਿਖ ਤੋ ਦਿੰਦਾ ਪਰ ਹਿੰਦੀ ਵਿਕੀ ਵਾਲ਼ਿਆਂ ਨੇ ਪੁਕਾਰ ਲੀਆ ਕਿ ਉਹਨਾਂ ਕੋ ਵੀ ਇੱਕ ਅੱਛੇ ਸੰਪਾਦਕ ਦੀ ਆਵਸ਼ਕਤਾ ਹੈ :P) --ਬਬਨਦੀਪ (ਗੱਲ-ਬਾਤ) ੦੫:੦੫, ੨੭ ਜਨਵਰੀ ੨੦੧੫ (UTC)

ਬਬਨ ਜੀ ਸਮਾਜ ਵਿਗਿਆਨ ਦੀਆਂ ਕਿਤਾਬਾਂ ਵਿੱਚ ਵਰਗ ਸੰਘਰਸ਼ ਹੀ ਵਰਤਿਆ ਗਿਆ ਹੈ। ਤੁਸੀਂ ਸਹੀ ਹੋ ਸਕਦੇ ਹੋ ਪਰ ਹਿੰਦੀ ਦਾ ਪੰਜਾਬੀ ਉੱਤੇ ਪ੍ਰਭਾਵ ਹੈ ਅਤੇ ਇਹ ਕਬੂਲਣਾ ਪਵੇਗਾ। ਬਾਕੀ ਮਿਆਰੀਕਰਨ ਦੀ ਸਮੱਸਿਆ ਪੰਜਾਬੀ ਵਿੱਚ ਹੈ, ਇਹ ਮੈਂ ਵੀ ਮੰਨਦਾ ਹਾਂ ਪਰ ਹਲੇ ਆਪਣਾ ਧਿਆਨ ਵੱਧ ਤੋਂ ਵੱਧ ਲੋਕਾਂ ਨੂੰ ਵਿਕੀ ਉੱਤੇ ਲੈਕੇ ਆਉਣ ਵੱਲ ਹੋਣਾ ਚਾਹੀਦਾ ਹੈ। ਕੋਈ ਇੱਕ ਵਿਅਕਤੀ ਕੁਝ ਤਹਿ ਨਹੀਂ ਕਰ ਸਕਦਾ। ਮੁਆਫ਼ ਕਰਨਾ ਮੈਨੂੰ ਤੁਹਾਡੀ ਗੱਲ ਬੁਰੀ ਲੱਗ ਗਈ ਅਤੇ ਮੈਂ ਭਾਵੁਕ ਹੋ ਗਿਆ।--Satdeep Gill (ਗੱਲ-ਬਾਤ) ੧੩:੩੨, ੨੭ ਜਨਵਰੀ ੨੦੧੫ (UTC)