ਚਿਸ਼ਤੀ ਸੰਪਰਦਾ
ਚਿਸ਼ਤੀ ਸੰਪਰਦਾ (ਫ਼ਾਰਸੀ: چشتی - Čištī) (ਅਰਬੀ: ششتى - ਸ਼ਿਸ਼ਤੀ) ਇਸਲਾਮ ਦੀ ਸੂਫ਼ੀ ਪਰੰਪਰਾ ਦੇ ਅੰਦਰ ਇੱਕ ਸੰਪਰਦਾ ਹੈ। ਇਹਦਾ ਆਰੰਭ ਹੇਰਾਤ, ਅਫਗਾਨਿਸਤਾਨ ਦੇ ਨੇੜੇ ਇੱਕ ਛੋਟੇ ਕਸਬੇ ਚਿਸ਼ਤ ਵਿੱਚ ਲਗਪਗ 930 ਈਸਵੀ ਵਿੱਚ ਹੋਇਆ ਸੀ। ਇਹ ਸੰਪਰਦਾ ਪ੍ਰੇਮ, ਸਹਿਨਸ਼ੀਲਤਾ, ਅਤੇ ਖੁੱਲ੍ਹੇਪਣ ਲਈ ਜਾਣੀ ਜਾਂਦੀ ਹੈ।[1]
ਚਿਸ਼ਤੀ ਸੰਪਰਦਾ ਦਾ ਬੋਲਬਾਲਾ ਮੁੱਖ ਤੌਰ 'ਤੇ ਅਫਗਾਨਿਸਤਾਨ ਅਤੇ ਦੱਖਣੀ ਏਸ਼ੀਆ ਵਿੱਚ ਹੋਇਆ। ਇਹ ਚਾਰ ਮੁੱਖ ਸੂਫ਼ੀ ਸੰਪ੍ਰਦਾਵਾਂ (ਚਿਸ਼ਤੀ, ਕਾਦਰੀ, ਸੁਹਰਾਵਰਦੀ ਅਤੇ ਨਕਸ਼ਬੰਦੀ) ਵਿੱਚੋਂ ਇਸ ਖਿੱਤੇ ਵਿੱਚ ਸਥਾਪਤ ਹੋਣ ਵਾਲੀ ਪਹਿਲੀ ਸੰਪਰਦਾ ਸੀ। ਇਸ ਦੇ ਬਾਨੀ ਹਜ਼ਰਤ ਅਲੀ ਦੀ ਨੌਵੀਂ ਪੁਸ਼ਤ ਵਿੱਚੋਂ ਇੱਕ ਬਜ਼ੁਰਗ ਅਬੂ ਇਸਹਾਕ ਸਨ। ਉਹ ਏਸ਼ੀਆ ਮਾਈਨਰ ਤੋਂ ਆ ਕੇ ਚਿਸ਼ਤ ਵਿੱਚ ਵਸ ਗਏ ਸਨ ਜਿਸ ਕਰ ਕੇ ਉਹਨਾਂ ਦੀ ਸੰਪਰਦਾ ਦਾ ਨਾ ਚਿਸ਼ਤੀ ਪਿਆ। ਪੰਜਾਬ ਅਤੇ ਰਾਜਸਥਾਨ ਵਿੱਚ ਇਸ ਦੀ ਸਥਾਪਤੀ ਅਬੂ ਇਸਹਾਕ ਦੀ ਅੱਠਵੀਂ ਪਸ਼ਤ ਵਿੱਚੋਂ ਖ਼ਵਾਜਾ ਮੁਈਨ-ਉਲ-ਦੀਨ ਚਿਸ਼ਤੀ ਨੇ 12ਵੀਂ ਸਦੀ ਈਸਵੀ ਵਿੱਚ ਕੀਤੀ। ਉਸ ਦਾ ਉਤਰਾਧਿਕਾਰੀ ਖ਼ਵਾਜਾ ਬਖਤਿਆਰ ਕਾਕੀ ਸੀ। ਉਸ ਤੋਂ ਬਾਅਦ ਇਸ ਸੰਪਰਦਾ ਦਾ ਵਾਰਸ ਸ਼ੇਖ-ਫ਼ਰੀਦ-ਉਦੀਨ ਮਸਊਦ ਸ਼ੱਕਰਗੰਜ ਬਣਿਆ ਅਤੇ ਉਸ ਤੋਂ ਬਾਅਦ ਨਿਜਾਮ-ਉਲ-ਦੀਨ ਔਲੀਆ ਨੇ ਇਸ ਸਿਲਸਲੇ ਨੂੰ ਅੱਗੇ ਤੋਰਿਆ। ਹੁਣ ਇਸ ਦੀਆਂ ਅਨੇਕ ਸਾਖਾਵਾਂ ਹਨ ਅਤੇ 12ਵੀਂ ਸਦੀ ਤੋਂ ਹੀ ਦੱਖਣੀ ਏਸ਼ੀਆ ਦੀ ਅਤਿਅੰਤ ਅਹਿਮ ਬਰਾਦਰੀ ਹੈ।[2]