ਚਧੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਚੰਦੜ ਤੋਂ ਰੀਡਿਰੈਕਟ)

ਇਸ ਗੋਤ ਦਾ ਮੋਢੀ ਚੰਦੜ ਹੀ ਸੀ। ਇਹ ਤੂਰ ਰਾਜਪੂਤ ਹਨ। ਪਾਂਡੂ ਬੰਸ ਦੇ ਰਾਜਾ ਰਵੀਲਾਨ ਦੇ ਪੁੱਤਰ ਦਾ ਨਾਮ ਚੰਦੜ ਸੀ। ਮੁਹੰਮਦ ਗੌਰੀ ਦੇ ਹਮਲੇ ਸਮੇਂ ਸੰਨ 1193 ਵਿੱਚ ਇਹ ਰਾਜਪੂਤਾਨੇ ਤੋਂ ਪੰਜਾਬ ਵੱਲ ਆਏ। ਕੁਝ ਬਹਾਵਲਪੁਰ ਵੱਲ ਚਲੇ ਗਏ ਜਿਥੇ ਕਿ ਉੱਚ ਸ਼ਰੀਫ ਦੇ ਪੀਰ ਸ਼ੇਰ ਸ਼ਾਹ ਨੇ ਇਨ੍ਹਾਂ ਨੂੰ ਮੁਸਲਮਾਨ ਬਣਾਇਆ। ਉਥੋਂ ਉਠ ਕੇ ਇਹ ਰਾਵੀ ਤੇ ਚਨਾਬ ਦੇ ਕੰਢਿਆਂ ਦੇ ਨਾਲ-ਨਾਲ ਲਾਹੌਰ ਤੇ ਸਿਆਲਕੋਟ ਵਲ ਵਧਦੇ ਚਲੇ ਗਏ। ਆਰੰਭ ਵਿੱਚ ਚੰਦੜਾਂ ਦੀਆਂ ਖਰਲਾਂ ਤੇ ਸਿਆਲਾਂ ਨਾਲ ਕੁਝ ਲੜਾਈਆਂ ਵੀ ਹੋਈਆਂ। ਚੰਦੜ ਅੱਗੇ ਵਧਦੇ ਚਲੇ ਗਏ ਇਨ੍ਹਾਂ ਨੂੰ ਕੋਈ ਰੋਕ ਨਹੀਂ ਸਕਿਆ। ਇਸ ਕਬੀਲੇ ਦੇ ਲੋਕ ਗਿਣਤੀ ਵਿੱਚ ਵੀ ਕਾਫੀ ਸਨ ਤੇ ਤਾਕਤਵਰ ਵੀ ਸਨ।

ਕੁਝ ਚੰਦੜ ਪਹਿਲਾਂ ਪਹਿਲ ਪੰਜਾਬ ਦੇ ਫਿਰੋਜ਼ਪੁਰ ਖੇਤਰ ਵਿੱਚ ਆਕੇ ਆਬਾਦ ਹੋਏ। ਫਿਰੋਜ਼ਪੁਰ ਵਿੱਚ ਆਕੇ ਮੁਦਕੀ ਦੇ ਨਜ਼ਦੀਕ ਮੋੜ੍ਹੀਗਡ ਕੇ ਚੰਦੜ ਪਿੰਡ ਵਸਾਇਆ। ਕੁਝ ਚੰਦੜ ਭਾਈਚਾਰੇ ਦੇ ਲੋਕ ਫਿਰੋਜ਼ਪੁਰ ਤੋਂ ਜਲੰਧਰ ਦੇ ਨਕੋਦਰ ਖੇਤਰ ਵਲ ਚਲੇ ਗਏ। ਬਹੁਤ ਚੰਦੜ ਜੱਟ ਫਿਰੋਜ਼ਪੁਰ ਤੋਂ ਅੰਮ੍ਰਿਤਸਰ, ਗੁਰਦਾਸਪੁਰ ਤੇ ਲਾਹੌਰ ਵਲ ਚਲੇ ਗਏ। ਚਨਾਬ ਤੇ ਰਾਵੀ ਦੇ ਖੇਤਰਾਂ ਵਿੱਚ ਕਈ ਨਵੇਂ ਪਿੰਡ ਆਬਾਦ ਕੀਤੇ। ਚੰਦੜ ਸੰਗਰੂਰ ਖੇਤਰ ਵਿੱਚ ਵੀ ਹਨ। ਸਾਂਦਲਬਾਰ ਵਿੱਚ ਚੰਦੜਾਂ ਦੇ 9 ਕਬੀਲੇ; ਰਾਜੋਕੇ, ਕਾਮੋਕੇ, ਮਾਹਣੀਕੇ, ਬਲਨਕੇ, ਪਾਜੀਕੇ, ਦਿਉਕੇ, ਮਾਜੋਕੇ, ਜੱਪੇ ਤੇ ਲੂਣ ਆਦਿ ਪ੍ਰਸਿਧ ਹਨ। ਇਨ੍ਹਾਂ ਦੇ ਪ੍ਰਸਿਧ ਪਿੰਡ ਚੰਦੜ, ਰਾਜਿਆਣੇ, ਢਾਬਾਂ, ਅਵਾਣ ਵਾਲੇ ਆਦਿ ਹਨ। ਪੱਛਮੀ ਪੰਜਾਬ ਵਿੱਚ ਚੰਦੜ ਜੱਟ ਸਿਆਲਕੋਟ, ਬਹਾਵਲਪੁਰ, ਲਾਹੌਰ, ਗੁਜਰਾਂਵਾਲਾ, ਜਿਹਲਮ, ਸ਼ਾਹਪੁਰ, ਮੁਲਤਾਨ ਆਦਿ ਵਿੱਚ ਕਾਫੀ ਸਨ। ਝੰਗ ਤੇ ਮਿੰਟਗੁਮਰੀ ਵਿੱਚ ਬਹੁਤੇ ਚੰਦੜ ਜੱਟ ਮੁਸਲਮਾਨ ਬਣ ਗਏ ਸਨ। ਝੰਗ ਵਿੱਚ ਰਾਜਪੂਤ ਚੰਦੜ ਵੀ ਕਾਫੀ ਸਨ। ਚੰਦੜ ਚੰਗੇ ਕਾਸ਼ਤਕਾਰ ਸਨ। ਪਸ਼ੂਆ ਆਦਿ ਦੀਆਂ ਚੋਰੀਆਂ ਵੀ ਘੱਟ ਕਰਦੇ ਸਨ। ਅਣਖੀ ਤੇ ਲੜਾਕੂ ਸਨ। ਸਹਿਬਾਂ ਦਾ ਮੰਗਣਾ ਇੱਕ ਚੰਦੜ ਜੱਟ ਤਾਹਿਰ ਨਾਲ ਹੀ ਹੋਇਆ ਸੀ। ਮਿਰਜ਼ੇ ਨੂੰ ਚੰਦੜਾਂ ਨੇ ਹੀ ਜੰਡ ਹੇਠ ਮਾਰਿਆ ਸੀ। ਸਿੰਘ ਸਭਾ ਲਹਿਰ ਦੇ ਮੋਢੀ ਭਾਈ ਗੁਰਮੁਖ ਸਿੰਘ ਪ੍ਰੋਫੈਸਰ ਸਾਹਿਬ ਚੰਦੜ ਜੱਟ ਹੀ ਸੀ। ਚੰਦੜ ਜੱਟਾਂ ਦੀ ਕਾਫੀ ਗਿਣਤੀ ਸਿੱਖਾਂ ਵਿੱਚ ਵੀ ਹੈ। ਬਹੁਤੇ ਚੰਦੜ ਜੱਟ ਮੁਸਲਮਾਨ ਹੋ ਗਏ ਸਨ। ਬਾਬਾ ਚੰਦੜ ਪੀਰ ਦੀ ਯਾਦ ਵਿੱਚ ਮੁਦਕੀ ਤੋਂ ਥੋੜ੍ਹੀ ਦੂਰ ਪਿੰਡ ਚੰਦਰ ਵਿਖੇ 13 ਭਾਦੋਂ ਨੂੰ ਹਰ ਸਾਲ ਬਹੁਤ ਭਾਰੀ ਮੇਲਾ ਲਾਇਆ ਜਾਂਦਾ ਹੈ। ਪਿੰਡ ਚੰਦੜ ਮੁਦਕੀ ਤੋਂ ਫਰੀਦਕੋਟ ਵਾਲੀ ਸੜਕ ਤੇ ਸਥਿਤ ਹੈ। ਇਸ ਮੇਲੇ ਵਿੱਚ ਚੰਦੜ ਭਾਈਚਾਰੇ ਦੇ ਲੋਕ ਦੂਰੋਂ ਦੂਰੋਂ ਆਉਂਦੇ ਹਨ।

1881 ਦੀ ਜਨਗਣਨਾ ਵਿੱਚ 26,404 ਚੰਦੜਾਂ ਨੇ ਆਪਣੇ ਆਪ ਨੂੰ ਜੱਟ ਲਿਖਵਾਇਆ ਸੀ ਤੇ 17,7746 ਨੇ ਆਪਣੇ ਆਪ ਨੂੰ ਰਾਜਪੂਤ ਲਿਖਵਾਇਆ ਸੀ। ਜੱਟ ਜ਼ਮੀਨਾਂ ਦੀ ਖਾਤਰ ਮੁਸਲਮਾਨ ਬਣੇ ਤੇ ਰਾਜਪੂਤ ਚੌਧਰ ਦੀ ਖਾਤਰ ਮੁਸਲਮਾਨ ਬਣੇ। ਜੱਟਾਂ ਤੇ ਰਾਜਪੂਤਾ ਦੇ ਗੋਤ ਵੀ ਸਾਂਝੇ ਹਨ ਤੇ ਖੂਨ ਵੀ ਇੱਕ ਹੈ। ਬਹੁਤੇ ਆਰੀਏ ਹੀ ਹਨ। ਤੂਰ ਰਾਜਪੂਤ ਵੀ ਹਨ ਤੇ ਜੱਟ ਵੀ ਹਨ। ਤੂਰਾਂ ਦੇ ਉਪਗੋਤ ਵੀ ਬਹੁਤ ਹਨ। ਚੰਦੜ ਵੀ ਉਪਗੋਤ ਹੀ ਹੈ। ਕਈ ਰਾਜਪੂਤ ਜਾਤੀਆਂ ਵੀ ਬਹੁਤ ਹੀ ਪਛੜੀਆ ਹੋਈਆਂ ਹਨ ਚੰਦੜ ਜੱਟਾਂ ਦਾ ਉਘਾ ਤੇ ਛੋਟਾ ਗੋਤਾ ਹੈ। ਪੰਜਾਬ ਵਿੱਚ ਬਹੁਤੇ ਜੱਟ ਭੱਟੀਆਂ, ਪਰਮਾਰਾ, ਚੌਹਾਣਾਂ ਤੇ ਤੰਵਰ ਕਬੀਲਿਆਂ ਦੀ ਸੰਤਾਨ ਹਨ।

ਚੰਦੜ, ਖੋਸੇ, ਸੀੜੇ, ਗਰਚੇ, ਨੈਨ, ਕੰਧੋਲੇ ਤੇ ਢੰਡੇ ਆਦਿ ਜੱਟ ਤੂਰ ਬੰਸੀ ਹਨ। ਇਹ ਸੱਤੇ ਹੀ ਤੂਰਾਂ ਦੇ ਸਾਖਾ ਗੋਤ ਹਨ। ਤੰਵਰ ਰਾਜਪੂਤ ਬਹੁਤੇ ਰਾਜਸਤਾਨ ਦੇ ਜੈਪੁਰ ਖੇਤਰ ਵਿੱਚ ਹਨ। ਤੰਵਰ ਜੱਟ ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਦੇ ਪੱਛਮੀ ਖੇਤਰ ਵਿੱਚ ਦੂਰ ਦੂਰ ਤਕ ਆਬਾਦ ਹਨ। ਤੰਵਰਾਂ ਦੇ ਉਪਗੋਤ ਵੀ ਕਾਫੀ ਹਨ।